ਗ੍ਰਿਫ਼ਤਾਰ ਵਿਅਕਤੀਆਂ ਦੇ ਬਿਆਨਾਂ ’ਤੇ ਪੁਲਿਸ ਕੇਂਦਰੀ ਜੇਲ੍ਹ ਗੋਇੰਦਵਾਲ ’ਚ ਬੰਦ ਕਰਨ ਕਾਲੀਆ ਦੀ ਭੂਮਿਕਾ ਦੀ ਵੀ ਕਰੇਗੀ ਜਾਂਚ : ਇੰ.ਹਰਬੰਸ ਸਿੰਘ
(ਜਸਵੀਰ ਸਿੰਘ ਗਹਿਲ) ਲੁਧਿਆਣਾ। ਲੁਧਿਆਣਾ ਰੇਂਜ ਦੀ ਸਪੈਸ਼ਲ ਟਾਸਕ ਫੋਰਸ ਵੱਲੋਂ ਇੱਕ ਮੁਖ਼ਬਰੀ ਦੇ ਅਧਾਰ ’ਤੇ ਦੋ ਐਕਿਟਵਾ ਸਵਾਰ ਵਿਅਕਤੀਆਂ ਨੂੰ ਹੈਰੋਇਨ ਦੀ ਤਸਕਰੀ ਦੇ ਦੋਸ਼ਾਂ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ। ਅਧਿਕਾਰੀਆਂ ਮੁਤਾਬਕ ਗ੍ਰਿਫ਼ਤਾਰ ਵਿਅਕਤੀਆਂ ਦੇ ਬਿਆਨਾਂ ਤਹਿਤ ਕੇਂਦਰੀ ਜੇਲ੍ਹ ਗੋਇੰਦਵਾਲ ਵਿਖੇ ਬੰਦ ਇੱਕ ਵਿਅਕਤੀ ਨੂੰ ਵੀ ਪੁੱਛਗਿੱਛ ’ਚ ਸ਼ਾਮਲ ਕੀਤਾ ਜਾਵੇਗਾ। (Heroin Smuggling)
ਇੰਚਾਰਜ ਸਥਾਨਕ ਰੇਂਜ ਇੰਸਪੈਕਟਰ ਹਰਬੰਸ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਮੁਖ਼ਬਰ ਖਾਸ ਦੀ ਇਤਲਾਹ ’ਤੇ ਕੁਸ਼ਾਲ ਕੁਮਾਰ ਉਰਫ਼ ਕਾਲੀ ਗੁੱਜਰ ਵਾਸੀ ਮੁਹੱਲਾ ਕੁਲਦੀਪ ਨਗਰ ਬਸਤੀ ਜੋਧੇਵਾਲ ਤੇ ਸ਼ਨੀ ਉਰਫ਼ ਸ਼ਨੀ ਕਬਾੜੀਆਂ ਵਾਸੀ ਬਾਬਾ ਨਾਮਦੇਵ ਕਲੋਨੀ ਖਿਲਾਫ਼ ਰੁੱਕਾ ਭੇਜ ਕੇ ਥਾਣਾ ਐੱਸਟੀਐੱਫ ਮੋਹਾਲੀ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਅਤੇ ਇਤਲਾਹ ਤਹਿਤ ਦੋਵਾਂ ਨੂੰ ਟਿਊਬਵੈੱਲ ਵਾਲੀ ਗਲੀ ਨੰਬਰ- 1 ਬਾਬਾ ਨਾਮਦੇਵ ਕਲੋਨੀ ਤੋਂ ਬਿਨਾਂ ਨੰਬਰੀ ਐਕਟਿਵਾ ਸਮੇਤ ਕਾਬੂ ਕੀਤਾ ਗਿਆ ਅਤੇ ਉਪ ਕਪਤਾਨ ਪੁਲਿਸ/ ਸਪੈਸ਼ਲ ਟਾਸਕ ਫੋਰਸ ਲੁਧਿਆਣਾ ਰੇਂਜ ਦੇਵਿੰਦਰ ਕੁਮਾਰ ਦੀ ਮੌਜੂਦਗੀ ’ਚ ਤਲਾਸ਼ੀ ਲੈਣ ’ਤੇ ਉਕਤਾਨ ਦੇ ਕਬਜ਼ੇ ਵਾਲੀ ਐਕਟਿਵਾ ਵਿੱਚੋਂ 950 ਗ੍ਰਾਮ ਹੈਰੋਇਨ, ਇੱਕ ਇਲੈਕਟ੍ਰੋਨਿਕ ਕੰਡਾ ਸਮੇਤ 40 ਖਾਲੀ ਪਾਰਦਰਸੀ ਮੋਮੀ ਪਾਊਚ ਬਰਾਮਦ ਹੋਏ। (Heroin Smuggling)
ਇਹ ਵੀ ਪੜ੍ਹੋ: ਸੂਬੇ ’ਚ ਦਸਵੀਂ ਤੱਕ ਦੇ ਸਾਰੇ ਸਕੂਲਾਂ ’ਚ ਛੁੱਟੀਆਂ ਦਾ ਐਲਾਨ
ਉਨ੍ਹਾਂ ਦੱਸਿਆ ਕਿ ਪੁੱਛਗਿੱਛ ਦੌਰਾਨ ਕੁਸ਼ਾਲ ਕੁਮਾਰ ਨੇ ਮੰਨਿਆ ਕਿ ਉਹ ਵਿਹਲਾ ਰਹਿੰਦਾ ਹੈ ਅਤੇ ਆਪਣੀ ਇੱਕ ਮਹਿਲਾ ਦੋਸਤ ਨਾਲ ਰਲਕੇ ਹੈਰੋਇਨ ਦੀ ਤਸਕਰੀ ਦਾ ਹੀ ਧੰਦਾ ਕਰਦਾ ਹੈ। ਜਿਸ ਦੇ ਸਬੰਧ ’ਚ ਉਸ ਖਿਲਾਫ਼ ਪਹਿਲਾਂ ਹੀ ਥਾਣਾ ਟਿੱਬਾ ’ਚ ਗੈਬਲਿੰਗ ਐਕਟ ਤਹਿਤ ਮਾਮਲਾ ਦਰਜ਼ ਹੈ। ਸ਼ਨੀ ਨੇ ਮੰਨਿਆ ਕਿ ਉਹ ਕਬਾੜ ਦਾ ਕੰਮ ਕਰਨ ਦੇ ਨਾਲ ਹੈਰੋਇਨ ਦੀ ਤਸਕਰੀ ਦਾ ਧੰਦਾ ਵੀ ਕਰਦਾ ਹੈ। ਜਿਸ ਖਿਲਾਫ਼ ਪਹਿਲਾਂ ਵੀ ਥਾਣਾ ਐਸ.ਟੀ.ਐੱਫ. ਮੋਹਾਲੀ ਵਿਖੇ ਮੁਕੱਦਮਾ ਰਜਿਸਟਰ ਹੈ ਅਤੇ ਉਹ ਖੁਦ ਵੀ ਨਸ਼ੇ ਦਾ ਆਦੀ ਹੈ।
ਇੰਸਪੈਕਟਰ ਹਰਬੰਸ ਸਿੰਘ ਨੇ ਅੱਗੇ ਦੱਸਿਆ ਕਿ ਦੋਵਾਂ ਨੇ ਦੱਸਿਆ ਕਿ ਉਹ ਕੇਂਦਰੀ ਜੇਲ੍ਹ ਗੋਇੰਦਵਾਲ ਵਿਖੇ ਬੰਦ ਕਰਨ ਕਾਲੀਆ ਨਾਮੀ ਵਿਅਕਤੀ ਨਾਲ ਗੱਲ ਕਰਕੇ ਉਸ ਵੱਲੋਂ ਭੇਜੇ ਗਏ ਬੰਦਿਆਂ ਪਾਸੋਂ ਹੈਰੋਇਨ ਦੀ ਸਪਲਾਈ ਪ੍ਰਾਪਤ ਕਰਦੇ ਅਤੇ ਅੱਗੇ ਦਿੰਦੇ ਹਨ। ਉਨ੍ਹਾਂ ਦੱਸਿਆ ਕਿ ਦੋਵਾਂ ਨੂੰ ਅਦਾਲਤ ’ਚ ਪੇਸ਼ ਕਰਕੇ ਉਨ੍ਹਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ। ਇਸ ਦੇ ਨਾਲ ਹੀ ਉਕਤਾਨ ਵੱਲੋਂ ਬਿਆਨ ਕੀਤੇ ਕਰਨ ਵਾਲੀਆਂ ਨਾਮੀ ਵਿਅਕਤੀ ਦੀ ਭੂਮਿਕਾ ਨੂੰ ਵੀ ਖੰਗਾਲਿਆ ਜਾਵੇਗਾ।