ਸਿੱਧੂ ਮੂਸੇਵਾਲਾ ਕਤਲ ਮਾਮਲਾ : ਪ੍ਰਸੰਸਕਾਂ ਨੇ ਸਿਵਲ ਹਸਪਤਾਲ ਅੱਗੇ ਲਾਇਆ ਧਰਨਾ
ਹਸਪਤਾਲ ਨੂੰ ਜਾਂਦੇ ਸਾਰੇ ਰਾਹ ਪੁਲਿਸ ਨੇ ਕੀਤੇ ਬੰਦ
ਸ਼ਹਿਰ ਦੇ ਕਈ ਬਜ਼ਾਰਾਂ ’ਚ ਦੁਕਾਨਾਂ ਬੰਦ
(ਸੁਖਜੀਤ ਮਾਨ)
ਮਾਨਸਾ । ਅੰਨੇਵਾਹ ਗੋਲੀਆਂ ਚਲਾ ਕੇ ਕਤਲ ਕੀਤੇ ਗਏ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪ੍ਰਸੰਸਕਾਂ ’ਚ ਸਰਕਾਰ ਖਿਲਾਫ਼ ਭਾਰੀ ਰੋਹ ਪਾਇਆ ਜਾ ਰਿਹਾ ਹੈ। ਭਾਵੇਂ ਹੀ ਪੁਲਿਸ ਨੇ ਸਿਵਲ ਹਸਪਤਾਲ ਨੂੰ ਜਾਂਦੇ ਸਾਰੇ ਰਾਹਾਂ ਨੂੰ ਬੰਦ ਕੀਤਾ ਹੋਇਆ ਸੀ ਪਰ ਇਸਦੇ ਬਾਵਜੂਦ ਅੱਜ ਦਿਨ ਚੜਦਿਆਂ ਹੀ ਵੱਡੀ ਗਿਣਤੀ ਪ੍ਰਸੰਸਕ ਸਿਵਲ ਹਸਪਤਾਲ ਅਗੇ ਪਹੁੰਚ ਗਏ । ਪ੍ਰਸੰਸਕਾਂ ਵੱਲੋਂ ਪੰਜਾਬ ਸਰਕਾਰ ਖਿਲਾਫ਼ ਜੋਰਦਾਰ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ।
ਵੇਰਵਿਆਂ ਮੁਤਾਬਿਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਜਿੱਥੇ ਪੰਜਾਬ ਦੀ ਸਿਆਸਤ ’ਚ ਆਪ ਸਰਕਾਰ ਖਿਲਾਫ਼ ਭੂਚਾਲ ਆਇਆ ਹੋਇਆ ਹੈ , ਉੱਥੇ ਹੀ ਸਿੱਧੂ ਦੇ ਪ੍ਰਸੰਸਕ ਡੂੰਘੇ ਸਦਮੇ ’ਚ ਹੋਣ ਦੇ ਨਾਲ-ਨਾਲ ਸਰਕਾਰ ਖਿਲਾਫ਼ ਲਗਾਤਾਰ ਰੋਸ ਪ੍ਰਦਰਸ਼ਨ ਕਰ ਰਹੇ ਹਨ। ਸਿਵਲ ਹਸਪਤਾਲ ਦੇ ਅੱਗੇ ਇਕੱਠੇ ਹੋਏ ਵੱਡੀ ਗਿਣਤੀ ਪ੍ਰਸੰਸਕਾਂ ਵੱਲੋਂ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕਰਦਿਆਂ ਦੋਸ਼ ਲਾਇਆ ਜਾ ਰਿਹਾ ਹੈ। ਕਿ ਸਰਕਾਰ ਨੇ ਮੂਸੇ ਵਾਲਾ ਤੋਂ ਸੁਰੱਖਿਆ ਵਾਪਿਸ ਲੈ ਕੇ ਸਿਆਸੀ ਧ੍ਰੋਹ ਕਮਾਇਆ ਹੈ।
ਜਿਸਦੇ ਸਿੱਟੇ ਵਜੋਂ ਉਸਦੀ ਜਾਨ ਚਲੀ ਗਈ। ਪ੍ਰਸੰਸਕਾਂ ਨੇ ਸਰਕਾਰ ’ਤੇ ਰੋਸ ਜਤਾਉਂਦਿਆਂ ਇਹ ਵੀ ਕਿਹਾ ਕਿ ਜੇਕਰ ਸੁਰੱਖਿਆ ਵਾਪਿਸ ਲੈ ਹੀ ਲਈ ਸੀ ਤਾਂ ਇਸਦਾ ਪ੍ਰਚਾਰ ਨਹੀਂ ਕਰਨਾ ਚਾਹੀਦਾ ਸੀ ਕਿਉਂਕਿ ਅਜਿਹਾ ਕਰਨ ਨਾਲ ਹੀ ਸਿੱਧੂ ਦੇ ਦੁਸ਼ਮਣਾਂ ਨੂੰ ਪਤਾ ਚੱਲ ਗਿਆ ਕਿ ਉਸ ਕੋਲ ਸੁਰੱਖਿਆ ਨਹੀਂ ਤਾਂ ਹੀ ਉਨਾਂ ਨੇ ਬੇਖੌਫ ਹੋ ਕੇ ਇਸ ਘਟਨਾ ਨੂੰ ਅੰਜਮਾ ਦੇ ਦਿੱਤਾ।
ਪੋੋਸਟਮਾਰਟਮ ਟੀਮ ਦਾ ਹਾਲੇ ਨਹੀਂ ਹੋਇਆ ਗਠਨ
ਅੱਜ ਸਿੱਧੂ ਮੂਸੇਵਾਲਾ ਦੇ ਪਰਿਵਾਰ ਵੱਲੋਂ ਇਹ ਗੱਲ ਸਾਹਮਣੇ ਆਈ ਹੈ ਕਿ ਉਨਾਂ ਨੇ ਪੋਸਟਮਾਰਟਮ ਕਰਵਾਉਣ ਤੋਂ ਮਨਾਂ ਕਰ ਦਿੱਤਾ ਹੈ ਅਤੇ ਕਤਲ ਦੀ ਸੀਬੀਆਈ ਜਾਂ ਐਨਆਈਏ ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ ਜਾ ਰਹੀ ਹੈ। ਦੂਜੇ ਪਾਸੇ ਸਿਵਲ ਹਸਪਤਾਲ ਮਾਨਸਾ ਦੇ ਸੀਨੀਅਰ ਡਾਕਟਰ ਰਣਜੀਤ ਰਾਏ ਨੇ ‘ਸੱਚ ਕਹੂੰ’ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਡਿਪਟੀ ਕਮਿਸ਼ਨਰ ਅਤੇ ਐਸਐਸਪੀ ਵੱਲੋਂ ਪੋਸਟਮਾਰਟਮ ਟੀਮ ਦਾ ਗਠਨ ਕੀਤਾ ਜਾਵੇਗਾ ਉਸ ਤੋਂ ਬਾਅਦ ਹੀ ਪੋਸਟਮਾਰਟਮ ਹੋਵੇਗਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ