ਪੰਜਾਬ ਵਿਧਾਨ ਸਭਾ ਦੀ ਸਕੱਤਰ ਸ਼ਸ਼ੀ ਲਖਣਪਾਲ ਮਿਸ਼ਰਾ ਨੇ ਭੇਜੀ ਫੂਲਕਾ ਨੂੰ ਚਿੱਠੀ
ਚੰਡੀਗੜ੍ਹ | ਪੰਜਾਬ ਦੇ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਇੱਕ ਵਾਰ ਫਿਰ ਤੋਂ ਵਿਧਾਇਕ ਐਚ. ਐਸ. ਫੂਲਕਾ ਨੂੰ ਸੱਦਾ ਪੱਤਰ ਭੇਜ ਦਿੱਤਾ ਹੈ। ਇਹ ਸੱਦਾ ਪੱਤਰ ਕਿਸੇ ਚਾਹ ਪਾਣੀ ‘ਤੇ ਚਰਚਾ ਕਰਨ ਸਬੰਧੀ ਨਹੀਂ ਸਗੋਂ ਉਨ੍ਹਾਂ ਵੱਲੋਂ ਦਾਖਾਂ ਵਿਧਾਨ ਸਭਾ ਹਲਕੇ ਤੋਂ ਦਿੱਤੇ ਗਏ ਅਸਤੀਫ਼ੇ ਬਾਰੇ ਚਰਚਾ ਕਰਨ ਸਬੰਧੀ ਦਿੱਤਾ ਗਿਆ ਹੈ। ਇਸ ਸੱਦੇ ਪੱਤਰ ਦੇ ਨਾਲ ਹੀ ਹੁਣ ਐਚ.ਐਸ. ਫੂਲਕਾ ਦੀ ਮੈਂਬਰਸ਼ਿਪ ‘ਤੇ ਵੀ ਖ਼ਤਰਾ ਪੈਦਾ ਹੋ ਗਿਆ ਹੈ, ਕਿਉਂਕਿ ਸਪੀਕਰ ਰਾਣਾ ਕੇ.ਪੀ. ਸਿੰਘ ਇਸ ਮੁਲਾਕਾਤ ਤੋਂ ਬਾਅਦ ਫੂਲਕਾ ਦੇ ਅਸਤੀਫ਼ੇ ਨੂੰ ਪ੍ਰਵਾਨ ਕਰਨ ਸਬੰਧੀ ਫੈਸਲਾ ਕਰ ਸਕਦੇ ਹਨ। ਇਸ ਪਹਿਲਾਂ ਵੀ 11 ਦਸੰਬਰ ਨੂੰ ਐਚ.ਐਸ. ਫੂਲਕਾ ਸਪੀਕਰ ਰਾਣਾ ਕੇ.ਪੀ. ਸਿੰਘ ਨੂੰ ਮਿਲ ਕੇ ਗਏ ਸਨ ਪਰ ਇਸ ਮੁਲਾਕਾਤ ਤੋਂ ਬਾਅਦ ਅਜੇ ਤੱਕ ਫੂਲਕਾ ਦਾ ਅਸਤੀਫ਼ਾ ਪ੍ਰਵਾਨ ਨਹੀਂ ਹੋਇਆ ਜਾਣਕਾਰੀ ਅਨੁਸਾਰ ਲੁਧਿਆਣਾ ਜ਼ਿਲੇ ਦੇ ਦਾਖਾਂ ਵਿਧਾਨ ਸਭਾ ਹਲਕੇ ਤੋਂ ਐਚ.ਐਸ. ਫੂਲਕਾ ਨੇ 12 ਅਕਤੂਬਰ ਨੂੰ ਐਚ. ਐਸ. ਫੂਲਕਾ ਨੇ ਅਸਤੀਫ਼ਾ ਦਿੰਦੇ ਹੋਏ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਨੂੰ ਪ੍ਰਵਾਨ ਕਰਨ ਲਈ ਬੇਨਤੀ ਕੀਤੀ ਸੀ ਪਰ ਫੂਲਕਾ ਵੱਲੋਂ ਭੇਜੇ ਗਏ ਅਸਤੀਫ਼ੇ ਵਿੱਚ ਕਾਫ਼ੀ ਜ਼ਿਆਦਾ ਤਕਨੀਕੀ ਨੁਕਸ ਹੋਣ ਦੇ ਕਾਰਨ ਉਸ ਅਸਤੀਫ਼ੇ ‘ਤੇ ਅਜੇ ਤੱਕ ਵਿਚਾਰ ਤੱਕ ਨਹੀਂ ਕੀਤਾ ਗਿਆ। ਫੂਲਕਾ ਵੱਲੋਂ ਭੇਜੇ ਗਏ 2 ਪੇਜ ਦੇ ਅਸਤੀਫ਼ੇ ਦੇ ਪ੍ਰਵਾਨ ਨਾ ਹੋਣ ਤੋਂ ਬਾਅਦ ਫੂਲਕਾ ਨੇ ਮੁੜ ਤੋਂ 11 ਦਸੰਬਰ 2018 ਨੂੰ ਆਪਣਾ ਅਸਤੀਫ਼ਾ ਵਿਧਾਨ ਸਭਾ ਸਪੀਕਰ ਕੋਲ ਪੇਸ਼ ਹੁੰਦੇ ਹੋਏ ਦਿੱਤਾ ਸੀ। ਇਸ ਵਾਰ ਵੀ ਫੂਲਕਾ ਨੇ ਸਿੱਧੇ ਸ਼ਬਦਾਂ ਵਿੱਚ ਅਸਤੀਫ਼ਾ ਦੇਣ ਦੀ ਥਾਂ ‘ਤੇ ਪਿਛਲੇ ਅਸਤੀਫ਼ੇ ਦਾ ਜਿਕਰ ਕੀਤਾ ਸੀ, ਜਿਸ ਕਾਰਨ ਇਸ ਅਸਤੀਫ਼ੇ ਵਿੱਚ ਵੀ ਤਕਨੀਕੀ ਨੁਕਸ ਦਿਖਾਈ ਦੇ ਰਹੇ ਸਨ। ਜਿਸ ਤੋਂ ਬਾਅਦ ਐਚ.ਐਸ. ਫੂਲਕਾ ਨੇ ਆਮ ਆਦਮੀ ਪਾਰਟੀ ਤੋਂ ਵੀ ਅਸਤੀਫ਼ਾ ਦੇ ਦਿੱਤਾ।
ਹੁਣ ਇਸ ਮਾਮਲੇ ਵਿੱਚ 24 ਜਨਵਰੀ ਵੀਰਵਾਰ ਨੂੰ ਵਿਧਾਨ ਸਭਾ ਦੀ ਸਕੱਤਰ ਸ਼ਸ਼ੀ ਲਖਣ ਪਾਲ ਮਿਸ਼ਰਾ ਨੇ ਐਚ.ਐਸ. ਫੂਲਕਾ ਨੂੰ ਪੱਤਰ ਭੇਜਦੇ ਹੋਏ ਸਪੀਕਰ ਰਾਣਾ. ਕੇ.ਪੀ. ਸਿੰਘ ਕੋਲ 20 ਫਰਵਰੀ ਸਵੇਰੇ 11 ਵਜੇ ਪੇਸ਼ ਹੋਣ ਲਈ ਕਿਹਾ ਹੈ। ਜਿਥੇ ਕਿ ਉਨ੍ਹਾਂ ਵੱਲੋਂ ਦਿੱਤੇ ਗਏ ਦੋਵੇਂ ਅਸਤੀਫ਼ੇ ਬਾਰੇ ਚਰਚਾ ਹੋਣ ਬਾਰੇ ਵੀ ਜਿਕਰ ਕੀਤਾ ਗਿਆ ਹੈ। ਜਿਸ ਤੋਂ ਸਾਫ਼ ਹੈ ਕਿ ਹੁਣ 20 ਫਰਵਰੀ ਤੋਂ ਬਾਅਦ ਐਚ.ਐਸ. ਫੂਲਕਾ ਦਾ ਅਸਤੀਫ਼ਾ ਮਨਜ਼ੂਰ ਹੋਣ ਦੇ ਆਸਾਰ ਬਣ ਗਏ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।














