ਮੇਰਾ ਦੋਸਤ ਜਗਸੀਰ ਸਿੰਘ ਬਹੁਤ ਹੀ ਹੋਣਹਾਰ ਅਧਿਆਪਕ ਹੈ ਜਗਸੀਰ ਬਹੁਤ ਹੀ ਗਰੀਬ ਪਰਿਵਾਰ ਵਿੱਚ ਪੈਦਾ ਹੋਇਆ ਸੀ। ਛੇ ਭੈਣ-ਭਰਾਵਾਂ ਵਿੱਚੋਂ ਸਭ ਤੋਂ ਛੋਟਾ ਸੀ। ਪਰਿਵਾਰ ਬਹੁਤ ਵਡਾ ਹੋਣ ਕਰਕੇ ਘਰ ਦੇ ਸਾਰੇ ਮੈਂਬਰਾਂ ਨੂੰ ਦਿਹਾੜੀ ਕਰਨੀ ਪੈਂਦੀ ਸੀ। ਜਗਸੀਰ ਵੀ ਆਪਣੀ ਪੜ੍ਹਾਈ ਦੇ ਨਾਲ-ਨਾਲ ਦਿਹਾੜੀ ਕਰਦਾ ਸੀ। ਘਰ ਦਾ ਗੁਜ਼ਾਰਾ ਬੱਸ ਰੋਜ਼ਾਨਾ ਦੀ ਦਿਹਾੜੀ ਉੱਪਰ ਹੀ ਚੱਲਦਾ ਸੀ। ਜਗਸੀਰ ਬੜਾ ਹੀ ਹੋਣਹਾਰ ਸੀ। ਉਸ ਨੂੰ ਸ਼ੁਰੂ ਤੋਂ ਹੀ ਖੇਡਾਂ ਦਾ ਬੜਾ ਸ਼ੌਂਕ ਸੀ ਜਿਵੇਂ ਕਬੱਡੀ ਅਤੇ ਦੌੜਨਾ। ਅਕਸਰ ਸਕੂਲ ਦੇ ਵਿਚ ਹੋਣ ਵਾਲੀਆਂ ਖੇਡਾਂ ਦੇ ਵਿਚ ਜਗਸੀਰ ਬੜੀ ਸ਼ਿੱਦਤ ਨਾਲ ਭਾਗ ਲੈਂਦਾ ਸੀ। (Punjabi Story)
ਦਸਵੀਂ ਤੱਕ ਉਹ ਪਿੰਡ ਦੇ ਸਰਕਾਰੀ ਸਕੂਲ ਵਿਚ ਹੀ ਪੜਿ੍ਹਆ, ਬਾਰ੍ਹਵੀਂ ਉਸ ਨੇ ਪ੍ਰਾਈਵੇਟ ਕੀਤੀ, ਕਿਉਂਕਿ ਘਰ ਦੀ ਹਾਲਤ ਗਰੀਬੀ ਹੋਣ ਕਰਕੇ ਜ਼ਿਆਦਾ ਚੰਗੀ ਨਹੀਂ ਸੀ। ਭੈਣਾਂ ਦੇ ਵਿਆਹਾਂ ਦੇ ਬੋਝ ਤੇ ਹੋਰ ਬਹੁਤ ਸਾਰੀਆਂ ਜਿੰਮੇਵਾਰੀਆਂ ਜ਼ਿਆਦਾਤਰ ਜਗਸੀਰ ਦੇ ਮੋਢਿਆਂ ਉੱਪਰ ਹੀ ਸਨ। ਵੱਡੇ ਭਰਾ ਜ਼ਿਆਦਾ ਪੜੇ੍ਹ ਨਹੀਂ ਸਨ। ਇਸ ਕਰਕੇ ਸਾਰੇ ਬਾਹਰ-ਅੰਦਰ ਵਾਲੇ ਕੰਮ ਜਗਸੀਰ ਨੂੰ ਦੇਖਣੇ ਪੈਂਦੇ ਸਨ। ਇਸ ਤਰ੍ਹਾਂ ਜਿੰਮੇਵਾਰੀਆਂ ਨਿਭਾਉਂਦਾ ਹੋਇਆ ਜਗਸੀਰ ਬੀ. ਏ. ਦੀ ਪੜ੍ਹਾਈ ਕਰਨ ਲਈ ਲਾਗਲੇ ਸ਼ਹਿਰ ਕਾਲਜ ਚਲਾ ਗਿਆ। (Punjabi Story)
ਪੜ੍ਹਾਈ ਦੀਆਂ ਉੱਚੀਆਂ ਮੰਜ਼ਿਲਾਂ | Punjabi Story
ਪੜ੍ਹਾਈ ਤੇ ਖੇਡਾਂ ਵਿਚ ਚੰਗਾ ਹੋਣ ਕਰਕੇ ਕਾਲਜ ਵਿਚ ਦਾਖਲਾ ਬਹੁਤ ਛੇਤੀ ਤੇ ਵਜੀਫੇ ਦੇ ਨਾਲ ਮਿਲ ਗਿਆ। ਜਨਮ ਤੋਂ ਹੀ ਔਕੜਾਂ ਦਾ ਸਾਹਮਣਾ ਕਰਦੇ ਹੋਏ, ਆਪਣੇ ਰਸਤੇ ਵਿਚ ਆਈ ਹਰੇਕ ਔਕੜ ਨੂੰ ਖਿੜੇ ਮੱਥੇ ਪਰਵਾਨ ਕਰਿਆ ਤੇ ਆਪਣੀਆਂ ਮਜ਼ਿੰਲਾਂ ਨੂੰ ਪ੍ਰਾਪਤ ਕਰਿਆ। ਇੰਝ ਉਸਨੇ ਉੱਚ ਵਿੱਦਿਆ ਦੀ ਪ੍ਰਾਪਤੀ ਕੀਤੀ। ਜਗਸੀਰ, ਪੜ੍ਹਾਈ ਦੀਆਂ ਉੱਚੀਆਂ ਮੰਜ਼ਿਲਾਂ ਨੂੰ ਛੂੰਹਦਾ ਹੋਇਆ, ਆਪਣੀ ਮੰਜਿਲ ਨੂੰ ਪ੍ਰਾਪਤ ਕਰਨ ਲਈ ਬੀ. ਪੀ. ਐੱਡ ਦੀ ਡਿਗਰੀ ਪ੍ਰਾਪਤ ਕੀਤੀ। ਬੀ.ਪੀ.ਐਡ ਦੀ ਡਿਗਰੀ ਪ੍ਰਾਪਤ ਕਰਨ ਤੋਂ ਬਾਅਦ, ਜਿਵੇਂ ਜਗਸੀਰ ਦੇ ਸੁਫਨੇ ਸੱਚ ਹੁੰਦੇ ਨਜ਼ਰ ਆਏ।
ਇਹ ਸੁਫ਼ਨਿਆਂ ਦੀ ਸੱਚਾਈ ’ਤੇ ਮੋਹਰ ਉਦੋਂ ਲੱਗੀ ਜਦ ਇਸ ਡਿਗਰੀ ਦੇ ਬਲਬੂਤੇ ਜਗਸੀਰ ਨੂੰ ਨਾਲ ਦੇ ਪਿੰਡ ਦੇ ਪ੍ਰਾਈਵੇਟ ਸਕੂਲ ਵਿਚ ਬਤੌਰ ਡੀ ਪੀ ਮਾਸਟਰ ਦੀ ਨੌਕਰੀ ਮਿਲ ਗਈ। ਜਗਸੀਰ ਦੇ ਸੁਫ਼ਨੇ, ਮੰਨੋ ਜਿਵੇਂ ਸੱਚ ਹੋ ਗਏ ਸਨ। ਜਗਸੀਰ ਦੇ ਘਰ ਦੇ ਵੀ ਬਹੁਤ ਖੁਸ਼ ਸਨ ਕਿ ਉਨ੍ਹਾਂ ਦੇ ਲੜਕੇ ਨੂੰ ਨੌਕਰੀ ਮਿਲ ਗਈ ਤੇ ਉਹ ਹੁਣ ਸੌਖੀ ਰੋਟੀ ਖਾ ਸਕਣਗੇ।
Punjabi Story
ਜਗਸੀਰ ਨੇ ਜਿਸ ਦਿਨ ਨੌਕਰੀ ਪ੍ਰਾਪਤ ਕੀਤੀ, ਉਸ ਦਿਨ ਹੀ ਸੋਚ ਲਿਆ ਸੀ ਕਿ ਉਹ ਨੌਕਰੀ ਤੋਂ ਆਪਣਾ-ਆਪ ਨਹੀਂ ਲਕੋਏਗਾ ਅਤੇ ਜੀ-ਜਾਨ ਨਾਲ ਨੌਕਰੀ ਕਰੇਗਾ। ਜਗਸੀਰ ਨੇ ਆਪਣੀ ਸੋਚਣੀ ਦੇ ਮੁਤਾਬਿਕ ਨੌਕਰੀ ਨੂੰ ਹੀ ਆਪਣਾ ਧਰਮ ਸਮਝਿਆ ਤੇ ਸਕੂਲ ਦੇ ਹਰੇਕ ਕੰਮ ਵਿਚ ਬੜੀ ਦਿਲਚਸਪੀ ਲੈਂਦਾ ਤੇ ਬੜੀ ਹੀ ਸੁਹਿਰਦਤਾ ਨਾਲ ਕੰਮ ਨੂੰ ਪੂਰਾ ਕਰਦਾ।
ਆਪਣੇ ਪੇਸ਼ੇ ਦੇ ਵਿਚ ਮੁਹਾਰਤ ਹਾਸਲ ਹੋਣ ਕਰਕੇ ਜਗਸੀਰ ਨੇ ਸਕੂਲ ਦੇ ਬੱਚਿਆਂ ’ਤੇ ਬੜਾ ਧਿਆਨ ਦਿੱਤਾ, ਆਪਣੇ ਪੇਸ਼ੇ ਦੇ ਨਾਲ-ਨਾਲ ਹੋਰ ਜਿਵੇਂ ਕਲਰਕ ਆਦਿ ਦਾ ਕੰਮ ਵੀ ਉਹ ਬੜੀ ਬਾਖੂਬੀ ਤੇ ਮਿਹਨਤ ਦੇ ਨਾਲ ਕਰਦਾ ਸੀ। ਆਪਣੇ ਪੇਸ਼ੇ ਦੇ ਨਾਲ ਬੜੀ ਇਮਾਨਦਾਰੀ ਦੇ ਨਾਲ ਪੇਸ਼ ਆਉਂਦਾ ਸੀ। ਕਿਸੇ ਵੀ ਲੈਵਲ ਦੀਆਂ ਖੇਡਾਂ ਹੋਣੀਆਂ ਤਾਂ ਜਗਸੀਰ ਆਪਣੀ ਮਿਹਨਤ ਦੇ ਨਾਲ ਵੱਖੋ-ਵੱਖ ਖੇਡਾਂ ਵਿਚ ਤਿਆਰ ਕੀਤੇ ਬੱਚਿਆਂ ਨੂੰ ਲਿਜਾਣ ਲੱਗ ਪਿਆ। ਹਾਲੇ ਇਹ ਸ਼ੁਰੂਆਤ ਸੀ (Punjabi Story)
ਹੌਲੀ-ਹੌਲੀ ਸਮਾਂ ਲੰਘਦਾ ਗਿਆ। ਜਗਸੀਰ ਸਿੰਘ ਦੋ ਕੁ ਸਾਲ ਵਿਚ ਬੜਾ ਹੀ ਮਸ਼ਹੂਰ ਡੀ.ਪੀ. ਮਾਸਟਰ ਬਣ ਚੁੱਕਾ ਸੀ। ਇਸ ਵਾਰ ਉਸਦੇ ਸਕੂਲ ਦੀਆਂ ਕਬੱਡੀ ਅਤੇ ਐਥਲੈਟਿਕਸ ਦੀਆਂ ਟੀਮਾਂ ਸਟੇਟ ਖੇਡਣ ਗਈਆਂ। ਇਨ੍ਹਾਂ ਵਿਚੋਂ ਸਟੇਟ ਲੇਵਲ ਦੇ ਐਥਲੈਟਿਕਸ ਦੇ ਮੁਕਾਬਲੇ ਚੱਲ ਰਹੇ ਸਨ। ਜਗਸੀਰ ਦੀ ਮਿਹਨਤ ਸਦਕਾ ਸਕੂਲ ਦੀ ਟੀਮ ਬੜੇ ਹੀ ਸੋਹਣੇ ਜੌਹਰ ਦਿਖਾ ਰਹੀ ਸੀ। ਦੌੜਾਂ, ਕਬੱਡੀ ਅਤੇ ਹੋਰ ਮੁਕਾਬਲਿਆਂ ਵਿਚੋਂ ਬਹੁਤ ਚੰਗੀਆਂ ਪੁਜੀਸ਼ਨਾਂ ਹਾਸਲ ਕੀਤੀਆਂ।
Also Read : ਡਰਾਇਵਰਾਂ ਲਈ ਵੱਡੀ ਖਬਰ, ਹਿੱਟ ਐਂਡ ਰਨ ਕਾਨੂੰਨ ‘ਤੇ ਸਰਕਾਰ ਨੇ ਲਿਆ ਵੱਡਾ ਫ਼ੈਸਲਾ
ਐਥਲੈਟਿਕਸ ਦੇ ਵਿਚ ਲੌਂਗ ਜੰਪ ਮੁਕਾਬਲੇ ਚੱਲ ਰਹੇ ਸਨ, ਜਗਸੀਰ ਦੇ ਸਕੂਲ ਦਾ ਵਿਦਿਆਰਥੀ, ਜੋ ਕਿ ਲੌਂਗ ਜੰਪ ਦੀ ਪੁਜੀਸ਼ਨ ਲੈ ਕੇ ਆਪਣੀ ਵਾਰੀ ਦੀ ਉਡੀਕ ਕਰ ਰਿਹਾ ਸੀ, ਜਦ ਜਗਸੀਰ ਦੇ ਹੋਣਹਾਰ ਵਿਦਿਆਰਥੀ ਨੇ ਦੌੜਨਾ ਸ਼ੁਰੂ ਕੀਤਾ ਤਾਂ ਅਚਾਨਕ ਦੌੜਦੇ ਹੋਏ ਉਸ ਵਿਦਿਆਰਥੀ ਦਾ ਪੈਰ ਸਲਿੱਪ ਕਰ ਗਿਆ ਤੇ ਉਹ ਬਾਂਹ ਭਾਰ ਹੀ ਡਿੱਗ ਪਿਆ। ਜਦ ਉਸ ਵਿਦਿਆਰਥੀ ਨੂੰ ਚੁੱਕਿਆ ਗਿਆ ਤਾਂ ਉਸ ਦੀ ਬਾਂਹ ਟੁੱਟ ਚੁੱਕੀ ਸੀ। ਬੱਸ ਇਹ ਬਾਂਹ ਵਿਦਿਆਰਥੀ ਦੀ ਨਹੀਂ ਟੁੱਟੀ ਸੀ, ਇੱਕ ਤਰ੍ਹਾਂ ਜਗਸੀਰ ਦੀ ਆਪਣੀ ਬਾਂਹ ਟੁੱਟੀ ਚੁੱਕੀ ਸੀ।
Punjabi Story
ਇਸ ਤੋਂ ਬਾਅਦ ਬੱਸ ਜਗਸੀਰ ਸਿੰਘ ਦੀ ਨੌਕਰੀ ’ਤੇ ਬਣ ਆਈ ਤੇ ਸਕੂਲ ਦੀ ਮੈਨੇਜ਼ਮੈਂਟ ਅਤੇ ਵਿਦਿਆਰਥੀ ਦੇ ਮਾਪਿਆਂ ਦੀ ਸੌੜੀ ਸੋਚ ਸਾਹਮਣੇ ਜਗਸੀਰ ਬੇਵੱਸ ਤੇ ਲਾਚਾਰ ਸੀ। ਬੱਚੇ ਦੇ ਮਾਪੇ ਬਾਂਹ ਟੁੱਟਣ ਦਾ ਦੋਸ਼ੀ ਜਗਸੀਰ ਨੂੰ ਹੀ ਮੰਨ ਰਹੇ ਸੀ, ਉਨ੍ਹਾਂ ਮੁਤਾਬਿਕ ਜਗਸੀਰ ਹੀ ਉਨ੍ਹਾਂ ਦੇ ਬੱਚੇ ਖਿਡਾਉਣ ਲੈ ਕੇ ਗਿਆ ਸੀ। ਮਾਪਿਆਂ ਨੇ ਸਕੂਲ ਦੀ ਮੈਨੇਜ਼ਮੈਂਟ ਨੂੰ ਕਿਹਾ ਕਿ ਜਾਂ ਤਾਂ ਜਗਸੀਰ ਮਾਸਟਰ ਨੂੰ ਸਕੂਲ ਵਿਚੋਂ ਕੱਢਿਆ ਜਾਵੇ ਨਹੀ ਤਾਂ ਫਿਰ ਅਸੀਂ ਆਪਣੇ ਸਾਰੇ ਬੱਚਿਆਂ ਨੂੰ ਸਕੂਲ ’ਚੋਂ ਹਟਾ ਲਵਾਂਗੇ। ਉਸ ਪਰਿਵਾਰ ਦੇ ਕੁੱਲ ਚਾਰ ਬੱਚੇ ਉਸ ਸਕੂਲ ਵਿਚ ਪੜ੍ਹਦੇ ਸਨ, ਜਿਸ ਕਰਕੇ ਮੈਨੇਜ਼ਮੈਂਟ ਨੇ ਆਪਣੇ ਮੁਨਾਫ਼ੇ ਨੂੰ ਧਿਆਨ ਵਿੱਚ ਰੱਖਦੇ ਹੋਏ ਆਪਣੀ ਸੋਚ ਦਾ ਪ੍ਰਗਟਾਵਾ ਕੀਤਾ, ਅਤੇ ਜਗਸੀਰ ਦੀ ਕਰੜੀ ਮਿਹਨਤ ਅਤੇ ਇਮਾਨਦਾਰੀ ਭਰੀ ਨੌਕਰੀ ਨੂੰ ਨਕਾਰਦਿਆਂ ਜਗਸੀਰ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ। ਜਗਸੀਰ ਦੀ ਕਰੜੀ ਮਿਹਨਤ ਅਤੇ ਇਮਾਨਦਾਰੀ ਭਰੀ ਤੇ ਅਗਾਂਹਵਧੂ ਸੋਚ, ਸੌੜੀ ਸੋਚ ਦੇ ਸਾਹਮਣੇ ਦਮ ਤੋੜ ਚੁੱਕੀ ਸੀ।
ਅਮਨ (ਅਕਸ)
ਮੋ. 94634-15701