‘ਗੱਭਰੂ ਦੀ ਜਾਨ ਲੈ ਲਈ ਚਿੱਟੇ ਵਾਲੀ ਲਾਇਨ ਨੇ’ ਗਾਉਣ ਵਾਲਾ ਖ਼ੁਦ ਹੀ ਚੜਿਆ ਚਿੱਟੇ ਦੀ ਭੇਂਟ

ਗਗਨ ਇੱਕ ਕਰੋੜ ਤੋਂ ਵੀ ਵਧੇਰੇ ਦਾ ਪੀ ਗਿਆ ਚਿੱਟਾ : ਪਿਤਾ

ਮਹਿਲ ਕਲਾਂ, (ਸੱਚ ਕਹੂੰ ਨਿਊਜ਼) ਕਸਬਾ ਮਹਿਲ ਕਲਾਂ ਦਾ ਜੰਮਪਲ ਆਪਣੀ ਗਾਇਕੀ ਜ਼ਰੀਏ ਦੂਸਰਿਆਂ ਨੂੰ ਚਿੱਟੇ ਤੋਂ ਬਚਣ ਦਾ ਸੁਨੇਹਾ ਦੇ ਕੇ ਆਪ ਖ਼ੁਦ ਚਿੱਟੇ ਦੀ ਭੇਂਟ ਚੜ੍ਹ ਗਿਆ। ਜਾਣਕਾਰੀ ਅਨੁਸਾਰ ਮ੍ਰਿਤਕ ਦਾ ਪਿਤਾ ਪੰਜਾਬ ਮੰਡੀ ਬੋਰਡ ਦਾ ਸਾਬਕਾ ਮੁਲਾਜ਼ਮ ਹੈ ਤੇ ਮਾਤਾ ਇੱਕ ਸਰਕਾਰੀ ਸਕੂਲ ਦੀ ਅਧਿਆਪਕਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਗਗਨਦੀਪ ਸਿੰਘ ਦੇ ਪਿਤਾ ਸੁਖਦੇਵ ਸਿੰਘ ਨੇ ਦੱਸਿਆ ਕਿ ਗਗਨਦੀਪ ਪਿਛਲੇ ਕਰੀਬ ਪੰਜ-ਛੇ ਸਾਲਾਂ ਤੋਂ ਨਸ਼ੇ ਦੀ ਦਲਦਲ ਵਿੱਚ ਫਸਿਆ ਹੋਇਆ ਸੀ। ਜਦ ਉਨ੍ਹਾਂ ਨੂੰ ਪਤਾ ਲੱਗਿਆ ਉਦੋਂ ਤੱਕ ਬਹੁਤੀ ਦੇਰ ਹੋ ਚੁੱਕੀ ਸੀ। ਉਨ੍ਹਾਂ ਭਰੇ ਮਨ ਨਾਲ ਦੱਸਿਆ ਕਿ ਗਗਨਦੀਪ ਸਿੰਘ ਨੇ ਘਰ ਦੇ ਇੱਕ ਕਮਰੇ ‘ਚ ਹੀ ਚਿੱਟੇ ਦੀ ਜ਼ਿਆਦਾ ਡੋਜ਼ ਲਈ ਜਿਸ ਕਾਰਨ ਉਸ ਦੀ ਮੌਤ ਹੋ ਗਈ। ਇੱਥੋਂ ਤੱਕ ਕਿ ਮ੍ਰਿਤਕ ਦੀ ਬਾਂਹ ਵਿੱਚ ਲੱਗੀ ਸ਼ਰਿੰਜ ਵੀ ਉਨ੍ਹਾਂ ਖੁਦ ਕੱਢੀ ਹੈ।

ਪਿਤਾ ਮੁਤਾਬਿਕ ਮ੍ਰਿਤਕ ਨੌਜਵਾਨ ਗਾਇਕੀ ਦਾ ਵੀ ਸ਼ੌਕ ਰੱਖਦਾ ਸੀ ਤੇ ਆਪਣੇ ਇੱਕ ਗੀਤ ‘ਗੱਭਰੂ ਦੀ ਜਾਨ ਲੈ ਲਈ ਚਿੱਟੇ ਵਾਲੀ ਲਾਇਨ ਨੇ’ ਰਾਹੀਂ ਉਸ ਨੇ ਖੁਦ ਦੂਸਰਿਆਂ ਨੂੰ ਚਿੱਟੇ ਦੀ ਮਾਰ ਤੋਂ ਬਚਣ ਦਾ ਸੰਦੇਸ਼ ਦਿੱਤਾ ਸੀ, ਪਰ ਖੁਦ ਉਹ ਚਿੱਟੇ ਦੀ ਹੀ ਭੇਂਟ ਚੜ੍ਹ ਗਿਆ। ਉਨ੍ਹਾਂ ਦੱਸਿਆ ਕਿ ਗਗਨਦੀਪ ਹੁਣ ਤੱਕ ਇਕ ਕਰੋੜ ਤੋਂ ਵੀ ਵਧੇਰੇ ਦਾ ਚਿੱਟਾ ਪੀ ਚੁੱਕਾ ਹੈ ਤੇ ਬਾਹਰਲੇ ਮੁਲਕ ਜਾਣ ਅਤੇ ਗਾਇਕੀ ਦੇ ਚੱਕਰ ‘ਚ ਲੱਖਾਂ ਰੁਪਏ ਬਰਬਾਦ ਕਰ ਚੁੱਕਾ ਸੀ। ਉਨ੍ਹਾਂ ਇਹ ਵੀ ਦੱਸਿਆ ਕਿ ਕਸਬਾ ਮਹਿਲ ਕਲਾਂ ਚ ਨਸ਼ਾ ਸ਼ਰੇਆਮ ਵਿਕ ਰਿਹਾ ਹੈ ਹੱਥ ‘ਤੇ ਹੱਥ ਧਰੀ ਬੈਠੀ ਹੈ।

 

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ