
Modernization Of Police: (ਗੁਰਪ੍ਰੀਤ ਪੱਕਾ) ਫ਼ਰੀਦਕੋਟ। ਡਾ. ਪ੍ਰਗਿਆ ਜੈਨ, ਆਈ.ਪੀ.ਐਸ, ਐਸ.ਐਸ.ਪੀ ਫਰੀਦਕੋਟ ਜਿਹਨਾਂ ਨੂੰ ਨਵੀਆਂ ਪੈੜਾਂ ਪਾਉਣ ਵਾਲੇ ਅਫ਼ਸਰ ਵਜੋਂ ਜਾਣਿਆ ਜਾਦਾ ਹੈ, ਜਿਨ੍ਹਾਂ ਵੱਲੋਂ ਸਾਲ-2025 ਦੀ ਸ਼ੁਰੂਆਤ ਫ਼ਰੀਦਕੋਟ ਜ਼ਿਲ੍ਹੇ ਦੇ ਸਾਰੇ ਥਾਣੇ ਅਤੇ ਚੌਂਕੀਆਂ ਦੀ ਨੁਕਾਹ ਬਦਲ ਕੇ ਕੀਤੀ ਗਈ ਸੀ, ਇਸ ਪਹਿਲ ਦੇ ਤਹਿਤ ਥਾਣਿਆਂ ਵਿੱਚ ਸੁਚੱਜਾ ਅਤੇ ਪਾਰਦਰਸ਼ੀ ਕਾਰਜ ਪ੍ਰਣਾਲੀ ਲਿਆਉਣ ਲਈ ਬਹੁਤ ਮੱਦਦ ਮਿਲੀ ਸੀ, ਜਿਸ ਨਾਲ ਜਨਤਾ ਨੂੰ ਪੁਲਿਸ ਨਾਲ ਸੰਪਰਕ ਅਤੇ ਸੇਵਾਵਾਂ ਹਾਸਲ ਕਰਨ ਵਿੱਚ ਆਸਾਨੀ ਹੋਈ।
ਸਾਲ 2026 ਦੀ ਸ਼ੁਰੂਆਤ ਵਿੱਚ ਉਨ੍ਹਾਂ ਵੱਲੋਂ ਇੱਕ ਹੋਰ ਪਹਿਲ ਕਰਦੇ ਹੋਏ ਫ਼ਰੀਦਕੋਟ ਪੁਲਿਸ ਨੂੰ ਹੋਰ ਆਧੁਨਿਕ, ਤਕਨੀਕੀ ਅਤੇ ਡਿਜੀਟਲ ਬਣਾਉਣ ਦੇ ਮਜ਼ਬੂਤ ਇਰਾਦੇ ਨਾਲ ਸਾਰੇ ਥਾਣਿਆਂ ਅਤੇ ਦਫ਼ਤਰਾਂ ਨੂੰ ਵੱਡੀ ਗਿਣਤੀ ਵਿੱਚ ਆਧੁਨਿਕ ਤਕਨੀਕੀ ਸਾਜੋ-ਸਮਾਨ ਦੀ ਵੰਡ ਕੀਤੀ ਗਈ। ਇਸ ਦੌਰਾਨ, ਜ਼ਿਲ੍ਹੇ ਦੇ ਵੱਖ-ਵੱਖ ਥਾਣਿਆਂ ਨੂੰ 7 ਲੈਪਟਾਪ, 24 ਐਲ.ਈ.ਡੀ. ਮੋਨੀਟਰ (27 ਇੰਚ), 24 ਸੀ.ਪੀ.ਯੂ (32 ਜੀ.ਬੀ), 24 ਯੂ.ਪੀ.ਐਸ ਅਤੇ 35 ਫਿੰਗਰ ਪ੍ਰਿੰਟ ਸਕੈਨਰ ਮੁਹੱਈਆ ਕਰਵਾਏ ਗਏ। ਇਹ ਉਪਕਰਨ ਸਿਰਫ਼ ਤਕਨੀਕੀ ਸਮਰੱਥਾ ਵਧਾਉਣ ਲਈ ਨਹੀਂ ਹਨ, ਸਗੋਂ ਇਹ ਥਾਣਿਆਂ ਅਤੇ ਦਫ਼ਤਰਾਂ ਵਿੱਚ ਕੰਮ ਕਰਨ ਦੀ ਗਤੀ ਤੇ ਕਾਰਗੁਜ਼ਾਰੀ ਹੋਰ ਸੁਚੱਜੀ ਬਣਾਉਣ ਵਿੱਚ ਸਹਾਇਕ ਹਨ।
ਥਾਣਿਆਂ ਦੇ ਦਫ਼ਤਰਾਂ ਵਿੱਚ ਹਰ ਕੰਮ ਕਾਜ ਨੂੰ ਆਸਾਨ ਅਤੇ ਤੇਜ਼ ਬਣਾਉਣ ਲਈ ਵੱਡਾ ਕਦਮ
ਇਸ ਨਾਲ ਥਾਣਿਆਂ ਦੇ ਦਫ਼ਤਰਾਂ ਵਿੱਚ ਹਰ ਕੰਮ ਕਾਜ ਨੂੰ ਆਸਾਨ ਅਤੇ ਤੇਜ਼ ਬਣਾਉਣ ਲਈ ਨਵੀਂ ਡਿਜੀਟਲ ਪ੍ਰਣਾਲੀ ਬਣਾਈ ਜਾ ਰਹੀ ਹੈ। ਇਸ ਦੇ ਨਾਲ ਹੀ 18 ਐਮ.ਐਫ.ਪੀ ਪ੍ਰਿੰਟਰ, 14 ਮੋਬਾਇਲ ਫੋਨ, 8 ਕਿਊ.ਆਰ. ਬਾਰਕੋਡ ਰੀਡਰ, 8 ਫੈਡ ਸਲੈਪ ਸਕੈਨਰ, 8 ਬਾਰਕੋਡ ਪ੍ਰਿੰਟਰ, 7 ਇੰਨਵਰਟਰ ਸੈੱਟ ਵੀ ਮੁਹੱਈਆ ਕਰਵਾਏ ਗਏ ਹਨ। ਇਸ ਸਬੰਧੀ ਐਸ.ਐਸ.ਪੀ ਫਰੀਦਕੋਟ ਡਾ. ਪ੍ਰਗਿਆ ਜੈਨ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਾਨਯੋਗ ਡੀ.ਜੀ.ਪੀ ਪੰਜਾਬ ਗੌਰਵ ਯਾਦਵ ਜੀ ਵੱਲੋਂ ਸੂਬੇ ਭਰ ਦੇ ਪੁਲਿਸ ਢਾਂਚੇ ਨੂੰ ਆਧੁਨਿਕ ਤਕਨੀਕ ਨਾਲ ਲੈਸ ਕਰਨ, ਕੰਮਕਾਜ ਵਿੱਚ ਹੋਰ ਪਾਰਦਰਸ਼ਤਾ ਲਿਆਂਦਿਆਂ ਅਤੇ ਜਨ ਸੇਵਾ ਨੂੰ ਪਹਿਲ ਦੇਣ ਸਬੰਧੀ ਕੀਤੀਆਂ ਗਈਆਂ ਪਹਿਲਕਦਮੀਆਂ ਦੇ ਨਤੀਜੇ ਵਜੋਂ ਸ਼੍ਰੀਮਤੀ ਨਿਲਾਂਬਰੀ ਜਗਦਲੇ, ਆਈ.ਜੀ ਫਰੀਦਕੋਟ ਰੇਂਜ ਦੀ ਅਗਵਾਈ ਹੇਠ ਅੱਜ ਜ਼ਮੀਨੀ ਪੱਧਰ ’ਤੇ ਥਾਣਿਆਂ ਅਤੇ ਦਫ਼ਤਰਾਂ ਵਿੱਚ ਅਧੁਨਿਕ ਸਾਜੋ-ਸਮਾਨ ਮੁਹੱਈਆ ਕਰਵਾਇਆ ਜਾ ਰਿਹਾ ਹੈ।
ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਇਸ ਨਾਲ ਥਾਣਿਆਂ ਅਤੇ ਦਫ਼ਤਰਾਂ ਵਿੱਚ ਆਧੁਨਿਕ ਸਾਜੋ-ਸਮਾਨ ਉਪਲੱਬਧ ਕਰਵਾਉਣ ਨਾਲ ਪੁਲਿਸ ਦੀ ਕਾਰਗੁਜ਼ਾਰੀ ਹੋਰ ਪ੍ਰਭਾਵਸ਼ਾਲੀ ਹੋਵੇਗੀ ਅਤੇ ਜਨਤਾ ਨੂੰ ਤੇਜ਼, ਪਾਰਦਰਸ਼ੀ ਅਤੇ ਬਿਹਤਰ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਸਕਣਗੀਆਂ। ਉਨ੍ਹਾਂ ਕਿਹਾ ਕਿ ਡਿਜੀਟਲ ਸਹੂਲਤਾਂ ਨਾਲ ਅਪਰਾਧਾਂ ਦੀ ਜਾਂਚ, ਡਾਟਾ ਪ੍ਰਬੰਧਨ ਅਤੇ ਸੇਵਾ ਡਿਲਿਵਰੀ ਦੀ ਗਤੀ ਵਿੱਚ ਤੇਜ਼ੀ ਆਵੇਗੀ, ਜਿਸ ਨਾਲ ਸਮਾਂ ਅਤੇ ਸਰੋਤਾਂ ਦੋਹਾਂ ਦੀ ਬੱਚਤ ਹੋਵੇਗੀ।
ਇਹ ਵੀ ਪੜ੍ਹੋ: Women’s Cricket: ਫ਼ਰੀਦਕੋਟ ਦੀ ਬੇਟੀ ਰਾਈਜ਼ਲ ਕੌਰ ਸੰਧੂ ਪੀ.ਸੀ.ਏ.ਅੰਡਰ-15 ਲਈ ਪੰਜਾਬ ਦੀ ਕਪਤਾਨ ਬਣੀ
ਐਸ.ਐਸ.ਪੀ ਫਰੀਦਕੋਟ ਡਾ. ਪ੍ਰਗਿਆ ਜੈਨ ਨੇ ਦੱਸਿਆ ਕਿ ਫਰੀਦਕੋਟ ਪੁਲਿਸ ਵੱਲੋਂ ਪਬਲਿਕ ਨੂੰ ਲਗਾਤਾਰ ਬਿਹਤਰ ਸੇਵਾਵਾਂ ਦਿੰਦੇ ਹੋਏ ਲਗਾਤਾਰ ਕੰਮ ਕੀਤੇ ਜਾ ਰਹੇ ਹਨ। ਜਿਸਦਾ ਅੰਦਾਜ਼ਾ ਇੱਥੋਂ ਹੀ ਲਗਾਇਆ ਜਾ ਸਕਦਾ ਹੈ ਕਿ ਸਾਲ-2025 ਦੌਰਾਨ ਕ੍ਰਾਈਮ ਵਿੱਚ ਕਰੀਬ 31 ਪ੍ਰਤੀਸ਼ਤ ਗਿਰਾਵਟ ਆਈ ਹੈ। ਇਸਦੇ ਨਾਲ ਹੀ ਪਬਲਿਕ ਨੂੰ ਬਿਹਤਰ ਸਹੂਲਤ ਦਿੰਦੇ ਹੋਏ ਉਹਨਾ ਦੀਆ ਦਰਖਾਸਤਾਂ ਦਾ ਤੁਰੰਤ ਅਤੇ ਯਕੀਨਾ ਨਿਪਟਾਰਾ ਕਰਦੇ ਹੋਏ ਸਾਲ-2025 ਦੌਰਾਨ 5187 ਦਰਖਾਸਤਾ ਦਾ ਸਮਾਧਾਨ ਕੀਤਾ ਗਿਆ ਹੈ। ਇੱਥੇ ਇਹ ਵੀ ਦੱਸਣਯੋਗ ਹੈ ਕਿ ਸਾਲ-2025 ਦੌਰਾਨ ਥਾਣਿਆ ਅੰਦਰ ਦਰਜ ਮੁਕੱਦਮਿਆ ਦੇ ਨਿਪਟਾਰੇ ਵਿੱਚ ਤੇਜ਼ੀ ਦਿਖਾਉਂਦੇ ਹੋਏ ਸਾਲ-2025 ਦੌਰਾਨ ਕੁੱਲ 2060 ਕੇਸਾ ਦਾ ਨਿਪਟਾਰਾ ਕੀਤਾ ਗਿਆ ਹੈ। ਉਨ੍ਹਾਂ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਹਦਾਇਤ ਕੀਤੀ ਕਿ ਦਿੱਤੇ ਗਏ ਆਧੁਨਿਕ ਸਾਜੋ-ਸਮਾਨ ਦੀ ਸਹੀ ਅਤੇ ਜ਼ਿੰਮੇਵਾਰ ਢੰਗ ਨਾਲ ਵਰਤੋਂ ਯਕੀਨੀ ਬਣਾਈ ਜਾਵੇ ਤਾਂ ਜੋ ਪਬਲਿਕ ਨੂੰ ਸਮੇਂ-ਸਿਰ ਅਤੇ ਭਰੋਸੇਯੋਗ ਪੁਲਿਸ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਸਕਣ। Modernization Of Police
ਇਸ ਮੌਕੇ ਉਨ੍ਹਾਂ ਨਾਲ ਮਨਵਿੰਦਰ ਬੀਰ ਸਿੰਘ ਐਸ.ਪੀ (ਸਥਾਨਿਕ) ਫਰੀਦਕੋਟ ਸਮੇਤ ਨਵੀਨ ਕੁਮਾਰ ਡੀ.ਐਸ.ਪੀ (ਸਥਾਨਿਕ) ਫਰੀਦਕੋਟ, ਅਵਤਾਰ ਸਿੰਘ ਡੀ.ਐਸ.ਪੀ(ਇੰਨਵੈਸਟੀਗੇਸ਼ਨ) ਫਰੀਦਕੋਟ, ਜਗਤਾਰ ਸਿੰਘ ਡੀ.ਐਸ.ਪੀ (ਸੀ.ਏ.ਡਬਲਿਊ ਅਤੇ ਸੀ) ਫਰੀਦਕੋਟ, ਸੰਜੀਵ ਕੁਮਾਰ ਡੀ.ਐਸ.ਪੀ (ਸਬ-ਡਵੀਜਨ) ਕੋਟਕਪੂਰਾ, ਇਕਬਾਲ ਸਿੰਘ ਡੀ.ਐਸ.ਪੀ (ਸਬ-ਡਵੀਜਨ) ਜੈਤੋ ਸਮੇਤ ਜ਼ਿਲ੍ਹੇ ਦੇ ਸਮੂਹ ਮੁੱਖ ਅਫਸਰ ਥਾਣਾ ਅਤੇ ਥਾਣਿਆਂ ਦਾ ਸਟਾਫ ਮੌਜ਼ੂਦ ਰਿਹਾ।













