ਮਾੜੇ ਨਤੀਜ਼ਿਆਂ ਕਾਰਨ ਵਿਦਿਆਰਥੀ ਖੁਦਕੁਸ਼ੀਆਂ ਦੇ ਰਾਹ ‘ਤੇ

ਦਸਵੀਂ ਤੇ ਬਾਰ੍ਹਵੀਂ ਜ਼ਮਾਤ ਦੇ ਤੀਜਿਆਂ ‘ਚ ਅਸਫ਼ਲ ਰਹਿਣ ਕਾਰਨ ਪੰਜਾਬ ਦੇ ਵਿਦਿਆਰਥੀ ਖੁਦਕੁਸ਼ੀ ਕਰ ਰਹੇ ਹਨ ਜਿਹੜਾ ਕਿ ਗੰਭੀਰ ਮੁੱਦਾ ਹੈ। ਜਿਸ ਦੀ ਰੋਕਥਾਮ ਲਈ ਇਮਤਿਹਾਨਾਂ ਤੋਂ ਪਹਿਲਾਂ ਹੀ ਵਿਦਿਆਰਥੀਆਂ ਨੂੰ ਮਾਨਸਿਕ ਤੌਰ ‘ਤੇ ਜਿੱਥੇ ਸਮਝਾਉਣ ਦੀ ਜ਼ਰੂਰਤ ਹੈ ਉਥੇ ਹੀ ਮਾਪੇ ਤੇ ਅਧਿਆਪਕ ਵੀ ਇਸ ਨੂੰ ਹੋਰ ਗੰਭੀਰ ਬਣਨ ਤੋਂ ਰੋਕ ਸਕਦੇ ਹਨ। ਸਰਕਾਰ ਸਮਾਂ ਰਹਿੰਦਿਆਂ ਸਿੱਖਿਆ ਸੁਧਾਰਾਂ ਦੇ ਅਹਿਮ ਕਦਮ ਚੁੱਕ ਕੇ ਵਿਦਿਆਰਥੀਆਂ ਨੂੰ ਇਸ ਪਾਸੇ ਜਾਣ ਤੋਂ ਰੋਕ ਸਕਦੀ ਹੈ।

ਗੱਲ ਇਸ ਮਾਮਲੇ ਨਾਲ ਪ੍ਰਮੁੱਖਤਾ ਨਾਲ ਜੁੜੇ ਵਿਦਿਆਰਥੀਆਂ ਤੋਂ ਸ਼ੁਰੂ ਕਰਦੇ ਹਾਂ ਜੋ ਇਹ ਨਹੀਂ ਸੋਚਦੇ ਕਿ ਉਨ੍ਹਾਂ ਦੇ ਮਰਨ ਨਾਲ ਉਨ੍ਹਾਂ ਦੇ ਮਾਤਾ-ਪਿਤਾ ‘ਤੇ ਕੀ ਬੀਤੇਗੀ ਜੋ ਇਸ ਅਣਹੋਣੀ ਤੋਂ ਬਾਦ ਜਿਉਂਦੇ ਜੀਅ ਮਰ ਜਾਂਦੇ ਹਨ। ਉਹ ਕਈ ਤਰ੍ਹਾਂ ਦੀਆਂ ਤੰਗੀਆਂ ਕੱਟ ਕੇ ਆਪਣੇ ਬੱਚਿਆਂ ਨੂੰ ਪੜ੍ਹਾਉਂਦੇ ਲਿਖਾਉਂਦੇ ਹਨ ਸਿਰਫ਼ ਇਸ ਲਈ ਕਿ ਉਨ੍ਹਾਂ ਦਾ ਬੱਚਾ ਪੜ੍ਹ ਲਿਖ ਕੇ ਚੰਗਾਂ ਅਫ਼ਸਰ ਜਾਂ ਕਾਰੋਬਾਰੀ ਬਣੇਗਾ ਤੇ ਉਨ੍ਹਾਂ ਦੀਆਂ ਤੰਗੀਆਂ ਤੁਰਸ਼ੀਆਂ ਦਾ ਅੰਤ ਕਰੇਗਾ। ਪਰ ਵਿਦਿਆਰਥੀ ਵੱਲੋਂ ਚੁੱਕੇ ਅਜਿਹੇ ਕਦਮ ਨਾਲ ਉਨ੍ਹਾਂ ਦੇ ਸੁਫ਼ਨੇ ਤਾਂ ਟੁੱਟਦੇ ਹੀ ਹਨ ਦੁਨੀਆਂ ਵੀ ਉੱਜੜ ਜਾਂਦੀ ਹੈ। ਵਿਦਿਆਰਥੀਆਂ ਨੂੰ ਇਹ ਗੱਲ ਪੱਲੇ ਬੰਨ੍ਹ ਲੈਣੀ ਚਾਹੀਦੀ ਹੈ ਕਿ ਉਹ ਮਾਪਿਆਂ ਦੇ ਸਿਰਫ਼ ਸੁਫ਼ਨੇ ਹੀ ਨਹੀਂ ਸਗੋਂ ਦੁਨੀਆਂ ਹਨ। ਉਨ੍ਹਾਂ ਨੂੰ ਇਹ ਗੱਲ ਹਮੇਸ਼ਾ ਯਾਦ ਰੱਖਣੀ ਚਾਹੀਦੀ ਹੈ।

ਕਿ ਪਾਸ ਹੋਣਾ ਉਨ੍ਹਾਂ ਦਾ ਇੱਕ ਸੁਫ਼ਨਾ ਮਾਤਰ ਸੀ ਜੋ ਫੇਲ੍ਹ ਹੋਣ ਕਾਰਨ ਟੁੱਟ ਗਿਆ ਪਰ ਜਿੰਦਗੀ ਖਤਮ ਕਰਨ ਦੀ ਬਜਾਏ ਉਨ੍ਹਾਂ ਨੂੰ ਹੋਰ ਸੁਫ਼ਨੇ ਦੇਖਣੇ ਚਾਹੀਦੇ ਹਨ ਤੇ ਉਨ੍ਹਾਂ ਨੂੰ ਪੂਰਾ ਕਰਨ ਲਈ ਯਤਨ ਅਰੰਭਣੇ ਚਾਹੀਦੇ ਹਨ। ਕਈ ਵਾਰ ਪਾਸ ਹੋਣਾ ਜਾਂ ਚੰਗੇ ਨੰਬਰ ਲੈ ਕੇ ਜਾਣਾ ਹੀ ਉਨ੍ਹਾਂ ਦਾ ਸੁਫ਼ਨਾ ਹੋ ਸਕਦਾ ਹੈ ਪਰ ਵਿਦਿਆਰਥੀਆਂ ਨੂੰ ਚਾਹੀਦਾ ਹੈ ਕਿ ਜੇਕਰ ਅਜਿਹੇ ਸੁਫ਼ਨਿਆਂ ਦੇ ਟੁੱਟਣ ਦੀ ਥੋੜ੍ਹੀ ਜਿੰਨੀ ਵੀ ਸ਼ੰਕਾ ਹੈ ਤਾਂ ਉਸ ਦੇ ਬਰਾਬਰ ਇੱਕ ਹੋਰ ਸੁਫ਼ਨਾ ਵੀ ਦੇਖ ਲੈਣਾ ਚਾਹੀਦਾ ਹੈ ਜੋ ਸੌਖਿਆਂ ਪੂਰਾ ਕੀਤਾ ਸਕਦਾ ਹੋਵੇ। ਪਾਸ ਹੋਣ ਜਾਂ ਚੰਗੇ ਨੰਬਰ ਨਾ ਆਉਣ ‘ਤੇ ਨਿਰਾਸ਼ ਹੋਣ ਦੀ ਬਜਾਏ ਦੂਜੇ ਸੁਫ਼ਨੇ ਨੂੰ ਸਾਕਾਰ ਕਰਨ ਲਈ ਕਦਮ ਚੁੱਕ ਲੈਣਾ ਚਾਹੀਦਾ ਹੈ। ਫੇਲ੍ਹ ਹੋਣ ਕਾਰਨ ਵਿਦਿਆਰਥੀਆਂ ‘ਚ ਆਤਮ-ਵਿਸ਼ਵਾਸ ਘਟ ਜਾਂਦਾ ਹੈ, ਉਹ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਹੋ ਜਾਂਦੇ ਹਨ ਤੇ ਆਪਣੇ ਮਾਤਾ-ਪਿਤਾ ਨਾਲ ਆਪਣਾ ਦੁੱਖ ਸਾਂਝਾ ਨਹੀਂ ਕਰਦੇ ਤੇ ਖੁਦਕੁਸ਼ੀ ਵਾਲਾ ਰਾਹ ਚੁਣ ਲੈਂਦੇ ਹਨ, ਜੋ ਮੰਦਭਾਗਾ ਹੈ।

ਐਨਐਚਆਰਬੀ ਦੀ ਰਿਪੋਰਟ ਮੁਤਾਬਕ ਭਾਰਤ ‘ਚ 2012  ‘ਚ 6654, 2013 ‘ਚ 8423, 2014 ‘ਚ 8068, 2015 ‘ਚ 8934 ਵਿਦਿਆਰਥੀ  ਖੁਦਕੁਸ਼ੀ ਕਰ ਚੁੱਕੇ ਹਨ ਤੇ ਡੇਢ ਸਾਲ ਦੌਰਾਨ ਹੋਰ ਵਾਧਾ ਹੋਇਆ ਹੈ। ਪਿਛਲੇ ਸਾਲਾਂ ਦੇ ਮੁਕਾਬਲੇ ਪੰਜਾਬ ‘ਚ ਸਾਲ 2016-17 ਦਾ 10ਵੀਂ ਦੀ ਪ੍ਰੀਖਿਆ ਦਾ ਨਤੀਜਾ 57.50 ਫੀਸਦੀ ਰਿਹਾ ਜਿਸਨੂੰ ਬਹੁਤ ਹੀ ਮਾੜਾ ਕਿਹਾ ਜਾ ਸਕਦਾ ਹੈ। ਇਸ ਸਾਲ ਕੁਲ 3,30,437 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਜਿਨ੍ਹਾਂ ‘ਚੋਂ 1,90,001 ਪਾਸ, 45,734 ਫੇਲ੍ਹ ਹੋਏ ਹਨ ਤੇ 94,271 ਦੀ ਰੀ-ਅਪੀਅਰ ਆਈ ਹੈ। ਇਸ ਸਾਲ ਹੀ ਨਤੀਜਿਆਂ ਤੋਂ ਨਿਰਾਸ਼ ਹੋਏ 6 ਵਿਦਿਆਰਥੀਆਂ ਤੇ ਇੱਕ ਵਿਦਿਆਰਥਣ ਨੇ ਫੇਲ੍ਹ ਹੋਣ ਕਾਰਨ ਖੁਦਕੁਸ਼ੀ ਕਰ ਲਈ।

ਬਾਰ੍ਹਵੀਂ ਦੇ ਨਤੀਜੇ ‘ਚ ਪਾਸ ਵਿਦਿਆਰਥੀਆਂ ਦੀ ਗਿਣਤੀ ‘ਚ ਵੱਡੀ ਗਿਰਾਵਟ ਦਰਜ ਹੋਈ ਹੈ ਜੋ ਸਿੱਖਿਆ ਮਾਹਿਰਾਂ ਤੇ ਸਰਕਾਰ ਦੇ ਨਾਲ-ਨਾਲ ਸਰਕਾਰੀ ਸਕੂਲਾਂ ‘ਚ ਬੱਚੇ ਪੜ੍ਹਾਉਣ ਵਾਲੇ ਮਾਪਿਆਂ ਲਈ ਡੂੰਘੀ ਚਿੰਤਾ ਦਾ ਵਿਸ਼ਾ ਬਣ ਗਈ ਹੈ। ਪਿਛਲੇ ਸਾਲ ਦੇ 76.77 ਫੀਸਦੀ ਦੇ ਮੁਕਾਬਲੇ ਐਤਕੀਂ ਪੰਜਾਬ ਬੋਰਡ ਦਾ ਨਤੀਜਾ 14.41 ਫੀਸਦੀ ਹੋਰ ਘਟ ਕੇ ਸਿਰਫ 62.36 ਫੀਸਦੀ ਰਹਿ ਗਿਆ ਹੈ। ਸਾਲ 2016-17 ‘ਚ ਕੁੱਲ 3,14,815 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਜਿਨ੍ਹਾਂ ਵਿੱਚੋਂ 1,96,321 ਵਿਦਿਆਰਥੀਆਂ ਨੇ 62.36 ਫੀਸਦੀ ਸਫਲਤਾ ਹਾਸਲ ਕੀਤੀ। ਰੈਗੂਲਰ ਸਕੂਲ ਦੇ ਕੁੱਲ 2,85,138 ਪ੍ਰੀਖਿਆਰਥੀਆਂ ਨੇ ਪ੍ਰੀਖਿਆ ਦਿੱਤੀ  ਜਿਨ੍ਹਾਂ ‘ਚੋਂ 1,86,278 ਪ੍ਰੀਖਿਆਰਥੀਆਂ ਨੇ 65.33 ਫੀਸਦੀ ਨਾਲ  ਸਫਲਤਾ ਹਾਸਲ ਕੀਤੀ। 36,376 ਫੇਲ੍ਹ ਹੋ ਗਏ ਤੇ 62,916 ਦੀ ਕੰਪਾਰਮੈਂਟ ਆਈ ਹੈ ਜਦਕਿ 18,822 ਨੂੰ ਰੀ ਅਪੀਅਰ ਦਾ ਮੌਕਾ ਦਿੱਤਾ ਗਿਆ ਹੈ।

ਕੁੱਲ ਮਿਲਾ ਕੇ ਇਸ ਸਾਲ 9 ਵਿਦਿਆਰਥੀ ਮਾੜੇ ਨਤੀਜਿਆਂ ਤੋਂ ਨਿਰਾਸ਼ ਹੋ ਕੇ ਆਪਣੀ ਜ਼ਿੰਦਗੀ ਨੂੰ ਮੁਕਾਉਣ ਦਾ ਕਦਮ ਉਠਾ ਚੁੱਕੇ ਹਨ ਜਦਕਿ ਉਨ੍ਹਾਂ ਨੂੰ ਇਹ ਕਦਮ ਨਹੀਂ ਚੁੱਕਣਾ ਚਾਹੀਦਾ ਸੀ। ਇਸ ਲਈ ਕੌਣ ਜਿੰਮੇਵਾਰ ਹੈ ਵਿਦਿਆਰਥੀ, ਸਰਕਾਰ, ਮਾਤਾ-ਪਿਤਾ ਜਾਂ ਅਧਿਆਪਕ? ਜੇਕਰ ਦੇਖਿਆ ਜਾਵੇ ਵਿਦਿਆਰਥੀਆਂ ਦੀ ਚੰਗੀ ਪੜ੍ਹਾਈ ਵਿੱਚ ਇਨ੍ਹਾਂ ਤਿੰਨਾਂ ਦਾ ਵੀ ਅਹਿਮ ਰੋਲ ਹੁੰਦਾ ਹੈ। ਤਿੰਨਾਂ ਨੂੰ ਅਪਣੇ-ਅਪਣੇ ਪੱਧਰ ‘ਤੇ ਸਹੀ ਕਦਮ ਚੁੱਕਦੇ ਰਹਿਣਾ ਚਾਹੀਦਾ ਹੈ।

ਹੁਣ ਗੱਲ ਕਰਾਂਗੇ ਮਾੜੇ ਨਤੀਜੇ ਆਉਣ ਦੇ ਕਾਰਨਾਂ ਦੀ। ਪਿੱਛੇ ਜਿਹੇ ਇਹ ਗੱਲ ਸਾਹਮਣੇ ਆਈ ਸੀ ਕਿ ਸਕੂਲਾਂ, ਯੂਨੀਵਰਸਿਟੀਆਂ ਤੇ ਕਾਲਜਾਂ ‘ਚ ਕਲਰਕਾਂ ਤੇ ਅਧਿਆਪਕਾਂ ਦੀ ਬੜੀ ਕਮੀ ਹੈ। ਅਧਿਆਪਕ ਪੜ੍ਹਾਉਣ ਦੀ ਬਜਾਏ ਕਲਰਕਾਂ ਦੇ ਕੰਮ ਕਰ ਰਹੇ ਹਨ ਤੇ ਇਸਦੀ ਆੜ ‘ਚ ਉਹ ਕਲਰਕੀ ਘਟ ਤੇ ਫਰਲੋ ਲਈ ਬਹਾਨੇ ਜਿਆਦਾ ਲੱਭਦੇ ਹਨ। ਅਧਿਆਪਕਾਂ ਦੀ ਕਮੀ ਹੋਣ ਕਰਕੇ ਇੱਕ ਹੀ ਵਿਸ਼ੇ ਦਾ ਅਧਿਆਪਕ ਕਈ-ਕਈ ਵਿਸ਼ੇ ਪੜ੍ਹਾਉਣ ਲਈ ਮਜ਼ਬੂਰ ਹੈ। ਕਈ ਤਾਂ ਕਾਮਯਾਬ ਹੋ ਜਾਂਦੇ ਹਨ ਤੇ ਕਈ ਵਿਸ਼ੇ ਨੂੰ ਸਹੀ ਢੰਗ ਨਾਲ ਸਮਝਾਉਣ ਤੋਂ ਅਸਫ਼ਲ ਹੋ ਜਾਂਦੇ ਹਨ ਜਿਸ ਕਾਰਨ ਵਿਦਿਆਰਥੀ ਫੇਲ੍ਹ ਹੋ ਜਾਂਦੇ ਹਨ। ਸਕੂਲਾਂ ਕਾਲਜਾਂ ‘ਚ ਹਰੇਕ ਵਿਸ਼ੇ ਦਾ ਅਧਿਆਪਕ ਹੋਣਾ ਚਾਹੀਦਾ ਹੈ।

ਸਰਕਾਰ ਨੂੰ ਪਹਿਲ ਦੇ ਆਧਾਰ ‘ਤੇ ਸਕੂਲਾਂ ਕਾਲਜਾਂ ‘ਚ ਅਧਿਆਪਕਾਂ ਦੀਆਂ ਖਾਲੀ ਪਈਆਂ ਅਸਾਮੀਆਂ ਭਰਨੀਆਂ ਚਾਹੀਦੀਆਂ ਹਨ। ਅਧਿਆਪਕਾਂ ਨੂੰ ਬੱਚਿਆਂ ਨੂੰ ਸਹੀ ਪੜ੍ਹਾਈ ਤੋਂ ਇਲਾਵਾ ਜਿੰਦਗੀ ‘ਚ ਸਹੀ ਢੰਗ ਨਾਲ ਵਿਚਰਨ ਦੀ ਸਿੱਖਿਆ ਵੀ ਦੇਣੀ ਚਾਹੀਦੀ ਹੈ। ਉਨ੍ਹਾਂ ਨੂੰ ਚੰਗੇ ਕੰਮ ਕਰਨ ਤੇ ਸੋਸ਼ਲ ਨੈੱਟਵਰਕ ਬਾਰੇ ਜਾਣਕਾਰੀ ਦੇਣੀ  ਵੀ ਜਰੂਰੀ ਹੈ। ਵੋਟਾਂ ਬਣਾਉਣ, ਪੁਆਉਣ ਜਾਂ ਫਿਰ ਜਨਗਣਨਾ ਵਰਗੇ ਕੰਮਾਂ ਲਈ ਅਧਿਆਪਕਾਂ ਨੂੰ ਚੁਣ ਲਿਆ ਜਾਂਦਾ ਹੈ ਚੰਗੇ ਨਤੀਜਿਆਂ ਲਈ ਅਧਿਆਪਕਾਂ ਸਿਰ ਥੋਪੇ ਅਜਿਹੇ ਕੰਮ ਕਿਸੇ ਹੋਰ ਤੋਂ ਕਰਵਾਉਣੇ ਚਾਹੀਦੇ ਹਨ। ਹਿਸਾਬ ਤੇ ਸਾਇੰਸ ਦੇ ਮਾੜੇ ਨਤੀਜੇ ਤੋਂ ਇਹੀ ਪਤਾ ਲੱਗਦਾ ਹੈ ਕਿ ਹਿਸਾਬ ਤੇ ਸਾਇੰਸ ਦੇ ਤਜ਼ਰਬੇਕਾਰ ਅਧਿਆਪਕਾਂ ਦੀ ਸਕੂਲਾਂ ‘ਚ ਕਮੀ ਹੈ ਜਾਂ ਉਨ੍ਹਾਂ ਨੂੰ ਹਿਸਾਬ ਤੇ ਸਾਇੰਸ ਪੜ੍ਹਾਉਣ ਦਾ ਤਜ਼ਰਬਾ ਨਹੀਂ ਹੈ ਜਿਸ ਕਰਕੇ 1,63,536 ਵਿਦਿਆਰਥੀ ਇਨ੍ਹਾਂ ‘ਚੋਂ ਫੇਲ੍ਹ ਹਨ। ਇਹ ਇੱਕ ਨਿੰਦਣਯੋਗ ਗੱਲ ਹੈ।

ਮੈਰਿਟ ਲਿਸਟ ‘ਚ ਸਰਕਾਰੀ ਸਕੂਲਾਂ ਦਾ ਬੜਾ ਮਾੜਾ ਹਾਲ ਹੈ। ਸਰਕਾਰੀ ਸਕੂਲਾਂ ‘ਚ ਅਧਿਆਪਕ ਯੋਗਤਾ ਟੈਸਟ ‘ਚ ਪਾਸ ਹੁੰਦੇ ਹਨ ਤੇ ਚੰਗੀਆਂ ਤਨਖਾਹਾਂ ਤੇ ਸਹੂਲਤਾਂ ਲੈ ਕੇ ਉਹ ਅਪਣੇ ਤੋਂ ਘੱਟ ਪੜ੍ਹੇ-ਲਿਖੇ ਪ੍ਰਾਈਵੇਟ ਸਕੂਲਾਂ ਦੇ ਅਧਿਆਪਕਾਂ ਤੋਂ ਮਾਤ ਖਾ ਜਾਂਦੇ ਹਨ। ਮੈਰਿਟ ਲਿਸਟ ‘ਚ ਪ੍ਰਾਈਵੇਟ ਅਧਿਆਪਕਾਂ ਦੇ ਬੱਚੇ ਅੱਗੇ ਹੁੰਦੇ ਹਨ ਜਦਕਿ ਸਰਕਾਰੀ ਸਕੂਲ ਅੱਗੇ ਹੋਣੇ ਚਾਹੀਦੇ ਹਨ। ਇਨ੍ਹਾਂ ਕਾਰਨਾਂ ਨੂੰ ਦੂਰ ਕਰਨ ਲਈ ਚੰਗੀਆਂ ਤਨਖਾਹਾਂ ਤੇ ਸਹਲੂਤਾਂ ਦਾ ਆਨੰਦ ਲੈਂਦੇ ਅਧਿਆਪਕਾਂ ਨੂੰ ਕਾਬਲੀਅਤ ਪਰਖਣ ਲਈ ਆਪਣੇ ਅੰਦਰ ਝਾਤੀ ਮਾਰਨੀ ਚਾਹੀਦੀ ਹੈ ਕਿ ਉਹ ਖੁਦ ਫੇਲ੍ਹ ਹਨ ਜਾਂ ਪਾਸ। ਮਾੜੇ ਨਤੀਜਿਆਂ ਲਈ ਜਿੰਮੇਵਾਰ ਅਧਿਆਪਕਾਂ ਨੂੰ ਤਜ਼ਰਬੇਕਾਰ ਅਧਿਆਪਕਾਂ ਤੋਂ ਟ੍ਰੇਨਿੰਗ ਲੈਣ ‘ਚ ਸ਼ਰਮ ਮਹਿਸੂਸ ਨਹੀਂ ਕਰਨੀ ਚਾਹੀਦੀ।

ਮਾਤਾ-ਪਿਤਾ ਜੋ ਬੱਚਿਆਂ ਦੀ ਪੜ੍ਹਾਈ ‘ਚ ਇੱਕ ਅਹਿਮ ਰੋਲ ਨਿਭਾਉਂਦੇ ਹਨ। ਉਨ੍ਹਾਂ ਨੂੰ ਬੱਚਿਆਂ ਵੱਲ ਉਚੇਚਾ ਧਿਆਨ ਦੇਣਾ ਚਾਹੀਦਾ ਹੈ। ਉਹ ਮਾਪੇ ਘੱਟ ਤੇ ਦੋਸਤ ਵਧੇਰੇ ਹੋਣੇ ਚਾਹੀਦੇ ਹਨ। ਅੱਜ ਕੱਲ੍ਹ ਮੋਬਾਇਲ ਤੇ ਸੋਸ਼ਲ ਸਾਈਟਾਂ ਚੱਲਣ ਕਾਰਨ ਮਾਤਾ-ਪਿਤਾ ਬੱਚਿਆਂ ਵੱਲ ਬਿਲਕੁਲ ਧਿਆਨ ਨਹੀਂ ਦਿੰਦੇ ਕਿ  ਬੱਚਾ ਕੀ ਕਰ ਰਿਹਾ ਹੈ, ਉਸ ਦੀ ਪੜ੍ਹਾਈ ਕਿਵੇਂ ਚੱਲ ਰਹੀ ਹੈ। ਜਿਸ ਵੇਹਲੇ ਸਮੇਂ ‘ਚ ਉਨ੍ਹਾਂ ਆਪਣੇ ਬੱਚਿਆਂ ਦੀ ਚੰਗੀ ਪੜ੍ਹਾਈ ਵੱਲ ਧਿਆਨ ਦੇਣਾ ਹੁੰਦਾ ਹੈ ।

ਉਸ ਵੇਲੇ ਉਹ ਵਟਸਐਪ, ਫੇਸਬੁੱਕ ਆਦਿ ‘ਚ ਰੁੱਝੇ ਰਹਿੰਦੇ ਹਨ। ਉਨਾਂ ਨੂੰ ਦੇਖ ਬੱਚੇ ਵੀ ਪੜ੍ਹਨ ਦੀ ਬਜਾਏ ਸਮਾਂ ਬਰਬਾਦ ਕਰਦੇ ਹਨ ਤੇ ਫੇਲ੍ਹ ਹੋ ਜਾਂਦੇ ਹਨ। ਕਈ ਬੱਚੇ ਪੜ੍ਹਾਈ ਦੇ ਦਬਾਅ ਹੇਠ ਰਹਿੰਦੇ ਹਨ ਤੇ ਉਨ੍ਹਾਂ ਨੂੰ ਸਹੀ ਰਾਹ ਦਿਖਾਉਣ ਵਾਲਾ ਕੋਈ ਨਹੀਂ ਹੁੰਦਾ। ਕਈ ਵਾਰ ਮਾਂ-ਬਾਪ ਚੰਗੇ ਨੰਬਰਾਂ ਲਈ ਦਬਾਅ ਤਾਂ ਬਣਾਉਂਦੇ ਹਨ ਪਰ ਬੱਚਿਆਂ ਨੂੰ ਮੱਦਦ ਨਹੀ ਦਿੰਦੇ। ਕਈ ਮਾਪਿਆਂ ਦੇ ਕੰਮਕਾਜੀ, ਅਣਪੜ੍ਹ ਜਾਂ ਸਖ਼ਤ ਰਵੱਈਏ ਵਾਲੇ ਹੋਣ ਕਾਰਨ ਬੱਚੇ ਉਨ੍ਹਾਂ ਨਾਲ ਕੋਈ ਵੀ ਗੱਲ ਸਾਂਝੀ ਨਹੀਂ ਕਰ ਪਾਉਂਦੇ ਜਿਸ ਕਾਰਨ ਬੱਚੇ ਡਰ ਜਾਂਦੇ ਹਨ ਤੇ ਫੇਲ੍ਹ ਹੋਣ ਤੇ ਆਤਮ ਹੱਤਿਆ ਵਰਗਾ ਮੰਦਭਾਗਾ ਕਦਮ ਚੁੱਕ ਲੈਂਦੇ ਹਨ। ਅਜਿਹਾ ਅੰਦਰ ਪੈਦਾ ਹੋਏ ਡਰ ਤੇ ਆਤਮਵਿਸ਼ਵਾਸ ਦੀ ਕਮੀ ਕਾਰਨ ਹੁੰਦਾ ਹੈ। ਵਿਦਿਆਰਥੀਆਂ ਦੁਆਰਾ ਆਤਮ ਹੱਤਿਆ ਕਰਨ ਦਾ ਟੈਲੀਵਿਜਨ ਇੱਕ ਲੁਕਿਆ ਪਹਿਲੂ ਹੈ। ਟੀ ਵੀ ‘ਤੇ ਅਜਿਹੇ ਪ੍ਰੋਗਰਾਮ ਦਿਖਾਏ ਜਾਂਦੇ ਹਨ ਜਿੱਥੋਂ ਵਿਦਿਆਰਥੀ ਖੁਦਕੁਸ਼ੀਆਂ ਕਰਨ ਦੇ ਤਰੀਕੇ ਸਿੱਖਦੇ ਹਨ।

ਪੜ੍ਹਾਈ ਦੀ ਕੋਈ ਉਮਰ ਸੀਮਾ ਨਹੀਂ ਹੁੰਦੀ, ਇਸ ਕਰਕੇ ਫਿਰ ਮਿਹਨਤ ਕਰਕੇ ਇਸ ਤੋਂ ਵੀ ਵੱਧ ਨੰਬਰ ਪ੍ਰਾਪਤ ਕੀਤੇ ਜਾ ਸਕਦੇ ਹਨ। ਫੇਲ੍ਹ ਜਾਂ ਰੀ-ਅਪੀਅਰ ਵਾਲੇ ਵਿਦਿਆਰਥੀਆਂ ਨੂੰ ਇਹ ਸੋਚਣਾ ਚਾਹੀਦਾ ਹੈ ਕਿ ਅਸਫਲਤਾ ਇੱਕ ਚੁਣੌਤੀ ਹੈ ਜਦਕਿ ਮੌਤ ਅੰਤ। ਅਸਫ਼ਲਤਾ ਤੋਂ ਸਾਨੂੰ ਸਿੱਖਣ ਨੂੰ ਮਿਲਦਾ ਹੈ ਕਿ ”ਕੋਸ਼ਿਸ਼ ਕਰਨੇ ਵਾਲੋਂ ਕੀ, ਕਭੀ ਹਾਰ ਨਹੀਂ ਹੋਤੀ”। ਇਸ ਲਈ ਫੇਲ੍ਹ ਹੋਣ ਵਾਲੀ ਹਾਰ ਤੇ ਜਿੱਤ ਪ੍ਰਾਪਤ ਕਰਨ ਲਈ ਨਿਰਾਸ਼ ਹੋਏ ਵਿਦਿਆਰਥੀਆਂ ਨੂੰ ਇੱਕ ਹੰਭਲਾ ਆਪਣੇ ਟੁੱਟੇ ਸੁਫ਼ਨੇ ਨੂੰ ਮੁੜ ਪੂਰਾ ਕਰਨ ਲਈ ਮਾਰਨਾ ਹੋਵੇਗਾ।

LEAVE A REPLY

Please enter your comment!
Please enter your name here