ਬਿਰਧ ਮਹਿਲਾ ਦਾ ਕੰਗਣਾ ਰਣੌਤ ਨੂੰ ਸਖਤ ਜਵਾਬ

‘ਉਹ ਮੇਰੇ ਬਰਾਬਰ ਨਰਮਾ ਚੁਗਕੇ ਦਿਖਾਵੇ, ਮੈਂ ਸੌ ਦੀ ਥਾਂ ਛੇ ਸੌ ਦੇਊਂਗੀ’

ਬਠਿੰਡਾ, (ਸੁਖਜੀਤ ਮਾਨ) ਕਿਸਾਨੀ ਸੰਘਰਸ਼ ‘ਚ ਹੱਕਾਂ ਖਾਤਰ ਝੰਡਾ ਚੁੱਕਣ ਵਾਲੀ ਬਠਿੰਡਾ ਜ਼ਿਲ੍ਹੇ ਦੇ ਪਿੰਡ ਬਹਾਦਰਗੜ੍ਹ ਜੰਡੀਆਂ ਦੀ 80 ਸਾਲਾ ਬਿਰਧ ਮਾਤਾ ਮਹਿੰਦਰ ਕੌਰ ਨੇ ਬਾਲੀਵੁੱਡ ਹਿਲਾ ਦਿੱਤਾ ਹੈ ਇਸ ਬਿਰਧ ਮਾਤਾ ਦੇ ਸਰੀਰ ‘ਚ ਭਾਵੇਂ ਕੁੱਬ ਹੈ ਪਰ ਕੰਗਣਾ ਦੀ ਟਿੱਪਣੀ ਮਗਰੋਂ ਉਸਨੂੰ ਮਿਲੀ ਹਮਾਇਤ ਨੇ ਸਭ ਸਿੱਧੇ ਕਰ ਦਿੱਤੇ ਮਹਿੰਦਰ ਕੌਰ ਦੇ ਹੱਕ ‘ਚ ਡਟੇ ਲੋਕਾਂ ਦੇ ਜੋਸ਼ ਨੂੰ ਵੇਖਦਿਆਂ ਕੰਗਣਾ ਨੇ ਆਪਣਾ ਟਵੀਟ ਵੀ ਡਿਲੀਟ ਕਰ ਦਿੱਤਾ

ਇਸ ਸੰਘਰਸ਼ੀ ਮਹਿਲਾ ਨੇ ਕੰਗਣਾ ਨੂੰ ਚਿਤਾਵਨੀ ਦਿੱਤੀ ਕਿ ‘ਉਹ ਮੇਰੇ ਬਰਾਬਰ ਨਰਮਾ ਚੁਗਕੇ ਦਿਖਾਵੇ, ਮੈਂ ਸੌ ਦੀ ਥਾਂ ਛੇ ਸੌ ਦੇਊਂਗੀ’ ਵੇਰਵਿਆਂ ਮੁਤਾਬਿਕ ਖੇਤੀ ਸੰਘਰਸ਼ਾਂ ਖਿਲਾਫ਼ ਸ਼ੁਰੂ ਹੋਏ ਕਿਸਾਨ ਅੰਦੋਲਨ ‘ਚ ਪੰਜਾਬ ਦੀਆਂ ਬਾਕੀ ਮਹਿਲਾਵਾਂ ਵਾਂਗ ਪਿੰਡ ਬਹਾਦਰਗੜ੍ਹ ਜੰਡੀਆਂ ਦੀ ਬਿਰਧ ਮਹਿੰਦਰ ਕੌਰ ਵੀ ਸ਼ਾਮਿਲ ਹੁੰਦੀ ਹੈ ਕੁੱਝ ਦਿਨ ਪਹਿਲਾਂ ਇਸ ਬਿਰਧ ਦੀ ਫੋਟੋ ਸੋਸ਼ਲ ਮੀਡੀਆ ‘ਤੇ ਇਸ ਕਰਕੇ ਵਾਇਰਲ ਹੋਈ ਸੀ ਕਿ ਖੇਤੀ ਕਾਨੂੰਨਾਂ ਕਾਰਨ ਲੋਕਾਂ ਦਾ ਕੇਂਦਰ ਸਰਕਾਰ ਖਿਲਾਫ਼ ਗੁੱਸਾ ਇਸ ਕਦਰ ਵਧ ਗਿਆ ਹੈ ਕਿ ਬਿਰਧ ਮਹਿਲਾਵਾਂ ਵੀ ਮੈਦਾਨ ‘ਚ ਨਿੱਤਰ ਪਈਆਂ

ਇਸ ਮਗਰੋਂ ਮਹਿੰਦਰ ਕੌਰ ਦੀ ਫੋਟੋ ਦੇ ਨਾਲ ਇੱਕ ਹੋਰ ਮਹਿਲਾ ਬਿਲਕੀਸ ਬਾਨੋ, ਜੋ ਸ਼ਾਹੀਨ ਬਾਗ ਦਿੱਲੀ ਮੋਰਚੇ ‘ਚ ਸ਼ਾਮਿਲ ਹੋਈ ਸੀ, ਨੂੰ ਜੋੜਕੇ ਗੌਤਮ ਯਾਦਵ ਨੇ ਟਵੀਟ ਕੀਤਾ ਸੀ ਤੇ ਦੋਵਾਂ ਨੂੰ ਇੱਕ ਹੀ ਮਹਿਲਾ ਆਖਿਆ ਗਿਆ ਸੀ ਇਸੇ ਟਵੀਟ ਮਗਰੋਂ ਕੰਗਣਾ ਨੇ ਆਪਣੇ ਵੱਲੋਂ ਲਿਖਿਆ ਸੀ ਕਿ ਇਹ ਮਹਿਲਾ 100 ਰੁਪਏ ਲੈ ਕੇ ਧਰਨਿਆਂ ‘ਚ ਆਉਂਦੀ ਹੈ ਕੰਗਣਾ ਦੇ ਇਸ ਟਵੀਟ ਦਾ ਚਹੁੰ ਪਾਸਿਓਂ ਵਿਰੋਧ ਹੋਇਆ ਤਾਂ ਨਤੀਜੇ ਵਜੋਂ ਕੰਗਣਾ ਨੂੰ ਆਪਣਾ ਇਹ ਟਵੀਟ ਡਲੀਟ ਕਰਨਾ ਪਿਆ

ਇੱਕ ਨਿੱਜੀ ਚੈਨਲ ਨਾਲ ਗੱਲਬਾਤ ਦੌਰਾਨ ਮਾਤਾ ਮਹਿੰਦਰ ਕੌਰ ਨੇ ਆਖਿਆ ਕਿ ਉਹ 100 ਰੁਪਏ ਪਿੱਛੇ ਧਰਨਿਆਂ ‘ਤੇ ਨਹੀਂ ਜਾਂਦੀ ਉਨ੍ਹਾਂ ਆਖਿਆ ਕਿ ਜੋ 100 ਰੁਪਏ ਦੀ ਗੱਲ ਕਰਦੀ ਹੈ ਉਹ ਸਾਡੇ ਖੇਤਾਂ ‘ਚ ਆ ਕੇ ਨਰਮਾ ਚੁਗ ਜਾਇਆ ਕਰੇ ਮੈਂ ਉਸਨੂੰ ਛੇ ਸੌ ਰੁਪਏ ਦੇਊਂਗੀ ਪਰ ਉਹ ਉਸ ਖਿਲਾਫ਼ ਕਿਉਂ ਬੋਲਦੀ ਹੈ ਉਨ੍ਹਾਂ ਦੇ ਪੁੱਤਰ ਨੇ ਆਖਿਆ ਕਿ ਜਦੋਂ ਹੁਣ ਦਿੱਲੀ ਨੂੰ ਸਾਧਨ ਜਾਣਗੇ ਤਾਂ ਉਸਦੀ ਮਾਂ ਤੇ ਪਿਉ ਵੀ ਦਿੱਲੀ ਜਾਣਗੇ ਕੰਗਨਾ ਰਣੌਤ ਦੀ ਟਿੱਪਣੀ ਬਾਰੇ ਉਸਨੇ ਆਖਿਆ ਕਿ ‘ਉਹ ਉਸਦੀਆਂ ਭੈਣਾਂ ਵਰਗੀ ਹੈ ਪਰ ਜੇ ਉਹ ਕਿਸਾਨਾਂ ਬਾਰੇ ਕੁੱਝ ਜਾਣਦੀ ਨਹੀਂ ਤੇ ਕਿਸਾਨਾਂ ਬਾਰੇ ਚੰਗਾ ਨਹੀਂ ਕਰ ਸਕਦੀ ਤਾਂ ਮੰਦਾ ਵੀ ਨਾ ਬੋਲੇ’

ਮੈਂ 10 ਹਜ਼ਾਰ ਰੁਪਏ ਦੇਊਂਗਾ, ਉਹ ਮੇਰੇ ਘਰ ਵਾਲੀ ਨਾਲ ਖੇਤ ‘ਚ ਪਾਣੀ ਲਾਵੇ : ਲਾਭ ਸਿੰਘ

ਮਹਿੰਦਰ ਕੌਰ ਦੇ ਪਤੀ ਲਾਭ ਸਿੰਘ ਨੇ ਆਖਿਆ ਕਿ ਜਿੱਥੇ ਵੀ ਧਰਨੇ ਲੱਗਦੇ ਨੇ ਤਾਂ ਉਹ ਵੀ ਉੱਥੇ ਜਾਂਦਾ ਹੈ ਕੰਗਨਾ ਰਣੌਤ ਵੱਲੋਂ ਕੀਤੀ ਗਈ ਟਿੱਪਣੀ ਬਾਰੇ ਪੁੱਛੇ ਜਾਣ ‘ਤੇ ਉਨ੍ਹਾਂ ਆਖਿਆ ਕਿ ਉਹ 100 ਰੁਪਏ ਦਿਹਾੜੀ ‘ਤੇ ਜਾਣ ਵਾਲੇ ਨਹੀਂ ਉਨ੍ਹਾਂ ਚੁਣੌਤੀ ਦਿੱਤੀ ਕਿ ਉਹ 10 ਹਜ਼ਾਰ ਰੁਪਏ ਦੇਵੇਗਾ ਜੇਕਰ ਉਹ (ਕੰਗਨਾ ਰਣੌਤ) ਉਸਦੀ ਘਰਵਾਲੀ ਨਾਲ ਰਾਤ ਨੂੰ ਖੇਤ ‘ਚ ਪਾਣੀ ਲਾਵੇ ਤੇ ਖਾਲ ਸੰਵਾਰੇ ਅਤੇ ਕਣਕ ਆਦਿ ਵਢਾਵੇ, ਇੱਕ ਦਿਹਾੜੀ ਦਾ 10 ਹਜ਼ਾਰ ਰੁਪਏ ਦਿੱਤਾ ਜਾਵੇਗਾ

ਹੱਕ ਲੈਣ ਖਾਤਰ ਜਾਂਦੀ ਹਾਂ ਧਰਨੇ ‘ਤੇ : ਮਹਿੰਦਰ ਕੌਰ

ਧਰਨੇ ‘ਤੇ ਜਾਣ ਸਬੰਧੀ ਬਿਰਧ ਮਾਤਾ ਮਹਿੰਦਰ ਕੌਰ ਨੇ ਦੱਸਿਆ ਕਿ ਉਸਨੂੰ ਬੱਚਿਆਂ ਨੇ ਧਰਨੇ ‘ਤੇ ਜਾਣ ਲਈ ਆਖ ਦਿੱਤਾ ਤਾਂ ਉਹ ਵੀ ਚਲੀ ਗਈ ਤੇ ਨਾਲੇ ਉਹ ਅੱਜ ਕੱਲ੍ਹ ਦੀ ਨਹੀਂ ਸਗੋਂ 9-10 ਸਾਲ ਤੋਂ ਧਰਨਿਆਂ ‘ਤੇ ਜਾਂਦੀ ਹੈ ਉਨ੍ਹਾਂ ਇਹ ਵੀ ਦੱਸਿਆ ਕਿ ਉਹ ਤਾਂ ਦਿੱਲੀ ਵੀ ਧਰਨੇ ‘ਤੇ ਜਾਣ ਲਈ ਤਿਆਰ ਸੀ ਪਰ ਉਸਨੂੰ ਡੱਬਵਾਲੀ ਤੋਂ ਇਹ ਕਹਿ ਕੇ ਮੋੜ ਦਿੱਤਾ ਕਿ ‘ਤੂੰ ਮੁੜਜਾ, ਤੈਨੂੰ ਫਿਰ ਸੱਦਾਂਗੇ, ਜਿਸ ਦਿਨ ਉਨ੍ਹਾਂ ਨੇ ਸੱਦ ਲਿਆ ਉਹ ਜਾਣ ਨੂੰ ਤਿਆਰ ਹੈ ਪਰ ਉਹ ਕੋਈ 100 ਰੁਪਏ ਪਿੱਛੇ ਨਹੀਂ ਜਾਂਦੀ ਸਗੋਂ ਆਪਣੇ ਕੀਮਤੀ ਕੰਮ ਛੱਡਕੇ ਆਪਣੇ ਹੱਕਾਂ ਖਾਤਰ ਜਾਂਦੀ ਹੈ’

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.