ਹਾਲਾਤ ਖ਼ਰਾਬ ਹੁੰਦਾ ਦੇਖ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਸਦਨ ਦੀ ਕਾਰਵਾਈ ਨੂੰ ਕੀਤਾ ਅੱਧੇ ਘੰਟੇ ਲਈ ਮੁਲਤਵੀ
- ਸੁਖਜਿੰਦਰ ਰੰਧਾਵਾ ਵੀ ਸਿੱਧੂ ਦੇ ਹੱਕ ‘ਚ ਮਜੀਠਿਆ ‘ਤੇ ਬੋਲਿਆ ਸ਼ਬਦੀ ਹਮਲਾ
ਚੰਡੀਗੜ੍ਹ (ਅਸ਼ਵਨੀ ਚਾਵਲਾ)। ਬਜਟ ਸੈਸ਼ਨ ਦੇ ਤੀਜੇ ਦਿਨ ਵਿਧਾਨ ਸਭਾ ਦੇ ਜ਼ੀਰੋ ਕਾਲ ਦੌਰਾਨ ਬਿਕਰਮ ਮਜੀਠਿਆ ਅਤੇ ਮੰਤਰੀ ਨਵਜੋਤ ਸਿੱਧੂ ਵਿੱਚਕਾਰ ਜੰਮ ਕੇ ਬਹਿਸ ਹੋਈ ਅਤੇ ਹਾਲਾਤ ਇਸ ਤਰ੍ਹਾਂ ਖ਼ਰਾਬ ਹੋ ਗਏ ਸਨ ਕਿ ਦੋਹੇ ਆਪਣੀਆਂ ਸੀਟਾਂ ਤੋਂ ਉੱਠ ਕੇ ਇੱਕ ਦੂਜੇ ਵੱਲ ਨੂੰ ਨਾ ਸਿਰਫ਼ ਵੱਧ ਰਹੇ ਸਨ, ਸਗੋਂ ਸਦਨ ਦੀਆਂ ਸਾਰੀਆਂ ਮਰਿਆਦਾਵਾਂ ਨੂੰ ਤੋੜਦੇ ਹੋਏ ਇੱਕ ਦੂਜੇ ਖ਼ਿਲਾਫ਼ ਅਪਸ਼ਬਦਾਂ ਦੀ ਵਰਤੋਂ ਕਰ ਰਹੇ ਸਨ। ਸਦਨ ‘ਚ ਸੁਖਜਿੰਦਰ ਸਿੰਘ ਰੰਧਾਵਾ ਸਣੇ ਕਈ ਹੋਰ ਕਾਂਗਰਸੀ ਵਿਧਾਇਕਾਂ ਨੇ ਵੀ ਬਿਕਰਮ ਮਜੀਠਿਆ ਖ਼ਿਲਾਫ਼ ਬੋਲਦੇ ਹੋਏ ਸਦਨ ਤੋਂ ਬਾਹਰ ਆਉਣ ਤੱਕ ਦੀ ਚੇਤਾਵਨੀ ਦੇ ਦਿੱਤੀ। ਜਿਸ ਨੂੰ ਦੇਖਦੇ ਹੋਏ ਸਪੀਕਰ ਰਾਣਾ ਕੇ.ਪੀ. ਸਿੰਘ ਵੱਲੋਂ ਸਦਨ ਦੀ ਕਾਰਵਾਈ 30 ਮਿੰਟ ਲਈ ਰੋਕਣੀ ਪਈ ਤਾਂ ਕਿ ਇਸ ਲੜਾਈ ਨੂੰ ਕਿਸੇ ਨਾ ਕਿਸੇ ਤਰੀਕੇ ਰੋਕਿਆ ਜਾਵੇ।
ਇਹ ਵੀ ਪੜ੍ਹੋ : ਪੈਨਸ਼ਨਰਜ਼ਾਂ ਵੱਲੋਂ ਪਟਿਆਲਾ ਵਿਖੇ ਧਰਨਾ ਲਾ ਕੇ ਦਿੱਤਾ ਮੰਗ ਪੱਤਰ
ਵਿਧਾਨ ਸਭਾ ਦੇ ਅੰਦਰ ਪ੍ਰਸ਼ਨ ਕਾਲ ਖ਼ਤਮ ਹੋਣ ਤੋਂ ਤੁਰੰਤ ਬਾਅਦ ਜ਼ੀਰੋ ਕਾਲ ਵਿੱਚ ਆਮ ਆਦਮੀ ਪਾਰਟੀ ਦੇ ਲੀਡਰ ਸੁਖਪਾਲ ਖਹਿਰਾ ਲੰਗਰ ‘ਤੇ ਖ਼ਤਮ ਕੀਤੀ ਗਈ ਸੂਬਾ ਜੀ.ਐਸ.ਟੀ. ਬਾਰੇ ਆਪਣੀ ਗਲ ਰੱਖ ਰਹੇ ਸਨ ਕਿ ਇੰਨੇ ਵਿੱਚ ਬਿਕਰਮ ਮਜੀਠਿਆ ਨੇ ਆਪਣੀ ਗੱਲ ਰੱਖਣੀ ਸ਼ੁਰੂ ਕਰ ਦਿੱਤੀ। ਜਿਸ ਤੋਂ ਬਾਅਦ ਅਕਾਲੀ ਦਲ ਵੱਲੋਂ ਪਰਮਿੰਦਰ ਢੀਂਡਸਾ ਨੇ ਗੱਲ ਰੱਖੀ ਅਤੇ ਬਿਕਰਮ ਮਜੀਠਿਆ ਵੀ ਆਪਣੀ ਸੀਟ ਤੋਂ ਉੱਠ ਕੇ ਕੁਝ ਕਹਿ ਰਹੇ ਸਨ ਤਾਂ ਨਵਜੋਤ ਸਿੱਧੂ ਨੇ ਖੜ੍ਹੇ ਹੋ ਕੇ ਸਾਰੇ ਮਾਮਲੇ ਵਿੱਚ ਕੁਝ ਕਹਿਣਾ ਸ਼ੁਰੂ ਕਰ ਦਿੱਤਾ।
ਨਵਜੋਤ ਸਿੱਧੂ ਨੇ ਬਿਕਰਮ ਮਜੀਠਿਆ ਨੂੰ ਬੈਠਣ ਲਈ ਕਿਹਾ ਪਰ ਬਿਕਰਮ ਮਜੀਠਿਆ ਆਪਣੀ ਸੀਟ ‘ਤੇ ਖੜ੍ਹੇ ਰਹੇ, ਜਿਸ ਨੂੰ ਦੇਖ ਕੇ ਨਵਜੋਤ ਸਿੱਧੂ ਕਾਫ਼ੀ ਜਿਆਦਾ ਗਰਮ ਹੋ ਗਏ ਅਤੇ ਉਨ੍ਹਾਂ ਨੇ ਮਜੀਠਿਆ ਨੂੰ ਕਾਫ਼ੀ ਜਿਆਦਾ ਅਪਸਬਦ ਬੋਲਣੇ ਸ਼ੁਰੂ ਕਰ ਦਿੱਤੇ। ਜਿਸ ਨੂੰ ਦੇਖ ਕੇ ਮਜੀਠਿਆ ਵੱਲੋਂ ਵੀ ਕਾਫ਼ੀ ਜ਼ਿਆਦਾ ਗਰਮੀ ਦਿਖਾਉਂਦੇ ਹੋਏ ਸ਼ਬਦੀ ਜੰਗ ਛੇੜ ਦਿੱਤੀ।
ਨਵਜੋਤ ਸਿੱਧੂ ਦਾ ਸਾਥ ਸੁਖਜਿੰਦਰ ਰੰਧਾਵਾ ਤੋਂ ਇਲਾਵਾ ਕਈ ਹੋਰ ਵਿਧਾਇਕਾਂ ਨੇ ਦਿੰਦੇ ਹੋਏ ਮਜੀਠਿਆ ਨੂੰ ਸ਼ਬਦੀ ਜੰਗ ਵਿੱਚ ਘੇਰਣ ਦੀ ਕੋਸ਼ਸ਼ ਕੀਤੀ ਤਾਂ ਮਜੀਠਿਆ ਦਾ ਸਾਥ ਅਕਾਲੀ ਵਿਧਾਇਕਾਂ ਨੇ ਦਿੰਦੇ ਹੋਏ ਨਵਜੋਤ ਸਿੰਘ ਸਿੱਧੂ ਖ਼ਿਲਾਫ਼ ਕਾਫ਼ੀ ਅਪਸ਼ਬਦ ਬੋਲੇ ਗਏ। ਇਸੇ ਦਰਮਿਆਨ ਆਪਣੀ ਲੜਾਈ ਤੇਜ ਹੋ ਗਈ ਅਤੇ ਸਿੱਧੂ ਆਪਣੇ ਬੈਂਚ ਤੋਂ ਅੱਗੇ ਵਧਣ ਲਗੇ ਜਦੋਂ ਕਿ ਦੂਜੇ ਪਾਸੇ ਤੋਂ ਬਿਕਰਮ ਮਜੀਠਿਆ ਵੀ ਅੱਗੇ ਵਧਣ ਲਗ ਪਏ। ਇਸ ਲੜਾਈ ਨੂੰ ਰੋਕਣ ਦੀ ਕੋਸ਼ਸ਼ ਵਿੱਚ ਰਾਣਾ ਕੇ.ਪੀ. ਸਿੰਘ ਨੂੰ 30 ਮਿੰਟ ਲਈ ਕਾਰਵਾਈ ਨੂੰ ਮੁਲਤਵੀ ਕਰਨਾ ਪਿਆ।
ਪਹਿਲਾਂ ਵੀ ਕਹਿੰਦਾ ਸੀ ਹੁਣ ਵੀ ਕਹਾਂਗਾ, ਮਜੀਠਿਆ ਐ ਚਿੱਟੇ ਦਾ ‘ਤਸਕਰ’
ਨਵਜੋਤ ਸਿੱਧੂ ਨੇ ਕਿਹਾ ਕਿ ਮਜੀਠਿਆ ਦੀ ਗਿਦੜ ਧਮਕੀਆਂ ਨਾਲ ਉਨ੍ਹਾਂ ਨੂੰ ਕੋਈ ਫਰਕ ਨਹੀਂ ਪੈਣ ਵਾਲਾ ਨਹੀਂ ਹੈ, ਉਹ ਮਜੀਠਿਆ ਨੂੰ ਪਹਿਲਾਂ ਵੀ ਚਿੱਟੇ ਦਾ ਤਸਕਰ ਕਹਿੰਦੇ ਸਨ ਅਤੇ ਅੱਗੇ ਵੀ ਚਿੱਟੇ ਦਾ ਤਸਕਰ ਕਹਿੰਦੇ ਰਹਿਣਗੇ। ਸਿੱਧੂ ਨੇ ਕਿਹਾ ਕਿ ਮਜੀਠਿਆ ਨੂੰ ਸਿੱਧੀ ਭਾਸ਼ਾ ਵਿੱਚ ਗੱਲ ਸਮਝ ਨਹੀਂ ਆਉਂਦੀ ਹੈ, ਸਦਨ ਦੇ ਅੰਦਰ ਜਦੋਂ ਉਹ ਬੋਲ ਰਹੇ ਸਨ ਤਾਂ ਉਹ ਵਿੱਚ ਹੀ ਟੋਕਣ ਲਗ ਪਿਆ, ਉਨ੍ਹਾਂ ਨੇ ਕਾਫ਼ੀ ਰੋਕਿਆ ਪਰ ਉਹ ਰੁਕਿਆ ਨਹੀਂ, ਕਿਉਂਕਿ ਮਜੀਠਿਆ ਨੂੰ ਸਿਰਫ਼ ਇੱਕੋ ਹੀ ਭਾਸ਼ਾ ਸਮਝ ਆਉਂਦੀ ਹੈ, ਜਦੋਂ ਕੋਈ ਉਸ ਨੂੰ ਨਸ਼ੇ ਦਾ ਤਸਕਰ ਕਹਿੰਦਾ ਹੈ। ਉਨ੍ਹਾਂ ਕਿਹਾ ਕਿ ਇਸ ਨੇ ਚਿੱਟਾ ਵੇਚ-ਵੇਚ ਕੇ ਸਾਰਾ ਪੰਜਾਬ ਬਰਬਾਦ ਕਰਕੇ ਰੱਖ ਦਿੱਤਾ ਹੈ।
ਅਕਾਲੀਆਂ ਨੇ ਕੀਤੀ ਸਿੱਧੂ ਖ਼ਿਲਾਫ਼ ਸ਼ਿਕਾਇਤ, ਬੋਲਣ ਦੀ ਨਹੀਂ ਐ ਸਿੱਧੂ ਨੂੰ ਤਮੀਜ਼
ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕਾਂ ਨੇ ਸਪੀਕਰ ਰਾਣਾ ਕੇ.ਪੀ. ਸਿੰਘ ਨੂੰ ਮਿਲ ਕੇ ਨਵਜੋਤ ਸਿੱਧੂ ਦੀ ਸ਼ਿਕਾਇਤ ਕੀਤੀ ਅਤੇ ਕਿਹਾ ਕਿ ਕੈਬਨਿਟ ਮੰਤਰੀ ਹੋਣ ਦੇ ਬਾਵਜੂਦ ਵੀ ਉਸ ਨੂੰ ਬੋਲਣ ਦੀ ਬਿਲਕੁਲ ਵੀ ਤਮੀਜ਼ ਨਹੀਂ ਹੈ ਕਿ ਵਿਧਾਨ ਸਭਾ ਦੀ ਕਾਰਵਾਈ ਦਰਮਿਆਨ ਇੱਕ ਮੰਤਰੀ ਨੂੰ ਕਿਸੇ ਤਰੀਕੇ ਨਾਲ ਬੋਲਣਾ ਚਾਹੀਦਾ ਹੈ ਅਤੇ ਕਿਸੇ ਤਰੀਕੇ ਨਾਲ ਵਿਧਾਇਕਾਂ ਵੱਲੋਂ ਪੁੱਛੇ ਗਏ ਸੁਆਲਾਂ ਦਾ ਜੁਆਬ ਦੇਣਾ ਚਾਹੀਦਾ ਹੈ। ਮਜੀਠਿਆ ਖ਼ਿਲਾਫ਼ ਸਿੱਧੂ ਵੱਲੋਂ ਬੋਲੇ ਗਏ ਅਪਸ਼ਬਦਾਂ ਬਾਰੇ ਵੀ ਅਕਾਲੀ ਦਲ ਨੇ ਆਪਣਾ ਇਤਰਾਜ਼ ਜ਼ਾਹਿਰ ਕਰਦੇ ਹੋਏ ਨਵਜੋਤ ਸਿੱਧੂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ।
ਬ੍ਰਹਮਮਹਿੰਦਰਾਂ ਉੱਠ ਕੇ ਬਹਿ ‘ਗੇ ਪਿਛਲੀ ਸੀਟ ‘ਤੇ
ਨਵਜੋਤ ਸਿੱਧੂ ਅਤੇ ਬਿਕਰਮ ਮਜੀਠਿਆ ਖ਼ਿਲਾਫ਼ ਚੱਲ ਰਹੀਂ ਸ਼ਬਦੀ ਜੰਗ ਦੌਰਾਨ ਨਵਜੋਤ ਸਿੱਧੂ ਇੰਨਾ ਜਿਆਦਾ ਗਰਮ ਹੋ ਗਏ ਸਨ ਕਿ ਉਨ੍ਹਾਂ ਦੇ ਨਾਲ ਬੈਠੇ ਸੀਨੀਅਰ ਕੈਬਨਿਟ ਮੰਤਰੀ ਬ੍ਰਹਮਮਹਿੰਦਰਾਂ ਆਪਣੀ ਸੀਟ ਤੋਂ ਉੱਠ ਕੇ ਹੀ ਪਿੱਛੇ ਜਾ ਕੇ ਬੈਠ ਗਏ, ਕਿਉਂਕਿ ਉਸ ਸਮੇਂ ਗਰਮ-ਜੋਸ਼ੀ ਵਿੱਚ ਨਵਜੋਤ ਸਿੱਧੂ ਹੱਥਾਂ ਨੂੰ ਤੇਜੀ ਨਾਲ ਚਲਾ ਰਹੇ ਸਨ। ਸ਼ਾਇਦ ਸਿੱਧੂ ਦੇ ਹੱਥਾਂ ਦੇ ਚੱਲਣ ਕਾਰਨ ਬ੍ਰਹਮਮਹਿੰਦਰਾਂ ਨੂੰ ਦਿੱਕਤ ਹੋ ਰਹੀਂ ਸੀ ਅਤੇ ਇਸੇ ਕਰਕੇ ਉਹ ਪਿੱਛੇ ਜਾ ਕੇ ਕੁਝ ਸਮੇਂ ਲਈ ਬੈਠ ਗਏ।