ਕਿਸਾਨਾਂ ਨੇ ਕਾਫਲਾ ਘੇਰਕੇ ਪਾਈਆਂ ਲਾਹਨਤਾਂ
(ਰਾਜਨ ਮਾਨ) ਅੰਮ੍ਰਿਤਸਰ। ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਤਰਨਜੀਤ ਸਿੰਘ ਸੰਧੂ ਦਾ ਅੱਜ ਕਿਸਾਨਾਂ ਵੱਲੋਂ ਸਰਹੱਦੀ ਖੇਤਰ ਦੇ ਪਿੰਡਾਂ ਵਿੱਚ ਘਿਰਾਓ ਕਰਕੇ ਜ਼ਬਰਦਸਤ ਵਿਰੋਧ ਕੀਤਾ ਗਿਆ। ਭਾਜਪਾ ਉਮੀਦਵਾਰ ਵੱਲੋਂ ਅੱਜ ਸਰਹੱਦੀ ਖੇਤਰ ਗੱਗੋਮਾਹਲ, ਤੋਬਾ ਅਤੇ ਕੱਲੋਮਾਹਲ ਵਿਚ ਰੋਡ ਸ਼ੋਅ ਕੱਢਿਆ ਜਾ ਰਿਹਾ ਸੀ ਤਾਂ ਵੱਡੀ ਗਿਣਤੀ ਵਿੱਚ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਅਤੇ ਕਿਸਾਨਾਂ ਨੇ ਉਹਨਾਂ ਦਾ ਕਾਫਲਾ ਘੇਰ ਲਿਆ ਅਤੇ ਉਹਨਾਂ ਵਿਰੁੱਧ ਭਾਰੀ ਨਾਅਰੇਬਾਜ਼ੀ ਕੀਤੀ। Amritsar News
ਕਿਸਾਨਾਂ ਵੱਲੋਂ ਭਾਜਪਾ ਦੇ ਆਗੂਆਂ ਨੂੰ ਲਾਹਨਤਾਂ ਪਾਈਆਂ ਗਈਆਂ। ਪੁਲਿਸ ਵੱਲੋਂ ਕੋਸ਼ਿਸ਼ ਕਰਕੇ ਭਾਜਪਾ ਉਮੀਦਵਾਰ ਅਤੇ ਉਹਨਾਂ ਦੇ ਨਾਲ ਹਲਕਾ ਅਜਨਾਲਾ ਦੇ ਭਾਜਪਾ ਆਗੂ ਅਮਰਪਾਲ ਸਿੰਘ ਬੋਨੀ ਅਜਨਾਲਾ ਨੂੰ ਕਿਸਾਨਾਂ ਦੇ ਘਿਰਾਓ ਵਿਚੋਂ ਗੱਡੀਆਂ ਭਜਾਕੇ ਸੁਰੱਖਿਅਤ ਕੱਢਿਆ ਗਿਆ। ਕਿਸਾਨਾਂ ਦਾ ਗੁੱਸਾ ਵੇਖ ਪੁਲਿਸ ਨੂੰ ਭਾਜੜਾਂ ਪੈ ਗਈਆਂ ਅਤੇ ਭਾਜਪਾ ਆਗੂਆਂ ਨੇ ਗੱਡੀਆਂ ਵਿੱਚ ਸ਼ੀਸ਼ੇ ਬੰਦ ਕਰਕੇ ਅੰਦਰੋਂ ਹੱਥ ਜੋੜ ਕੇ ਆਪਣੀ ਜਾਨ ਛੁਡਾਈ। ਕਿਸਾਨਾਂ ਵੱਲੋਂ ਭਾਰਤੀ ਜਨਤਾ ਪਾਰਟੀ ਮੁਰਦਾਬਾਦ ਦੇ ਨਾਅਰੇ ਲਾਏ ਗਏ। ਕਿਸਾਨਾਂ ਨੇ ਦਿੱਲੀ ਅਤੇ ਸ਼ੰਭੂ,ਖਿਨੌਰੀ ਬਾਰਡਰਾਂ ਤੇ ਸ਼ਹੀਦ ਹੋਏ ਕਿਸਾਨਾਂ ਦਾ ਹਿਸਾਬ ਮੰਗਿਆ ਗਿਆ।
ਇਹ ਵੀ ਪੜ੍ਹੋ: Punjab Holiday : ਵੱਡੀ ਖਬਰ, ਸਕੂਲ-ਕਾਲਜ਼ ਤੇ ਦਫਤਰ ਰਹਿਣਗੇ ਇਸ ਦਿਨ ਬੰਦ, ਜਾਣੋ ਵਜ੍ਹਾ
ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਜ਼ਿਲ੍ਹਾ ਜਨਰਲ ਸਕੱਤਰ ਪਰਵਿੰਦਰ ਸਿੰਘ ਮਾਹਲ ਅਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਗੁਰਦੇਵ ਸਿੰਘ ਗੱਗੋਮਾਹਲ ਨੇ ਕਿਹਾ ਕਿ ਭਾਜਪਾ ਉਮੀਦਵਾਰ ਨੂੰ ਪਿੰਡਾਂ ਵਿਚ ਨਹੀਂ ਵੜਣ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਸੈਂਕੜੇ ਕਿਸਾਨਾਂ ਦੀਆਂ ਸ਼ਹੀਦੀਆਂ ਇਹਨਾਂ ਭਾਜਪਾਈਆਂ ਕਰਕੇ ਹੋਈਆਂ ਹਨ ਅਤੇ ਇਹ ਸ਼ਹਾਦਤਾਂ ਕਦੇ ਭੁਲਾਈਆਂ ਨਹੀਂ ਜਾਣਗੀਆਂ। ਉਹਨਾਂ ਕਿਹਾ ਜਿਵੇਂ ਇਹਨਾਂ ਨੇ ਬਾਰਡਰਾਂ ਉਪਰ ਕਿਸਾਨਾਂ ’ਤੇ ਗੋਲੀਆਂ, ਡਾਂਗਾਂ ਅਤੇ ਅੱਥਰੂ ਗੈਸ ਦੇ ਗੋਲੇ ਸੁੱਟਕੇ ਤਸ਼ੱਦਦ ਕਰਕੇ ਦਿੱਲੀ ਜਾਣ ਤੋਂ ਕਿਸਾਨਾਂ ਨੂੰ ਰੋਕਿਆ ਗਿਆ ਸੀ। Amritsar News
ਭਾਜਪਾ ਉਮੀਦਵਾਰ ਨੂੰ ਆਪਣੇ ਪਿੰਡਾਂ ਵਿਚ ਦਾਖਲ ਨਾ ਹੋਣ ਦੇਣ (Amritsar News)
ਉਸੇ ਤਰਾਂ ਇਹਨਾਂ ਨੂੰ ਅਸੀਂ ਪਿੰਡਾਂ ਵਿਚ ਨਹੀਂ ਵੜਨ ਦੇਵਾਂਗੇ। ਉਹਨਾਂ ਪਿੰਡਾਂ ਦੇ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਭਾਜਪਾ ਉਮੀਦਵਾਰ ਨੂੰ ਆਪਣੇ ਪਿੰਡਾਂ ਵਿਚ ਨਾ ਦਾਖਲ ਹੋਣ ਦੇਣ। ਉਹਨਾਂ ਕਿਹਾ ਕਿ ਅੱਜ ਵੀ ਕਿਸਾਨ ਬਾਰਡਰਾਂ ਅਤੇ ਸੜਕਾਂ ’ਤੇ ਪਿਛਲੇ ਕਈ ਮਹੀਨਿਆਂ ਤੋਂ ਬੈਠੇ ਹਨ ਅਤੇ ਇਸ ਜ਼ਾਲਮ ਭਾਜਪਾ ਸਰਕਾਰ ਕੋਲ ਗੱਲ ਕਰਨ ਦਾ ਵਕਤ ਨਹੀਂ ਹੈ ਅਤੇ ਅੱਜ ਇਹ ਸਾਡੇ ਪਿੰਡਾਂ ਵਿਚ ਆ ਕੇ ਲੋਕਾਂ ਨੂੰ ਗੁੰਮਰਾਹ ਕਰਨਾ ਚਾਹੁੰਦੇ ਹਨ ਇਹ ਕਦੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਭਾਜਪਾ ਉਮੀਦਵਾਰ ਵੱਲੋਂ ਅੱਜ ਇਸ ਇਲਾਕੇ ਵਿੱਚ ਰੋਡ ਸ਼ੋਅ ਕੱਢਕੇ ਲੋਕਾਂ ਵਿਚ ਆਪਣੀ ਤਾਕਤ ਦਾ ਮੁਜਾਹਰਾ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਜਿਸਨੂੰ ਕਿਸਾਨਾਂ ਨੇ ਫੇਲ੍ਹ ਕਰ ਦਿੱਤਾ ਹੈ। ਕਿਸਾਨਾਂ ਵੱਲੋਂ ਬੀਤੇ ਕੱਲ੍ਹ ਵੀ ਭਾਜਪਾ ਆਗੂਆਂ ਦਾ ਪਿੰਡਾਂ ਵਿੱਚ ਘਿਰਾਓ ਕੀਤਾ ਗਿਆ ਸੀ ਜਿਸ ਕਰਕੇ ਭਾਜਪਾ ਉਮੀਦਵਾਰ ਦੀਆਂ ਮੁਸਕਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ। ਪਿੰਡਾਂ ਵਿੱਚ ਭਾਜਪਾ ਦੇ ਹੋ ਰਹੇ ਵਿਰੋਧ ਨੇ ਆਗੂਆਂ ਦੀ ਨੀਂਦ ਉੱਡਾ ਦਿੱਤੀ ਹੈ।