ਖੰਨਾ/ਲੁਧਿਆਣਾ, (ਸੱਚ ਕਹੂੰ ਨਿਊਜ਼)। ਜ਼ਿਲ੍ਹਾ ਲੁਧਿਆਣਾ ਦੇ ਖੰਨਾ (Khanna News) ਦੀ ਪੁਲਿਸ ਨੇ ਸੁਭਾਸ਼ ਬਜ਼ਾਰ ਦੇ ਦੋ ਦੁਕਾਨਦਾਰਾਂ ਦੀ ਸ਼ਿਕਾਇਤ ‘ਤੇ ਕਾਰਵਾਈ ਕਰਦਿਆਂ 7 ਜਣਿਆਂ ਨੂੰ ਕਾਬੂ ਕੀਤਾ ਹੈ ਤੇ ਉਹਨਾਂ ਵਿਰੁੱਧ ਜਬਰੀ ਵਸੂਲੀ, ਘਰ ‘ਚ ਘੁਸਪੈਠ, ਗਲਤ ਤਰੀਕੇ ਨਾਲ ਕੈਦ, ਅਪਰਾਧਿਕ ਧਮਕੀਆਂ ਦੇਣ ਦੇ ਦੋਸ਼ ਮਾਮਲਾ ਦਰਜ਼ ਕਰ ਲਿਆ ਹੈ।
ਰਿੰਕੀ ਮੋਬਾਈਲ ਸੈਂਟਰ ਦੇ ਮਾਲਕ ਰਿੰਕੀ ਅਤੇ ਮੁੱਖ ਬਾਜ਼ਾਰ ਖੰਨਾ ’ਚ ਸਥਿਤ ਪੰਕਜ ਗਾਰਮੈਂਟਸ ਦੇ ਮਾਲਕ ਪੰਕਜ ਨੇ ਦੱਸਿਆ ਕਿ ਕੱਲ੍ਹ ਦੁਪਹਿਰ ਸੱਤ ਵਿਅਕਤੀ ਉਨ੍ਹਾਂ ਦੀਆਂ ਦੁਕਾਨਾਂ ’ਚ ਜ਼ਬਰਦਸਤੀ ਦਾਖ਼ਲ ਹੋਏ। ਜਿੱਥੇ ਉਹ ਆਪਣੀਆਂ ਦੁਕਾਨਾਂ ਦੀ ਮੁਰੰਮਤ ਕਰਵਾ ਰਹੇ ਸਨ। ਜਿਸ ਨੂੰ ਉਕਤ ਵਿਅਕਤੀਆਂ ਨੇ ਬੰਦ ਕਰਨ ਲਈ ਕਿਹਾ। ਇਹਨਾਂ ਹੀ ਨਹੀਂ ਉਕਤ ਵਿਅਕਤੀਆਂ ਨੇ ਮੁਰੰਮਤ ਦਾ ਕੰਮ ਚਲਦਾ ਰੱਖਣ ਲਈ ਉਹਨਾਂ ਪਾਸੋਂ ਪੈਸਿਆਂ ਦੀ ਮੰਗ ਵੀ ਕੀਤੀ।
ਜਬਰੀ ਵਸੂਲੀ, ਘਰ ‘ਚ ਘੁਸਪੈਠ, ਗਲਤ ਤਰੀਕੇ ਨਾਲ ਕੈਦ, ਅਪਰਾਧਿਕ ਧਮਕੀਆਂ ਦੇਣ ਦੇ ਦੋਸ਼
ਉਹਨਾਂ ਅੱਗੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਆਪਣੀਆਂ ਦੁਕਾਨਾਂ ਤੋਂ ਜਾਣ ਦੀ ਕੋਸ਼ਿਸ਼ ਕੀਤੀ ਤਾਂ ਉਕਤ ਵਿਅਕਤੀਆਂ ਨੇ ਉਨ੍ਹਾਂ ਨੂੰ ਜ਼ਬਰਦਸਤੀ ਦੁਕਾਨਾਂ ਅੰਦਰ ਬੰਦ ਕਰਕੇ ਉਨ੍ਹਾਂ ਨਾਲ ਦੁਰਵਿਵਹਾਰ ਕੀਤਾ। ਇਸ ਤੋਂ ਇਲਾਵਾ ਦੁਕਾਨਾਂ ਦੀ ਮੁਰੰਮਤ ਲਈ ਲਿਆਂਦੇ ਸਾਮਾਨ ਨੂੰ ਵੀ ਨੁਕਸਾਨ ਪਹੁੰਚਾਇਆ। ਇਸ ਦੌਰਾਨ ਹੋਏ ਹੰਗਾਮੇ ਤੋਂ ਬਾਅਦ ਹੋਰ ਦੁਕਾਨਦਾਰਾਂਦੇ ਇਕੱਠੇ ਹੋਣ ਤੇ ਉਕਤ ਵਿਅਕਤੀ ਫ਼ਰਾਰ ਹੋ ਗਏ। ਉਪਰੰਤ ਸਾਰੀ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ। ਜਿੰਨਾਂ ਨੇ ਕਾਰਵਾਈ ਕਰਦਿਆਂ 7 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ।
ਖੰਨਾ ਪੁਲਿਸ ਨੇ ਉਕਤ ਦੁਕਾਨਦਾਰਾਂ ਦੀ ਸ਼ਿਕਾਇਤ ‘ਤੇ ਗੁਰਦੀਪ ਸਿੰਘ ਦੀਪੂ ਨੂੰ ਗਿਰਫ਼ਤਾਰ ਕਰਕੇ ਓਸ ਵਿਰੁੱਧ ਵੀ ਵੱਖ ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਜੋ ‘ਆਪ’ ਦਾ ਸੂਬਾ ਜੁਆਇੰਟ ਸਕੱਤਰ ਦੱਸਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਸੁਖਵਿੰਦਰ ਸਿੰਘ ਜੋ ਬਲਾਕ ਦਿਹਾਤੀ ਪ੍ਰਧਾਨ ਹੈ, ਵਰਿੰਦਰ ਸਿੰਘ ਤੇ ਰਾਜਵੀਰ ਸ਼ਰਮਾ ਬਲਾਕ ਪ੍ਰਧਾਨ ਹੈ। ਉਕਤ ਤੋ ਇਲਾਵਾ ਰਾਜ ਕੁਮਾਰ ਜੱਸਲ ਬਲਾਕ ਪ੍ਰਧਾਨ ਸ਼ਹਿਰੀ, ਪ੍ਰਸ਼ਾਂਤ ਡੰਗ ਯੂਥ ਪ੍ਰਧਾਨ ਖੰਨਾ ਅਤੇ ਵਾਰਡ ਨੰਬਰ 21 ਦੇ ਇੰਚਾਰਜ ਸਮੇਤ ਤਰਿੰਦਰ ਸਿੰਘ ਨੂੰ ਵੀ ਮਾਮਲੇ ਚ ਨਾਮਜਦ ਕਰਕੇ ਕਾਬੂ ਕੀਤਾ ਗਿਆ ਹੈ।
ਪੁਲਿਸ ਮੁਤਾਬਕ ਕਾਬੂ ਵਿਅਕਤੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਇੱਕ ਦਿਨ ਦੇ ਰਿਮਾਂਡ ’ਤੇ ਲਿਆ ਗਿਆ ਹੈ। ਜਿੰਨਾਂ ਖਿਲਾਫ ਧਾਰਾ 452, 342, 384, 506, 355, 323, 149 ਤਹਿਤ ਕੇਸ ਦਰਜ ਕਰ ਲਿਆ ਹੈ।