ਸਾਡੇ ਨਾਲ ਸ਼ਾਮਲ

Follow us

19.1 C
Chandigarh
Sunday, February 1, 2026
More
    Home ਸਾਹਿਤ ਕਹਾਣੀਆਂ ਕਹਾਣੀ: ਚਾਨਣ

    ਕਹਾਣੀ: ਚਾਨਣ

    Story, Light, Punjabi Litrature

    ਭਾਗੋ ਛੇ ਭੈਣਾਂ ਵਿਚ ਸਭ ਤੋਂ ਵੱਡੀ ਸੀ। ਘਰ ਵਿਚ ਕੋਈ ਪੁੱਤਰ ਨਾ ਹੋਣ ਕਾਰਨ ਭਾਗੋ ਦੀ ਮਾਂ ਨੂੰ ਨਾ ਚਾਹੁੰਦੇ ਹੋਏ ਵੀ ਛੇ ਧੀਆਂ ਨੂੰ ਜਨਮ ਦੇਣਾ ਪਿਆ। ਭਾਗੋ ਆਪਣੀ ਸੂਝਵਾਨ ਮਾਂ ਦੀ ਬਹੁਤ ਸਿਆਣੀ, ਵਫਾਦਾਰ ਅਤੇ ਦਿਮਾਗ ਦੀ ਤੇਜ-ਤਰਾਰ ਔਲਾਦ ਸੀ। ਘਰ ਵਿਚ ਗਰੀਬੀ ਅਤੇ ਪਰਿਵਾਰ ਵੱਡਾ ਹੋਣ ਕਾਰਨ ਉਸਨੂੰ ਬਹੁਤਾ ਪੜ੍ਹਾਇਆ ਵੀ ਨਹੀਂ ਸੀ ਜਾ ਸਕਿਆ।  ਮਸਾਂ ਛੇ ਕੁ ਸਾਲ ਹੀ ਸਕੂਲੇ ਘੱਲਿਆ ਸੀ ਉਸ ਨੂੰ। ਅਜੇ ਉਹ 15 ਵਰ੍ਹਿਆਂ ਦੀ ਹੀ ਹੋਈ ਸੀ, ਜਦੋਂ ਵਰ ਲੱਭਕੇ ਉਸ ਦਾ ਵਿਆਹ ਕਰ ਦਿੱਤਾ ਗਿਆ।  ਅੱਗੋਂ ਸਹੁਰੇ-ਘਰ ਵਿਚ ਘੋਰ ਗਰੀਬੀ ਹੋਣ ਕਰਕੇ ਭਾਗੋ  ਨੇ ਭਾਵੇਂ ਵਿਆਹੁਤਾ ਜ਼ਿੰਦਗੀ ਦਾ ਬਹੁਤਾ  ਸੁਖ ਤਾਂ ਨਹੀਂ ਸੀ ਮਾਣਿਆ, ਪਰ ਆਪਣੀ  ਅਕਲ  ਅਤੇ ਸੂਝ-ਬੂਝ ਨਾਲ ਵੱਡੀ ਤਂੋ ਵੱਡੀ ਹਰ ਮੁਸ਼ਕਿਲ ਨਾਲ ਟਕਰਾਉਣ ਦੀ ਹਿੰਮਤ ਰੱਖਦੀ ਸੀ ਉਹ। ਸਮਾਂ ਪਾ ਕੇ ਭਾਗੋ ਦੀ ਕੁੱਖੋਂ ਇੱਕ ਬੱਚੀ ਨੇ ਜਨਮ ਲਿਆ, ਜਿਸ ਦੇ ਜਨਮ ਦੀ ਵੀ ਘਰ ਵਾਲਿਆਂ ਵੱਲੋਂ ਕੋਈ ਖੁਸ਼ੀ ਨਾ ਮਨਾਈ ਗਈ। ਪਰ, ਭਾਗੋ ਦਿਲੋਂ ਬਹੁਤ ਖੁਸ਼ ਸੀ। ਉਹ ਆਪਣੇ ਅਧੂਰੇ ਰਹਿ ਗਏ ਅਰਮਾਨ ਅਤੇ ਸੁਪਨੇ ਆਪਣੀ ਬੇਟੀ ਤੋਂ ਪੂਰੇ ਕਰਨਾ ਚਾਹੁੰਦੀ ਸੀ।

    ਭਾਗੋ  ਦੀ ਸੱਸ ਧੰਤੋ ਦੀ ਸੋਚ ਅਜੇ ਵੀ ਜਿਉਂ ਦੀ ਤਿਉਂ ਹੀ ਸੀ। ਉਹ ਪੋਤਰੇ ਦਾ ਮੂੰਹ ਦੇਖਣ ਲਈ ਉਤਾਵਲੀ ਮਿਹਣੇ-ਤਾਹਨੇ ਮਾਰ ਰਹੀ ਸੀ। ਭਾਗੋ ਦੂਜੇ ਬੱਚੇ ਨੂੰ ਜਨਮ ਦੇਣ ਦੇ ਹੱਕ ਵਿਚ ਨਹੀਂ ਸੀ। ਉਹ ਚਾਹੁੰਦੀ ਸੀ ਕਿ ਉਹ ਆਪਣੀ ਬੇਟੀ ਮੀਤੋ ਨੂੰ ਪੜ੍ਹਾ-ਲਿਖਾ ਕੇ ਕਿਸੇ ਚੰਗੀ ਨੌਕਰੀ ‘ਤੇ ਲਗਵਾਏਗੀ। ਪਰ, ਦੂਜੇ ਪਾਸੇ ਮਿਹਣਿਆਂ-ਤਾਹਨਿਆਂ ਦੀਆਂ ਛੁਰੀਆਂ ਵੀ ਭਾਗੋ ਦਾ ਹਿਰਦਾ ਚੀਰ ਰਹੀਆਂ ਸਨ। ਨਤੀਜਨ, ਉਸ ਨੂੰ ਮਜਬੂਰਨ ਕੁੱਖ ਵਿਚ ਇੱਕ ਹੋਰ ਬੱਚਾ ਪਾਲਣਾ ਪਿਆ।  ਸਮਾਂ ਆਇਆ ਤਾਂ ਬੱਚੇ ਨੇ ਜਨਮ ਲਿਆ, ਜਿਹੜਾ ਕਿ ਸੱਸ ਦੀਆਂ ਸਾਰੀਆਂ ਆਸਾਂ-ਉਮੀਦਾਂ ਉੱਪਰ ਪਾਣੀ ਫੇਰ ਗਿਆ, ਕਿਉਂਕਿ ਇਸ ਵਾਰ ਵੀ ਇਸ ਨਵ-ਜੰਮੇ ਬੱਚੇ ਨੂੰ ‘ਖੰਡ ਦੀ ਬੋਰੀ’ ਆਖ ਕੇ ਹੀ ਉਹ ਨੱਕ ਵਿੰਗਾ ਜਿਹਾ ਕਰ ਰਹੀ ਸੀ।

    ਭਾਗੋ  ਦੇ ਕੰਨੀਂ ਗੱਲ-ਗੱਲ ਉਤੇ ਮਿਹਣੇ-ਤਾਹਨੇ ਪੈਂਦੇ, ਪਰ ਉਹ ਹਰ ਮੁਸ਼ਕਿਲ  ਦਾ ਹੱਲ ਬੜੀ ਦਲੇਰੀ, ਸਹਿਨਸ਼ੀਲਤਾ, ਹੌਂਸਲੇ ਅਤੇ ਸਿਆਣਪ ਨਾਲ ਕਰ ਲੈਂਦੀ। ਡੰਗ ਤੇ ਚੋਭਾਂ ਦੀ ਪ੍ਰਵਾਹ ਕੀਤੇ ਬਗੈਰ ਉਹ ਘਰ ਦੇ ਕੰਮਾਂ ਅਤੇ ਆਪਣੇ ਸਿਲਾਈ-ਕਢਾਈ ਦੇ ਕੰਮਾਂ ਵਿਚ ਮਸਤ-ਅਲਮਸਤ ਰਹਿੰਦੀ। ਉਹ ਆਪਣੀ ਸਿਲਾਈ ਦੀ ਮਿਹਨਤ ਨਾਲ ਆਪਣੀ ਲਾਡਲੀ ਮੀਤੋ ਦੇ ਸਕੂਲ ਦਾ ਖਰਚਾ ਕੱਢ ਲੈਂਦੀ। ਘਰ ਵਿਚ ਬਿਜਲੀ ਨਾ ਹੋਣ ਕਾਰਨ ਸੂਰਜ ਛਿਪਣ ਤੋਂ ਪਹਿਲਾਂ-ਪਹਿਲਾਂ ਹੀ ਉਹ ਆਪਣੇ ਸਾਰੇ ਕੰਮ ਮੁਕਾ ਲੈਂਦੀ। ਉਸ ਦੀ ਕੋਸ਼ਿਸ਼ ਸੀ ਕਿ ਜਿਵੇਂ ਸਾਰੇ ਪਿੰਡ ਵਿਚ ਘਰ-ਘਰ ਬਿਜਲੀ ਹੈ, ਉਵੇਂ ਹੀ ਉਸ ਦੇ ਘਰ ਵੀ ਹੋਵੇ, ਪਰ ਹੁੰਦੀ ਤਾਂ ਕਿਵੇਂ ਹੁੰਦੀ। ਖਰਚਾ ਹੀ ਪੇਸ਼ ਨਹੀਂ ਸੀ ਜਾਣ ਦੇ ਰਿਹਾ, ਉਸ ਦੀ।

    ਮੀਤੋ ਬੜੀ ਸੂਝਵਾਨ ਨਿੱਕਲੀ। ਖਿਡਾਰਨਾਂ ਵਿਚ ਟੌਪ ਦੀ ਖਿਡਾਰਨ। ਹੁਸ਼ਿਆਰ ਵਿਦਿਆਰਥੀਆਂ ਵਿਚ ਫਸਟ ਡਵੀਜਨਾਂ ਹਾਸਲ ਕਰਕੇ ਵਜੀਫੇ ਪ੍ਰਾਪਤ ਕਰਨ ਵਾਲੀ ਹੋਣਹਾਰ ਵਿਦਿਆਰਥਣ ਅਤੇ ਸੱਭਿਆਚਾਰਕ ਗਤੀਵਿਧੀਆਂ ਵਿਚ ‘ਗਿੱਧਿਆਂ ਦੀ ਰਾਣੀ’। ਉਸ ਦੀਆਂ ਹਰ ਖੇਤਰ ਦੀਆਂ ਕਦਮ-ਕਦਮ ਦੀਆਂ ਪ੍ਰਾਪਤੀਆਂ ਦੇਖ-ਦੇਖ ਕੇ ਭਾਗੋ  ਹੌਂਸਲੇ ਨਾਲ ਅੰਬਰੀਂ ਉਡਾਰੀਆਂ ਲਾਉਂਦੀ ਫਿਰਦੀ ਰਹਿੰਦੀ। ਉਸ ਨੂੰ ਇੰਝ ਲੱਗਦਾ ਜਿਵੇਂ ਉਸ ਦੇ ਸਾਰੇ ਅਧੂਰੇ ਅਰਮਾਨ ਅਤੇ ਰੀਝਾਂ ਉਸ ਦੀ ਲਾਡਲੀ ਮੀਤੋ ਅਤੇ ਛੋਟੀ ਜੀਤੋ ਪੂਰੀ ਕਰਨ ‘ਤੇ ਤੁਲੀਆਂ ਹੋਈਆਂ ਹੋਣ। ਮੀਤੋ ਆਪਣੀ ਪੜ੍ਹਾਈ ਦਾ ਕੰਮ ਮੁਕਾ ਲੈਂਦੀ ਤਾਂ ਆਪਣੀ ਮਾਂ ਦਾ ਕੰਮ ‘ਚ ਹੱਥ ਵਟਾਉਣ ਲੱਗ ਜਾਂਦੀ। ਜੀਤੋ ਨੂੰ ਵੀ ਸਕੂਲ ਦਾ ਸਾਰਾ ਕੰਮ ਕਰਵਾਉਂਦੀ। ਉਹ ਜਿਵੇਂ-ਕਿਵੇਂ ਬੀ. ਏ. ਦੀ ਡਿਗਰੀ ਦਾ ਮੋਰਚਾ ਸਰ ਕਰ ਗਈ।  ਨੌਕਰੀ ਲਈ ਅਪਲਾਈ ਕੀਤਾ ਤਾਂ ਮਾਲਕ ਨੇ ਉੱਧਰ ਵੀ ਸੁਣ ਲਈ।  ਉਸ ਦੀ ਕਲਰਕ ਦੀ ਨੌਕਰੀ ਲਈ ਸਿਲੈਕਸ਼ਨ ਹੋ ਗਈ। ਮਾਲਕ ਨੇ ਅਗਲੀ ਕਿਰਪਾ ਇਹ ਕੀਤੀ ਕਿ ਨਿਯੁਕਤੀ ਵੀ ਲਾਗਲੇ ਸ਼ਹਿਰ ਵਿਚ ਹੀ ਹੋ ਗਈ।

    ਮੀਤੋ ਨੂੰ ਪਹਿਲੀ ਤਨਖਾਹ ਮਿਲੀ। ਅਗਲੇ ਹੀ ਦਿਨ ਮੀਤੋ ਦੀ ਇਸੇ ਤਨਖਾਹ ਵਿਚ ਬਿਜਲੀ ਦਾ ਕੁਨੈਕਸ਼ਨ ਲਗਵਾ ਲਿਆ। ਘਰ ਇੱਕਦਮ ਜਗਮਗਾ ਉੱਠਿਆ। ਘਰ ਵਿਚ ਚਾਰੋ ਪਾਸੇ ਚਾਨਣ-ਹੀ-ਚਾਨਣ ਹੋ ਗਿਆ। ਭਾਗੋ ਦੀ ਸੱਸ, ਜੋ ਹੁਣ ਬੁੱਢੀ ਹੋ ਚੁੱਕੀ ਸੀ, ਮੰਜੇ ‘ਤੇ ਪਈ ਬੋਲੀ, ”ਪੁੱਤ ਮੀਤੋ ਤੂੰ ਤਾਂ ਸੱਚਮੁੱਚ ਘਰ ਦਾ ਚਾਨਣ ਏਂ!  ਤੂੰ ਇਸ ਘਰ ਵਿਚ ਜਨਮ ਲੈ ਕੇ ਘਰ ਵਿਚ ਮੁੱਦਤਾਂ ਦਾ ਹਨ੍ਹੇਰਾ ਚੁੱਕ ਕੇ ਘਰ ਵਿਚ ਚਾਨਣ ਕਰ ਦਿੱਤਾ ।” ਭਾਗੋ  ਨੇ ਹੱਸਦਿਆਂ ਆਖਿਆ, ”ਮਾਂ ਜੀ ਸੱਚ ਕਹਿ ਰਹੇ ਹੋ ਤੁਸੀਂ। ਇਹ ਬਿਜਲੀ ਦਾ ਚਾਨਣ ਨਹੀਂ, ਬਲਕਿ ਇਹ ਵਿੱਦਿਆ ਦਾ ਚਾਨਣ ਹੈ, ਇਹ ਧੀਆਂ ਦਾ ਚਾਨਣ ਹੈ!”  ਫਿਰ ਮੀਤ ਨੂੰ ਕਲਾਵੇ ‘ਚ ਲੈ ਕੇ ਚੁੰਮਦੀ ਹੋਈ ਬੋਲੀ, ”ਯੁੱਗ-ਯੁੱਗ ਜੀਵੇ ਮੇਰਾ ਲਾਡਲਾ ਚਾਨਣ, ਮੇਰੀ ਮੀਤ!  ਜਿੱਥੇ ਜਾਵੇ ਹਨ੍ਹੇਰਾ ਦੂਰ ਕਰਕੇ ਚਾਨਣ ਹੀ ਚਾਨਣ ਕਰ ਦੇਵੇ!”

    ਕੁਲਵਿੰਦਰ ਕੌਰ ਮਹਿਕ, ਮੁਹਾਲੀ

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here