ਡੀਸੀ ਵੱਲੋਂ ਮਹਿੰਦਰਾ ਕੋਠੀ ਦਾ ਦੌਰਾ, ਕੰਮ 30 ਜੁਲਾਈ ਤੱਕ ਮੁਕੰਮਲ ਕਰਨ ਦੇ ਆਦੇਸ਼
ਪਟਿਆਲਾ (ਖੁਸ਼ਵੀਰ ਸਿੰਘ ਤੂਰ) | ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪਟਿਆਲਾ ਵਿੱਚ ਨਵੀਂ ਖੇਡ ਯੂਨੀਵਰਸਿਟੀ ਨੂੰ 1 ਸਤੰਬਰ 2019 ਤੋਂ ਚਾਲੂ ਕਰਨ ਦੀ ਦਿੱਤੀ ਪ੍ਰਵਾਨਗੀ ਅਤੇ ਪਿੰਡ ਸਿੱਧੂਵਾਲ ਵਿਖੇ 97 ਏਕੜ ਜਮੀਨ ਵਿੱਚ ਯੂਨੀਵਰਸਿਟੀ ਦੀ ਨਵੀਂ ਇਮਾਰਤ ਮੁਕੰਮਲ ਹੋਣ ਤੱਕ ਯੂਨੀਵਰਸਿਟੀ ਨੂੰ ਪਟਿਆਲਾ ਦੀ ਮਾਲ ਰੋਡ ‘ਤੇ ਸਥਿਤ ਮਹਿੰਦਰਾ ਕੋਠੀ ‘ਚ ਆਰਜੀ ਤੌਰ ‘ਤੇ ਚਲਾਉਣ ਦੀ ਕੀਤੀ ਹਦਾਇਤ ਉਪਰੰਤ ਅੱਜ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਕੁਮਾਰ ਅਮਿਤ ਨੇ ਮਹਿੰਦਰਾ ਕੋਠੀ ਦਾ ਦੌਰਾ ਕਰਕੇ ਸਬੰਧਤ ਵਿਭਾਗਾਂ ਨੂੰ ਮਹਿੰਦਰਾ ਕੋਠੀ ਵਿਖੇ ਖੇਡ ਯੂਨੀਵਰਸਿਟੀ ਦੇ ਬਣਨ ਵਾਲੇ ਆਰਜੀ ਕੈਂਪਸ ਦਾ ਕੰਮ ਜੰਗੀ ਪੱਧਰ ‘ਤੇ ਸ਼ੁਰੂ ਕਰਨ ਦੀ ਹਦਾਇਤ ਕੀਤੀ।
ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਇਸ ਪ੍ਰੋਜੈਕਟ ਦੀ ਖੁਦ ਨਿਗਰਾਨੀ ਕਰ ਰਹੇ ਹਨ ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਸ ਕੰਮ ਦੇ ਤੁਰੰਤ ਟੈਂਡਰ ਲਾ ਕੇ ਕੰਮ 30 ਜੁਲਾਈ ਤੱਕ ਹਰ ਹਾਲ ਵਿੱਚ ਮੁਕੰਮਲ ਕੀਤਾ ਜਾਵੇ ਤਾਂ ਕਿ ਮੁੱਖ ਮੰਤਰੀ ਦੀਆਂ ਹਦਾਇਤਾਂ ਅਨੁਸਾਰ 1 ਸਤੰਬਰ ਤੱਕ ਯੂਨੀਵਰਸਿਟੀ ਦੇ ਇਸ ਆਰਜੀ ਕੈਂਪਸ ਨੂੰ ਚਾਲੂ ਕੀਤਾ ਜਾ ਸਕੇ।
ਉਨ੍ਹਾਂ ਨੇ ਮੌਕੇ ‘ਤੇ ਹਾਜ਼ਰ ਵੱਖ-ਵੱਖ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸਾਰਾ ਕੰਮ ਮਿਆਰੀ ਕੀਤਾ ਜਾਵੇ ਤੇ ਉਸ ਨੂੰ ਨਿਰਧਾਰਿਤ ਸਮੇਂ ਵਿੱਚ ਮੁਕੰਮਲ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਉਹ ਪਿੰਡ ਸਿੱਧੂਵਾਲ ਵਿਖੇ 97 ਏਕੜ ਜ਼ਮੀਨ ਵਿੱਚ ਬਣਨ ਵਾਲੀ ਖੇਡ ਯੂਨੀਵਰਸਿਟੀ ਦੇ ਸਥਾਨ ਦਾ ਵੀ ਦੌਰਾ ਕਰਕੇ ਆਏ ਹਨ।
ਉਨ੍ਹਾਂ ਅੱਜ ਮਹਿੰਦਰਾ ਕੋਠੀ ਵਿਖੇ ਬਣ ਰਹੇ ਮੈਡਲ ਤੇ ਦੁਰਲਭ ਸਿੱਕਿਆਂ ਦੇ ਮਿਊਜ਼ੀਅਮ ਦੇ ਕੰਮ ਦਾ ਵੀ ਨਿਰੀਖਣ ਕੀਤਾ। ਇਸ ਮੌਕੇ ਡਿਪਟੀ ਕਮਿਸ਼ਨਰ ਨਾਲ ਏ.ਡੀ.ਸੀ. ਜਨਰਲ ਸ਼ੌਕਤ ਅਹਿਮਦ ਪਰੇ, ਐਕਸੀਅਨ ਨਵੀਨ ਮਿੱਤਲ ਤੇ ਹੋਰ ਵਿਭਾਗਾਂ ਦੇ ਅਧਿਕਾਰੀ ਵੀ ਹਾਜ਼ਰ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।