ਸਕ੍ਰਿਨਿੰਗ ਕਮੇਟੀ ਇਨਚਾਰਜ ਵੇਣੂਗੋਪਾਲ ਨੇ ਆਨੰਦਪੁਰ ਸਾਹਿਬ ਜਾਂ ਫਿਰ ਬਠਿੰਡਾ ਦਿੱਤਾ ਬਦਲ
ਨਵਜੋਤ ਕੌਰ ਸਿੱਧੂ ਆਨੰਦਪੁਰ ਸਾਹਿਬ ਤੋਂ ਲੈ ਸਕਦੀ ਐ ਟਿਕਟ, ਅਜੇ ਕਾਂਗਰਸ ਨੇ ਨਹੀਂ ਐਲਾਨੀਆ ਐ ਉਮੀਦਵਾਰ
ਚੰਡੀਗੜ੍ਹ, ਅਸ਼ਵਨੀ ਚਾਵਲਾ
ਚੰਡੀਗੜ ਲੋਕ ਸਭਾ ਸੀਟ ਤੋਂ ਟਿਕਟ ਹਾਸਲ ਕਰਨ ਵਿੱਚ ਅਸਫ਼ਲ ਰਹੀਂ ਸਾਬਕਾ ਮੁੱਖ ਸੰਸਦੀ ਸਕੱਤਰ ਨਵਜੋਤ ਕੌਰ ਸਿੱਧੂ ਨੂੰ ਟਿਕਟ ਦਿਵਾਉਣ ਲਈ ਹੁਣ ਉਨ੍ਹਾਂ ਦੇ ਪਤੀ ਨਵਜੋਤ ਸਿੱਧੂ ਖ਼ੁਦ ਰਾਹੁਲ ਗਾਂਧੀ ਦੇ ਦਰਬਾਰ ਵਿਖੇ ਪੁੱਜ ਗਏ ਹਨ। ਜਿਥੈ ਰਾਹੁਲ ਗਾਂਧੀ ਵਲੋਂ ਨਵਜੋਤ ਸਿੱਧੂ ਨੂੰ ਫਿਲਹਾਲ ਭਰੋਸਾ ਦੇ ਦਿੱਤਾ ਗਿਆ ਹੈ ਕਿ ਹੁਣ ਚੰਡੀਗੜ ਨੂੰ ਛੱਡ ਦੇ ਬਠਿੰਡਾ ਜਾਂ ਫਿਰ ਆਨੰਦਪੁਰ ਸਾਹਿਬ ਤੋਂ ਟਿਕਟ ਦੇਣ ਬਾਰੇ ਵਿਚਾਰ ਕੀਤਾ ਜਾਏਗਾ। ਇਸ ਮੌਕੇ ਪੰਜਾਬ ਸਕ੍ਰਿਨਿੰਗ ਕਮੇਟੀ ਦੇ ਇਨਚਾਰਜ ਵੇਣੂਗੋਪਾਲ ਵੀ ਮੌਕੇ ਹੀ ਮੌਜੂਦ ਸਨ ਅਤੇ ਉਨਾਂ ਨੂੰ ਆਨੰਦਪੁਰ ਸਾਹਿਬ ਜਾਂ ਫਿਰ ਬਠਿੰਡਾ ਵਿੱਚੋਂ ਇਕ ਸੀਟ ਬਾਰੇ ਆਪਣੀ ਪਸੰਦ ਜ਼ਾਹਿਰ ਕਰਨ ਲਈ ਵੀ ਕਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਨਵਜੋਤ ਸਿੱਧੂ ਬਠਿੰਡਾ ਦੀ ਥਾਂ ‘ਤੇ ਆਨੰਦਪੁਰ ਸਾਹਿਬ ਸੀਟ ਨੂੰ ਲੈਣ ਵੱਲ ਜਿਆਦਾ ਤਵਜੋਂ ਦੇ ਰਹੇ ਹਨ, ਕਿਉਂਕਿ ਇਥੇ ਅਕਾਲੀ ਦਲ ਨਾਲ ਮੁਕਾਬਲਾ ਕਰਕੇ ਉਹ ਜਿੱਤ ਵੀ ਹਾਸਲ ਕਰ ਸਕਦੇ ਹਨ।
ਨਵਜੋਤ ਸਿੱਧੂ ਨੇ ਰਾਹੁਲ ਗਾਂਧੀ ਨੂੰ ਵਿਸ਼ਵਾਸ ਦੇ ਦਿੱਤਾ ਹੈ ਕਿ ਭਾਵੇਂ ਡਾਕਟਰ ਦੇ ਕਹਿਣ ‘ਤੇ ਉਹ ਲਗਭਗ ਇੱਕ ਮਹੀਨਾ ਆਪਣੇ ਘਰ ਦੁੱਖ ਕਰਕੇ ਬੈਠੇ ਸਨ ਪਰ ਹੁਣ ਉਹ ਲੋਕ ਸਭਾ ਚੋਣਾਂ ਵਿੱਚ ਪ੍ਰਚਾਰ ਕਾਰਨ ਖੁੱਲ੍ਹ ਕੇ ਬੋਲਣਗੇ ਅਤੇ ਉਨਾਂ ਦਾ ਪ੍ਰਚਾਰ ਲਗਾਤਾਰ 40 ਦਿਨ ਤੱਕ ਚੱਲੇਗਾ। ਉਹ 10 ਅਪਰੈਲ ਤੋਂ ਕਾਂਗਰਸ ਪਾਰਟੀ ਦੇ ਹੱਕ ਵਿੱਚ ਪ੍ਰਚਾਰ ਸ਼ੁਰੂ ਕਰ ਦੇਣਗੇ।
ਇਥੇ ਜਿਕਰਯੋਗ ਹੈ ਕਿ ਨਵਜੋਤ ਸਿੱਧੂ ਆਪਣੀ ਪਤਨੀ ਨਵਜੋਤ ਕੌਰ ਲਈ ਚੰਡੀਗੜ ਤੋਂ ਟਿਕਟ ਦੀ ਮੰਗ ਕਰ ਰਹੇ ਸਨ ਅਤੇ ਪਿਛਲੇ ਕੁਝ ਮਹੀਨਿਆਂ ਤੋਂ ਮਿਲੇ ਇਸ਼ਾਰੇ ਕਾਰਨ ਨਵਜੋਤ ਕੌਰ ਨੇ ਚੰਡੀਗੜ ਵਿਖੇ ਕੰਮ ਵੀ ਸ਼ੁਰੂ ਕਰ ਦਿੱਤਾ ਸੀ ਪਰ ਟਿਕਟ ਲੈਣ ਵਿੱਚ ਉਹ ਅਸਫ਼ਲ ਸਾਬਤ ਹੋਏ ਸਨ। ਜਿਸ ਦਿਨ ਨਵਜੋਤ ਕੌਰ ਨੂੰ ਟਿਕਟ ਦੇਣ ਦੀ ਥਾਂ ‘ਤੇ ਪਵਨ ਬਾਂਸਲ ਦਾ ਐਲਾਨ ਕੀਤਾ ਗਿਆ ਸੀ, ਉਸੇ ਦਿਨ ਉਹ ਆਪਣੀ ਚੁੱਪ ਤੋੜਦੇ ਹੋਏ ਮੀਡੀਆ ਨਾਲ ਰੂ-ਬਰੂ ਵੀ ਹੋਏ ਸਨ। ਜਿਸ ਤੋਂ ਬਾਅਦ ਹੁਣ ਬੀਤੇ ਦਿਨੀਂ ਉਨਾਂ ਨੇ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਕੇ ਜਿਥੇ ਪ੍ਰਚਾਰ ਵਿੱਚ ਡਿਊਟੀ ਲਗਾਉਣ ਲਈ ਕਿਹਾ ਉਥੇ ਹੀ ਆਪਣੀ ਪਤਨੀ ਨੂੰ ਟਿਕਟ ਦੇਣ ਦੀ ਮੰਗ ਵੀ ਕੀਤੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।