ਕਹਾਣੀ: ਕੰਜਕ ਪੂਜਣ

Story, Bosom. Worship, Punjabi Litrature

ਕੰਜਕ ਪੂਜਣ ਲਈ ਮੁਹੱਲੇ ਦੇ ਸਾਰੇ ਘਰੀਂ ਫਿਰ ਕੇ ਵੀ ਸੱਤਿਆ ਦੇਵੀ ਨੌਂ ਕੁੜੀਆਂ ‘ਕੱਠੀਆਂ ਨਾ ਕਰ ਸਕੀ । ਕੁਝ ਘਰਾਂ ਦੇ ਤਾਂ ਕੁੜੀਆਂ ਸੀ ਹੀ ਨਹੀਂ ਤੇ ਜਿਨ੍ਹਾਂ ਦੇ ਸਨ, ਉਹ ਪਹਿਲਾਂ ਹੀ ਹੋਰ ਘਰਾਂ ਵਿੱਚ ਕੰਜਕਾਂ ਲਈ ਗਈਆਂ ਹੋਈਆਂ ਸਨ। ਕਾਫੀ ਦੇਰ ਦੇ ਇੰਤਜ਼ਾਰ ਤੋਂ ਬਾਅਦ ਵੀ ਮਸਾਂ ਪੰਜ ਕੁੜੀਆਂ ਹੀ ਸੱਤਿਆ ਦੇਵੀ ਦੇ ਘਰ ਪਹੁੰਚੀਆਂ ਸਨ। ‘ਘੱਟੋ ਘੱਟ ਸੱਤ ਤਾਂ ਹੋ ਜਾਣ’, ਮਨ ਹੀ ਮਨ ਇਹ ਸੋਚਦੀ ਸੱਤਿਆ ਦੇਵੀ ਕੁੜੀਆਂ ਦਾ ਰਾਹ ਤੱਕਣ ਲਈ ਮੁੜ ਘਰ ਦੇ ਦਰਵਾਜ਼ੇ ਵਿਚ ਆਣ ਖੜ੍ਹੀ ਹੋਈ।
ਹਾਲੇ ਦੋ ਕੁ ਮਿੰਟ ਹੋਏ ਸਨ ਕਿ ਉਸਦੀ ਨਿਗ੍ਹਾ ਗਲੀ ਵਿੱਚ ਨਿੱਕ-ਸੁੱਕ ਚੁਗਦੀਆਂ ਝੁੱਗੀ-ਝੌਂਪੜੀ ਵਾਲਿਆਂ ਦੀਆਂ ਕੁੜੀਆਂ ‘ਤੇ ਪਈ । ਥੋੜ੍ਹਾ ਝਿਜਕਦਿਆਂ ਤੇ ਆਸਾ-ਪਾਸਾ ਜਿਹਾ ਦੇਖ ਮਨ ਹੀ ਮਨ ਕੁਝ ਸੋਚਦੀ ਸੱਤਿਆ ਦੇਵੀ ਨੇ ਬਿਨਾ ਕਿਸੇ ਦੇਰੀ ਤੋਂ ਦੋਵਾਂ ਕੁੜੀਆਂ ਨੂੰ ਆਵਾਜ਼ ਮਾਰ ਕੇ ਅੰਦਰ ਆਉਣ ਦਾ ਇਸ਼ਾਰਾ ਕੀਤਾ । ਦੋਵੇਂ ਕੁੜੀਆਂ ਓਪਰੇ ਜਿਹੇ ਡਰ ਨਾਲ ਸੱਤਿਆ ਦੇਵੀ ਦੇ ਮਗਰ ਉਹਦੇ ਘਰ ਆਣ ਵੜੀਆਂ।

ਵਿਹੜੇ ਵਿੱਚ ਪਈ ਪਾਣੀ ਵਾਲੀ ਟੈਂਕੀ ਵੱਲ ਇਸ਼ਾਰਾ ਕਰਦਿਆਂ ਸੱਤਿਆ ਦੇਵੀ ਨੇ ਉਹਨਾਂ ਨੂੰ ਮੂੰਹ-ਹੱਥ ਧੋਣ ਲਈ ਕਿਹਾ । ਕੁੜੀਆਂ ਦੇ ਮੂੰਹ-ਹੱਥ ਧੋਣ ਤੋਂ ਬਾਅਦ ਸੱਤਿਆ ਦੇਵੀ ਨੇ ਦੋਨਾਂ ਕੁੜੀਆਂ ਦੇ ਪੈਰ ਆਪ ਧੋਤੇ ਤੇ ਉਹਨਾਂ ਨੂੰ ਬਰਾਂਡੇ ਵਿੱਚ ਲੈ ਗਈ ਅਤੇ ਮੁੜ ਸਾਰੀਆਂ ਕੁੜੀਆਂ ਦੀ ਇੱਕ ਵਾਰ ਫਿਰ ਗਿਣਤੀ ਕੀਤੀ । ਸੱਤ ਪੂਰੀਆਂ ਹੋਣ ‘ਤੇ ਉਹਨੇ ਸੁਖ ਦਾ ਸਾਹ ਲਿਆ ਤੇ ਸਾਰੀਆਂ ਨੂੰ ਇੱਕ ਬਰਾਬਰ ਬਿਠਾ, ਸਿਰਾਂ ‘ਤੇ ਨਿੱਕੀਆਂ-ਨਿੱਕੀਆਂ ਲਾਲ ਚੁੰਨੀਆਂ ਦਿੱਤੀਆਂ, ਖੰਭਣੀ ਬੰਨ੍ਹੀ, ਟਿੱਕੇ ਲਾਏ ਤੇ ਘਰ ‘ਚ ਬਣੇ ਪੂੜੀਆਂ, ਛੋਲੇ ਤੇ ਕੜਾਹ ਸਭ ਨੂੰ ਖਾਣ ਲਈ ਦਿੱਤਾ । ਭੋਜਨ ਕਰ ਲੈਣ ਤੋਂ ਬਾਅਦ ਸੱਤਿਆ ਦੇਵੀ ਨੇ ਸਾਰੀਆਂ ਨੂੰ ਦਸ-ਦਸ ਰੁਪਏ ਤੇ ਇੱਕ-ਇੱਕ ਕੇਲਾ ਦੇ ਕੇ ਮੁੜ ਪੈਰੀਂ ਹੱਥ ਲਾਏ ਤੇ ਆਸ਼ੀਰਵਾਦ ਲੈ ਕੇ ਸਾਰੀਆਂ ਨੂੰ ਘਰੋਂ ਵਿਦਾ ਕੀਤਾ ।

ਕੰਜਕ ਪੂਜਣ ਦੀ ਪਰਿਭਾਸ਼ਾ ਤੋਂ ਅਣਜਾਣ ਦੋਵੇਂ ਗਰੀਬ ਬਾਲੜੀਆਂ ਹੱਥਾਂ ਵਿੱਚ ਪੈਸੇ ਤੇ ਕੇਲੇ ਫੜੀ ਅੱਜ ਪਹਿਲੀ ਵਾਰ ਹੋਈ ਏਨੀ ਆਉ ਭਗਤ ਦੇਖ ਕੇ ਹੈਰਾਨ ਸਨ ਅਤੇ ਸੱਤਿਆ ਦੇਵੀ ਨੂੰ ਨੇਕ ਤੇ ਦਿਆਲੂ ਔਰਤ ਦਾ ਦਰਜਾ ਦਿੰਦੀਆਂ ਮੋਢਿਆਂ ‘ਤੇ ਨਿੱਕ-ਸੁੱਕ ਵਾਲਾ ਥੈਲਾ ਚੁੱਕੀ ਚਾਈਂ-ਚਾਈਂ ਆਪਣੇ ਘਰ ਜਾਣ ਲੱਗੀਆਂ । ਦੋਹਾਂ ਨੂੰ ਖੁਸ਼ੀ ਏਨੀ ਸੀ ਕਿ ਗਲੀਆਂ ‘ਚੋਂ ਕੱਖ ਚੁਗਣਾ ਜਿਵੇਂ ਉਹਨਾਂ ਨੂੰ ਭੁੱਲ ਹੀ ਗਿਆ ਹੋਵੇ ।
ਇਹ ਉਸ ਘਰਾਨੇ ਦੀਆਂ ਕੁੜੀਆਂ ਸਨ ਜਿਨ੍ਹਾਂ ਦਾ ਬਚਪਨ ਅਤੇ ਜਵਾਨੀ ਰੂੜੀਆਂ, ਨਾਲੀਆਂ ਅਤੇ ਗਲੀਆਂ ਵਿੱਚ ਪਿਆ ਹੋਰ ਘਰਾਂ ਵੱਲੋਂ ਫਾਲਤੂ ਸਮਝ ਕੇ ਸੁੱਟਿਆ ਸਮਾਨ ਚੁਗਦਿਆਂ ਹੀ ਲੰਘ ਜਾਂਦਾ ਸੀ । ਕਈ ਵਾਰ ਤਾਂ ਸਮਾਜ ਦੇ ਨਾਂਅ ‘ਤੇ ਕਲੰਕ

ਆਪਣੇ-ਆਪ ਨੂੰ ਸਮਾਜਿਕ ਪ੍ਰਾਣੀ ਅਖਵਾਉਣ ਵਾਲੇ ਤੇ ਮੂਲੋਂ ਹੀ ਅਕਲੋਂ ਵਿਹੂਣੇ ਲੋਕ ਇਹਨਾਂ ਨੂੰ ਥੋੜ੍ਹਾ ਜਿਹਾ ਸਮਾਨ ਦੇਣ ਤੋਂ ਪਹਿਲਾਂ ਅਸ਼ਲੀਲ ਟਿੱਪਣੀਆਂ ਕਰਦੇ ਹਨ।
ਕਈ ਘਰਾਂ ਦੀਆਂ ਔਰਤਾਂ ਵੱਲੋਂ ਇਹਨਾਂ ਨੂੰ ਆਪਣੇ ਘਰ ਮੂਹਰੇ ਪਿਆ ਸਮਾਨ ਚੁੱਕਦਿਆਂ ਵੇਖ ਝਿੜਕਾਂ ਵੀ ਦਿੱਤੀਆਂ ਜਾਂਦੀਆਂ ਤੇ ਅੱਗੇ ਤੋਂ ਇੱਧਰ ਨਾ ਆਉਣ ਦੀ ਹਦਾਇਤ ਵੀ।

ਪਰ ਅੱਜ ਅਚਾਨਕ  ਬੇਤਹਾਸ਼ਾ ਪਿਆਰ ਤੇ ਮਾਣ-ਸਨਮਾਨ ਨਾਲ ਖਾਧੇ ਪੂੜੀਆਂ ਛੋਲੇ ਤੇ ਮਿਲੇ ਦਸ-ਦਸ ਰੁਪਈਆਂ ਨੇ ਉਹਨਾਂ ਨੂੰ ਸਭ ਕੁਝ ਭੁਲਾ ਦਿੱਤਾ ਸੀ । ਸਿਰਾਂ ਉੱਤੇ ਲਈਆਂ ਲਾਲ ਰੰਗ ਦੀਆਂ ਚੁੰਨੀਆਂ ਉਹਨਾਂ ਨੂੰ ਕਿਸੇ ਫੁਲਕਾਰੀ ਤੋਂ ਘੱਟ ਨਹੀਂ ਸੀ ਲੱਗ ਰਹੀਆਂ ਅਤੇ ਉਹਨਾਂ ਨੂੰ ਆਪਣੀ ਹੋਂਦ ਦਾ ਅਹਿਸਾਸ ਹੋਇਆ ਸੀ । ਸੱਤਿਆ ਦੇਵੀ ਉਹਨਾਂ ਨੂੰ ਕਿਸੇ ਦੇਵੀ ਤੋਂ ਘੱਟ ਨਹੀਂ ਲੱਗਦੀ ਸੀ । ਇਸ ਗਲੀ ਨਾਲ ਤਾਂ ਜਿਵੇਂ ਉਹਨਾਂ ਦਾ ਮੋਹ ਜਿਹਾ ਹੀ ਪੈ ਗਿਆ ਸੀ। ਉਹ ਦੋਵੇਂ ਭੋਲੀਆਂ ਕੁੜੀਆਂ ਪੂਰੇ ਸ਼ਹਿਰ ‘ਚੋਂ ਨਿੱਕ-ਸੁੱਕ ਚੁਗਦੀਆਂ ਆਨੀ-ਬਹਾਨੀ ਇਸ ਗਲੀ ਵਿੱਚ ਆ ਵੜਦੀਆਂ ਪਰ ਉਹਨਾਂ ਨੂੰ ਉਸ ਘਰ ਦਾ ਦਰਵਾਜ਼ਾ ਹਮੇਸ਼ਾ ਬੰਦ ਹੀ ਦਿਸਦਾ।

ਦੋਵਾਂ ਦਾ ਬੜਾ ਦਿਲ ਕਰਦਾ ਕਿ ਉਹ ਬੂਹਾ ਖੁਲਵਾ ਕੇ ਉਸ ਦੇਵੀ ਦੇ ਦਰਸ਼ਨ ਕਰਨ । ਪਰ ਕਦੇ ਹੌਂਸਲਾ ਨਾ ਪਿਆ ਕਿਉਂਕਿ ਬਹੁਤੇ ਘਰਾਂ ਵੱਲੋਂ ਇਹਨਾਂ ਨੂੰ ਚੋਰਨੀਆਂ ਹੀ ਸਮਝਿਆ ਜਾਂਦਾ ਸੀ, ਘਰ ਦੇ ਅੰਦਰ ਤਾਂ ਕੀ ਘਰ ਦੇ ਆਸ-ਪਾਸ ਫਟਕਣ ‘ਤੇ ਵੀ ਇਹਨਾਂ ਨੂੰ ਦੁਰਕਾਰ ਦਿੱਤਾ ਜਾਂਦਾ ਸੀ। ਪਰ ਉਹਨਾਂ ਨੂੰ ਇਸ ਗੱਲ ਦਾ ਪੂਰਾ ਯਕੀਨ ਸੀ ਕਿ ਆਪਣੇ ਘਰ ਲਿਜਾ ਕੇ ਏਨਾ ਮਾਣ ਦੇਣ ਵਾਲੀ ਸੱਤਿਆ ਦੇਵੀ ਅਜਿਹੀ ਨਹੀਂ ਹੈ।

ਇੱਕ ਦਿਨ ਦੋਵਾਂ ਨੇ ਆਪਣੀ ਪਿਆਰੀ ਆਂਟੀ ਘਰੋਂ ਹੀ ਫਿਰ ਰੋਟੀ ਖਾਣ ਦਾ ਮਨ ਬਣਾਇਆ ਤੇ ਕੂੜਾ ਚੁਗਦੀਆਂ-ਚੁਗਦੀਆਂ ਉਸ ਗਲੀ ਵਿੱਚ ਆਣ ਸੱਤਿਆ ਦੇਵੀ ਦੇ ਘਰ ਦਾ ਦਰਵਾਜ਼ਾ ਖੜਕਾ ਦਿੱਤਾ । ਥੋੜ੍ਹੀ ਦੇਰ ਮਗਰੋਂ ਜਦੋਂ ਦਰਵਾਜ਼ਾ ਖੁੱਲਿਆ ਤਾਂ ਸੱਤਿਆ ਦੇਵੀ ਨੂੰ ਦੇਖ ਕੇ ਕੁੜੀਆਂ ਦੇ ਚਿਹਰਿਆਂ ‘ਤੇ ਮੁਸਕਾਨ ਆ ਗਈ। ”ਆਂਟੀ, ਸਾਨੂੰ ਭੁੱਖ ਲੱਗੀ ਹੈ ਕੁਝ ਖਾਣ ਨੂੰ ਦੇ-ਦੇ।” ਦੋਹਾਂ ਵਿੱਚੋਂ ਇੱਕ ਨੇ ਬਿਨਾਂ ਕਿਸੇ ਰਸਮੀ ਗੱਲਬਾਤ ਦੇ ਬੜੇ ਜ਼ੇਰੇ ਜਿਹੇ ਨਾਲ ਕਿਹਾ। ਸੱਤਿਆ ਦੇਵੀ ਨੇ ਵੀ ਇਹਨਾਂ ਦੋਹਾਂ ਨੂੰ ਪਛਾਣਨ ‘ਚ ਦੇਰ ਨਾ ਲਾਈ ਤੇ ਬੋਲੀ, ”ਕਿਉਂ , ਏਥੇ ਲੰਗਰ ਲੱਗਿਐ?” ਦੋਵੇਂ ਬਾਲੜੀਆਂ, ਜਿਨ੍ਹਾਂ ਨੂੰ ਅੱਗੋਂ ਅਜਿਹੇ ਜਵਾਬ ਦੀ ਉਮੀਦ ਨਹੀਂ ਸੀ, ਇਹ ਸੁਣ ਕੇ ਇੱਕ-ਦੂਜੇ ਦਾ ਮੂੰਹ ਤੱਕਣ ਲੱਗੀਆਂ । ਅਤੇ ਫਿਰ ਉਹੀ ਕੁੜੀ ਬੋਲੀ, ”ਪਰ ਆਂਟੀ ਉਸ ਦਿਨ ਤਾਂ ਤੂੰ ਸਾਨੂੰ ……..!”

”ਹਾਂ, ਉਸ ਦਿਨ ਕੀ?, ਉਸ ਦਿਨ ਤਾਂ ਨੌਮੀ ਦੀਆਂ ਕੜਾਹੀਆਂ ਸਨ । ਮੈਂ ਆਪਣੇ ਭਰਾ ਦੇ ਘਰ ਮੁੰਡਾ ਹੋਣ ਲਈ ਸੁੱਖ ਸੁੱਖੀ ਸੀ । ਜਿਸ ਕਰਕੇ ਮੈਂ ਨਰਾਤੇ ਰੱਖੇ ਸਨ ਤੇ ਉਸ ਦਿਨ ਕੰਜਕਾਂ ਬਿਠਾਉਣੀਆਂ ਸਨ। ਕੰਜਕਾਂ ਬਿਠਾਉਣ ਲਈ ਮੈਨੂੰ ਕੁੜੀਆਂ ਨਹੀਂ ਮਿਲ ਰਹੀਆਂ ਸਨ ਇਸ ਲਈ ਮੈਂ ਤੁਹਾਨੂੰ ‘ਵਾਜ਼ ਮਾਰ ਲਈ ਤਾਂ ਕੀ ਗੁਨਾਹ ਕਰ ਦਿੱਤਾ। ਆ ਗਈਆਂ। ਅਖੇ ਆਂਟੀ ਕੁਝ ਖਾਣ ਨੂੰ ਦੇ-ਦੇ । ਚੱਲੋ ਦਫਾ ਹੋ ਜਾਉ ਇੱਥੋਂ।” ਇੱਕੋ ਸਾਹੇ ਹੀ ਕੰਜਕ ਪੂਜਣ ਦੀ ਪਰਿਭਾਸ਼ਾ, ਮਕਸਦ ਤੇ ਉਹਨਾਂ ਨੂੰ ਘਰ ਸੱਦਣ ਦੀ ਮਜਬੂਰੀ ਦਸਦਿਆਂ ਸੱਤਿਆ ਦੇਵੀ ਨੇ ਜ਼ੋਰ ਨਾਲ ਘਰ ਦਾ ਫਾਟਕ ਬੰਦ ਕਰ ਦਿੱਤਾ ਤੇ ਖੌਰੇ ਹੋਰ ਕਿੰਨਾ ਕੁਝ ਹੀ ਮੂੰਹ ਵਿੱਚ ਬੁੜਬੜਾਂਦੀ ਅੰਦਰ ਚਲੀ ਗਈ ।

ਦੋਵੇਂ ਮਾਸੂਮ ਕੁੜੀਆਂ ਇੱਕ-ਦੂਜੇ ਦੇ ਮੂੰਹ ਵੱਲ ਤਕਦੀਆਂ ਸੱਤਿਆ ਦੇਵੀ ਦੇ ਬੋਲਾਂ ਨੂੰ ਮੁੜ ਯਾਦ ਕਰਕੇ ਸਮਝਣ ਦਾ ਯਤਨ ਕਰਨ ਲੱਗੀਆਂ । ਉਹਨਾਂ ਦੀ ਭੁੱਖ ਮਰ ਚੁੱਕੀ ਸੀ ਤੇ ਉਹ ਆਪਣੇ-ਆਪ ਨੂੰ ਠੱਗਿਆ-ਠੱਗਿਆ ਮਹਿਸੂਸ ਕਰ ਰਹੀਆਂ ਸਨ । ਸ਼ਾਇਦ ਉਹਨਾਂ ਨੂੰ ਸਮਝ ਆ ਚੁੱਕੀ ਸੀ ਕਿ ਉਹਨਾਂ ਨੂੰ ਪੂਜਿਆ ਨਹੀਂ ਵਰਤਿਆ ਗਿਆ ਸੀ ਤੇ ਵਰਤ ਕੇ ਸੁੱਟੀ ਕਿਸੇ ਵਸਤੂ ਵਾਂਗ ਹੁਣ ਉਹਨਾਂ ਦੀ ਕੋਈ ਲੋੜ ਨਹੀਂ ਸੀ । ਗਲੀਆਂ-ਨਾਲੀਆਂ ਵਿੱਚ ਖਿੱਲਰੀ ਟੁੱਟ-ਭੱਜ ਨੂੰ ਚੁੱਕਣ ਦੀ ਬਜਾਏ ਉਹ ਆਪਣਾ-ਆਪ ਸਮੇਟਦੀਆਂ ਆਪਣੀ ਬਸਤੀ ਵੱਲ ਨੂੰ ਹੋ ਤੁਰੀਆਂ।

ਰੋਹਿਤ ਸੋਨੀ, ਸਾਦਿਕ ਮੋ. 99144-27254

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।