Punjab Government School: ਵਿਧਾਇਕ ਦਾ ਅਧਿਆਪਕ ਪੁੱਤ ਘਰ-ਘਰ ਜਾ ਕੇ ਸਰਕਾਰੀ ਸਕੂਲ ’ਚ ਦਾਖਲੇ ਦਾ ਦੇ ਰਿਹੈ ਹੋਕਾ
Punjab Government School: ਮਾਨਸਾ (ਸੁਖਜੀਤ ਮਾਨ)। ਜ਼ਿਲ੍ਹਾ ਮਾਨਸਾ ਦੇ ਪਿੰਡ ਗੁਰਨੇ ਕਲਾਂ ਦਾ ਸਰਕਾਰੀ ਸਕੂਲ, ਨਿੱਜੀ ਸਕੂਲਾਂ ਨੂੰ ਪਿਛਾਂਹ ਛੱਡਦਾ ਹੈ। ਸਕੂਲ ਦੀ ਇਕੱਲੀ ਇਮਾਰਤ ਹੀ ਨਹੀਂ, ਸਗੋਂ ਸਟਾਫ ਵੀ ਵਧੀਆ ਹੈ। ਚੰਗੇ ਮਹੌਲ ਵਾਲੇ ਇਸ ਸਕੂਲ ’ਚ ਹੁਣ ਬੁਢਲਾਡਾ ਸ਼ਹਿਰ ਦੇੇੇੇੇੇੇੇੇ ਨਿੱਜੀ ਸਕੂਲਾਂ ’ਚੋਂ ਵਿਦਿਆਰਥੀ ਹਟ ਕੇ ਆ ਰਹੇ ਹਨ। ਸਕੂਲ ਸਟਾਫ ’ਚ ਹੋਰਨਾਂ ਅਧਿਆਪਕਾਂ ਦੇ ਨਾਲ-ਨਾਲ ਹਲਕਾ ਬੁਢਲਾਡਾ ਦੇ ਵਿਧਾਇਕ ਪ੍ਰਿੰ. ਬੁੱਧ ਰਾਮ ਦਾ ਪੁੱਤਰ ਰਾਜਪਾਲ ਸਿੰਘ ਵੀ ਹੈ। ਰਾਜਪਾਲ ਸਿੰਘ ਵਿਧਾਇਕ ਪਿਓ ਦਾ ਪੁੱਤ ਹੋਣ ਦਾ ਮਾਣ ਛੱਡ ਕੇ ਪਿੰਡਾਂ ਦੀਆਂ ਗਲੀਆਂ ’ਚ ਜਾ ਕੇ ਵਿਦਿਆਰਥੀਆਂ ਨੂੰ ਸਰਕਾਰੀ ਸਕੂਲ ’ਚ ਪੜ੍ਹਾਉਣ ਦਾ ਹੋਕਾ ਦੇ ਰਿਹਾ ਹੈ।
Read Also : Punjab Weather Update: ਪੰਜਾਬ ’ਚ ਇਸ ਦਿਨ ਪਵੇਗਾ ਭਾਰੀ ਮੀਂਹ, ਮੌਸਮ ਵਿਭਾਗ ਨੇ ਕੀਤੀ ਭਵਿੱਖਬਾਣੀ
ਵੇਰਵਿਆਂ ਮੁਤਾਬਿਕ ਪੰਜਾਬ ਦੇ ਸਰਕਾਰੀ ਸਕੂਲਾਂ ’ਚ ਵਿਦਿਆਰਥੀਆਂ ਦੀ ਗਿਣਤੀ ਵਧਾਉਣ ਲਈ ਅਧਿਆਪਕਾਂ ਨੇ ਵੀ ਅੱਡੀ-ਚੋਟੀ ਦਾ ਜ਼ੋਰ ਲਾਇਆ ਹੋਇਆ ਹੈ। ਪਿੰਡ ਗੁਰਨੇ ਕਲਾਂ ਦੇ ਸਰਕਾਰੀ ਹਾਈ ਸਕੂਲ ਦੇ ਅਧਿਆਪਕ ਵੀ ਆਪਣੇ ਸਕੂਲ ’ਚ ਬੱਚਿਆਂ ਦੀ ਗਿਣਤੀ ਹੋਰ ਵਧਾਉਣ ਲਈ ਘਰ-ਘਰ ਜਾ ਰਹੇ ਹਨ। ਉਂਝ ਇਸ ਸਕੂਲ ਦੀਆਂ ਪ੍ਰਾਪਤੀਆਂ ਅਤੇ ਬਿਹਤਰ ਨਤੀਜੇ ਨੂੰ ਦੇਖ ਕੇ ਵਿਦਿਆਰਥੀ ਆਪਣੇ-ਆਪ ਵੀ ਆ ਰਹੇ ਹਨ।
Punjab Government School
ਸਕੂਲ ਅਧਿਆਪਕ ਪਿਆਰਾ ਸਿੰਘ ਬੜੇ ਮਾਣ ਨਾਲ ਦੱਸਦੇ ਹਨ ਕਿ ਸਕੂਲ ਦਾ ਸਮੁੱਚਾ ਸਟਾਫ ਮਿਹਨਤੀ ਹੈ। ਉਨ੍ਹਾਂ ਦੇ ਸਕੂਲ ਦੇ ਅਧਿਆਪਕ ਵਿਦਿਆਰਥੀਆਂ ਦੇ ਦਿਮਾਗ ’ਚ ਗੱਲ ਰੱਟੇ ਲਾ ਕੇ ਭਰਨ ਦੀ ਵਿਧੀ ਤੋਂ ਕੋਹਾਂ ਦੂਰ ਹਨ, ਸਗੋਂ ਹਰ ਗੱਲ ਨੂੰ ਬਿਹਤਰ ਢੰਗ ਨਾਲ ਇੱਕ ਤਰ੍ਹਾਂ ਦੀ ਤਸਵੀਰ ਦੇ ਰੂਪ ’ਚ ਵਿਦਿਆਰਥੀਆਂ ਅੱਗੇ ਪੇਸ਼ ਕੀਤਾ ਜਾਂਦਾ ਹੈ, ਜਿਸ ਨੂੰ ਬੱਚੇ ਚੰਗੀ ਤਰ੍ਹਾਂ ਸਮਝਦੇ ਹਨ। ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ ਨੂੰ ਮੁਕਾਬਲੇ ਦੀਆਂ ਪ੍ਰੀਖਿਆਵਾਂ ਲਈ ਵੀ ਵਿਸ਼ੇਸ਼ ਤਿਆਰੀ ਕਰਵਾਈ ਜਾਂਦੀ ਹੈ।
ਹਾਈ ਸਕੂਲ ’ਚ ਮਿਲੀ ਬਿਹਤਰ ਸਿੱਖਿਆ ਦੇ ਨਤੀਜੇ ਵਜੋਂ ਹੀ ਉਨ੍ਹਾਂ ਦੇ ਵਿਦਿਆਰਥੀ ਜਦੋਂ ਅੱਗੇ ਸੈਕੰਡਰੀ ਸਿੱਖਿਆ ਵੱਲ ਵਧਦੇ ਹਨ ਤਾਂ ਕਰੀਬ 50 ਫੀਸਦੀ ਵਿਦਿਆਰਥੀ ਸਾਇੰਸ ਗਰੁੱਪ ’ਚ ਦਾਖਲਾ ਲੈਂਦੇ ਹਨ। ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ ਦੀ ਸਹੂਲਤ ਲਈ ਦੋ ਸਕੂਲ ਵੈਨਾਂ ਹਨ, ਜਿਨ੍ਹਾਂ ’ਚੋਂ ਇੱਕ ਵੈਨ ਤਾਂ ਇਕੱਲੇ ਬੁਢਲਾਡਾ ਸ਼ਹਿਰ ’ਚੋਂ ਹੀ ਭਰ ਜਾਂਦੀ ਹੈ। ਇੱਕ ਵੈਨ ’ਚ ਗੁਰਨੇ ਖੁਰਦ ਅਤੇ ਹਸਨਪੁਰ ਤੋਂ ਵਿਦਿਆਰਥੀ ਆਉਂਦੇ ਹਨ। ਸਕੂਲ ’ਚ ਵੱਖ-ਵੱਖ ਵਿਸ਼ਿਆਂ ਦੇ ਅਧਿਆਪਕਾਂ ਬਾਰੇ ਪੁੱਛਣ ’ਤੇ ਉਨ੍ਹਾਂ ਕਿਹਾ ਕਿ ਇੱਕ ਵਿਸ਼ੇ ਦੇ ਦੋ-ਦੋ ਅਧਿਆਪਕ ਹਨ। ਉਨ੍ਹਾਂ ਵਿਦਿਆਰਥੀਆਂ ਦੇ ਮਾਪਿਆਂ ਨੂੰ ਅਪੀਲ ਕੀਤੀ ਕਿ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲ ’ਚ ਦਾਖਲ ਕਰਵਾਓ।
ਜ਼ਿਲ੍ਹੇ ਦਾ ਹੈ ਇਕਲੌਤਾ ਉੱਤਮ ਸਕੂਲ
ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਜੋ ਸਕੂਲਾਂ ਨੂੰ ਉੱਤਮ ਸਕੂਲ ਚੁਣਿਆ ਹੈ, ਉਨ੍ਹਾਂ ’ਚ ਗੁਰਨੇ ਕਲਾਂ ਦਾ ਸਰਕਾਰੀ ਸਕੂਲ ਵੀ ਹੈ। ਉੱਤਮ ਸਕੂਲਾਂ ਦੀ ਚੋਣ ਲਈ ਸਕੂਲਾਂ ਨੂੰ ਹਰ ਪੱਖ ਤੋਂ ਘੋਖਿਆ ਗਿਆ ਤਾਂ ਇਹ ਸਕੂਲ ਮਾਪਦੰਡਾਂ ’ਤੇ ਖਰਾ ਉੱਤਰਿਆ। ਉੱਤਮ ਸਕੂਲ ਦੇ ਇਨਾਮ ਵਜੋਂ ਸਕੂਲ ਨੂੰ 7 ਲੱਖ 50 ਹਜ਼ਾਰ ਰੁਪਏ ਇਨਾਮੀ ਰਾਸ਼ੀ ਮਿਲੀ ਹੈ।
ਮੇਰੀ ਕਰਮ ਭੂਮੀ ਸਕੂਲ ਹੈ ਨਾ ਕਿ ਰਾਜਨੀਤੀ : ਰਾਜਪਾਲ ਸਿੰਘ
ਵਿਧਾਇਕ ਪ੍ਰਿੰ.ਬੁੱਧ ਰਾਮ ਦੇ ਅਧਿਆਪਕ ਪੁੱਤਰ ਰਾਜਪਾਲ ਸਿੰਘ ਦਾ ਕਹਿਣਾ ਹੈ ਕਿ ਸੱਤਾ ਸੇਵਾ ਲਈ ਹੋਣੀ ਚਾਹੀਦੀ ਹੈ । ਉਸਦੀ ਕਰਮਭੂਮੀ ਸਕੂਲ ਹੈ ਨਾ ਕਿ ਰਾਜਨੀਤੀ। ਉਨ੍ਹਾਂ ਕਿਹਾ ਕਿ ਉਸਦੀ ਅਤੇ ਉਸਦੇ ਬੱਚਿਆਂ ਦੀ ਰੋਜ਼ੀ-ਰੋਟੀ ਸਕੂਲ ’ਚੋਂ ਚੱਲਦੀ ਹੈ, ਇਸ ਲਈ ਸਕੂਲ ਦੀ ਬਿਹਤਰੀ ਲਈ ਹਰ ਕੰਮ ਕਰਕੇ ਉਸ ਨੂੰ ਸਕੂਨ ਮਿਲਦਾ ਹੈ। ਵਿਧਾਇਕ ਪ੍ਰਿੰ. ਬੁੱਧ ਰਾਮ ਨੇ ਕਿਹਾ ਕਿ ਉਨ੍ਹਾਂ ਦੀ ਜ਼ਿੰਦਗੀ ਵਿੱਚ ਇੱਕੋ ਮਕਸਦ ਰਿਹਾ ਹੈ ਕਿ ਆਪਣੇ ਕੰਮ ਪ੍ਰਤੀ ਇਮਾਨਦਾਰੀ ਰੱਖੀ ਜਾਵੇ ਅਤੇ ਇਹੋ ਸਿੱਖਿਆ ਅੱਗੇ ਆਪਣੇ ਬੱਚਿਆਂ ਨੂੰ ਦਿੱਤੀ।
ਮਾਨਸਾ : ਪਿੰਡ ਗੁਰਨੇ ਕਲਾਂ ਦੇ ਸਰਕਾਰੀ ਸਕੂਲ ’ਚ ਵਿਦਿਆਰਥੀਆਂ ਨੂੰ ਪੜ੍ਹਾਉਣ ਲਈ ਲੱਗੇ ਮਾਡਲ ਅਤੇ ਸਕੂਲ ’ਚ ਵਿਦਿਆਰਥੀਆਂ ਦਾ ਦਾਖਲਾ ਵਧਾਉਣ ਲਈ ਘਰ-ਘਰ ਜਾਂਦੇ ਹੋੋਏ ਅਧਿਆਪਕ। ਤਸਵੀਰ : ਸੱਚ ਕਹੂੰ ਨਿਊਜ਼