ਯੂਐਸ.ਓਪਨ ਦੀ ਸਨਸਨੀਖੇਜ਼ ਸ਼ੁਰੂਆਤ : ਵਿਸ਼ਵ ਨੰਬਰ 1 ਹਾਲੇਪ ਪਹਿਲੇ ਗੇੜ ‘ਚ ਹੀ ਬਾਹਰ

ਅਸਤੋਨੀਆ ਦੀ ਕੈਨੇਪੀ ਨੇ 6-2, 6-4 ਨਾਲ ਹਰਾਇਆ

ਨਿਊਯਾਰਕ, (ਏਜੰਸੀ)। ਸਾਲ ਦੇ ਆਖ਼ਰੀ ਗਰੈਂਡ ਸਲੈਮ ਯੂ.ਐਸ. ਓਪਨ ਦੀ ਸਨਸਨੀਖੇਜ਼ ਸ਼ੁਰੂਆਤ ਹੋਈ ਹੈ ਅਤੇ ਵਿਸ਼ਵ ਦੀ ਨੰਬਰ ਇੱਕ ਮਹਿਲਾ ਖਿਡਾਰੀ ਰੋਮਾਨੀਆ ਦੀ ਸਿਮੋਨਾ ਹਾਲੇਪ ਨੂੰ ਪਹਿਲੇ ਹੀ ਗੇੜ ‘ਚ ਬਾਹਰ ਹੋਣਾ ਪਿਆ ਜਦੋਂਕਿ ਪੁਰਸ਼ਾਂ ‘ਚ ਨੰਬਰ ਇੱਕ ਸਪੇਨ ਦੇ ਰਾਫੇਲ ਨਡਾਲ ਅਤੇ ਸਥਾਨਕ ਪਸੰਦੀਦਾ ਖਿਡਾਰੀ ਸੇਰੇਨਾ ਵਿਲਿਅਮਸ ਦੂਸਰੇ ਗੇੜ ‘ਚ ਜਗ੍ਹਾ ਬਣਾ ਗਏ। ਹਾਲੇਪ ਨੂੰ ਅਸਤੋਨੀਆ ਦੀ ਕਾਈਆ ਕੈਨੇਪੀ ਨੇ 6-2, 6-4 ਨਾਲ ਹਰਾਇਆ ਹਾਲੇਪ ਇਸ ਤਰ੍ਹਾਂ ਯੂ.ਐਸ. ਓਪਨ ਦੇ ਪਹਿਲੇ ਹੀ ਗੇੜ ‘ਚ ਹਾਰਨ ਵਾਲੀ ਪਹਿਲੀ ਅੱਵਲ ਦਰਜਾ ਪ੍ਰਾਪਤ ਖਿਡਾਰੀ ਬਣ ਗਈ ਹੈ ਇਹ ਲਗਾਤਾਰ ਦੂਸਰਾ ਸਾਲ ਹੈ ਜਦੋਂ ਫਰੈਂਚ ਓਪਨ ਚੈਂਪੀਅਨ ਹਾਲੇਪ ਨੂੰ ਯੂ.ਐਸ.ਓਪਨ ਦੇ ਪਹਿਲੇ ਗੇੜ ‘ਚ ਬਾਹਰ ਹੋਣਾ ਪਿਆ ਹੈ।

ਇਸ ਉਲਟਫੇਰ ‘ਚ ਨੰਬਰ ਇੱਕ ਖਿਡਾਰੀ ਨਡਾਲ ਨੂੰ ਆਪਣੇ ਵਿਰੋਧੀ ਸਪੇਨ ਦੇ ਹੀ ਡੇਵਿਡ ਫੇਰਰ ਦੇ ਮੈਚ ਛੱਡ ਦੇਣ ਕਾਰਨ ਦੂਸਰੇ ਗੇੜ ‘ਚ ਪ੍ਰਵੇਸ਼ ਮਿਲ ਗਿਆ ਮਹਿਲਾ ਵਰਗ ‘ਚ ਸਾਬਕਾ ਨੰਬਰ ਇੱਕ ਅਮਰੀਕਾ ਦੀ ਸੇਰੇਨਾ ਨੇ ਜੇਤੂ ਸ਼ੁਰੂਆਤ ਕਰਦੇ ਹੋਏ ਆਸਾਨ ਜਿੱਤ ਦੇ ਨਾਲ ਦੂਸਰੇ ਗੇੜ ‘ਚ ਜਗ੍ਹਾ ਬਣਾਈ ਜਦੋਂਕਿ ਉਹਨਾਂ ਦੀ ਭੈਣ ਵੀਨਸ ਨੇ ਸਾਬਕਾ ਚੈਂਪੀਅਨ ਸਵੇਤਲਾਨਾ ਕੁਜ਼ਨੇਤਸੋਵਾ ਨੂੰ ਸਖ਼ਤ ਸੰੰਘਰਸ਼ ‘ਚ ਹਰਾ ਕੇ ਬਾਹਰ ਕਰ ਦਿੱਤਾ ਛੇ ਵਾਰ ਦੀ ਚੈਂਪੀਅਨ ਸੇਰੇਨਾ ਆਪਣੇ ਪਹਿਲੇ ਬੱਚੇ ਦੇ ਜਨਮ ਤੋਂ ਬਾਅਦ ਪਹਿਲੀ ਵਾਰ ਇੱਥੇ ਖੇਡ ਰਹੀ ਹੈ।