ਬਾਅਦ ਦੁਪਹਿਰ ਮੁੱਖ ਮੰਤਰੀ ਅਮਰਿੰਦਰ ਸਿੰਘ ਤੇ ਪ੍ਰਕਾਸ਼ ਸਿੰਘ ਬਾਦਲ ਦੇਣਗੇ ਭਾਸ਼ਣ
ਅਸ਼ਵਨੀ ਚਾਵਲਾ/ਚੰਡੀਗੜ। ਪੰਜਾਬ ਵਿਧਾਨ ਸਭਾ ਵਿਖੇ ਅੱਜ 550ਵੇਂ ਪ੍ਰਕਾਸ਼ ਪੁਰਬ ਸਬੰਧੀ ਹੋਣ ਵਾਲੇ ਵਿਸ਼ੇਸ਼ ਸੈਸ਼ਨ ਤੋਂ ਬਾਅਦ ਦੁਪਹਿਰ ਨੂੰ ਸਿਆਸੀ ਲੀਡਰਾਂ ਦੀ ਅਸਲੀ ਪਰਖ ਹੋਏਗੀ ਕਿ ਉਹ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਬਾਰੇ ਬੋਲਣ ਦੀ ਥਾਂ ‘ਤੇ ਸਿਆਸੀ ਦੂਸ਼ਣਬਾਜ਼ੀ ਕਰਨਗੇ ਜਾਂ ਫਿਰ ਗੁਰੂ ਸਾਹਿਬ ਦੇ ਦੱਸੇ ਰਸਤੇ ‘ਤੇ ਚਲਦੇ ਹੋਏ ਸਿਰਫ਼ ਉਨਾਂ ਬਾਰੇ ਹੀ ਗੱਲ ਕਰਨਗੇ ਇਸ ਗੱਲ ਦੇ ਵੀ ਆਸਾਰ ਹਨ ਕਿ ਸੁਲਤਾਨਪੁਰ ਲੋਧੀ ਵਿਖੇ ਸਾਂਝੀ ਸਟੇਜ ਬਣਾਉਣ ਤੋਂ ਪਿੱਛੇ ਹਟੀ ਪਾਰਟੀ ਦੇ ਲੀਡਰ ਵਿਧਾਨ ਸਭਾ ‘ਚ ਸਿਆਸੀ ਤੀਰ ਚਲਾ ਸਕਦੇ ਹਨ। ਜਾਣਕਾਰੀ ਅਨੁਸਾਰ ਬੁੱਧਵਾਰ ਵਿਧਾਨ ਸਭਾ ਦਾ ਇੱਕ ਦਿਨਾਂ ਵਿਧਾਨ ਸਭਾ ਸੈਸ਼ਨ ਸ਼ੁਰੂ ਹੋਣ ਜਾ ਰਿਹਾ ਹੈ। ਇਸ ਇੱਕ ਦਿਨਾਂ ਸੈਸ਼ਨ ਨੂੰ ਦੋ ਭਾਗ ਵਿੱਚ ਵੰਡਦੇ ਹੋਏ ਸਪੈਸ਼ਲ ਸੈਸ਼ਨ ਸਵੇਰੇ 11 ਤੋਂ 1 ਵਜੇ ਤੱਕ ਕੀਤਾ ਜਾ ਰਿਹਾ ਹੈ ਤਾਂ ਬਾਅਦ ਦੁਪਹਿਰ ਨੂੰ ਸਦਨ ਦੀ ਕਾਰਵਾਈ ਆਮ ਸੈਸ਼ਨ ਵਾਂਗ ਹੀ ਕੀਤੀ ਜਾਏਗੀ।
ਸਵੇਰ ਦੇ ਸੈਸ਼ਨ ਵਿੱਚ ਸਪੀਕਰ ਰਾਣਾ ਕੇ.ਪੀ. ਸਿੰਘ ਸਵਾਗਤੀ ਭਾਸ਼ਣ ਦੇਣਗੇ ਤਾਂ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਮੁੱਖ ਸੰਬੋਧਨ ਕਰਨਗੇ, ਜਿਸ ਤੋਂ ਬਾਅਦ ਉਪ ਰਾਸ਼ਟਰਪਤੀ ਵੈਂਦਈਆ ਨਾਇਡੂ ਸਮਾਗਮ ਦਾ ਸਮਾਪਤੀ ਭਾਸ਼ਣ ਦਿੰਦੇ ਹੋਏ ਸਮਾਗਮ ਨੂੰ ਖ਼ਤਮ ਕਰਨਗੇ। ਇਸ ਸਮਾਗਮ ਵਿੱਚ ਸਿਰਫ਼ 3 ਸ਼ਖਸੀਅਤਾਂ ਵੱਲੋਂ ਸੰਬੋਧਨ ਹੋਣ ਕਾਰਨ ਕੋਈ ਵੀ ਸਿਆਸੀ ਗੱਲਬਾਤ ਨਹੀਂ ਕੀਤੀ ਜਾਏਗੀ। ਇਸ ਸਮਾਗਮ ਤੋਂ ਬਾਅਦ ਹਰਿਆਣਾ ਦੇ ਸਾਰੇ ਵਿਧਾਇਕਾਂ ਸਣੇ ਦੋਹੇ ਸੂਬੇ ਦੇ ਰਾਜਪਾਲ ਅਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਸਣੇ ਸਾਰੀ ਸ਼ਖ਼ਸੀਅਤਾਂ ਚਲੀ ਜਾਣਗੀਆਂ।
ਪਰ ਇਸ ਤੋਂ ਬਾਅਦ 2:30 ਵਜੇ ਸ਼ੁਰੂ ਹੋਣ ਵਾਲੀ ਸਦਨ ਦੀ ਮੀਟਿੰਗ ਵਿੱਚ ਮੁੱਖ ਮੰਤਰੀ ਅਮਰਿੰਦਰ ਸਿੰਘ ਅਤੇ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਸਣੇ ਆਮ ਆਦਮੀ ਪਾਰਟੀ ਦੇ ਲੀਡਰਾਂ ਨੂੰ ਵੀ ਸੰਬੋਧਨ ਕਰਨ ਲਈ ਸਮਾਂ ਦਿੱਤਾ ਜਾਏਗਾ। ਇਸ ਸਦਨ ਦੀ ਕਾਰਵਾਈ ਦੌਰਾਨ ਸਿਆਸੀ ਲੀਡਰਾਂ ਦੀ ਅਸਲੀ ਪਰਖ ਹੋਏਗੀ ਕਿ ਉਹ ਸਵੇਰੇ ਦੀ ਸਪੈਸ਼ਲ ਸੀਟਿੰਗ ਦੌਰਾਨ ਸੰਬੋਧਨ ਨਾ ਕਰਨ ਬਾਅਦ ਦੁਪਹਿਰ ਦੀ ਸੀਟਿੰਗ ਵਿੱਚ ਗੁਰੂ ਸਾਹਿਬ ਜੀ ਦੀਆਂ ਸਿੱਖਿਆਵਾਂ ‘ਤੇ ਹੀ ਸੰਬੋਧਨ ਕਰਨਗੇ ਜਾਂ ਫਿਰ ਉਹ ਅੱਧ ਵਿਚਕਾਰ ਸਿਆਸੀ ਦੂਸ਼ਣਬਾਜੀ ਵੀ ਕਰਨਗੇ। ਹਾਲਾਂਕਿ ਇਸ ਸਬੰਧੀ ਅਜੇ ਕੁਝ ਕਿਹਾ ਨਹੀਂ ਜਾ ਸਕਦਾ ਹੈ ਪਰ ਜੇਕਰ ਇੱਕ ਵੀ ਪਾਰਟੀ ਦੇ ਲੀਡਰ ਨੇ ਇਸ ਤਰਾਂ ਦੀ ਦੂਸ਼ਣਬਾਜ਼ੀ ਕਰਨ ਦੀ ਕੋਸ਼ਸ਼ ਕੀਤੀ ਤਾਂ ਦੂਜੀ ਪਾਰਟੀਆਂ ਦੇ ਲੀਡਰ ਵੀ ਦੂਸ਼ਣਬਾਜ਼ੀ ਤੋਂ ਪਿੱਛੇ ਨਹੀਂ ਹਟਣਗੇ। ਇਸ ਲਈ ਬਾਅਦ ਦੁਪਹਿਰ ਵਾਲੀ ਸੀਟਿੰਗ ਵਿੱਚ ਹੀ ਸਿਆਸੀ ਲੀਡਰਾਂ ਦੀ ਅਸਲੀ ਪਰਖ ਹੋਏਗੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।