ਸਾਫ਼ਟਵੇਅਰ ‘ਤੇ ਭਾਰੂ ਪਈ ਅਧਿਕਾਰੀਆਂ ਦੀ ਸੁਸਤੀ, ਨਹੀਂ ਹੋਣਗੇ ਅਜੇ ਅਧਿਆਪਕਾਂ ਦੇ ਹੱਥੋ-ਹੱਥ ਤਬਾਦਲੇ

Sluggishness, Software Laden, Officers, Hand-to-Hand, Transfers, Teachers

22 ਜੁਲਾਈ ਨੂੰ ਹੋਣੇ ਸਨ ਤਬਾਦਲੇ ਪਰ ਅਧਿਕਾਰੀ ਕਰ ਨਾ ਸਕੇ ਸਮੇਂ ਸਿਰ ਸਾਰਾ ਕੰਮ ਮੁਕੰਮਲਫ

ਜੁਲਾਈ ਦੇ ਮਹੀਨੇ ਵਿੱਚ ਨਹੀਂ ਮੁਕੰਮਲ ਹੋਵੇਗਾ ਤਬਾਦਲੇ ਦਾ ਕੰਮ

ਅਧਿਆਪਕਾਂ ਨੇ ਕਾਹਲੀ ਵਿੱਚ ਭਰਿਆ ਗਲਤ ਡਾਟਾ ਤਾਂ ਦਰਿਆ-ਦਿਲੀ ਦਿਖਾਉਣ ਲੱਗ ਪਏ ਅਧਿਕਾਰੀ

ਅਸ਼ਵਨੀ ਚਾਵਲਾ, ਚੰਡੀਗੜ੍ਹ

ਸਿੱਖਿਆ ਵਿਭਾਗ ‘ਚ ਅਧਿਆਪਕਾਂ ਦੇ ਤਬਾਦਲੇ ਵਿਭਾਗੀ ਅਧਿਕਾਰੀਆਂ ਦੀ ਸੁਸਤੀ ਕਾਰਨ ਅਤੇ ਅਧਿਕਾਰੀਆਂ ਦੀ ਕੁਝ ਅਧਿਆਪਕਾਂ ਪ੍ਰਤੀ ਦਰਿਆ-ਦਿਲੀ ਦਿਖਾਉਣ ਕਾਰਨ ਵੀ ਤਬਾਦਲੇ ਦਾ ਕੰਮ ਲੇਟ ਹੁੰਦਾ ਜਾ ਰਿਹਾ ਹੈ। ਸਿੱਖਿਆ ਵਿਭਾਗ ਨੇ 22 ਜੁਲਾਈ ਨੂੰ ਪੰਜਾਬ ਭਰ ਤੋਂ ਆਏ ਅਧਿਆਪਕਾਂ ਦੇ ਤਬਾਦਲੇ ਦਾ ਕੰਮ ਮੁਕੰਮਲ ਕਰਨਾ ਸੀ ਪਰ ਅਜੇ ਤੱਕ ਵਿਭਾਗੀ ਅਧਿਕਾਰੀ ਇਨ੍ਹਾਂ ਤਬਾਦਲਿਆਂ ਦੇ ਆਦੇਸ਼ਾਂ ਨੂੰ ਜਾਰੀ ਕਰਨਾ ਤਾਂ ਦੂਰ, ਤਬਾਦਲੇ ਦੀਆਂ ਅਰਜ਼ੀਆਂ ਲੈਣ ਅਤੇ ਉਨ੍ਹਾਂ ਦੀ ਮੈਰਿਟ ਬਣਾਉਣ ‘ਚ ਹੀ ਉਲਝੇ ਪਏ ਹਨ।

 ਇਸ ਮਾਮਲੇ ਵਿੱਚ ਕਿਸੇ ਵੀ ਤਰ੍ਹਾਂ ਦਾ ਸਪੱਸ਼ਟੀਕਰਨ ਦੇਣ ਦੀ ਥਾਂ ‘ਤੇ ਸਿੱਖਿਆ ਵਿਭਾਗ ਦੇ ਹਾਲਾਤ ਇਹੋ ਜਿਹੇ ਬਣੇ ਹੋਏ ਹਨ ਕਿ ਸੀਨੀਅਰ ਅਧਿਕਾਰੀਆਂ ਤੋਂ ਲੈ ਕੇ ਵਿਭਾਗ ਦਾ ਬੁਲਾਰਾ ਵੀ ਫੋਨ ਚੁੱਕਣ ਦੀ ਥਾਂ ‘ਤੇ ਟਾਲ਼ਾ ਹੀ ਵੱਟ ਰਿਹਾ ਜਾਣਕਾਰੀ ਅਨੁਸਾਰ  ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਨੇ ਵੱਡੇ ਵੱਡੇ ਦਾਅਵੇ ਕਰਦੇ ਹੋਏ ਐਲਾਨ ਕੀਤਾ ਸੀ ਕਿ ਸਾਫ਼ਟਵੇਅਰ ਰਾਹੀਂ ਕੁਝ ਹੀ ਮਿੰਟਾਂ ਵਿੱਚ ਤਬਾਦਲੇ ਹੱਥ ਵਿੱਚ ਹੋਣਗੇ ਅਤੇ ਜਿਹੜੇ ਅਧਿਆਪਕ ਸਵੇਰੇ ਤਬਾਦਲੇ ਲਈ ਨਿਯਮਾਂ ਅਨੁਸਾਰ ਅਪਲਾਈ ਕਰਨਗੇ, ਉਨ੍ਹਾਂ ਨੂੰ ਦੇਰ ਸ਼ਾਮ ਤੱਕ ਤਬਾਦਲਾ ਹੋਣ ਦੇ ਆਦੇਸ਼ ਤੱਕ ਮਿਲ ਜਾਣਗੇ ਸਿੰਗਲਾ ਨੇ ਵਿਭਾਗ ਵੱਲੋਂ ਪਹਿਲੀ ਵਾਰ ਤਬਾਦਲੇ ਕਰਨ ਦੀ ਡੈਡਲਾਈਨ 22 ਜੁਲਾਈ ਰੱਖੀ ਸੀ ਪਰ 22 ਜੁਲਾਈ ਤੱਕ 10 ਹਜ਼ਾਰ ਤੋਂ ਜ਼ਿਆਦਾ ਅਧਿਆਪਕਾਂ ਦੇ ਤਬਾਦਲੇ ਦੀਆਂ ਅਰਜ਼ੀਆਂ ਤਾਂ ਵਿਭਾਗ ਕੋਲ ਪੁੱਜੀਆਂ ਪਰ ਤਬਾਦਲਾ ਇਨ੍ਹਾਂ ਵਿੱਚੋਂ ਇੱਕ ਦਾ ਵੀ ਸਿੱਖਿਆ ਵਿਭਾਗ ਤੈਅ ਮਿਤੀ ਅਨੁਸਾਰ ਨਹੀਂ ਹੋ ਰਿਹਾ।

ਦੱਸਿਆ ਜਾ ਰਿਹਾ ਹੈ ਕਿ ਵਿਭਾਗੀ ਅਧਿਕਾਰੀ ਸਰਕਾਰੀ ਰਿਕਾਰਡ ਨੂੰ ਹੀ ਅਧਿਆਪਕਾਂ ਦੇ ਨਾਲ ਮੇਲ ਨਹੀਂ ਕਰ ਸਕੇ ਕੁਝ ਅਧਿਆਪਕਾਂ ਵੱਲੋਂ ਇੱਕ ਤੋਂ ਜਿਆਦਾ ਥਾਵਾਂ ‘ਤੇ ਤਬਾਦਲੇ ਲਈ ਅਪਲਾਈ ਕਰਨ ਕਰਕੇ ਵੀ ਦੇਰੀ ਹੋ ਰਹੀਂ ਹੈ। ਸਿੱਖਿਆ ਵਿਭਾਗ ਇਨ੍ਹਾਂ ਔਕੜਾਂ ਲਈ ਪਹਿਲਾਂ ਤੋਂ ਤਿਆਰ ਹੀ ਨਹੀਂ ਸੀ ਇਥੇ ਹੀ ਕਈ ਅਧਿਆਪਕ ਇਸ ਗੱਲ ਦੀ ਚਿੰਤਾ ਜ਼ਾਹਿਰ ਕਰ ਰਹੇ ਹਨ ਕਿ ਤਬਾਦਲੇ ਕਰਨ ਵਿੱਚ ਦੇਰੀ ਤਕਨੀਕੀ ਖ਼ਾਮੀ ਦੇ ਕਾਰਨ ਹੈ ਜਾਂ ਫਿਰ ਕੁਝ ਸਿਫ਼ਾਰਸ਼ੀ, ਜਿਹੜੇ ਨਿਯਮਾਂ ਅਨੁਸਾਰ ਮੈਰਿਟ ‘ਤੇ ਹੀ ਨਹੀਂ ਆਏ, ਉਨ੍ਹਾਂ ਨੂੰ ਕਿਸੇ ਤਰੀਕੇ ਮੈਰਿਟ ‘ਤੇ ਲੈ ਕੇ ਆਉਣ ਦੀ ਕੋਸ਼ਿਸ਼ ਵਿੱਚ ਇਹ ਦੇਰੀ ਹੋ ਰਹੀ ਹੈ। ਸਿੱਖਿਆ ਵਿਭਾਗ ਦੇ ਅਧਿਕਾਰੀਆਂ ‘ਤੇ ਇਸ ਤਰ੍ਹਾਂ ਦੇ ਗੰਭੀਰ ਦੋਸ਼ ਵੀ ਲੱਗ ਰਹੇ ਹਨ ਪਰ ਇਨ੍ਹਾਂ ਦੋਸ਼ ਦਾ ਸਪੱਸ਼ਟੀਕਰਨ ਜਾਂ ਫਿਰ ਇਨ੍ਹਾਂ ਨੂੰ ਨਕਾਰਨ ਲਈ ਸਿੱਖਿਆ ਵਿਭਾਗ ਦਾ ਕੋਈ ਵੀ ਅਧਿਕਾਰੀ ਅੱਗੇ ਹੀ ਨਹੀਂ ਆ ਰਿਹਾ ਹੈ। ਉੱਚ ਅਧਿਕਾਰੀਆਂ ਤੋਂ ਲੈ ਕੇ ਵਿਭਾਗ ਦਾ ਬੁਲਾਰਾ ਤੱਕ ਫੋਨ ਚੁੱਕਣ ਦੀ ਥਾਂ ‘ਤੇ ਟਾਲ਼ਾ ਹੀ ਵੱਟ ਰਿਹਾ ਹੈ।

25 ਜੁਲਾਈ ਤੱਕ ਹੀ ਤਬਾਦਲੇ ਸ਼ੁਰੂ ਹੋਣ ਦੀ ਉਮੀਦ

ਸਿੱਖਿਆ ਵਿਭਾਗ ਵਿੱਚ ਤਬਾਦਲੇ ਦਾ ਕੰਮ ਲਟਕਣ ਕਾਰਨ ਹੁਣ 25 ਜੁਲਾਈ ਤੱਕ ਹੀ ਉਮੀਦ ਲਗਾਈ ਜਾ ਰਹੀ ਹੈ ਅਧਿਆਪਕਾਂ ਵੱਲੋਂ 22 ਜੁਲਾਈ ਨੂੰ ਸਾਰਾ ਦਿਨ ਵੈਬਸਾਈਟ ‘ਤੇ ਟਕਟਕੀ ਲਗਾ ਕੇ ਨਜ਼ਰ ਰੱਖੀ ਜਾ ਰਹੀ ਸੀ ਕਿ ਸ਼ਾਇਦ ਅੱਜ ਤਬਾਦਲੇ ਨਾਲ ਉਨ੍ਹਾਂ ਨੂੰ ਘਰ ਦੇ ਨੇੜੇ ਵਾਲੇ ਸਕੂਲ ਵਿੱਚ ਜਾਣ ਦਾ ਮੌਕਾ ਮਿਲ ਜਾਵੇ ਪਰ ਤੈਅ ਤਾਰੀਖ਼ 22 ਜੁਲਾਈ ਨੂੰ ਤਬਾਦਲੇ ਦਾ ਕੰਮ ਸ਼ੁਰੂ ਹੀ ਨਹੀਂ ਹੋ ਸਕਿਆ ਹੈ। ਵਿਭਾਗ ਨੂੰ 25 ਜੁਲਾਈ ਤੱਕ ਤਬਾਦਲੇ ਹੋਣ ਦੀ ਉਮੀਦ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।