ਡਾਕਟਰ ਨੇ ਦਿੱਤੀ 48 ਘੰਟੇ ਆਰਾਮ ਕਰਨ ਦੀ ਸਲਾਹ, ਅਗਲੇ 72 ਘੰਟਿਆਂ ਬਾਅਦ ਬੰਦ ਹੋ ਜਾਏਗਾ ਪ੍ਰਚਾਰ
ਪੰਜਾਬ ਵਿੱਚ ਇੱਕ ਵੀ ਸੀਟ ‘ਤੇ ਨਹੀਂ ਕਰਨਗੇ ਸਿੱਧੂ ਪ੍ਰਚਾਰ, ਪਹਿਲਾਂ ਵੀ ਕਰ ਚੁੱਕੇ ਹਨ ਕਈ ਵਾਰ ਇਨਕਾਰ
ਪੰਜਾਬ ਨੂੰ ਛੱਡ ਬਿਹਾਰ, ਹਿਮਾਚਲ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ਵਿੱਚ ਕਰਨਗੇ ਸਿੱਧੂ ਪ੍ਰਚਾਰ
ਅਸ਼ਵਨੀ ਚਾਵਲਾ, ਚੰਡੀਗੜ੍ਹ
ਨਵਜੋਤ ਸਿੱਧੂ ਆਖ਼ਰਕਾਰ ਤੈਅ ਸਮੇਂ ਅਨੁਸਾਰ ਬਿਮਾਰ ਹੋ ਹੀ ਗਏ ਹਨ। ਨਵਜੋਤ ਸਿੱਧੂ ਹੁਣ ਆਪਣੀ ਬਿਮਾਰੀ ਦੇ ਕਾਰਨ 48 ਘੰਟੇ ਤੱਕ ਆਰਾਮ ਕਰਨਗੇ, ਜਦੋਂ ਕਿ ਪੰਜਾਬ ਵਿੱਚ ਅਗਲੇ 72 ਘੰਟੇ ਬਾਅਦ ਚੋਣ ਪ੍ਰਚਾਰ ਹੀ ਬੰਦ ਹੋ ਜਾਏਗਾ। ਨਵਜੋਤ ਸਿੱਧੂ ਦੀ ਇਸ ਬਿਮਾਰੀ ‘ਤੇ ਕਿਸੇ ਨੂੰ ਕਿੰਤੂ-ਪਰੰਤੂ ਨਾ ਹੋਵੇ ਇਸ ਲਈ ਡਾਕਟਰੀ ਰਿਪੋਰਟ ਵੀ ਸਿੱਧੂ ਲੈ ਕੇ ਬੈਠੇ ਹਨ ਤਾਂ ਕਿ ਉਹ ਸਾਬਤ ਕਰ ਸਕਣ ਕਿ ਅਸਲ ਵਿੱਚ ਹੀ ਉਹ ਬਿਮਾਰ ਸਨ ਤੇ ਇਸ ਬਿਮਾਰੀ ਵਿੱਚ ਬੋਲਣਾ ਉਨ੍ਹਾਂ ਲਈ ਸਖ਼ਤ ਮਨਾਹੀ ਸੀ।
ਜਿਸ ਤੋਂ ਬਾਅਦ ਪੰਜਾਬ ਵਿੱਚ ਪ੍ਰਚਾਰ ਕਰਨ ਲਈ ਨਾ ਹੀ ਨਵਜੋਤ ਸਿੱਧੂ ਕੋਲ ਸਮਾਂ ਹੋਏਗਾ ਤੇ ਨਾ ਹੀ ਉਹ ਪੰਜਾਬ ਵਿੱਚ ਪ੍ਰਚਾਰ ਕਰਨਗੇ। ਸੋਮਵਾਰ ਨੂੰ ਰਾਹੁਲ ਗਾਂਧੀ ਪੰਜਾਬ ਵਿੱਚ 2 ਰੈਲੀਆਂ ਕਰ ਰਹੇ ਸਨ ਪਰ ਇਨ੍ਹਾਂ ਰੈਲੀਆਂ ਵਿੱਚ ਭਾਗ ਲੈਣ ਦੀ ਥਾਂ ‘ਤੇ ਨਵਜੋਤ ਸਿੱਧੂ ਆਪਣੀ ਬਿਮਾਰੀ ਕਾਰਨ ਘਰ ਵਿੱਚ ਹੀ ਆਰਾਮ ਫਰਮਾ ਰਹੇ ਸਨ, ਜਦੋਂ ਕਿ ਮੰਗਲਵਾਰ ਨੂੰ ਉਹ ਪਟਨਾ ਸਾਹਿਬ ਚੋਣ ਪ੍ਰਚਾਰ ਲਈ ਰਵਾਨਾ ਹੋ ਜਾਣਗੇ। ਜਿਸ ਤੋਂ ਬਾਅਦ ਇੱਕ ਦਿਨ ਹਿਮਾਚਲ ਪ੍ਰਦੇਸ਼ ਤੇ 2 ਦਿਨ ਮੱਧ ਪ੍ਰਦੇਸ਼ ਵਿੱਚ ਨਵਜੋਤ ਸਿੱਧੂ ਪ੍ਰਚਾਰ ਕਰਨਗੇ। ਸਿੱਧੂ 18 ਮਈ ਨੂੰ ਵਾਪਸ ਪੰਜਾਬ ਆਉਣਗੇ, ਜਦੋਂ ਪ੍ਰਚਾਰ ਦਾ ਕੰਮ ਖ਼ਤਮ ਹੋ ਚੁੱਕਾ ਹੋਏਗਾ।
ਪੰਜਾਬ ਵਿੱਚ ਸੋਮਵਾਰ ਨੂੰ 2 ਥਾਂ ‘ਤੇ ਰੈਲੀਆਂ ਕਰਨੀਆਂ ਸਨ, ਜਦੋਂ ਕਿ ਅਗਲੇ ਹੀ ਦਿਨ ਪ੍ਰਿਅੰਕਾ ਗਾਂਧੀ ਦਾ ਪ੍ਰੋਗਰਾਮ ਪੰਜਾਬ ਆਉਣ ਦਾ ਬਣਿਆ ਹੋਇਆ ਹੈ। ਇਨ੍ਹਾਂ ਰੈਲੀਆਂ ਵਿੱਚ ਭਾਗ ਲੈਣ ਦੀ ਥਾਂ ‘ਤੇ ਨਵਜੋਤ ਸਿੱਧੂ ਨੇ ਸੋਮਵਾਰ ਨੂੰ ਇੱਕ ਪ੍ਰੈੱਸ ਬਿਆਨ ਜਾਰੀ ਕਰ ਦਿੱਤਾ। ਜਿਸ ਵਿੱਚ ਉਨ੍ਹਾਂ ਦਾਅਵਾ ਕੀਤਾ ਹੈ ਕਿ ਉਨ੍ਹਾਂ ਦਾ ਗਲ ਕਾਫ਼ੀ ਜਿਆਦਾ ਖਰਾਬ ਹੈ ਅਤੇ ਖੂਨ ਤੱਕ ਆ ਰਿਹਾ ਹੈ। ਜਿਸ ਕਾਰਨ ਡਾਕਟਰਾਂ ਨੇ ਉਨ੍ਹਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਉਹ 48 ਘੰਟੇ ਤੱਕ ਮੁਕੰਮਲ ਆਰਾਮ ਕਰਨ ਨਹੀਂ ਤਾਂ ਉਨ੍ਹਾਂ ਦੀ ਆਵਾਜ਼ ਤੱਕ ਜਾ ਸਕਦੀ ਹੈ। ਗਲ ਵਿੱਚ ਕਾਫ਼ੀ ਜਿਆਦਾ ਦਿੱਕਤ ਆਉਣ ਕਾਰਨ ਦਰਦ ਤੋਂ ਨਿਜ਼ਾਤ ਲਈ ਉਹ ਇੰਜੈਕਸ਼ਨ ਤੱਕ ਲੈ ਰਹੇ ਹਨ।
ਇੱਥੇ ਹੀ ਸਿੱਧੂ ਨੇ ਦੱਸਿਆ ਹੈ ਕਿ ਸੋਮਵਾਰ ਸ਼ਾਮ ਤੱਕ ਆਰਾਮ ਕਰਨ ਤੋਂ ਬਾਅਦ ਉਹ ਮੰਗਲਵਾਰ ਨੂੰ ਪਟਨਾ ਸਾਹਿਬ ਰਵਾਨਾ ਹੋ ਜਾਣਗੇ, ਜਿੱਥੇ ਕਿ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਨਗੇ। ਜਿਸ ਤੋਂ ਬਾਅਦ ਉਹ 15 ਮਈ ਨੂੰ ਹਿਮਾਚਲ ਪ੍ਰਦੇਸ਼ ਲਈ ਰਵਾਨਾ ਹੋਣਗੇ, ਜਿੱਥੇ ਪਾਉਂਟਾ ਸਾਹਿਬ, ਬਿਲਾਸਪੁਰ ਅਤੇ ਨਾਲਾਗੜ ਵਿਖੇ ਚੋਣ ਰੈਲੀ ਨੂੰ ਸੰਬੋਧਨ ਕਰਨਗੇ। ਹਿਮਾਚਲ ਤੋਂ ਬਾਅਦ ਉਹ 16 ਅਤੇ 17 ਮਈ ਨੂੰ ਮੱਧ ਪ੍ਰਦੇਸ਼ ‘ਚ ਰਹਿਣਗੇ, ਜਿੱਥੇ ਕਿ ਉਹ ਕਈ ਰੈਲੀਆਂ ਨੂੰ ਸੰਬੋਧਨ ਕਰਕੇ ਕਾਂਗਰਸ ਲਈ ਵੋਟ ਮੰਗਣਗੇ। ਇਸ ਨਾਲ ਹੀ 18 ਨੂੰ ਚੋਣ ਪ੍ਰਚਾਰ ਬੰਦ ਹੋ ਜਾਏਗਾ ਤੇ ਉਹ ਫਿਰ ਪੰਜਾਬ ਦੀ ਵਾਪਸੀ ਕਰਨਗੇ।
ਅਮਰਿੰਦਰ ਸਿੰਘ ਤੋਂ ਖ਼ਾਸੇ ਨਰਾਜ਼ ਹਨ ਨਵਜੋਤ ਸਿੱਧੂ
ਮੁੱਖ ਮੰਤਰੀ ਅਮਰਿੰਦਰ ਸਿੰਘ ਨਾਲ ਨਵਜੋਤ ਸਿੱਧੂ ਖ਼ਾਸੇ ਨਰਾਜ਼ ਹਨ। ਉਹਨਾਂ ਨੂੰ ਚੋਣਾਂ ਤੋਂ ਪਹਿਲਾਂ ਇੱਕ ਰੈਲੀ ਦੌਰਾਨ ਬੋਲਣ ਦਾ ਸਮਾਂ ਨਹੀਂ ਦਿੱਤਾ ਗਿਆ ਸੀ, ਉਸ ਸਮੇਂ ਸਟੇਜ ‘ਤੇ ਰਾਹੁਲ ਗਾਂਧੀ ਵੀ ਮੌਜੂਦ ਸਨ। ਜਿਸ ਤੋਂ ਬਾਅਦ ਨਵਜੋਤ ਸਿੱਧੂ ਨਰਾਜ਼ ਹੀ ਚਲਦੇ ਆ ਰਹੇ ਹਨ। ਪਿਛਲੇ ਕੁਝ ਦਿਨਾਂ ‘ਚ ਆਏ ਅਮਰਿੰਦਰ ਸਿੰਘ ਦੇ ਇੰਟਰਵਿਊ ਦੌਰਾਨ ਵੀ ਉਹਨਾਂ ਨੂੰ ਕਿਤੇ ਨਾ ਕਿਤੇ ਅਮਰਿੰਦਰ ਸਿੰਘ ਨੇ ਗਲਤ ਠਹਿਰਾਇਆ ਹੈ। ਇਸ ਨਾਲ ਆਸ਼ਾ ਕੁਮਾਰੀ ਨੇ ਵੀ ਨਵਜੋਤ ਸਿੱਧੂ ਤੋਂ ਪੰਜਾਬ ਵਿੱਚ ਪ੍ਰਚਾਰ ਕਰਾਉਣ ਤੋਂ ਸਾਫ਼ ਇਨਕਾਰ ਕਰ ਦਿੱਤਾ ਸੀ, ਜਿਸ ਤੋਂ ਬਾਅਦ ਨਵਜੋਤ ਸਿੱਧੂ ਨੇ ਵੀ ਸਾਫ਼ ਕਹਿ ਦਿੱਤਾ ਸੀ ਕਿ ਉਹ ਵੀ ਪ੍ਰਚਾਰ ਨਹੀਂ ਕਰਨਗੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।