ਕੈਪਟਨ ਦੀ ਗੱਲਬਾਤ ਸੋਸ਼ਲ ਮੀਡੀਆ ਤੇ ਛਾਈ, ਕੈਪਟਨ ਨੇ ਕਿਹਾ ਤੂੰ ਤਾਂ ਬਹਾਦਾਰ ਨਿੱਕਲਿਆ
ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਏਐਸਆਈ ਹਰਜੀਤ ਸਿੰਘ ਸ਼ੇਰ ਬਹਾਦਰ ਨਿਕਲਿਆ ਹੈ। ਭਾਵੇਂ ਉਸਦਾ ਅਖੌਤੀ ਨਿਹੰਗਾਂ ਵੱਲੋਂ ਹੱਥ ਗੁੱਟ ਤੋਂ ਅਲੱਗ ਕਰ ਦਿੱਤਾ ਗਿਆ, ਪਰ ਉਸਦੇ ਹੌਸਲੇ ਨੂੰ ਸਲਾਮ ਬਣਦਾ ਹੈ। ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਹਰਜੀਤ ਸਿੰਘ ਨਾਲ ਵੀਡੀਓ ਕਾਲ ਕਰਕੇ ਉਸਦਾ ਹਾਲ ਚਾਲ ਪੁੱਛਿਆ, ਜਿਸ ਦੌਰਾਨ ਉਹ ਪੂਰੇ ਹੌਸਲੇ ਵਿੱਚ ਠੀਕ ਹੋਣ ਦੀ ਗੱਲ ਆਖ ਰਿਹਾ ਹੈ। ਅਮਰਿੰਦਰ ਸਿੰਘ ਵੱਲੋਂ ਜਾਬਾਂਜ ਜਵਾਨ ਨਾਲ ਕੀਤੀ ਗੱਲਬਾਤ ਸੋਸ਼ਲ ਮੀਡੀਆ ‘ਤੇ ਛਾਈ ਹੋਈ ਹੈ।
ਇਹ ਵੀਡੀਓ ਅਮਰਿੰਦਰ ਸਿੰਘ ਸਮੇਤ ਪਟਿਆਲਾ ਤੋਂ ਐਮ.ਪੀ. ਪਰਨੀਤ ਕੌਰ ਦੀ ਫੇਸਬੁੱਕ ਤੇ ਵੀ ਵੱਡੀ ਗਿਣਤੀ ਲੋਕਾਂ ਵੱਲੋਂ ਦੇਖੀ ਗਈ ਹੈ। ਦੱਸਣਯੋਗ ਹੈ ਕਿ ਇੱਕ ਹੋਰ ਵੀਡੀਓ ਚੱਲ ਰਹੀ ਹੈ ਜਿਸ ਵਿੱਚ ਵਾਰਦਾਤ ਮੌਕੇ ਏਐਸਆਈ ਹਰਜੀਤ ਸਿੰਘ ਵੱਲੋਂ ਆਪਣਾ ਕੱਟਿਆ ਹੱਥ ਆਪਣੇ ਦੂਜੇ ਹੱਥ ਫੜਿਆ ਹੋਇਆ ਦਿਖਾਈ ਦੇ ਰਿਹਾ ਹੈ, ਜਿਸ ਕਾਰਨ ਹਰ ਕੋਈ ਹਰਜੀਤ ਸਿੰਘ ਦੇ ਹੌਸਲੇ ਦੀ ਦਾਗ ਦੇ ਰਿਹਾ ਹੈ।
ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲੋਂ ਜਦੋਂ ਉਸ ਨਾਲ ਫੋਨ ਤੇ ਵੀਡੀਓ ਕਾਲ ਰਾਹੀਂ ਹਾਲ ਚਾਲ ਪੁੱਛਿਆ ਗਿਆ ਤਾਂ ਕੈਪਟਨ ਨੂੰ ਉਸ ਨੇ ਕਿਹਾ ਕਿ ਸਰ ਤੁਹਾਡੇ ਆਸ਼ੀਰਵਾਦ ਸਕਦਾ ਠੀਕ ਹਾਂ। ਕੈਪਟਨ ਨੇ ਕਿਹਾ ਤਾ ਤੁਸੀਂ ਬਹੁਤ ਬਹਾਦਰ ਨਿਕਲੇ ਹੋਂ। ਜਦੋਂ ਮੁੱਖ ਮੰਤਰੀ ਨੇ ਪੁੱਛਿਆ ਕਿ ਦਰਦ ਹੋ ਰਿਹਾ ਹੈ ਤਾ ਏਐਸਆਈ ਨੇ ਕਿਹਾ ਕਿ ਸਰ ਥੋੜਾ ਮੋਟਾ ਤਾ ਹੋ ਰਿਹਾ ਹੈ।
ਕੈਪਟਨ ਨੇ ਕਿਹਾ ਕਿ ਡਾਕਟਰ ਤੁਹਾਨੂੰ ਦਵਾਈ ਦੇ ਰਹੇ ਹਨ ਅਤੇ ਤੁਸੀਂ ਜਲਦੀ ਤੰਦਰੁਸਤ ਹੋ ਜਾਵੋਗੇ। ਕੈਪਟਨ ਨਾਲ ਗੱਲਬਾਤ ਮੌਕੇ ਏਐਸਆਈ ਮੁਸਕਰਾ ਰਿਹਾ ਸੀ, ਜਿਸ ਦੀ ਮੁੱਖ ਮੰਤਰੀ ਨੇ ਵੀ ਦਾਦ ਦਿੱਤੀ ਕਿ ਤੁਸੀਂ ਪੂਰੇ ਹੋਸਲੇ ਵਿੱਚ ਹੋਂ। ਇਸ ਦੌਰਾਨ ਅਮਰਿੰਦਰ ਸਿੰਘ ਨੇ ਹਰਜੀਤ ਸਿੰਘ ਨੂੰ ਇੱਕ ਘਟਨਾ ਦਾ ਜਿਕਰ ਕੀਤਾ ਕਿ ਦੋਂ ਸਾਲ ਪਹਿਲਾ ਉਨ੍ਹਾਂ ਦੇ ਇੱਕ ਵਾਕਫ ਦਾ ਹੱਥ ਤੁਹਾਡੇ ਵਾਂਗ ਵੀ ਅਲੱਗ ਹੋ ਗਿਆ ਸੀ, ਪਰ ਡਾਕਟਰਾਂ ਨੇ ਉਸ ਨੂੰ ਜੋੜ ਦਿੱਤਾ ਅਤੇ ਹੁਣ ਉਹ ਬਿਲਕੁੱਲ ਠੀਕ ਹੈ।
ਤੁਸੀਂ ਵੀ ਇਸੇ ਤਰ੍ਹਾਂ ਬਿਲਕੁੱਲ ਠੀਕ ਹੋ ਜਾਵੋਗੇ। ਇੱਧਰ ਕੈਪਟਨ ਅਮਰਿੰਦਰ ਸਿੰਘ ਦੀ ਫੇਸਬੁੱਕ ਤੇ ਲੋਕਾਂ ਵੱਲੋਂ ਹਰਜੀਤ ਸਿੰਘ ਦੀ ਬਹਾਦਰੀ ਨੂੰ ਲੈ ਕੇ ਕੁਮੈਂਟ ਕੀਤੇ ਜਾ ਰਹੇ ਹਨ ਅਤੇ ਉਸਦੇ ਜਲਦੀ ਤੰਦਰੁਸਤ ਹੋਣ ਦੀ ਦੁਆਵਾਂ ਵੀ ਕੀਤੀਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ ਕਈ ਮੈਸੇਜਾਂ ਵਿੱਚ ਕਿਹਾ ਜਾ ਰਿਹਾ ਸੀ ਕਿ ਜੋਂ ਨਿਹੰਗਾਂ ਕੋਲੋਂ 39 ਲੱਖ ਰੁਪਏ ਦੀ ਰਾਸੀ ਬਰਾਮਦ ਹੋਈ ਹੈ, ਉਹ ਹਰਜੀਤ ਸਿੰਘ ਨੂੰ ਦਿੱਤੀ ਜਾਵੇ।
ਇਸ ਦੇ ਨਾਲ ਹੀ ਕਈ ਹੋਰ ਮੈਸੇਜਾਂ ਵਿੱਚ ਵੀ ਹਰਜੀਤ ਸਿੰਘ ਦੀ ਬਹਾਦਰੀ ਬਾਰੇ ਲੋਕਾਂ ਵੱਲੋਂ ਲਿਖਿਆ ਜਾ ਰਿਹਾ ਸੀ। ਦੱਸਣਯੋਗ ਹੈ ਕਿ ਕੱਲ ਘਟਨਾ ਵਾਲੇ ਦਿਨ ਫੇਸਬੁੱਕ, ਵਟਸਐਂਪ ਸਮੇਤ ਸੋਸਲ ਮੀਡੀਆ ਤੇ ਹਰਜੀਤ ਸਿੰਘ ਦੀ ਤੰਦਰੁਸਤੀ ਬਾਰੇ ਪ੍ਰਾਰਥਨਾਵਾਂ ਕੀਤੀਆਂ ਗਈਆਂ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।