ਪਾਬੰਦੀ ਦੇ ਬਾਵਜੂਦ ਸਕੂਲ ‘ਚ ਬੁਲਾਕੇ ਲਈ ਜਾ ਰਹੀ ਹੈ ਵਿਦਿਆਰਥੀਆਂ ਦੀ ਪ੍ਰੀਖਿਆ

ਅਧਿਆਪਕਾਂ ਨੇ ਸੋਸ਼ਲ ਮੀਡੀਆ ‘ਤੇ ਕਿਹਾ : ਵਿਭਾਗ ਵੱਲੋਂ ਬਣਾਇਆ ਜਾ ਰਿਹੈ ਜ਼ੁਬਾਨੀ ਦਬਾਅ

ਮੋਹਾਲੀ, (ਕੁਲਵੰਤ ਕੋਟਲੀ) ਸਿੱਖਿਆ ਵਿਭਾਗ ਵੱਲੋਂ ਕੋਰੋਨਾ ਦੀ ਮਹਾਂਮਾਰੀ ਦੇ ਚਲਦਿਆਂ ਲਈਆਂ ਜਾ ਰਹੀਆਂ ਆਨਲਾਈਨ ਪ੍ਰੀਖਿਆਵਾਂ ਵਿੱਚ 100 ਫੀਸਦੀ ਵਿਦਿਆਰਥੀਆਂ ਨੂੰ ਸ਼ਾਮਲ ਕਰਾਉਣ ਦੇ ਨਾਂਅ ‘ਤੇ ਸਵਾਲੀਆਂ ਨਿਸ਼ਾਨ ਲੱਗਣੇ ਸ਼ੁਰੂ ਹੋ ਗਏ ਹਨ ਕੋਰੋਨਾ ਕਾਰਨ ਪਿਛਲੇ ਕਈ ਮਹੀਨਿਆਂ ਤੋਂ ਸਰਕਾਰਾਂ ਵੱਲੋਂ ਸਖਤੀ ਨਾਲ ਸਕੂਲਾਂ ਨੂੰ ਬੰਦ ਕੀਤਾ ਗਿਆ ਹੈ ਤਾਂ ਜੋ ਬੱਚਿਆਂ ਨੂੰ ਇਸ ਭਿਆਨਕ ਬਿਮਾਰੀ ਤੋਂ ਬਚਾਇਆ ਜਾਵੇ ਸਕੂਲਾਂ ਦੇ ਬੰਦ ਦੇ ਚਲਦਿਆਂ ਸਿੱਖਿਆ ਵਿਭਾਗ ਨੇ ਆਨਲਾਈਨ ਪੜ੍ਹਾਈ ਸ਼ੁਰੂ ਕੀਤੀ ਅਤੇ ਹੁਣ ਪ੍ਰੀਖਿਆਵਾਂ ਲਈਆਂ ਜਾ ਰਹੀਆਂ ਹਨ ਸਕੂਲ ਬੰਦ ਹੋਣ ਦੇ ਬਾਵਜੂਦ ਕੁਝ ਅਧਿਆਪਕਾਂ ਵੱਲੋਂ 100 ਫੀਸਦੀ ਵਿਦਿਆਰਥੀ ਪ੍ਰੀਖਿਆ ਦਿੰਦੇ ਦਿਖਾਉਣ ਲਈ ਸਕੂਲ ਵਿੱਚ ਬੁਲਾਕੇ ਪ੍ਰੀਖਿਆ ਲਈ ਜਾ ਰਹੀ ਹੈ

ਅਜਿਹਾ ਹੀ ਮਾਮਲਾ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਸਰਕਾਰੀ ਸਕੂਲ ਨਬੀਪੁਰ ਦਾ ਸਾਹਮਣੇ ਆਇਆ ਹੈ, ਜਿੱਥੇ ਵਿਦਿਆਰਥੀਆਂ ਨੂੰ ਸਕੂਲ ਵਿੱਚ ਬੁਲਾਕੇ ਪ੍ਰੀਖਿਆ ਲਈ ਗਈ ਵਿਦਿਆਰਥੀਆਂ ਦੇ ਕਹਿਣ ਮੁਤਾਬਕ ਉਨ੍ਹਾਂ ਦਾ ਅੱਜ ਦੂਜਾ ਪੇਪਰ ਹੈ ਵੀਡੀਓ ਵਿੱਚ ਸਕੂਲ ਅਧਿਆਪਕਾ ਕਹਿ ਰਹੀ ਹੈ ਕਿ ਉਨ੍ਹਾਂ ਬੱਚਿਆਂ ਨੂੰ ਨਹੀਂ ਬੁਲਾਇਆ ਸੀ, ਅਸੀਂ ਸਿਰਫ ਅਧਿਆਪਕ ਹੀ ਆਉਂਦੇ ਸੀ, ਅੱਜ ਬੱਚੇ ਆ ਗਏ ਤਾਂ ਅਸੀਂ ਉਨ੍ਹਾਂ ਨੂੰ ਗਰਮੀ ਕਰਕੇ ਅੰਦਰ ਪੱਖੇ ਹੇਠਾਂ ਬੈਠਾ ਲਿਆ

ਸਿੱਖਿਆ ਵਿਭਾਗ ਵੱਲੋਂ ਭਾਵੇਂ ਇਹ ਕਿਹਾ ਜਾ ਰਿਹਾ ਹੈ ਕਿ ਪ੍ਰੀਖਿਆ ਆਨ ਲਾਈਨ ਹੀ ਲਈ ਜਾਵੇ 12 ਘੰਟਿਆਂ ਵਿੱਚ ਵਿਦਿਆਰਥੀ ਨੇ ਪੇਪਰ ਹੱਲ ਕਰਕੇ ਵਟਸਐਪ ਰਾਹੀਂ ਅਧਿਆਪਕ ਨੂੰ ਆਪਣਾ ਪੇਪਰ ਭੇਜਣਾ ਹੈ ਸਿੱਖਿਆ ਵਿਭਾਗ ਵੱਲੋਂ ਭਾਵੇਂ ਲਿਖਤੀ ਇਹ ਹੁਕਮ ਨਹੀਂ ਕੀਤੇ ਗਏ ਕਿ 100 ਫੀਸਦੀ ਵਿਦਿਆਰਥੀਆਂ ਦਾ ਪੇਪਰ ਦੇਣਾ ਜ਼ਰੂਰੀ ਹੈ,

ਪ੍ਰੰਤੂ ਹੇਠਲੇ ਪੱਧਰ ‘ਤੇ ਕੰਮ ਕਰਦੇ ਬੀਐਮ ਤੇ ਡੀਐਮ ਵੱਲੋਂ ਅਧਿਆਪਕਾਂ ‘ਤੇ ਜ਼ੁਬਾਨੀ ਜ਼ੋਰ ਪਾਇਆ ਜਾ ਰਿਹਾ ਹੈ ਕਿ ਹਰ ਹਾਲਤ 100 ਫੀਸਦੀ ਵਿਦਿਆਰਥੀਆਂ ਦੇ ਪੇਪਰ ਹੋਣੇ ਜ਼ਰੂਰੀ ਹਨ ਸੋਸ਼ਲ ਮੀਡੀਆ ‘ਤੇ ਵੀਡੀਓ ਆਉਣ ਤੋਂ ਬਾਅਦ ਅਧਿਆਪਕਾਂ ਵੱਲੋਂ ਲਿਖਿਆ ਜਾ ਰਿਹਾ ਹੈ ਕਿ ਅਧਿਆਪਕਾਂ ‘ਤੇ ਇਹ ਦਬਾਅ ਬਣਾਇਆ ਜਾ ਰਿਹਾ ਹੈ ਕਿ ਹਰ ਹਾਲਤ ਵਿੱਚ 100 ਫੀਸਦੀ ਵਿਦਿਆਰਥੀਆਂ ਦੇ ਪੇਪਰ ਲਏ ਜਾਣ ਅਧਿਆਪਕਾਂ ਦਾ ਇਹ ਵੀ ਕਹਿਣਾ ਹੈ ਕਿ ਜਦੋਂ ਗਰੀਬ ਵਿਦਿਆਰਥੀਆਂ ਕੋਲ ਸਮਾਰਟ ਫੋਨ ਹੀ ਨਹੀਂ ਹਨ ਤਾਂ ਉਨ੍ਹਾਂ ਤੋਂ ਪੇਪਰ ਕਿਵੇਂ ਲਏ ਜਾਣ ਤਾਂ ਅਧਿਆਪਕਾਂ ਕੋਲ ਕੋਈ ਹੋਰ ਚਾਰਾ ਹੀ ਨਹੀਂ ਹੈ

ਅਧਿਆਪਕਾਂ ਦਾ ਕਹਿਣਾ ਹੈ ਕਿ ਵਿਭਾਗ ਦੋਹਰੀ ਗੇਮ ਖੇਡ ਰਿਹਾ ਹੈ ਇੱਕ ਪਾਸੇ ਤਾਂ ਕਹਿ ਰਿਹਾ ਹੈ ਕਿ ਵਿਦਿਆਰਥੀਆਂ ਨੂੰ ਨਾ ਬੁਲਾਇਆ ਜਾਵੇ, ਦੂਜੇ ਪਾਸੇ ਬੀਐਮ ਤੇ ਡੀਐਮ ਦੇ ਰਾਹੀਂ ਅਧਿਆਪਕਾਂ ‘ਤੇ ਦਬਾਅ ਬਣਾਇਆ ਜਾ ਰਿਹਾ ਹੈ ਕਿ ਹਰ ਹਾਲਤ ਵਿਦਿਆਰਥੀਆਂ ਤੋਂ ਪੇਪਰ ਲਏ ਜਾਣ ਇਹ ਅਧਿਆਪਕਾਂ ਦੀ ਜ਼ਿੰਮੇਵਾਰੀ ਹੈ

ਇਸ ਸਬੰਧੀ ਫੋਨ ‘ਤੇ ਗੱਲ ਕਰਦੇ ਹੋਏ ਗੁਰਦਾਸਪੁਰ ਦੇ ਜ਼ਿਲ੍ਹਾ ਸਿੱਖਿਆ ਅਫਸਰ ਨੇ ਕਿਹਾ ਕਿ ਇਸ ਮਾਮਲੇ ਦੀ ਡਿਪਟੀ ਜ਼ਿਲ੍ਹਾ ਸਿੱਖਿਆ ਅਫਸਰ ਜਾਂਚ ਕਰ ਰਹੇ ਹਨ, ਸਾਡੇ ਵੱਲੋਂ ਕਿਸੇ ਨੂੰ ਵੀ ਸਕੂਲ ਵਿੱਚ ਬੁਲਾਕੇ ਵਿਦਿਆਰਥੀਆਂ ਦੇ ਪੇਪਰ ਲੈਣ ਲਈ ਨਹੀਂ ਕਿਹਾ ਜਾ ਰਿਹਾ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ