ਸਿੱਧੂ ਦਾ ਲੈਟਰ ਬੰਬ ਠੁੱਸ, ਮੀਟਿੰਗ ‘ਚ ਪੁੱਜੇ

ਕੈਬਨਿਟ ਦੀ ਮੀਟਿੰਗ ਤੋਂ 3 ਘੰਟੇ ਪਹਿਲਾਂ ਪ੍ਰੈਸ ਕਾਨਫਰੰਸ ਕਰਦੇ ਹੋਏ ਜਾਰੀ ਕੀਤਾ ਸੀ ਨਾਰਾਜ਼ਗੀ ਭਰਿਆ ਪੱਤਰ

  • ਮੰਤਰੀ ਦੀ ਨਾਰਾਜ਼ਗੀ ਨੂੰ ਪਾਰਟੀ ਇੰਚਾਰਜ਼ ਨੇ ਕੀਤਾ ਦਰਕਿਨਾਰ

ਚੰਡੀਗੜ੍ਹ (ਅਸ਼ਵਨੀ ਚਾਵਲਾ)। ਮੁੱਖ ਮੰਤਰੀ ਅਮਰਿੰਦਰ ਸਿੰਘ ਤੋਂ ਨਰਾਜ਼ ਚੱਲ ਰਹੇ ਨਵਜੋਤ ਸਿੰਘ ਸਿੱਧੂ ਵੱਲੋਂ ਬੁੱਧਵਾਰ ਨੂੰ ‘ਲੈਟਰ’ ਬੰਬ ਜਾਰੀ ਕਰਦੇ ਹੋਏ ਅਮਰਿੰਦਰ ਸਿੰਘ ਅਤੇ ਕਾਂਗਰਸ ਨੂੰ ਡਰਾਉਣ ਦੀ ਕੋਸ਼ਸ਼ ਕੀਤੀ ਗਈ ਪਰ ਸਿੱਧੂ ਦਾ ਇਹ ‘ਲੈਟਰ’ ਬੰਬ ਕਾਂਗਰਸ ਅੱਗੇ ਜਾ ਕੇ ਠੁਸ ਹੋ ਗਿਆ। ਕਾਂਗਰਸ ਨੇ ਸਿੱਧੂ ਨੂੰ ਮਨਾਉਣ ਤੋਂ ਸਾਫ਼ ਨਾਂਹ ਕਰਦੇ ਹੋਏ ਫਿਲਹਾਲ ਉਨਾਂ ਤੋਂ ਕਿਨਾਰਾ ਕਰ ਲਿਆ ਹੈ। ਇਸ ਸਬੰਧੀ ਜਾਣਕਾਰੀ ਮਿਲਦੇ ਹੀ ਸਿੱਧੂ ਨੇ ਵੀ ਆਪਣਾ ਸਟੈਂਡ ਬਦਲਦੇ ਹੋਏ ਕੁਝ ਘੰਟਿਆਂ ਬਾਅਦ ਕੈਬਨਿਟ ਮੀਟਿੰਗ ਵਿੱਚ ਹਿੱਸਾ ਲੈ ਲਿਆ। ਸਿੱਧੂ ਚਾਹੁੰਦੇ ਸਨ ਕਿ ਅੰਮ੍ਰਿਤਸਰ ਮੇਅਰ ਦੀ ਨਿਯੁਕਤੀ ‘ਤੇ ਮੁੜ ਤੋਂ ਵਿਚਾਰ ਕੀਤਾ ਜਾਵੇ ਪਰ ਕਾਂਗਰਸ ਨੇ ਸਾਫ਼ ਨਾਂਹ ਕਰਦੇ ਹੋਏ ਇਹਨੂੰ ਮੁੱਖ ਮੰਤਰੀ ਦਾ ਅਧਿਕਾਰ ਖੇਤਰ ਐਲਾਨਿਆ ਦਿੱਤਾ ਹੈ।

ਇਹ ਵੀ ਪੜ੍ਹੋ : ਪੰਜਾਬ ‘ਚ ਇੰਜ ਹੋ ਰਿਹੈ ਸਮਾਰਟ ਮੀਟਰਾਂ ਦਾ ਜ਼ਬਰਦਸਤ ਵਿਰੋਧ

ਚੰਡੀਗੜ੍ਹ ਵਿਖੇ ਸਵੇਰੇ ਤੋਂ ਸਿੱਧੂ ਦੀ ਨਰਾਜ਼ਗੀ ਸਬੰਧੀ ਮਾਹੌਲ ਗਰਮ ਸੀ ਅਤੇ ਕੈਬਨਿਟ ਮੀਟਿੰਗ ਤੋਂ ਕੁਝ ਘੰਟੇ ਪਹਿਲਾਂ ਹੀ ਨਵਜੋਤ ਸਿੱਧੂ ਨੇ ਪ੍ਰੈਸ ਕਾਨਫਰੰਸ ਕਰਦੇ ਹੋਏ ਆਪਣਾ ਪੱਤਰ ਜਾਰੀ ਕਰ ਦਿੱਤਾ ਹੈ ਜਿਸ ਵਿੱਚ ਸਿੱਧੂ ਨੇ ਲਿਖਿਆ ਕਿ ਸਥਾਨਕ ਸਰਕਾਰਾਂ ਦਾ ਮੰਤਰੀ ਹੋਣ ਦੇ ਨਾਤੇ ਤਿੰਨ ਸ਼ਹਿਰਾਂ ਪਟਿਆਲਾ, ਜਲੰਧਰ ਅਤੇ ਅੰਮ੍ਰਿਤਸਰ ਦੇ ਮੇਅਰਾਂ ਦੀ ਚੋਣ ਸਬੰਧੀ ਲਗਭਗ ਪਿਛਲੇ ਇੱਕ ਮਹੀਨੇ ਤੋਂ ਸਰਕਾਰੀ ਪੱਤਰ ‘ਤੇ ਹੋਏ ਕਿਸੇ ਵੀ ਵਿਚਾਰ-ਵਟਾਂਦਰੇ ਵਿੱਚ ਮੈਨੂੰ ਸ਼ਾਮਲ ਨਹੀਂ ਕੀਤਾ ਗਿਆ ਅਤੇ ਨਾ ਹੀ ਮੇਰੇ ਕੋਲੋਂ ਇਸ ਸਬੰਧੀ ਪਾਰਟੀ ਪੱਧਰ ‘ਤੇ ਹੀ ਕਿਸੇ ਤਰ੍ਹਾਂ ਦੀ ਕੋਈ ਰਾਏ ਹੀ ਲਈ ਗਈ ਸੀ।

ਸਿੱਧੂ ਨੇ ਲਿਖਿਆ ਕਿ ਮੇਰੇ ਨਾਲ ਕੀਤਾ ਗਿਆ ਅਜਿਹਾ ਵਰਤਾਰਾ ਮੈਨੂੰ ਬੇਹੱਦ ਮਹਿਸੂਸ ਹੁੰਦਾ ਰਿਹਾ ਹੈ ਇਥੋਂ ਤੱਕ ਕਿ ਅੰਮ੍ਰਿਤਸਰ ਵਿੱਚ ਮੇਅਰ ਦੀ ਚੋਣ ਹੋਣ ਤੋਂ ਪਹਿਲਾਂ ਵੀ ਮੈਨੂੰ ਠੀਕ ਢੰਗ ਨਾਲ ਇਸ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਨਹੀਂ ਬੁਲਾਇਆ ਗਿਆ। ਇਸ ਕਰਕੇ ਮੈਂ ਉਸ ਮੀਟਿੰਗ ਵਿੱਚ ਸ਼ਾਮਲ ਨਹੀਂ ਹੋਇਆ। ਸਿੱਧੂ ਨੇ ਉਹ ਆਪਣੇ ਮਾਨ ਸਨਮਾਨ ਲਈ ਕਦੇ ਵੀ ਸਮਝੌਤਾ ਨਹੀਂ ਕਰਦਾ ਹਾਂ। ਨਵਜੋਤ ਸਿੱਧੂ ਨੂੰ ਆਸ ਸੀ ਕਿ ਚੰਡੀਗੜ੍ਹ ਵਿਖੇ ਆਸ਼ਾ ਕੁਮਾਰੀ ਅਤੇ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਮੀਟਿੰਗ ਵਿੱਚ ਉਨ੍ਹਾਂ ਸਬੰਧੀ ਕੋਈ ਫੈਸਲਾ ਲਿਆ ਜਾ ਸਕਦਾ ਹੈ, ਇਸ ਤੋਂ ਉਲਟ ਹੋਣ ਦੇ ਕਾਰਨ ਜਿਉਂ ਹੀ ਸਿੱਧੂ ਨੂੰ ਭਿਣਕ ਲੱਗੀ ਤਾਂ ਸਿੱਧੂ 3:30 ‘ਤੇ ਸ਼ੁਰੂ ਹੋਣ ਵਾਲੀ ਕੈਬਨਿਟ ਮੀਟਿੰਗ ਵਿੱਚ ਭਾਗ ਲੈਣ ਲਈ ਪੁੱਜ ਗਏ।

ਕੋਈ ਮੇਅਰ ਨਹੀਂ ਹੋਵੇਗਾ ਤਬਦੀਲ, ਸਿੱਧੂ ਬੇਤੁਕੀ ਗੱਲ ਨਾ ਕਰਨ : ਆਸ਼ਾ ਕੁਮਾਰੀ

ਕਾਂਗਰਸ ਇੰਚਾਰਜ ਆਸ਼ਾ ਕੁਮਾਰੀ ਨੇ ਕਿਹਾ ਕਿ ਸਿੱਧੂ ਦੀ ਨਰਾਜ਼ਗੀ ਬੇਤੁਕੀ ਹੈ ਅਤੇ ਉਹ ਇਸ ਤਰ੍ਹਾਂ ਦੀਆਂ ਗੱਲਾਂ ਕਰਕੇ ਸਮਾਂ ਖ਼ਰਾਬ ਨਾ ਕਰਨ। ਉਨ੍ਹਾਂ ਕਿਹਾ ਕਿ ਸਿੱਧੂ ਨਰਾਜ਼ ਰਹਿਣਾ ਚਾਹੁੰਦੇ ਹਨ ਤਾਂ ਉਨ੍ਹਾਂ ਦੀ ਮਰਜ਼ੀ ਹੈ ਪਰ ਇਸ ਮਾਮਲੇ ਵਿੱਚ ਸਿੱਧੂ ਗਲਤ ਹਨ, ਕਿਉਂਕਿ ਜਦੋਂ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਮੇਅਰ ਦੀ ਨਿਯੁਕਤੀ ਦੇ ਅਧਿਕਾਰ ਦੇ ਦਿੱਤੇ ਗਏ ਸਨ ਤਾਂ ਸਿੱਧੂ ਤੋਂ ਕਿਹੜੀ ਗੱਲ ਪੁੱਛਣੀ ਸੀ। ਉਨ੍ਹਾਂ ਕਿਹਾ ਕਿ ਜੇਕਰ ਸਿੱਧੂ ਨਰਾਜ਼ ਸਨ ਤਾਂ ਕੈਬਨਿਟ ਮੀਟਿੰਗ ਵਿੱਚ ਹੀ ਕਿਉਂ ਆਏ। ਉਨ੍ਹਾਂ ਕਿਹਾ ਕਿ ਹੁਣ ਕੋਈ ਮੇਅਰ ਤਬਦੀਲ ਨਹੀਂ ਹੋਵੇਗਾ, ਇਸ ਸਬੰਧੀ ਫੈਸਲਾ ਕਰਨਾ ਮੁੱਖ ਮੰਤਰੀ ਅਤੇ ਕਾਂਗਰਸ ਪਾਰਟੀ ਦਾ ਹੈ।