NEP vs SL: ਕੀ ਨੇਪਾਲ ਤੋਂ ਪਾਰ ਪਾ ਸਕੇਗਾ ਸ਼੍ਰੀਲੰਕਾ, ਸਾਬਕਾ ਚੈਂਪੀਅਨ ਸਾਹਮਣੇ ਕਈ ਚੁਣੌਤੀਆਂ, ਵੇਖੋ

NEP vs SL

ਟੀ20 ਵਿਸ਼ਵ ਕੱਪ ’ਚ ਦੂਜਾ ਮੈਚ ਸ਼੍ਰੀਲੰਕਾ ਬਨਾਮ ਨੇਪਾਲ

  • ਸ਼੍ਰੀਲੰਕਾ ਨੂੰ ਟੂਰਨਾਮੈਂਟ ’ਚ ਬਣੇ ਰਹਿਣ ਲਈ ਜਿੱਤ ਜ਼ਰੂਰੀ
  • ਪਹਿਲੀ ਵਾਰ ਆਹਮੋ-ਸਾਹਮਣੇ ਹੋਣਗੀਆਂ ਟੀਮਾਂ

ਸਪੋਰਟਸ ਡੈਸਕ। ਟੀ20 ਵਿਸ਼ਵ ਕੱਪ ਦਾ 23ਵਾਂ ਮੁਕਾਬਲਾ ਸ਼੍ਰੀਲੰਕਾ ਅਤੇ ਨੇਪਾਲ ਵਿਚਕਾਰ ਖੇਡਿਆ ਜਾਵੇਗਾ। ਇਹ ਮੈਚ 12 ਜੂਨ ਨੂੰ ਸਵੇਰੇ 5 ਵਜੇ ਤੋਂ ਸ਼ੁਰੂ ਹੋਵੇਗਾ। ਦੋਵੇਂ ਟੀਮਾਂ ਫਲੋਰੀਡਾ ਦੇ ਲਾਰਡਹਿੱਲ ਦੇ ਸੈਂਟਰਲ ਬੋਵਾਰਡ ਰੀਜ਼ਨਲ ਪਾਰਕ ਸਟੇਡੀਅਮ ’ਚ ਆਹਮੋ-ਸਾਹਮਣੇ ਹੋਣਗੀਆਂ। ਇਸ ਸਟੇਡੀਅਮ ’ਚ ਇਹ ਵਿਸ਼ਵ ਕੱਪ ਦਾ ਪਹਿਲਾ ਮੁਕਾਬਲਾ ਹੋਵੇਗਾ। ਸ਼੍ਰੀਲੰਕਾ ਤੇ ਨੇਪਾਲ ਅੱਜ ਤੱਕ ਕਿਸੇ ਵੀ ਫਾਰਮੈਟ ’ਚ ਇੱਕ-ਦੂਜੇ ਸਾਹਮਣੇ ਨਹੀਂ ਹੋਏ ਹਨ। ਗਰੁੱਪ-ਡੀ ’ਚ ਸ਼੍ਰੀਲੰਕਾ ਦਾ ਇਹ ਤੀਜਾ ਮੁਕਾਬਲਾ ਹੋਵੇਗਾ। ਨਾਲ ਹੀ ਨੇਪਾਲ ਆਪਣਾ ਦੂਜਾ ਮੁਕਾਬਲਾ ਖੇਡੇਗੀ। ਅਜੇ ਤੱਕ ਦੋਵਾਂ ਟੀਮਾਂ ਨੂੰ ਹੀ ਜਿੱਤ ਹਾਸਲ ਨਹੀਂ ਹੋਈ ਹੈ। (NEP vs SL)

ਸ਼੍ਰੀਲੰਕਾ ਨੂੰ ਇਹ ਮੈਚ ਜਿੱਤਣਾ ਜ਼ਰੂਰੀ | NEP vs SL

ਸ਼੍ਰੀਲੰਕਾ ਆਪਣੇ ਗਰੁੱਪ ’ਚ ਆਖਿਰੀ ਸਥਾਨ ’ਤੇ ਹੈ। ਟੀਮ ਨੂੰ ਦੱਖਣੀ ਅਫਰੀਕਾ ਤੇ ਬੰਗਲਾਦੇਸ਼ ਖਿਲਾਫ ਹੋਏ ਮੁਕਾਬਲਿਆਂ ’ਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਟੀਮ ਦਾ ਨੈਟ ਰਨ ਰੇਟ ਵੀ -0.77 ਦਾ ਹੈ। ਜੇਕਰ ਸ਼੍ਰੀਲੰਕਾ ਇਹ ਮੈਚ ਵੀ ਹਾਰ ਜਾਂਦਾ ਹੈ ਤਾਂ ਉਹ ਟਾਪ-8 ਦੀ ਦੌੜ ’ਚੋਂ ਬਾਹਰ ਹੋ ਜਾਵੇਗਾ। ਨਾਲ ਹੀ ਨੇਪਾਲ ਨੂੰ ਸਿਰਫ ਇੱਕ ਹੀ ਮੈਚ ’ਚ ਹਾਰ ਮਿਲੀ ਹੈ। ਟੀਮ ਕੋਲ ਵਾਪਸੀ ਕਰਨ ਦਾ ਵਧੀਆ ਮੌਕਾ ਹੈ।

ਸ਼੍ਰੀਲੰਕਾਈ ਕਪਤਾਨ ਹਸਰੰਗਾ ਨੇ ਸਭ ਤੋਂ ਜ਼ਿਆਦਾ ਵਿਕਟਾਂ ਲਈਆਂ | NEP vs SL

ਸ਼੍ਰੀਲੰਕਾ ਦੇ ਕਪਤਾਨ ਵਨਿੰਦੂ ਹਸਰੰਗਾ ਟੀ20 ’ਚ ਟੀਮ ਦੇ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਵਾਲੇ ਗੇਂਦਬਾਜ਼ ਹਨ। ਉਨ੍ਹਾਂ ਨੇ 67 ਮੈਚਾਂ ’ਚ 6.85 ਦੀ ਇਕਾਨਮੀ ਨਾਲ 108 ਵਿਕਟਾਂ ਲਈਆਂ ਹਨ। ਟੀ20 ਵਿਸ਼ਵ ਕੱਪ 2024 ’ਚ ਖੇਡੇ ਗਏ 2 ਮੁਕਾਬਲਿਆਂ ’ਚ ਹਸਰੰਗਾ ਨੇ 2-2 ਵਿਕਟਾਂ ਲਈਆਂ ਹਨ। ਨਾਲ ਹੀ ਸਲਾਮੀ ਬੱਲੇਬਾਜ਼ ਪਥੁਮ ਨਿਸਾਂਕਾ ਨੇ ਦੱਖਣੀ ਅਫਰੀਕਾ ਖਿਲਾਫ 47 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਸੀ। ਉਹ ਕੁਲ 50 ਟੀ20 ਮੈਚਾਂ ’ਚ 1281 ਦੌੜਾਂ ਬਣਾ ਚੁੱਕੇ ਹਨ। ਹਾਲਾਂਕਿ, ਦੋਵਾਂ ਦੇ ਚੰਗੇ ਪ੍ਰਦਰਸ਼ਨ ਦੇ ਬਾਵਜ਼ੂਦ ਵੀ ਟੀਮ ਇੱਕ ਵੀ ਮੁਕਾਬਲਾ ਨਹੀਂ ਜਿੱਤੀ ਹੈ। (NEP vs SL)

ਇਹ ਵੀ ਪੜ੍ਹੋ : PAK vs CAN: ਟੀ20 ਵਿਸ਼ਵ ਕੱਪ ’ਚ ਅੱਜ ਪਾਕਿਸਤਾਨ ਦਾ ਸਾਹਮਣਾ ਕੈਨੇਡਾ ਨਾਲ, PAK ਲਈ ‘ਕਰੋ ਜਾਂ ਮਰੋ’ ਦਾ ਮੁਕਾਬਲਾ

ਨੇਪਾਲ ਦੇ ਕਪਤਾਨ ਰੋਹਿਤ ਕੋਲ ਲੰਬੀ ਪਾਰੀ ਖੇਡਣ ਦੀ ਕਾਬਲੀਅਤ | NEP vs SL

ਨੇਪਾਲ ਦੇ ਕਪਤਾਨ ਰੋਹਿਤ ਕੁਮਾਰ ਪੌਡੇਲ ਨੇ ਹੁਣ ਤੱਕ ਕੁਲ 50 ਮੁਕਾਬਲਿਆਂ ’ਚ 1143 ਦੌੜਾਂ ਬਣਾਈਆਂ ਹਨ। ਉਹ 123.70 ਦੀ ਸਟ੍ਰਾਈਕ ਰੇਟ ਨਾਲ ਬੱਲੇਬਾਜ਼ੀ ਕਰਦੇ ਹਨ। ਨੀਦਰਲੈਂਡ ਖਿਲਾਫ ਹੋਏ ਮੈਚ ’ਚ ਉਨ੍ਹਾਂ ਨੇ 35 ਦੌੜਾਂ ਬਣਾਈਆਂ। ਨਾਲ ਹੀ ਬੱਲੇਬਾਜ਼ੀ ਆਲਰਾਊਂਡਰ ਕੁਸ਼ਾਲ ਮੱਲਾ ਤੇਜ਼ ਬੱਲੇਬਾਜ਼ੀ ਲਈ ਜਾਣੇ ਜਾਂਦੇ ਹਨ। ਉਨ੍ਹਾਂ ਆਪਣੀ 40 ਟੀ20 ਮੁਕਾਬਲਿਆਂ ’ਚ 780 ਦੌੜਾਂ ਬਣਾਈਆਂ ਹਨ, ਜਿਸ ਵਿੱਚ ਇੱਕ ਸੈਂਕੜੇ ਵਾਲੀ ਪਾਰੀ ਵੀ ਸ਼ਾਮਲ ਹੈ। ਉਨ੍ਹਾਂ ਨੇ ਕੈਨੇਡਾ ਖਿਲਾਫ ਹੋਏ ਅਭਿਆਸ ਮੈਚ ’ਚ 37 ਦੌੜਾਂ ਦੀ ਪਾਰੀ ਖੇਡੀ ਸੀ। (NEP vs SL)

ਫਲੋਰਿਡਾ ਦੀ ਪਿੱਚ ਰਿਪੋਰਟ | NEP vs SL

ਫਲੋਰਿਡਾ ਦੀ ਪਿੱਚ ਰਿਪੋਰਟ ਹਮੇਸ਼ਾ ਤੋਂ ਬੱਲੇਬਾਜ਼ੀ ਲਈ ਅਨੁਕੂਲ ਮੰਨੀ ਜਾਂਦੀ ਹੈ। ਇੱਥੇ ਪਾਵਰਪਲੇ ਦਾ ਫਾਇਦਾ ਚੁੱਕਿਆ ਜਾ ਸਕਦਾ ਹੈ। ਇੱਥੇ ਜਿਹੜੀ ਵੀ ਟੀਮ ਟਾਸ ਜਿੱਤੇਗੀ ਉਹ ਪਹਿਲਾਂ ਬੱਲੇਬਾਜ਼ੀ ਕਰਨਾ ਚਾਹੇਗੀ। ਫਲੋਰਿਡਾ ਦੀ ਪਿੱਚ ’ਤੇ ਔਸਤ ਸਕੋਰ 165-170 ਦੌੜਾਂ ਦਾ ਹੈ। (NEP vs SL)

ਮੌਸਮ ਸਬੰਧੀ ਰਿਪੋਰਟ | NEP vs SL

ਫਲੋਰਿਡਾ ’ਚ ਮੈਚ ਵਾਲੇ ਦਿਨ ਮੌਸਮ ਵਧੀਆ ਰਹਿਣ ਦੀ ਸੰਭਾਵਨਾ ਹੈ। ਇੱਥੇ ਮੀਂਹ ਦੀ ਸੰਭਾਵਨਾ ਵੀ ਬਹੁਤ ਘੱਟ ਹੈ। ਮੌਸਮ ਲਗਭਗ ਸਾਫ ਰਹੇਗਾ। ਇੱਥੇ ਮੈਚ ਵਾਲੇ ਦਿਨ ਦਾ ਤਾਪਮਾਨ 24 ਡਿਗਰੀ ਸੈਲਸੀਅਸ ਤੱਕ ਦਾ ਰਹਿ ਸਕਦਾ ਹੈ ਤੇ ਨਾਲ-ਨਾਲ ਬੱਦਲ ਵੀ ਛਾਏ ਰਹਿਣਗੇ।

ਦੋਵਾਂ ਟੀਮਾਂ ਦੀ ਸੰਭਾਵਿਤ ਪਲੇਇੰਗ-11 | NEP vs SL

ਸ਼੍ਰੀਲੰਕਾ : ਵਨਿੰਦੂ ਹਸਰੰਗਾ (ਕਪਤਾਨ), ਪਥੁਮ ਨਿਸਾਂਕਾ, ਕੁਸ਼ਲ ਮੈਂਡਿਸ, ਕਮਿੰਦੂ ਮੈਂਡਿਸ, ਧਨੰਜੈ ਡੀ ਸਿਲਵਾ, ਚਾਰਿਥ ਅਸਾਲੰਕਾ, ਐਂਜੇਲੋ ਮੈਥਿਊਜ਼, ਦਾਸੁਨ ਸ਼ਨਾਕਾ, ਮਹਿਸ਼ ਥੀਕਸ਼ਾਨਾ, ਮੈਥਿਸ਼ ਪਾਥੀਰਾਨਾ ਤੇ ਨੁਵਾਨ ਥੁਸ਼ਾਰਾ।

ਨੇਪਾਲ : ਰੋਹਿਤ ਕੁਮਾਰ (ਕਪਤਾਨ), ਕੁਸ਼ਲ ਭੁਰਤੇਲ, ਆਸਿਫ ਸ਼ੇਖ (ਵਿਕਟਕੀਪਰ), ਅਨਿਲ ਸ਼ਾਹ, ਕੁਸ਼ਲ ਮੱਲਾ, ਦੀਪੇਂਦਰ ਸਿੰਘ ਐਰੀ, ਗੁਲਸ਼ਨ ਝਾਅ, ਸੋਮਪਾਲ ਕਾਮੀ, ਕਰਨ ਕੇਸੀ, ਅਵਿਨਾਸ਼ ਬੋਹਰਾ, ਸਾਗਰ ਧਾਕਲ।

LEAVE A REPLY

Please enter your comment!
Please enter your name here