ਢੀਂਡਸਾ ਪਰਿਵਾਰ ਐਨ ਮੌਕੇ ‘ਤੇ ਚੋਣ ਲੜਨ ਤੋਂ ਪਿੱਛੇ ਹਟਿਆ
ਸੰਗਰੂਰ (ਗੁਰਪ੍ਰੀਤ ਸਿੰਘ)। ਲੋਕ ਸਭਾ ਹਲਕਾ ਸੰਗਰੂਰ ਤੋਂ ਅੱਜ ਸ਼੍ਰੋਮਣੀ ਅਕਾਲੀ ਦਲ (ਬ) ਵੱਲੋਂ ਐਡਵੋਕੇਟ ਇਕਬਾਲ ਸਿੰਘ ਝੂੰਦਾਂ ਨੂੰ ਪਾਰਟੀ ਉਮੀਦਵਾਰ ਐਲਾਨ ਦਿੱਤਾ ਹੈ ਉਹ ਸੱਤਾਧਾਰੀ ਪਾਰਟੀ ਦੇ ਗੁਰਮੀਤ ਸਿੰਘ ਮੀਤ ਹੇਅਰ ਕੈਬਨਿਟ ਮੰਤਰੀ ਦਾ ਮੁਕਾਬਲਾ ਕਰਨਗੇ ।ਹਲਕਾ ਸੰਗਰੂਰ ਤੋਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਿਰਫ਼ ਦੋ ਨਾਂਅ ਹੀ ਸਨ। ਜਿਨ੍ਹਾਂ ਨੇ ਚੋਣ ਲੜਨ ਦਾ ਇੱਛਾ ਜ਼ਾਹਰ ਕੀਤੀ ਸੀ ਪਹਿਲਾ ਨਾਂਅ ਪਰਮਿੰਦਰ ਸਿੰਘ ਢੀਂਡਸਾ ਦਾ ਸੀ ਪਰ ਐਨ ਮੌਕੇ ਤੇ ਢੀਂਡਸਾ ਪਿੱਛੋਂ ਆਪਣਾ ਨਾਂਅ ਵਾਪਿਸ ਲੈਣ ਤੋਂ ਬਾਅਦ ਪਾਰਟੀ ਨੂੰ ਇਕਬਾਲ ਸਿੰਘ ਝੂੰਦਾਂ ਨੂੰ ਉਮੀਦਵਾਰ ਐਲਾਨਣਾ ਪਿਆ। (Iqbal Singh Jhundan)
ਲਗਾਤਾਰ ਦੋ ਵਾਰ ਵਿਧਾਇਕ ਰਹਿ ਚੁੱਕੇ ਨੇ ਝੂੰਦਾਂ
ਐਡਵੋਕੇਟ ਇਕਬਾਲ ਸਿੰਘ ਝੂੰਦਾਂ ਦੇ ਸਿਆਸੀ ਕੈਰੀਅਰ ਤੇ ਜੇਕਰ ਨਜ਼ਰ ਮਾਰੀਏ ਤਾਂ ਸਭ ਤੋਂ ਪਹਿਲਾਂ 2007 ਵਿੱੱਚ ਵਿਧਾਨ ਸਭਾ ਹਲਕਾ ਧੂਰੀ ਤੋਂ ਉਹ ਆਜ਼ਾਦ ਤੌਰ ਤੇ ਚੋਣ ਜਿੱਤੇ ਸਨ ਉਨ੍ਹਾਂ ਨੇ ਕਾਂਗਰਸ ਦੇ ਮਾਈ ਰੂਪ ਕੌਰ ਬਾਗੜੀਆਂ ਨੂੰ ਹਰਾ ਕੇ ਇਹ ਚੋਣ ਜਿੱਤੀ ਸੀ ਇਸ ਤੋਂ ਬਾਅਦ 2012 ਵਿੱਚ ਉਹ ਵਿਧਾਨ ਸਭਾ ਹਲਕਾ ਅਮਰਗੜ੍ਹ ਤੋਂ ਸ਼੍ਰੋ੍ਰਮਣੀ ਅਕਾਲੀ ਦਲ ਬਾਦਲ ਦੀ ਟਿਕਟ ਤੋਂ ਚੋਣ ਲੜੇ ਸਨ, ਇਸ ਚੋਣ ਵਿੱਚ ਉਨ੍ਹਾਂ ਕਾਂਗਰਸ ਦੇ ਸੁਰਜੀਤ ਸਿੰਘ ਧੀਮਾਨ ਨੂੰ ਚੋਣ ਵਿੱਚ ਹਰਾਇਆ ਸੀ ਅਤੇ ਲਗਾਤਾਰ ਦੂਜੀ ਵਾਰ ਵਿਧਾਇਕ ਬਣੇ।
ਇਸ ਤੋਂ ਬਾਅਦ 2017 ਵਿੱਚ ਉਨ੍ਹਾਂ ਨੂੰ ਸ਼੍ਰੋਮਣੀ ਅਕਾਲੀ ਦਲ ਵੱਲੋਂ ਹਲਕਾ ਅਮਰਗੜ੍ਹ ਤੋਂ ਹੀ ਚੋਣ ਮੈਦਾਨ ਵਿੱਚ ਉਤਾਰਿਆ ਪਰ ਇਸ ਵਾਰ ਉਹ ਸਫ਼ਲ ਨਹੀਂ ਹੋ ਸਕੇ ਇਸ ਚੋਣਾਂ ਵਿੱਚ ਕਾਂਗਰਸ ਦੇ ਸੁਰਜੀਤ ਸਿੰਘ ਧੀਮਾਨ ਜੇਤੂ ਹੋਏ ਸਨ 2022 ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਫਿਰ ਅਮਰਗੜ੍ਹ ਹਲਕੇ ਤੋਂ ਹੀ ਝੂੰਦਾ ਨੂੰ ਟਿਕਟ ਦਿੱਤੀ ਪਰ ਇਸ ਵਾਰ ਉਹ ਬੁਰੀ ਤਰ੍ਹਾਂ ਹਾਰੇ ਸਨ ਉਹ ਇਸ ਹਲਕੇ ਤੋਂ ਜੇਤੂ ਰਹੇ ਆਮ ਆਦਮੀ ਪਾਰਟੀ ਤੇ ਜਸਵੰਤ ਸਿੰਘ ਗੱਜਣਮਾਜਰਾ ਤੇ ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ ਦੇ ਸਿਮਰਨਜੀਤ ਸਿੰਘ ਮਾਨ ਤੋਂ ਬਾਅਦ ਤੀਜੇ ਸਥਾਨ ‘ਤੇ ਰਹੇ ਸਨ।
Also Read : ਬਸਪਾ ਨੇ ਜਗਜੀਤ ਸਿੰਘ ਛੜਬੜ ਨੂੰ ਲੋਕ ਸਭਾ ਪਟਿਆਲਾ ਤੋਂ ਐਲਾਨਿਆ ਆਪਣਾ ਉਮੀਦਵਾਰ
ਐਡਵੋਕੇਟ ਇਕਬਾਲ ਸਿੰਘ ਝੂੰਦਾਂ ਦੀ ਉਮਰ 62 ਵਰਿ੍ਹਆਂ ਦੀ ਹੈ ਅਤੇ ਉਹ ਸੁਖਬੀਰ ਸਿੰਘ ਬਾਦਲ ਦੇ ਨੇੜਲੇ ਸਾਥੀਆਂ ਵਿੱਚ ਮੰਨੇ ਜਾਂਦੇ ਹਨ ਉਹ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਸੰਗਰੂਰ ਦੇ ਪ੍ਰਧਾਨ ਵੀ ਰਹੇ ਸਨ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੇ ਮੈਂਬਰਾਂ ਵਿੱਚ ਵੀ ਸ਼ਾਮਿਲ ਰਹੇ ਹਨ ਝੂੰਦਾਂ ਦਾ ਢੀਂਡਸਾ ਪਰਿਵਾਰ ਨਾਲ ਸ਼ੁਰੂ ਤੋਂ ਛੱਤੀ ਦਾ ਅੰਕੜਾ ਰਿਹਾ ਹੈ ਜਦੋਂ ਢੀਂਡਸਾ ਪਰਿਵਾਰ ਵੱਲੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਛੱਡਿਆ ਸੀ ਤਾਂ, ਝੂੰਦਾਂ ਨੇ ਢੀਂਡਸਾ ਪਰਿਵਾਰ ਤੇ ਤਾਬੜਤੋੜ ਸ਼ਬਦੀ ਹਮਲੇ ਕੀਤੇ ਸਨ।
ਪਰਮਿੰਦਰ ਢੀਂਡਸਾ ਨੇ ਐਨ ਮੌਕੇ ਤੇ ਆਪਣਾ ਨਾਂਅ ਵਾਪਿਸ ਲਿਆ ?
ਪਾਰਟੀ ਦੇ ਅੰਦਰੂਨੀ ਸੂਤਰਾਂ ਤੋਂ ਪਤਾ ਲੱਗਿਆ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਹਲਕਾ ਸੰਗਰੂਰ ਤੋਂ ਪਹਿਲਾਂ ਪਰਮਿੰਦਰ ਸਿੰਘ ਢੀਂਡਸਾ ਦਾ ਨਾਂਅ ਲਗਭਗ ਤੈਅ ਮੰਨਿਆ ਜਾ ਰਿਹਾ ਸੀ, ਜਦੋਂ ਤੋਂ ਭਾਜਪਾ ਵੱਲੋਂ ਅਕਾਲੀ ਦਲ ਤੋਂ ਵੱਖਰੇ ਹੋ ਕੇ ਚੋਣ ਲੜਨ ਦਾ ਐਲਾਨ ਕੀਤਾ ਗਿਆ ਹੈ, ਉਦੋਂ ਤੋਂ ਹੀ ਢੀਂਡਸਾ ਵੱਲੋਂ ਚੋਣ ਲੜਨ ਦੀ ਰੱਤੀ ਭਰ ਵੀ ਸਰਗਰਮੀ ਨਹੀਂ ਸੀ ਦਿਖਾਈ ਜਿਸ ਕਾਰਨ ਪਰਮਿੰਦਰ ਸਿੰਘ ਢੀਂਡਸਾ ਵੱਲੋਂ ਐਨ ਮੌਕੇ ਤੇ ਆ ਕੇ ਚੋਣ ਲੜਨ ਤੋਂ ਨਾਂਹ ਕਰਨ ਦਿੱਤੀ ਜਿਸ ਕਾਰਨ ਪਾਰਟੀ ਨੂੰ ਮਜ਼ਬੂਰਨ ਝੂੰਦਾਂ ਨੂੰ ਟਿਕਟ ਦੇਣੀ ਪਈ।
ਝੂੰਦਾਂ ਕਿੰਝ ਕਰਨਗੇ ਕੈਬਨਿਟ ਮੰਤਰੀ ਮੀਤ ਹੇਅਰ ਨਾਲ ਮੁਕਾਬਲਾ
ਸ਼੍ਰੋਮਣੀ ਅਕਾਲੀ ਦਲ ਵੱਲੋਂ ਮਜ਼ਬੂਰਨ ਝੂੰਦਾਂ ਨੂੰ ਟਿਕਟ ਦਿੱਤੇ ਜਾਣ ਕਾਰਨ, ਉਹ ਆਪਣੀ ਸਿਆਸੀ ਲੜਾਈ ਕਿਸ ਤਰ੍ਹਾਂ ਲੜਣਗੇ, ਇਹ ਵੇਖਣ ਵਾਲੀ ਗੱਲ ਹੋਵੇਗੀ ਕਿਉਂਕਿ ਲੋਕ ਸਭਾ ਹਲਕਾ ਸੰਗਰੂਰ ਆਮ ਆਦਮੀ ਪਾਰਟੀ ਦਾ ਗੜ੍ਹ ਹੈ ਅਤੇ ਇਸ ਦੇ ਸਾਰੇ ਵਿਧਾਨ ਸਭਾ ਹਲਕਿਆਂ ‘ਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਹਨ ਅਜਿਹੇ ਹਾਲਾਤਾਂ ਵਿੱਚ ਝੂੰਦਾਂ ਮੀਤ ਨੂੰ ਕਿਸ ਤਰ੍ਹਾਂ ਟੱਕਰ ਦੇਣਗੇ, ਇਹ ਵੇਖਣ ਵਾਲੀ ਗੱਲ ਹੋਵੇਗੀ।