ਪੰਜਾਬੀ ਯੂਨੀਵਰਸਿਟੀ ਨੇ ਕੀਤਾ ਮਜ੍ਹਬੀ ਸਿੱਖ/ਵਾਲਮੀਕਿ ਰਾਖਵਾਂਕਰਨ ਬਹਾਲ

Punjabi University Sachkahoon

ਮਾਮਲਾ 06 ਪਿ੍ਰੰਸੀਪਲ ਅਤੇ 133 ਅਸਿਸਟੈਂਟ ਪ੍ਰੋਫੈਸਰ ਭਰਤੀ ਦਾ

ਸਿੰਗਲ ਪੋਸਟ ’ਤੇ ਨਹੀਂ ਕੀਤਾ ਰਿਜਰਵੇਸ਼ਨ ਇਨ ਸਰਵਿਸਿਜ਼ ਐਕਟ ਲਾਗੂ : ਡਾ. ਜਤਿੰਦਰ ਸਿੰਘ ਮੱਟੂ

(ਨਰਿੰਦਰ ਸਿੰਘ ਬਠੋਈ) ਪਟਿਆਲਾ। ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਕਾਂਸਟੀਚਿਊਟ ਕਾਲਜਾਂ ਵਿੱਚ 06 ਪਿ੍ਰੰਸੀਪਲ ਅਤੇ 133 ਅਸਿਸਟੈਂਟ ਪ੍ਰੋਫੈਸਰ ਦੀ ਭਰਤੀ ਵਿੱਚ ਮਜ੍ਹਬੀ ਸਿੱਖ/ਵਾਲਮੀਕਿ ਰਾਖਵਾਂਕਰਨ ਆਖ਼ਰ ਬਹਾਲ ਕਰ ਦਿੱਤਾ ਗਿਆ ਹੈ। ਇਸ ਸਬੰਧੀ ਯੂਨੀਵਰਸਿਟੀ ਅਥਾਰਿਟੀ ਨੇ ਆਪਣੀ ਵੈਬਸਾਈਟ ਉੱਪਰ ਦਿੱਤੇ ਇਸ਼ਤਿਹਾਰ ਨੂੰ ਸੋਧ ਕੇ ਦੁਬਾਰਾ ਤੋਂ ਅਪਲੋਡ ਕਰ ਦਿੱਤਾ ਗਿਆ ਹੈ। ਜਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਯੂਨੀਵਰਸਿਟੀ ਵੱਲੋਂ ਜਾਰੀ ਇਹਨਾਂ ਅਸਾਮੀਆਂ ਦੇ ਇਸ਼ਤਿਹਾਰ ਵਿੱਚ ਅਨੁਸੂਚਿਤ ਜਾਤੀ ਰਾਖਵਾਂਕਰਨ ਤਾਂ ਦਿੱਤਾ ਗਿਆ ਸੀ ਪਰ ਅਨੁਸੂਚਿਤ ਜਾਤੀ ਕੈਟਾਗਿਰੀ ਵਿੱਚ ਮਜ੍ਹਬੀ ਸਿੱਖ/ਵਾਲਮੀਕਿ ਸਮਾਜ ਨੂੰ ਉਨ੍ਹਾਂ ਦਾ ਬਣਦਾ ਰਾਖਵਾਂਕਰਨ ਨਹੀਂ ਦਿੱਤਾ ਗਿਆ।

ਜਿਸ ਖਿਲਾਫ ਪੰਜਾਬ ਦੇ ਐਸ.ਸੀ ਸਮਾਜ ਦੇ ਸਰਗਰਮ ਆਗੂ, ਡਾ. ਅੰਬੇਡਕਰ ਕਰਮਚਾਰੀ ਮਹਾਂਸੰਘ, ਪੰਜਾਬ ਦੇ ਸੂਬਾ ਪ੍ਰਧਾਨ ਅਤੇ ਯੂਨੀਵਰਸਿਟੀ ਇਕਾਈ ਦੇ ਆਗੂ ਡਾ. ਜਤਿੰਦਰ ਸਿੰਘ ਮੱਟੂ ਨੇ ਯੂਨੀਵਰਸਿਟੀ ਪ੍ਰਸ਼ਾਸ਼ਨ ਨੂੰ ਮਿਲ ਕੇ ਮਜ੍ਹਬੀ ਸਿੱਖ/ਵਾਲਮੀਕਿ ਕੈਟਾਗਿਰੀ ਦਾ ਰਾਖਵਾਂਕਰਨ ਬਹਾਲ ਕਰਨ ਦੀ ਮੰਗ ਕੀਤੀ ਗਈ ਸੀ। ਅਜਿਹਾ ਨਾ ਕਰਨ ਦੀ ਸੂਰਤ ਵਿੱਚ ਉਨ੍ਹਾਂ ਯੂਨੀਵਰਸਿਟੀ ਪ੍ਰਸ਼ਾਸ਼ਨ ਖਿਲਾਫ ਰੋਸ ਧਰਨਾ ਦੇਣ ਦੀ ਚਿਤਾਵਨੀ ਵੀ ਦਿੱਤੀ ਸੀ। ਜਿਸ ਤੋਂ ਬਾਅਦ ਯੂਨੀਵਰਸਿਟੀ ਅਥਾਰਿਟੀ ਨੂੰ ਹੱਥਾਂ-ਪੈਰਾਂ ਦੀ ਪੈ ਗਈ ਸੀ। ਆਖ਼ਰ ਐਸ.ਸੀ ਸਮਾਜ ਦੇ ਰੋਸ ਅਤੇ ਗੁੱਸੇ ਅੱਗੇ ਝੁਕਦਿਆਂ ਯੂਨੀਵਰਸਿਟੀ ਅਥਾਰਿਟੀ ਨੇ ਇਹ ਰਾਖਵਾਂਕਰਨ ਬਹਾਲ ਕੀਤਾ ਗਿਆ ।

ਇਸ ਸਬੰਧੀ ਗੱਲਬਾਤ ਕਰਦਿਆਂ ਡਾ. ਜਤਿੰਦਰ ਸਿੰਘ ਮੱਟੂ ਨੇ ਕਿਹਾ ਕਿ ਉਹ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦੇ ਧੰਨਵਾਦੀ ਹਨ ਜਿੰਨ੍ਹਾਂ ਨੇ ਸੰਵਿਧਾਨ ਅਤੇ ਕਾਨੂੰਨ ਅਨੁਸਾਰ ਉਕਤ ਕੈਟਾਗਿਰੀ ਨੂੰ ਬਣਦਾ ਹੱਕ ਦਿੱਤਾ ਹੈ ਪਰ ਅਜੇ ਵੀ ਰਿਜਰਵੇਸ਼ਨ ਆਫ ਸਰਵਿਸਿਜ਼ ਐਕਟ, 2006 ਸਿੰਗਲ ਪੋਸਟ ’ਤੇ ਲਾਗੂ ਨਹੀਂ ਕੀਤਾ ਗਿਆ ਬਲਕਿ ਯੂਨੀਵਰਸਿਟੀ ਵੱਲੋਂ ਸਿੰਗਲ ਪੋਸਟ ’ਤੇ ਆਪਣਾ ਹੀ ਤਰਕ ਦਿੱਤਾ ਗਿਆ ਹੈ ਜੋ ਐਕਟ ਦੀ ਉਲੰਘਣਾ ਹੈ। ਉਨ੍ਹਾਂ ਯੂਨੀਵਰਸਿਟੀ ਅਥਾਰਿਟੀ ਤੋਂ ਮੰਗ ਕੀਤੀ ਕਿ ਦਾ ਪੰਜਾਬ ਸ਼ਡਿਊਲ ਕਾਸਟ ਐਂਡ ਬੈਕਵਰਡ ਕਲਾਸਿਜ਼ ਰਿਜਰਵੇਸ਼ਨ ਇਨ ਸਰਵਿਸਿਜ਼ ਐਕਟ 2006 ਨੂੰ ਇੰਨ੍ਹਾਂ ਅਸਾਮੀਆਂ ‘ਤੇ ਮੁਕੰਮਲ ਤੌਰ ‘ਤੇ ਲਾਗੂ ਕੀਤਾ ਜਾਵੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ