ਇੱਕ ਦੂਜੇ ਖ਼ਿਲਾਫ਼ ਕੀਤੀ ਨਾਅਰੇਬਾਜ਼ੀ, ਪੁਲਿਸ ਨੇ ਮਾਹੌਲ ਨੂੰ ਸ਼ਾਂਤ ਕਰਵਾਇਆ
(ਅਨਿਲ ਲੁਟਾਵਾ) ਫ਼ਤਹਿਗੜ੍ਹ ਸਾਹਿਬ। ਨਗਰ ਕੌਂਸਲ ਸਰਹਿੰਦ-ਫ਼ਤਹਿਗੜ੍ਹ ਸਾਹਿਬ ਦੀ ਮੀਟਿੰਗ ਦੌਰਾਨ ਕਾਂਗਰਸੀ ਕੌਂਸਲਰ ਅਤੇ ਆਪ ਕੌਂਸਲਰ ਆਹਮੋ-ਸਾਹਮਣੇ ਹੋ ਗਏ ਅਤੇ ਇੱਕ ਦੂਸਰੇ ਖ਼ਿਲਾਫ਼ ਨਾਅਰੇਬਾਜ਼ੀ ਕਰਨ ਲੱਗੇ, ਮਾਹੌਲ ਨੂੰ ਖ਼ਰਾਬ ਹੁੰਦਾ ਦੇਖ ਪੁਲਿਸ ਨੇ ਦਖ਼ਲ ਦੇ ਕੇ ਦੋਵਾਂ ਧਿਰਾਂ ਨੂੰ ਸ਼ਾਂਤ ਕੀਤਾ। ਇਸ ਮੌਕੇ ਸ਼ਹਿਰ ਦੇ ਬਹੁਤੇ ਲੋਕ ਨਗਰ ਕੌਂਸਲ ਦਫ਼ਤਰ ਪਹੁੰਚੇ ਹੋਏ ਸਨ, ਜਿਨ੍ਹਾਂ ਨੂੰ ਉਨ੍ਹਾਂ ਦੇ ਮਾਲਕਾਨਾ ਹੱਕ ਬਾਰੇ ਦੇਣ ਬਾਰੇ ਬੁਲਾਇਆ ਗਿਆ ਸੀ। ਇਸ ਮੌਕੇ ਢੋਲੀ ਵੀ ਹਾਜ਼ਰ ਸੀ ਅਤੇ ਜਦੋਂ ਢੋਲੀ ਨੇ ਢੋਲ ਵਜਾਉਣਾ ਸ਼ੁਰੂ ਕੀਤਾ ਤਾਂ ਆਪ ਪਾਰਟੀ ਵਾਲਿਆਂ ਨੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਅਤੇ ਦੂਸਰੇ ਪਾਸੇ ਕਾਂਗਰਸੀ ਕੌਂਸਲਰਾਂ ਨੇ ਵੀ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ।
ਕੀ ਕਹਿੰਦੇ ਹਨ ਆਪ ਪਾਰਟੀ ਦਾ ਕੌਂਸਲਰ
ਆਪ ਪਾਰਟੀ ਦੀ ਕੌਂਸਲਰ ਆਸ਼ਾ ਰਾਣੀ, ਕੌਂਸਲਰ ਹਰਵਿੰਦਰ ਕੌਰ, ਕੌਂਸਲਰ ਦਵਿੰਦਰ ਕੌਰ,ਰਮੇਸ਼ ਕੁਮਾਰ ਸੋਨੂੰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕੇ ਨਗਰ ਕੌਂਸਲ ਸਰਹਿੰਦ ਵੱਲੋਂ ਉਨ੍ਹਾਂ ਦੇ ਵਾਰਡਾਂ ਨਾਲ ਪੱਖਪਾਤ ਕੀਤਾ ਜਾ ਰਿਹਾ ਹੈ, ਆਪ ਦੇ ਤਿੰਨੇ ਕੌਂਸਲਰਾਂ ਦੇ ਵਾਰਡਾਂ ਵਿਚ ਵਿਕਾਸ ਨਹੀਂ ਹੋਣ ਦਿੱਤਾ ਜਾ ਰਿਹਾ। ਸਾਰੇ ਸ਼ਹਿਰ ਵਿਚ ਕਾਂਗਰਸੀ ਕੌਂਸਲਰਾਂ ਦੇ ਵਾਰਡਾਂ ਵਿਚ ਨਵੇਂ ਬੈਂਚ ਲੋਕਾਂ ਦੇ ਬੈਠਣ ਲਈ ਗਲੀਆਂ-ਸੜਕਾਂ ’ਤੇ ਰੱਖੇ ਗਏ ਹਨ, ਪਰ ਆਪ ਕੌਂਸਲਰਾਂ ਦੇ ਵਾਰਡਾਂ ਵਿਚ ਨਹੀਂ ਰੱਖੇ ਗਏ, ਸਫ਼ਾਈ ਕਰਮਚਾਰੀ ਵੀ ਆਪ ਕੌਂਸਲਰਾਂ ਵਾਲੇ ਵਾਰਡਾਂ ਵਿਚ ਘੱਟ ਹੀ ਆਉਂਦੇ ਹਨ, ਸਟਰੀਟ ਲਾਈਟਾਂ ਦੀ ਰਿਪੇਅਰ ਅਤੇ ਨਵੀਨੀਕਰਨ ਦਾ ਕੰਮ ਵੀ ਆਪ ਕੌਂਸਲਰਾਂ ਵਾਲੇ ਵਾਰਡਾਂ ਵਿਚ ਨਹੀਂ ਕਰਵਾਇਆ ਜਾ ਰਿਹਾ।
ਉਨ੍ਹਾਂ ਕਿਹਾ ਕਿ ਉਹ ਲਗਭਗ ਇੱਕ ਦਰਜਨ ਤੋਂ ਵੀ ਵੱਧ ਮੰਗ ਪੱਤਰ ਜ਼ਿਲ੍ਹਾ ਪ੍ਰਸ਼ਾਸਨ ਅਤੇ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਦੇ ਚੁੱਕੇ ਹਨ, ਪਰ ਹਾਲੇ ਤੱਕ ਉਨ੍ਹਾਂ ਦੀ ਸੁਣਵਾਈ ਨਹੀਂ ਹੋਈ ਹੈ। ਕੌਂਸਲਰ ਆਸ਼ਾ ਰਾਣੀ ਨੇ ਦੋਸ਼ ਲਗਾਇਆ ਕਿ ਮੀਟਿੰਗ ਤਾਂ ਖਾਨਾਪੂਰਤੀ ਲਈ ਹੁੰਦੀ ਹੈ, ਸਾਰਾ ਕੁੱਝ ਪਹਿਲਾ ਹੀ ਤੈਅ ਕਰ ਦਿੱਤਾ ਜਾਂਦਾ ਹੈ, ਕੌਂਸਲਰਾਂ ਨੂੰ ਕੇਵਲ ਦਸਤਖ਼ਤ ਕਰਵਾਉਣ ਲਈ ਬੁਲਾਇਆ ਜਾਂਦਾ ਹੈ। ਸ਼ਹਿਰ ਦੇ ਮਸਲੇ ਕੁੱਝ ਹੀ ਮਿੰਟਾਂ ਵਿਚ ਕਾਂਗਰਸੀ ਕੌਂਸਲਰ ਹੱਲ ਕਰਨ ਦੀਆਂ ਗੱਲਾਂ ਕਰਦੇ ਹਨ।
ਕੀ ਕਹਿੰਦੇ ਹਨ ਕਾਂਗਰਸੀ ਕੌਂਸਲਰ ਨਰਿੰਦਰ ਪ੍ਰਿੰਸ
ਇਸ ਸਬੰਧੀ ਕਾਂਗਰਸੀ ਕੌਂਸਲਰ ਨਰਿੰਦਰ ਪ੍ਰਿੰਸ ਨਾਲ ਗੱਲ ਕਰਨ ’ਤੇ ਉਨ੍ਹਾਂ ਸਾਰੇ ਦੋਸ਼ਾਂ ਨੂੰ ਝੂਠੇ ਅਤੇ ਬੇਬੁਨਿਆਦ ਦੱਸਦੇ ਹੋਏ ਕਿਹਾ ਕਿ ਇਹ ਸਭ ਰਾਜਨੀਤੀ ਤੋਂ ਪ੍ਰੇਰਿਤ ਹੋ ਕੇ ਕੀਤਾ ਜਾ ਰਿਹਾ ਹੈ, ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਹਲਕੇ ਦਾ ਵਿਕਾਸ ਵੱਡੇ ਪੱਧਰ ’ਤੇ ਕਰਵਾ ਦਿੱਤਾ ਹੈ, ਜਿਸ ਕਾਰਨ ਵਿਰੋਧੀ ਪਾਰਟੀਆਂ ਅਜਿਹੇ ਕੰਮ ਕਰ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਅੱਜ 11 ਵਜੇ ਨਗਰ ਕੌਂਸਲ ਦੀ ਮੀਟਿੰਗ ਸ਼ੁਰੂ ਹੋਈ ਸੀ, ਜਿਸ ਵਿਚ ਕਾਰਜ ਸਾਧਕ ਅਫ਼ਸਰ ਨੇ ਸਾਰੀ ਕਾਰਵਾਈ ਪੜ੍ਹਕੇ ਸੁਣਾਈ ਅਤੇ 11.40 ਮਿੰਟ ਤੇ ਮੀਟਿੰਗ ਖ਼ਤਮ ਹੋਈ।
ਮੀਟਿੰਗ ਖ਼ਤਮ ਹੋਣ ਤੋਂ ਬਾਅਦ ਆਪ ਪਾਰਟੀ ਦੀਆਂ ਕੌਂਸਲਰਾਂ ਅਤੇ ਵਰਕਰਾਂ ਨੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਸੀ। ਉਨ੍ਹਾਂ ਕਿਹਾ ਕਿ ਇਸ ਮੀਟਿੰਗ ਵਿਚ 125 ਵਿਅਕਤੀਆਂ ਨੂੰ ਉਨ੍ਹਾਂ ਦੇ ਮਾਲਕਾਨਾ ਹੱਕ ਦੇਣ ਲਈ ਮਤਾ ਪਾਸ ਕੀਤਾ ਗਿਆ, ਇਹ ਲੋਕ ਸਰਕਾਰੀ ਰੇਟ ਅਨੁਸਾਰ ਨਗਰ ਕੌਂਸਲ ਵਿਚ ਪੈਸੇ ਜਮ੍ਹਾਂ ਕਰਵਾਉਣਗੇ।
ਇਨ੍ਹਾਂ ਵਿੱਚੋਂ ਜ਼ਿਆਦਾਤਰ ਲੋਕ ਪਾਕਿਸਤਾਨ ਤੋਂ ਆ ਕੇ ਵੱਸੇ ਸਨ ਅਤੇ ਲਗਭਗ 60-70 ਸਾਲਾਂ ਤੋਂ ਇਨ੍ਹਾਂ ਥਾਵਾਂ ’ਤੇ ਰਹਿ ਰਹੇ ਸਨ। ਪੰਜਾਬ ਸਰਕਾਰ ਦੇ ਨੋਟੀਫ਼ਿਕੇਸ਼ਨ ਅਨੁਸਾਰ ਡੀ. ਸੀ., ਐਮ.ਪੀ. ਵਿਧਾਇਕ, ਨਗਰ ਕੌਂਸਲ ਪ੍ਰਧਾਨ ਅਤੇ ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਦੀ 5 ਮੈਂਬਰੀ ਕਮੇਟੀ ਨੇ ਕਮਰਸ਼ੀਅਲ ਜਗ੍ਹਾ ਦਾ 2 ਲੱਖ 60 ਹਜ਼ਾਰ ਰੁਪਏ ਮਰਲਾ ਅਤੇ ਰਿਹਾਇਸ਼ੀ ਥਾਂ ਦਾ 80 ਹਜ਼ਾਰ ਰੁਪਏ ਮਰਲਾ ਰੇਟ ਤੈਅ ਕੀਤਾ ਸੀ। ਇਸ ਮੀਟਿੰਗ ਵਿਚ ਇਹ ਵੀ ਪਾਸ ਕੀਤਾ ਗਿਆ ਕਿ ਜੋ ਵੀ ਰਹਿੰਦੀਆਂ ਦਰਖਾਸਤਾਂ ਹਨ ਉਹ ਵੀ ਅੱਜ ਹੀ ਕਲੀਅਰ ਕਰ ਦਿੱਤੀਆਂ ਜਾਣਗੀਆਂ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ