ਕਵਿਤਾਵਾਂ:ਮਾਵਾਂ ਠੰਢੀਆਂ ਛਾਵਾਂ ਨੇ

Poems, Punjabi Litrature

ਮਾਵਾਂ ਠੰਢੀਆਂ ਛਾਵਾਂ ਨੇ
ਜੰਨਤ ਦਾ ਸਿਰਨਾਵਾਂ ਨੇ,
ਮਾਵਾਂ ਠੰਢੀਆਂ ਛਾਵਾਂ ਨੇ
ਜੇਠ ਹਾੜ੍ਹ ਦੀ ਤਿੱਖੜ ਦੁਪਹਿਰੇ, ਠੰਢੀਆਂ ਸੀਤ ਹਵਾਵਾਂ ਨੇ,
ਜੇ ਮੇਰੇ ਗੱਲ ਦਿਲ ਦੀ ਪੁੱਛੋ, ਸਵਰਗਾਂ ਦਾ ਪ੍ਰਛਾਵਾਂ ਨੇ
ਮਾਵਾਂ ਠੰਢੀਆਂ ਛਾਵਾਂ ਨੇ……
ਔਝੜ ਪਏ ਕੁਰਾਹਿਆਂ ਦੇ ਲਈ,ਸੱਚ ਵੱਲ ਜਾਂਦੀਆਂ ਰਾਹਵਾਂ ਨੇ,
ਪੇਕੇ ਸਹੁਰਿਆਂ ਦੀ ਦਰਗਾਹੋਂ, ਖੈਰ ਮੰਗਦੀਆਂ ਬਾਹਵਾਂ ਨੇ
ਮਾਵਾਂ ਠੰਢੀਆਂ ਛਾਵਾਂ ਨੇ……
ਮਾਂ ਦੀ ਇੱਕ ਉਦਾਸੀ ਅੰਦਰ, ਛੁਪੀਆਂ ਲੱਖ ਬਲਾਵਾਂ ਨੇ,
ਜਿਹੜੇ ਸਿਰਾਂ ਤੋਂ ਉੱਠ ਗਈਆਂ ਛਾਵਾਂ, ਖੋਹੇ ਨੇ ਟੁੱਕ ਕਾਵਾਂ ਨੇ
ਮਾਵਾਂ ਠੰਢੀਆਂ ਛਾਵਾਂ ਨੇ……
ਜਿਸ ਘਰ ਹੋਏ ਨਿਰਾਦਰ ਮਾਂ ਦਾ, ਪਾਸੇ ਵੱਟ ਲਏ ਚਾਵਾਂ ਨੇ,
ਸਮਝੋ ਉਸ ਘਰ ਫੇਰਾ ਪਾਇਆ, ਹੰਝੂ ਹੌਕੇ ਹਾਵਾਂ ਨੇ
ਮਾਵਾਂ ਠੰਢੀਆਂ ਛਾਵਾਂ ਨੇ……
ਮਾਂ ਦੀ ਪੂਜਾ ਰੱਬ ਦੀ ਪੂਜਾ, ਦੱਸਿਆ ਲੋਕ ਗਾਥਾਵਾਂ ਨੇ,
ਕੁੱਲ ਕਾਇਨਾਤ ਉਪਜ ਇੱਕ ਮਾਂ ਦੀ, ਗ੍ਰੰਥਾਂ ਵਿੱਚ ਕਥਾਵਾਂ ਨੇ
ਮਾਵਾਂ ਠੰਢੀਆਂ ਛਾਵਾਂ ਨੇ……
ਕੁੱਖ ਸੁਲੱਖਣੀ ਕਰਨ ਵਾਸਤੇ, ਕੱਟਦੀਆਂ ਸਖ਼ਤ ਸਜਾਵਾਂ ਨੇ,
ਮਾਂ ਬਿਨ ਬੰਗਲੇ ਮਹਿਲ ਮਾੜੀਆਂ, ਸੁੰਨੀਆਂ ਸੱਭੇ ਥਾਵਾਂ ਨੇ ਮਾਵਾਂ ਠੰਢੀਆਂ ਛਾਵਾਂ ਨੇ……
ਚੰਦ ਵਾਂਗੂੰ ਜੀਵਨ ਚਮਕਾਇਆ, ਮਾਂ ਦੀਆਂ ਸ਼ੁਭ ਸਿੱਖਿਆਵਾਂ ਨੇ,
ਮਾਖਿਓਂ ਮਿੱਠੀਆਂ ਕੂਜ਼ਾ ਮਿਸ਼ਰੀ, ਘੁਲੀਆਂ ਵਿੱਚ ਫ਼ਿਜਾਵਾਂ ਨੇ ਮਾਵਾਂ ਠੰਢੀਆਂ ਛਾਵਾਂ ਨੇ……
ਰੁੱਸੇ ਬਾਲ ਮਨਾਵਣ ਦੇ ਲਈ, ਕੋਮਲ ਨਾਜ਼ ਆਦਾਵਾਂ ਨੇ,
ਇੱਕ ਧਾਗੇ ਪਰਿਵਾਰ ਪਰੋਇਆ, ਬੇ-ਗਰਜ਼ ਵਫ਼ਾਵਾਂ ਨੇ
ਮਾਵਾਂ ਠੰਢੀਆਂ ਛਾਵਾਂ ਨੇ……
ਮਾਂ ਮੋਈ ਜਿਉਂਦੀ ਜਦ ਕੀਤੇ, ਚੁੱਲ੍ਹੇ ਵੱਖ ਭਰਾਵਾਂ ਨੇ,
ਘਰ ਨਹੀਂ ਉਹ ਬੈਕੁੰਠ ਦੁਆਰਾ ਜਿਸ ਘਰ ਖੁਸ਼ ਮਾਵਾਂ ਨੇ
ਮਾਵਾਂ ਠੰਢੀਆਂ ਛਾਵਾਂ ਨੇ……
ਚੰਨ ਸੂਰਜ ਵੀ ਸਿਜਦਾ ਕਰਦੇ ਮਾਵਾਂ ਤਾਂ ਬੱਸ ਮਾਵਾਂ ਨੇ,
ਮਾਵਾਂ ਠੰਢੀਆਂ ਛਾਵਾਂ ਨੇ……
ਪਰਮਜੀਤ ਪੱਪੂ ਕੋਟਦੁੱਨਾਂ,
ਧਨੌਲਾ, ਬਰਨਾਲਾ
ਮੋ. 94172-42430

ਸਾਰ ਨਾ ਜਾਣੇ

ਜਿਸ ਦੇ ਕੰਡਾ ਵੱਜਿਆ, ਸੋਈ  ਜਾਣੇ  ਦੁੱਖ,
ਸਾਰ ਨਾ ਜਾਣੇ ਦੁੱਖ ਦੀ, ਜਿਹੜਾ ਮਾਣੇ ਸੁੱਖ
ਉਹ ਨਾ ਕੁਝ ਵੀ ਸੋਚਦੇ, ਜਿਹੜੇ ਰੱਜੇ ਰਹਿਣ,
ਭੁੱਖਿਆਂ ਤਾਈਂ ਪੁੱਛ ਲਉ, ਕੀ ਹੁੰਦੀ ਏ ਭੁੱਖ
ਨਾ ਸਰਦੀ ਨਾ ਮੇਘਲਾ, ਨਾ ਗਰਮੀ, ਕਰਸਾਹ,
ਅੰਬਰ ਹੇਠਾਂ ਵਿਗਸਦੇ, ਇੱਕੋ ਲੱਤ ‘ਤੇ ਰੁੱਖ
ਅੰਡਜ, ਜੇਰਜ, ਵਣਸਪਤੀ, ਸੇਤਜ ਚਾਰੇ ਖਾਣ,
ਪਾਣੀ ਸੰਗਮ ਜਨਮਦੀ, ਹੈ ਧਰਤੀ ਦੀ ਕੁੱਖ
ਆਉਂਦੇ ਭੌਰੇ, ਤਿੱਤਲੀਆਂ ਲੈਣ ਵਾਸ਼ਨਾ, ਰੰਗ,
ਸੁਬ੍ਹਾ  ਸਵੇਰੇ  ਫੁੱਲੜਾ,  ਜਦੋਂ  ਨਿਹਾਰੇ  ਮੁੱਖ
ਅਗਨੀ ਆਖੇ ਧੂੰਇਆਂ, ਉੱਡ ਜਾ ਵਿੱਚ ਅਕਾਸ਼,
ਧੂੰਆਂ  ਆਖੇ  ਅਗਨੀਏਂ, ਪਹਿਲਾਂ  ਤੂੰ  ਤਾਂ ਧੁੱਖ
ਜੋ  ਕੁਝ  ਹੁੰਦੈ  ਹੋਣ  ਦੇ,  ਹੁਣ ਪਛਤਾਵਾ  ਕੀ,
ਮੂਹਲਿਆਂ ਤੋਂ ਕੀ ਡਰਪਣਾ, ਸਿਰ ਦਿੱਤਾ ਵਿੱਚ ਉੱਖ
ਉਹ ਜ਼ਿੰਦਗੀ ਵੀ ਕੀ ਹੈ, ਰਹੇ  ਨਾ  ਜੋ  ਅਸਥਿਰ,
ਪੱਤਿਆਂ ਵਾਂਗੂੰ ਡੋਲਦੀ, ਬਿੰਦ-ਬਿੰਦ, ਚੁੱਖ-ਚੁੱਖ, ਚੁੱਖ
ਰੱਬ  ਨਾ  ਵੈਰੀ  ਕਿਸੇ  ਦਾ, ਵੈਰੀ ਆਦਤ-ਐਬ,
ਕਰਮ ਆਪਣੇ  ਭੋਗਦਾ, ਆਖੇ ‘ਅਮਨ’ ਮਨੁੱਖ
ਅਮਨ ਦਾਤੇਵਾਸੀਆ
ਮੋ. 94636-09540

ਮੇਰੇ ਮਾਲਕਾ

ਇੱਕ ਤੇਰਾ ਚਾਹੀਦਾ ਸਹਾਰਾ ਮੇਰੇ ਮਾਲਕਾ,
ਥੋੜ੍ਹੇ ‘ਚ ਵੀ ਕਰਾਂਗੇ ਗੁਜ਼ਾਰਾ ਮੇਰੇ ਮਾਲਕਾ
ਰੋੜ੍ਹੀ ਚੱਲ ਤੂੰ ਮੇਰੀ ਜਿੰਦਗੀ ਦੇ ਪਹੀਆਂ ਨੂੰ,
ਮਿਹਨਤ ਦੇ ਨਾਲ ਇੱਕਠੇ ਕਰਾਂਗੇ ਰੁਪਈਆਂ ਨੂੰ
ਹੌਲੀ-ਹੌਲੀ ਪਾ ਲਾਂਗੇ ਚੁਬਾਰਾ ਮੇਰੇ ਮਾਲਕਾ,
ਇੱਕ ਤੇਰਾ ਚਾਹੀਦਾ ਸਹਾਰਾ ਮੇਰੇ ਮਾਲਕਾ
ਦੋ ਨੰਬਰ ਦਾ ਪੈਸਾ ਦੁੱਖ ਹੀ ਪਹੁੰਚਾਉਂਦਾ ਏ,
ਠੱਗੀ ਠੋਰੀ ਮਾਰ ਬੰਦਾ ਬੜਾ ਪਛਤਾਉਂਦਾ ਏ
ਡੁੱਬ ਜਾਂਦਾ ਲੱਭੇ ਨਾ ਕਿਨਾਰਾ ਮੇਰੇ ਮਾਲਕਾ,
ਇੱਕ ਤੇਰਾ ਚਾਹੀਦਾ ਸਹਾਰਾ ਮੇਰੇ ਮਾਲਕਾ
ਤੁੰਗਾਂ ਵਾਲੇ ਧਰਮੀ ਨੂੰ ਕਲਮ ਤੂੰ ਦਿੱਤੀ ਏ,
ਚੰਗਾ ਹੀ ਲਿਖਾਈਂ ਗੱਲ ਤੇਰੇ ਉੱਤੇ ਸੁੱਟੀ ਏ
ਦੁਨੀਆਂ ‘ਤੇ ਚਮਕਾਂ ਜਿਉਂ ਤਾਰਾ ਮੇਰੇ ਮਾਲਕਾ,
ਇੱਕ ਤੇਰਾ ਚਾਹੀਦਾ ਸਹਾਰਾ ਮੇਰੇ ਮਾਲਕਾ
ਧਰਮੀ ਤੁੰਗਾਂ
ਪਿੰਡ ਤੁੰਗਾਂ, ਸੰਗਰੂਰ
ਮੋ. 98150-78408

ਆਓ! ਉੱਡੀਏ

ਡੋਰ ਬਿਨਾਂ ਹੀ ਉੱਡੀਏ ਆਓ,
ਕੋਇਲ ਵਾਂਗਰ ਗਾਈਏ ਆਓ
ਸਿੱਧੀ ‘ਵਾ ਦੇ ਵਾਂਗਰ ਵਗੀਏ,
ਫੁੱਲ ਵਾਂਗਰਾਂ ਖਿੜੀਏ ਆਓ
ਸੂਰਜ ਵਾਂਗਰ ਚੜ੍ਹੀਏ ਹਰ ਦਿਨ,
ਦੀਵਟ ਵਾਂਗਰ ਜਗੀਏ ਆਓ
ਮਾਰੂ ਧਰਤੀ ਉੱਤੇ ਵਰ੍ਹੀਏ,
ਖੁਸ਼ਬੂ ਵਾਂਗਰ ਖਿੰਡੀਏ ਆਓ
ਨਦੀ ਬਣੋਂ ਮੈਦਾਨਾਂ ਵਾਲੀ,
ਪਰਬਤ ਵਾਂਗੂ ਖੜ੍ਹੀਏ ਆਓ
ਪ੍ਰੋ: ਸੁਲੱਖਣ ਮੀਤ
(ਰਿਟਾਇਰਡ ਪ੍ਰਿੰਸੀਪਲ)
ਦਸਮੇਸ਼ ਨਗਰ, ਸੰਗਰੂਰ
ਮੋ. 94633-29939

ਰਾਹ

ਪਿਤਾ ਨੇ ਇੱਕ ਰਾਹ ਦੱਸਿਆ,
ਚਾਈਂ-ਚਾਈਂ ਮੈਂ ਉਸ ਰਾਹ ਨੱਸਿਆ।
ਉੱਚਾ-ਨੀਵਾਂ ਵਿੰਗ-ਤੜਿੰਗਾ,
ਚੜ੍ਹ ਗਿਆ ਮੇਰਾ ਸਾਹ ਸੀ।
ਮੰਜ਼ਿਲ ਪਹੁੰਚ ਕੇ ਪਤਾ ਹੈ ਲੱਗਾ,
ਸੱਚ ਵਾਲਾ ਉਹ ਰਾਹ ਸੀ।
ਸਫ਼ਰ ਤੇ ਵਾਟ ਲੰਮੇਰੀ ਸੀ,
ਵਿੱਚ ਪਹੁੰਚਣ ਲੱਗੀ ਦੇਰੀ ਸੀ।
ਹੁਣ ਸਿਫ਼ਤਾਂ ‘ਰੰਮੀ’ ਕਰਦੇ ਨੇ,
ਜਦ ਰੁਤਬੇ ਲਏ ਪਾ ਸੀ।
ਮੰਜ਼ਿਲ ਪਹੁੰਚ ਕੇ…
ਬੜੀ ਮੁਸ਼ਕਿਲ ਦੇ ਨਾਲ ਜੂਝੇ ਸੀ,
ਵਾਂਗ ਰੱਬ ਪਿਤਾ ਜੀ ਪੂਜੇ ਸੀ।
ਕੀ ਸਿਫ਼ਤ ਕਰਾਂ ਉਸ ਹੀਰੇ ਦੀ,
ਦਿੱਤੀ ਜਿੰਦਗੀ ਸਵਰਗ ਬਣਾ ਸੀ।
ਮੰਜ਼ਿਲ ਪਹੁੰਚ ਕੇ ਪਤਾ ਲੱਗਾ,
ਸੱਚ ਵਾਲਾ ਉਹ ਰਾਹ ਸੀ…
ਰਮਿੰਦਰ ਫਰੀਦਕੋਟੀ
ਨਿਊ ਹਰਿੰਦਰਾ ਨਗਰ, ਫ਼ਰੀਦਕੋਟ।
ਮੋ. 98159-53929

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।