ਇਸ ਸ਼ਖਸ ਨੇ ਬਚਾਈਆਂ ਸਨ ਜਾਨ ਜੋਖ਼ਮ ‘ਚ ਪਾ ਕੇ 65 ਜਾਨਾਂ

Brave, Engineer, Jaswant Singh Gill,Raniganj City, West Bengal

‘ਇੰਜੀਨੀਅਰ ਜਸਵੰਤ ਗਿੱਲ ਉੱਤਰ ਗਏ ਸਨ 104 ਫੁੱਟ ਥੱਲੇ ਕੋਲਾ ਖਾਨ ‘ਚ

ਜਲੰਧਰ: ਦੇਸ਼ ‘ਚ ਸਿੱਖ ਕੌਮ ਦਾ ਇਤਿਹਾਸ ਬਹਾਦੁਰੀ ਦੀਆਂ ਗਾਥਾਵਾਂ ਨਾਲ ਭਰਿਆ ਪਿਆ ਹੈ, ਜਿਸ ‘ਚੋਂ ਇੱਕ ਹਨ ਇੰਜੀਨੀਅਰ ਜਸਵੰਤ ਸਿੰਘ ਗਿੱਲ, ਜਿਨ੍ਹਾਂ ਦੇ ਸਾਹਸ ਅਤੇ ਬਹਾਦੁਰੀ ਨੇ ਕੋਲਾ ਖਾਨ ‘ਚ ਜ਼ਮੀਨ ਤੋਂ 104 ਫੁੱਟ ਥੱਲੇ ਦਬੇ 65 ਵਿਅਕਤੀਆਂ ਨੂੰ ਜਿੰਦਾ ਬਾਹਰ ਕੱਢ ਕੇ ਇੱਕ ਬਹਾਦੁਰੀ ਦੀ ਇੱਕ ਮਿਸਾਲ ਕਾਇਮ ਕੀਤੀ ਸੀ ਉਨ੍ਹਾਂ ਦੀ ਬਹਾਦੁਰੀ ਲਈ ਭਾਰਤ ਸਰਕਾਰ ਨੇ ਸਰਵੋਤਮ ਜੀਵਨ ਰੱਖਿਅਕ ਤਮਗਾ (ਨਾਗਰਿਕ ਬਹਾਦੁਰੀ) ਨਾਲ ਵੀ ਸਨਮਾਨਿਤ ਕੀਤਾ ਸੀ

ਪੱਛਮੀ ਬੰਗਾਲ ਦੇ ਸਕੂਲਾਂ ‘ਚ ਪੜ੍ਹਾਈ ਜਾ ਰਹੀ ਜੀਵਨੀ

ਪੱਛਮੀ ਬੰਗਾਲ ਦੇ ਸਕੂਲਾਂ ‘ਚ ਗਿੱਲ ਦੀ ਜੀਵਨੀ ਪੜ੍ਹਾਈ ਜਾਂਦੀ ਹੈ ਸਾਲ 1989 ‘ਚ ਇੰਜੀਨੀਅਰ ਜਸਵੰਤ ਸਿੰਘ ਗਿੱਲ ਕੋਲ ਇੰਡੀਆ ‘ਚ ਬੰਗਾਲ ਦੇ ਰਾਣੀਜੰਗ ਸ਼ਹਿਰ ‘ਚ ਬਤੌਰ ਇੰਜੀਨੀਅਰ ਸਰਵਿਸ ਕਰ ਰਹੇ ਸਨ ਕਿ ਅਚਾਨਕ ਰਾਣੀਗੰਜ ਦੀ ਕੋਲਾ ਖਾਨ ਜੋਕਿ 104 ਫੁੱਟ ਡੂੰਘੀ ਸੀ ਅਤੇ ਜਿਸ ‘ਚ 232 ਖਾਨ ਮਜ਼ਦੂਰ ਕੰਮ ਕਰ ਰਹੇ ਸਨ, ਉਸ ਦੀ ਇੱਕ ਪਰਤ ‘ਚ ਪਾਣੀ ਦਾ ਰਿਸਾਅ ਸ਼ੁਰੂ ਹੋ ਗਿਆ ਭੱਜਦੜ ਦੇ ਚੱਲਦਿਆਂ 161 ਮਜ਼ਦੂਰ ਤਾਂ ਕੋਲਾ ਕੱਢਣ ਵਾਲੀ ਟਰਾਲੀ ਦੇ ਸਹਾਰੇ ਬਾਹਰ ਆ ਗਏ ਪਰ 71 ਮਜ਼ਦੂਰ ਥੱਲੇ ਹੀ ਫਸੇ ਹੋਏ ਰਹਿ ਗਏ ਸਨ ਕਿਉਂਕਿ ਪਾਣੀ ਵਧਣ ਨਾਲ ਟਰਾਲੀਆਂ ਖਾਨ ਦੇ ਅੰਦਰ ਜਾ ਨਹੀਂ ਪਾ ਰਹੀਆਂ ਸਨ

ਇਸ ਹਾਲਤ ‘ਚ ਸਾਰੇ ਅਧਿਕਾਰੀਆਂ ਨੇ ਹਾਰ ਮੰਨ ਕੇ ਕੁਦਰਤ ਦੇ ਕਰਿਸ਼ਮੇ ਦਾ ਇੰਤਜ਼ਾਰ ਕਰਨਾ ਸ਼ੁਰੂ ਕਰ ਦਿੱਤਾ ਉਸ ਸਮੇਂ ਜਸਵੰਤ ਸਿੰਘ ਗਿੱਲ ਖਾਨ ਤੋਂ 25 ਕਿੱਲੋ ਮੀਟਰ ਦੂਰ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਨ ਮਨਾਉਣ ਦੀਆਂ ਤਿਆਰੀਆਂ ‘ਚ ਰੁੱਝੇ ਸਨ ਉਨ੍ਹਾਂ ਨੇ ਸਵੇਰੇ ਗੁਰਦੁਆਰਾ ਸਾਹਿਬ ‘ਚ ਡਿਊਟੀ ਕਰਨੀ ਸੀ ਕਿ ਰਾਤ ਨੂੰ ਉਨ੍ਹਾਂ ਨੂੰ ਇਸ ਹਾਦਸੇ ਦਾ ਸੰਦੇਸ਼ ਮਿਲਿਆ ਇੰਜੀਨੀਅਰ ਗਿੱਲ ਸੰਦੇਸ਼ ਮਿਲਦੇ ਹੀ ਖਾਨ ਵੱਲ ਰਵਾਨਾ ਹੋ ਗਏ ਅਤੇ ਮੌਕੇ ‘ਤੇ ਪਹੁੰਚ ਕੇ ਨੇੜੇ-ਤੇੜੇ ਦਾ ਨਿਰੀਖਣ ਕਰਨ ਤੋਂ ਬਾਅਦ ਮਜ਼ਦੂਰਾਂ ਨੂੰ ਬਾਹਰ ਕੱਢਣ ਦੀ ਇੱਕ ਨਵੀਂ ਰਣਨੀਤੀ ਬਣਾਉਣ ‘ਚ ਜੁਟ ਗਏ ਉਨ੍ਹਾਂ ਨੇ ਇੱਕ ਕੈਪਸੂਲ ਦੀ ਸ਼ਕਲ ਦੇ ਸਟੀਲ ਦੇ ਢਾਂਚੇ ਰਾਹੀਂ ਖਾਨ ‘ਚ ਫਸੇ ਮਜ਼ਦੂਰਾਂ ਨੂੰ ਬਾਹਰ ਕੱਢਣ ਦੀ ਯੋਜਨਾ ਬਣਾਈ

 ਜ਼ਮੀਨ ਥੱਲੇ ਖੁਦ ਜਾਣ ਲਈ ਤਿਆਰ ਹੋਏ ਗਿੱਲ

ਉਨ੍ਹਾਂ ਨੇ ਖਾਨ ਵੱਲ ਇੱਕ 22 ਇੰਚ ਵਿਆਸ ਦਾ ਸੁਰਾਖ ਬਣਵਾਇਆ, ਜਿਸ ਨੂੰ ਬਣਾਉਣ ‘ਚ ਦਸ ਘੰਟੇ ਦਾ ਸਮਾਂ ਲੱਗ  ਗਿਆ ਹੁਣ ਤੱਕ ਰਾਤ ਗੁਜ਼ਰ ਗਈ ਸੀ ਅਤੇ ਦਿਨ ਵੀ ਅੱਧਾ ਨਿੱਕਲ ਗਿਆ ਸੀ ਅਤੇ ਅੰਦਰ ਫਸੇ 71 ਮਜ਼ਦੂਰਾਂ ਦੀਆਂ ਚੀਖਾਂ ਵੀ ਸੁਣਾਈ ਦੇਣੀਆਂ ਬੰਦ ਹੋ ਚੁੱਕੀਆਂ ਸਨ ਇਸ ਕੈਪਸੂਲ ਨੁਮਾ ਢਾਂਚੇ ‘ਚ ਇੱਕ ਆਦਮੀ ਨੂੰ ਜ਼ਮੀਨ ਦੇ ਥੱਲੇ ਜਾਣਾ ਸੀ ਪਰ ਸਮੱਸਿਆ ਇਹ ਸੀ ਕਿ ਜ਼ਮੀਨ ਦੇ ਥੱਲੇ ਜਾਵੇ ਕੌਣ? ਅਜਿਹੇ ‘ਚ ਗਿੱਲ ਖੁਦ ਜ਼ਮੀਨ ਥੱਲੇ ਜਾਣ ਲਈ ਤਿਆਰ ਹੋਏ

ਵਿਭਾਗ ਦੇ ਅਧਿਕਾਰੀਆਂ ਨੇ ਗਿੱਲ ਨੂੰ ਖਾਨ ‘ਚ ਉੱਤਰਨ ਤੋਂ ਮਨਾ ਕੀਤਾ ਅਤੇ ਕਿਹਾ ਕਿ ਉਨ੍ਹਾਂ ਦੀ ਜਗ੍ਹਾ ਕਿਸੇ ਮਜ਼ਦੂਰ ਨੂੰ ਭੇਜ ਦਿੱਤਾ ਜਾਵੇਗਾ ਪਰ ਗਿੱਲ ਨੇ ਕਿਹਾ ਕਿ ਮਜ਼ਦੂਰ ਪਹਿਲਾਂ ਹੀ ਵੱਡੀ ਮੁਸ਼ਕਿਲ ਨਾਲ ਆਪਣੀ ਜਾਨ ਬਚਾ ਕੇ ਆਏ ਹਨ ਅਤੇ ਡਰੇ ਹੋਏ ਹਨ ਅਤੇ ਖਾਨ ‘ਚ ਫਸੇ ਹੋਏ ਮਜ਼ਦੂਰ ਵੀ ਪਤਾ ਨਹੀਂ ਜਿੰਦਾ ਹਨ ਵੀ ਜਾਂ ਨਹੀਂ ਇਸ ਲਈ ਮੈਂ ਹੀ ਸੁਰੰਗ ‘ਚ ਜਾਵਾਂਗਾ ਅਤੇ ਉਨ੍ਹਾਂ ਨੇ ਅਜਿਹਾ ਹੀ ਕੀਤਾ ਖਾਨ ‘ਚ ਫਸੇ ਮਜ਼ਦੂਰਾਂ ਨੂੰ ਲੰਮਾ ਸਮਾਂ ਹੋ ਗਿਆ ਸੀ ਅਤੇ ਜਿੱਥੇ ਇੱਕ ਵੀ ਆਦਮੀ ਦੇ ਜਿੰਦਾ ਹੋਣ ਦੀ ਉਮੀਦ ਨਹੀਂ ਸੀ, ਉੱਥੇ ਗਿੱਲ ਨੇ ਇੱਕ-ਇੱਕ ਕਰਕੇ ਛੇ ਘੰਟਿਆਂ ‘ਚ 65 ਵਿਅਕਤੀਆਂ ਨੂੰ ਖਾਨ ‘ਚੋਂ ਬਾਹਰ ਕੱਢਿਆ

ਜਦੋਂ ਆਖਰੀ ਆਦਮੀ ਨੂੰ ਲੈ ਕੇ ਗਿੱਲ ਬਾਹਰ ਕੱਢਦੇ ਤਾਂ ਮੌਕੇ ‘ਤੇ ਮੌਜ਼ੂਦ ਹਜ਼ਾਰਾਂ ਲੋਕਾਂ ਨੇ ਉਨ੍ਹਾਂ ਨੂੰ ਭਗਵਾਨ ਦਾ ਫਰਿਸ਼ਤਾ ਕਹਿ ਕੇ ਸੰਬੋਧਨ ਕੀਤਾ ਇਸ ਦੇ ਬਾਵਜ਼ੂਦ ਵੀ ਇੰਜੀਨੀਅਰ ਗਿੱਲ ਦੀਆਂ ਅੱਖਾਂ ‘ਚ ਹੰਝੂ ਆ ਗਏ ਅਤੇ ਕਿਹਾ ਕਿ ਉਹ ਬਾਕੀ ਛੇ ਲੋਕਾਂ ਨੂੰ ਨਹੀਂ ਬਚਾ ਸਕੇ ਇੰਜੀਨੀਅਰ ਗਿੱਲ ਅੱਜ ਕੱਲ੍ਹ ਅੰਮ੍ਰਿਤਸਰ ‘ਚ ਰਹਿ ਰਹੇ ਹਨ ਹੁਣ ਜਲਦ ਹੀ ਉਨ੍ਹਾਂ ਦੇ ਜੀਵਨ ‘ਤੇ ਇੱਕ ਫਿਲਮ ਬਣਨ ਜਾ ਰਹੀ ਹੈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।