ਸੋਸ਼ਲ ਮੀਡੀਆ ਰਾਹੀਂ ਧੀ ਦੀ ਇੱਜਤ ਉਛਾਲੇ ਜਾਣ ‘ਤੇ ਕੀਤੀ ਖੁਦਕੁਸ਼ੀ
ਬੋਹਾ, ਤਰਸੇਮ ਮੰਦਰਾਂ/ਸੱਚ ਕਹੂੰ ਨਿਊਜ
ਇੱਥੋਂ ਨੇੜਲੇ ਪਿੰਡ ਸ਼ੇਰਖਾਂਵਾਲਾ ਵਿੱਖੇ ਇੱਕ ਚਾਲ੍ਹੀ ਸਾਲਾ ਗਰੀਬ ਵਿਅਕਤੀ ਵੱਲੋਂ ਸੋਸ਼ਲ ਮੀਡੀਆ ‘ਤੇ ਇੱਕ ਆਈਡੀ ਰਾਹੀਂ ਆਪਣੀ ਧੀ ਦੀ ਇੱਜ਼ਤ ਉਛਾਲੇ ਜਾਣ ਦਾ ਸਦਮਾ ਨਾ ਸਹਾਰਦਿਆਂ ਬੀਤੀ ਰਾਤ ਖੁਦਕੁਸ਼ੀ ਕਰ ਲਈ। ਮਿਲੀ ਜਾਣਕਾਰੀ ਅਨੁਸਾਰ ਇਸ ਪਿੰਡ ਦੇ ਵਸਨੀਕ ਸ਼ਾਮ ਸਿੰਘ ਨੇ ਇੱਕ ਸਾਲ ਪਹਿਲਾਂ ਆਪਣੀ ਧੀ ਦਾ ਰਿਸ਼ਤਾ ਪਿੰਡ ਜਟਾਣਾ ਵਿਖੇ ਕੀਤਾ ਸੀ ਪ੍ਰੰਤੂ ਪਿੰਡ ਦੇ ਕੁਝ ਵਿਅਕਤੀਆਂ ਨੇ ਉਸ ਦੀ ਇੱਜਤ ਖਰਾਬ ਕਰਨ ਲਈ ਉਸ ਦੀ ਧੀ ਦੀ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਕਰ ਦਿੱਤੀ, ਜਿਸ ਦਾ ਸਦਮਾ ਨਾ ਸਹਾਰਦਿਆਂ ਸ਼ਾਮ ਸਿੰਘ ਨੇ ਖੁਦਕੁਸ਼ੀ ਕਰ ਲਈ।
ਮ੍ਰਿਤਕ ਸ਼ਾਮ ਸਿੰਘ ਦੀ ਪਤਨੀ ਵੀਰ ਪਾਲ ਕੌਰ ਦੇ ਬਿਆਨਾਂ ਅਨੁਸਾਰ ਉਹਨਾਂ ਦੇ ਪਰਿਵਾਰ ਨਾਲ ਖੁੰਦਕ ਰੱਖਣ ਵਾਲੇ ਪਿੰਡ ਸ਼ੇਰਖਾਂ ਵਾਲੇ ਦੇ ਨੌਜਵਾਨ ਡਾ. ਗਮਦੂਰ ਸਿੰਘ, ਸੁਖਵਿੰਦਰ ਸਿੰਘ, ਸਾਬਕਾ ਸਰਪੰਚ ਜੱਗਾ ਸਿੰਘ ਅਤੇ ਸੁਖਵਿੰਦਰ ਸਿੰਘ ਉਸ ਦੀ ਧੀ ਨੂੰ ਬਦਨਾਮ ਕਰਕੇ ਇਹ ਰਿਸ਼ਤਾ ਤੁੜਵਾਉਣਾ ਚਾਹੁੰਦੇ ਸਨ। ਇਸ ਮਾਮਲੇ ਨੂੰ ਲੈ ਕੇ ਦੋ ਦਿਨ ਪਹਿਲਾਂ ਸ਼ਾਮ ਸਿੰਘ ਦੀ ਉਹਨਾਂ ਨੌਜਵਾਨਾਂ ਨਾਲ ਤਕਰਾਰ ਵੀ ਹੋਈ ਸੀ।
ਇਸ ਤਕਰਾਰ ਤੋਂ ਬਾਅਦ ਗਮਦੂਰ ਸਿੰਘ ਤੇ ਸੁਖਵਿੰਦਰ ਸਿੰਘ ਨੇ ਆਪਸੀ ਗੱਲਬਾਤ ਦੇ ਅਧਾਰ ‘ਤੇ ਉਸਦੀ ਧੀ ਬਾਰੇ ਆਪਸ ‘ਚ ਬਹੁਤ ਇਤਰਾਜ਼ਯੋਗ ਗੱਲਾਂ ਕਰਦਿਆਂ ਇੱਕ ਆਈਡੀ ਬਣਾਈ ਤੇ ਇਸ ਨੂੰ ਸੋਸ਼ਲ ਮੀਡੀਆ ‘ਤੇ ਵਾਇਰਲ ਕਰ ਦਿੱਤਾ। ਜਿਉਂ ਹੀ ਇਹ ਗੱਲਬਾਤ ਸੋਸ਼ਲ ਮੀਡੀਆ ਰਾਹੀਂ ਸ਼ਾਮ ਸਿੰਘ ਕੋਲ ਪਹੁੰਚੀ ਤਾਂ ਉਸ ਨੇ ਆਪਣੀ ਧੀ ਦੀ ਬੇਇਜ਼ਤੀ ਨਾ ਸਹਾਰਦਿਆਂ ਤਣਾਅ ਵਿੱਚ ਆਕੇ ਸਪਰੇਅ ਪੀ ਲਈ ਤੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।
ਬੋਹਾ ਪੁਲਿਸ ਨੇ ਮ੍ਰਿਤਕ ਦੀ ਪਤਨੀ ਵੀਰਪਾਲ ਕੌਰ ਦੇ ਬਿਆਨਾਂ ਦੇ ਅਧਾਰ ‘ਤੇ ਇਹ ਆਈਡੀ ਬਣਾਉਣ ਤੇ ਵਾਇਰਲ ਕਰਨ ਵਾਲੇ ਉਕਤ ਚਾਰੇ ਵਿਅਕਤੀਆਂ ਖਿਲਾਫ ਧਾਰਾ 306 ਅਧੀਨ ਪਰਚਾ ਦਰਜ਼ ਕਰ ਲਿਆ ਹੈ। ਕੇਸ ਦੀ ਤਫਤੀਸ਼ ਕਰ ਰਹੇ ਸਬ ਇੰਸਪੈਕਟਰ ਸਤਵਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਦੀ ਭਾਲ ਲਈ ਲਗਾਤਾਰ ਰੇਡ ਕੀਤੀ ਜਾ ਰਹੀ ਹੈ ਤੇ ਉਨ੍ਹਾਂ ਨੂੰ ਛੇਤੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।