Fire Incident: (ਸਿਕੰਦਰ ਜੰਡੂ) ਭਗਤਾ ਭਾਈਕਾ। ਸਥਾਨਕ ਕਸਬੇ ’ਚ ਐਤਵਾਰ ਤੜਕਸਾਰ ਕਸਬੇ ਦੇ ਪ੍ਰਦੀਪ ਬੂਟੀਕ ਵਿੱਚ ਅਚਾਨਕ ਲੱਗੀ ਅੱਗ ਨੇ ਬੂਟੀਕ ਦੇ ਸਾਰੇ ਸਮਾਨ ਦੇ ਨਾਲ-ਨਾਲ ਦੁਕਾਨ ਦੇ ਬਾਹਰ ਖੜ੍ਹੀ ਕਾਰ ਨੂੰ ਵੀ ਚਪੇਟ ਵਿੱਚ ਲੈ ਲਿਆ। ਇਹ ਹਾਦਸਾ ਪੰਨੂ ਮਾਰਕੀਟ ਦੇ ਨਜ਼ਦੀਕ ਵਾਪਰਿਆ ਜਿੱਥੇ ਬੂਟੀਕ ਦੇ ਉਪਰਲੇ ਹਿੱਸੇ ਵਿੱਚ ਪਰਿਵਾਰ ਰਹਿੰਦਾ ਸੀ। ਵੇਰਵਿਆਂ ਅਨੁਸਾਰ ਭਗਤਾ ਭਾਈਕਾ ਵਿਖੇ ਸਥਿਤ ਪ੍ਰਦੀਪ ਬੂਟੀਕ ’ਚ ਅੱਗ ਲੱਗ ਗਈ ਜਿਸ ਨਾਲ ਦੁਕਾਨ ਦੇ ਬਾਹਰ ਖੜ੍ਹੀ ਕਾਰ ਨੂੰ ਅੱਗ ਲੱਗ ਗਈ। ਇਸ ਅੱਗ ਨਾਲ ਬੂਟੀਕ ਦੇ ਉਪਰ ਰਹਿੰਦੇ ਪਰਿਵਾਰ ਦਾ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਅੱਗ ਦੇ ਭਿਆਨਕ ਦ੍ਰਿਸ਼ ਨੂੰ ਦੇਖਦੇ ਹੋਏ ਆਸ-ਪਾਸ ਦੇ ਲੋਕਾਂ ਅਤੇ ਝੁੱਗੀਆਂ ਦੇ ਰਿਹਾਇਸ਼ੀਆਂ ਨੇ ਆਪਣੀ ਜਾਨ ਜੋਖਮ ਵਿੱਚ ਪਾ ਕੇ ਉਪਰਲੇ ਹਿੱਸੇ ਵਿੱਚ ਰਹਿੰਦੇ ਪਰਿਵਾਰ ਨੂੰ ਬਾਹਰ ਕੱਢਿਆ।
ਇਹ ਵੀ ਪੜ੍ਹੋ: Road Accidents: ਸੜਕ ਹਾਦਸਿਆਂ ’ਚ ਨੌਜਵਾਨ ਸਮੇਤ ਦੋ ਜਣਿਆਂ ਦੀ ਮੌਤ
ਅੱਗ ਲੱਗਣ ਦੇ ਸਪੱਸ਼ਟ ਕਾਰਨਾਂ ਬਾਰੇ ਕੋਈ ਪੁਸ਼ਟੀ ਨਹੀਂ ਹੋਈ, ਪਰ ਸ਼ੱਕ ਹੈ ਕਿ ਇਹ ਘਟਨਾ ਸ਼ਾਰਟ ਸਰਕਟ ਕਾਰਨ ਵਾਪਰੀ ਹੋ ਸਕਦੀ ਹੈ। ਪਤਾ ਲੱਗਦਿਆਂ ਹੀ ਕੋਠਾ ਗੁਰੂ ਸਤਿਕਾਰ ਕਮੇਟੀ ਹੋਰ ਸੰਸਥਾਵਾਂ ਵੱਲੋਂ ਆਪਣੀਆਂ ਫਾਇਰ ਬ੍ਰਿਗੇਡ ਅਤੇ ਹੋਰ ਸਾਧਨਾਂ ਨਾਲ ਅੱਗ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਪਰ ਜਦੋਂ ਤੱਕ ਅੱਗ ’ਤੇ ਕਾਬੂ ਪਾਇਆ ਦੁਕਾਨ ਅਤੇ ਕਾਰ ਪੂਰੀ ਤਰ੍ਹਾਂ ਸੜ ਚੁੱਕੇ ਸਨ। ਅੱਗ ਲੱਗਣ ਨਾਲ ਪ੍ਰਦੀਪ ਬੂਟੀਕ, ਜੋ ਕੱਪੜਿਆਂ ਅਤੇ ਸਿਲਾਈ ਦੇ ਕੰਮ ਲਈ ਮਸ਼ਹੂਰ ਸੀ, ਉਸ ਵਿੱਚ ਪਿਆ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ। ਇਸ ਘਟਨਾ ਨਾਲ ਪੰਨੂ ਮਾਰਕੀਟ ਅਤੇ ਆਸ-ਪਾਸ ਦੇ ਇਲਾਕੇ ਵਿੱਚ ਰਹਿੰਦੇ ਲੋਕ ਕਾਫੀ ਚਿੰਤਿਤ ਹਨ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਪ੍ਰਭਾਵਿਤ ਪਰਿਵਾਰ ਨੂੰ ਸਮਾਜਿਕ ਸਹਾਇਤਾ ਦੀ ਜ਼ਰੂਰਤ ਹੈ। ਇਸ ਹਾਦਸੇ ਨੇ ਉਨ੍ਹਾਂ ਦੀ ਜਿੰਦਗੀ ਦੇ ਖਰਚਿਆਂ ਅਤੇ ਜੀਵਨ ਜਿਊਣ ਲਈ ਮਸ਼ਕਿਲਾਂ ਖੜੀਆਂ ਕਰ ਦਿੱਤੀਆਂ ਹਨ।