ਪੰਜਾਬ ਸਰਕਾਰ ਦੇ ਟਰਾਂਸਪੋਰਟ ਵਿਭਾਗ ਨੇ ਜਾਰੀ ਕੀਤਾ ਨੋਟੀਫਿਕੇਸ਼ਨ
ਅਸ਼ਵਨੀ ਚਾਵਲਾ, ਚੰਡੀਗੜ੍ਹ: ਪੰਜਾਬ ਵਿੱਚ ਅੱਜ ਤੋਂ ਡ੍ਰਾਈਵਿੰਗ ਲਾਇਸੰਸ ਅਤੇ ਨਿੱਜੀ ਵਹੀਕਲਾਂ ਦੀ ਆਰ.ਸੀ. ਤਿਆਰ ਕਰਵਾਉਣ ਦਾ ਕੰਮ ਜਿ਼ਲ੍ਹੇ ਪੱਧਰ ‘ਤੇ ਡੀ.ਟੀ.ਓ. ਰਾਹੀਂ ਕਰਵਾਉਣ ਵਾਲੇ ਝੰਜਟ ਨੂੰ ਖ਼ਤਮ ਕਰਦੇ ਹੋਏ ਪੰਜਾਬ ਸਰਕਾਰ ਨੇ ਮੁੜ ਤੋਂ ਐਸ.ਡੀ.ਐਮ. ਅਧਿਕਾਰੀਆਂ ਦੇ ਅਧਿਕਾਰ ਖੇਤਰ ਵਿੱਚ ਲਿਆ ਦਿੱਤਾ ਹੈ। ਅੱਜ ਤੋਂ ਬਾਅਦ ਕਿਸੇ ਵੀ ਆਮ ਵਿਅਕਤੀ ਨੂੰ ਜ਼ਿਲੇ ਦੇ ਅਧਿਕਾਰੀ ਕੋਲ ਜਾਣ ਦੀ ਥਾਂ ‘ਤੇ ਆਪਣੀ ਤਹਿਸੀਲ ਵਿੱਚ ਹੀ ਐਸ.ਡੀ.ਐਮ. ਰਾਹੀਂ ਆਪਣੇ ਕੰਮ ਨੂੰ ਕਰਵਾਇਆ ਜਾ ਸਕੇਗਾ। ਹਾਲਾਂਕਿ ਇਸ ਸਬੰਧੀ ਐਲਾਨ ਪਹਿਲਾਂ ਹੀ ਕਰ ਦਿੱਤਾ ਗਿਆ ਸੀ ਪਰ ਇਸ ਸਬੰਧੀ ਪੰਜਾਬ ਸਰਕਾਰ ਦੇ ਟਰਾਂਸਪੋਰਟ ਵਿਭਾਗ ਵਲੋਂ ਵੀਰਵਾਰ ਨੂੰ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ।
ਰੱਦ ਕੀਤਾ ਡੀ.ਟੀ.ਓ. ਦੀ ਪੋਸਟ ਨੂੰ
ਜਾਣਕਾਰੀ ਅਨੁਸਾਰ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਆਪਣੇ ਚੋਣ ਮਨੋਰਥ ਪੱਤਰ ਰਾਹੀਂ ਇਹ ਐਲਾਨ ਕੀਤਾ ਗਿਆ ਸੀ ਕਿ ਸੱਤਾ ਵਿੱਚ ਆਉਣ ਤੋਂ ਬਾਅਦ ਉਹ ਡੀ.ਟੀ.ਓ. ਸਿਸਟਮ ਨੂੰ ਪੂਰੀ ਤਰ੍ਹਾਂ ਖ਼ਤਮ ਕਰ ਦੇਣਗੇ, ਕਿਉਂਕਿ ਪੰਜਾਬ ਵਿੱਚ ਡੀ.ਟੀ.ਓ. ਦਾ ਸਿਸਟਮ ਭ੍ਰਿਸ਼ਟਾਚਾਰ ਨੂੰ ਵਧਾ ਰਿਹਾ ਹੈ ਤਾਂ ਆਮ ਲੋਕਾਂ ਨੂੰ ਇਸ ਸਿਸਟਮ ਰਾਹੀਂ ਕਾਫ਼ੀ ਜਿਆਦਾ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ, ਕਿਉਂਕਿ ਹਰ ਜਿ਼ਲ੍ਹੇ ਵਿੱਚ 5 ਤੋਂ ਲੈ ਕੇ 12 ਤਹਿਸੀਲ ਹੋਣ ਦੇ ਬਾਵਜੂਦ ਵੀ ਡ੍ਰਾਈਵਿੰਗ ਲਾਇਸੰਸ ਅਤੇ ਆਪਣੇ ਨਿੱਜੀ ਵਹੀਕਲ ਦੀ ਰਜਿਸ਼ਟ੍ਰੇਸ਼ਨ ਕਾਪੀ ਬਣਾਉਣ ਲਈ ਜਿ਼ਲਾ ਪੱਧਰ ਦੇ ਅਧਿਕਾਰੀ ਕੋਲ ਜਾਣਾ ਪੈਂਦਾ ਸੀ।
ਕਈ ਜਿ਼ਲ੍ਹੇ ਵਿੱਚ ਤਾਂ ਆਮ ਲੋਕਾਂ ਨੂੰ 100 ਜਾਂ ਫਿਰ ਇਸ ਤੋਂ ਜਿਆਦਾ ਕਿਲੋਮੀਟਰ ਦਾ ਵੀ ਸਫ਼ਰ ਕਰਨਾ ਪੈਂਦਾ ਸੀ। ਇਥੇ ਹੀ ਜਿ਼ਲ੍ਹੇ ਵਿੱਚ ਇਹ ਸਾਰਾ ਕੰਮ ਇਕੋ ਹੀ ਅਧਿਕਾਰੀ ਕੋਲ ਹੋਣ ਦੇ ਕਾਰਨ ਡੀ.ਟੀ.ਓ. ਦਫ਼ਤਰ ਵਿਖੇ ਕਾਫ਼ੀ ਜਿਆਦਾ ਭੀੜ ਹੋਣ ਦੇ ਕਾਰਨ ਆਮ ਲੋਕਾਂ ਦੇ ਇੱਕ ਦੋ ਦਿਨਾਂ ਵਿੱਚ ਹੋਣ ਵਾਲੇ ਕੰਮਾਂ ਨੂੰ ਕਈ ਕਈ ਮਹੀਨੇ ਤੱਕ ਲਗ ਜਾਂਦੇ ਸਨ। ਜਿਸ ਕਾਰਨ ਆਮ ਲੋਕਾਂ ਨੂੰ ਆਪਣੇ ਕੰਮ ਜਲਦੀ ਕਰਵਾਉਣ ਲਈ ਡੀ.ਟੀ.ਓ. ਦਫ਼ਤਰ ਦੇ ਅੰਦਰ ਅਤੇ ਬਾਹਰ ਬੈਠੇ ਦਲਾਲਾ ਕੋਲ ਭ੍ਰਿਸ਼ਟਾਚਾਰ ਦਾ ਸ਼ਿਕਾਰ ਤੱਕ ਹੋਣਾ ਪੈਂਦਾ ਸੀ।
ਇਨ੍ਹਾਂ ਕਾਰਨਾਂ ਕਰਕੇ ਹੀ ਕਾਂਗਰਸ ਸਰਕਾਰ ਨੇ ਡੀ.ਟੀ.ਓ. ਸਿਸਟਮ ਹੀ ਖ਼ਤਮ ਕਰਦੇ ਹੋਏ ਮੁੜ ਤੋਂ ਪੁਰਾਣੇ ਤਰੀਕੇ ਵਾਂਗ ਡ੍ਰਾਈਵਿੰਗ ਲਾਇਸੰਸ ਅਤੇ ਨਿੱਜੀ ਵਹੀਕਲਾ ਦੀ ਰਜਿਸ਼ਟ੍ਰੇਸਨ ਕਾਪੀ ਬਣਾਉਣਾ ਕੰਮ ਐਸ.ਡੀ.ਐਮ. ਪੱਧਰ ਦੇ ਅਧਿਕਾਰੀਆਂ ਨੂੰ ਦੇ ਦਿੱਤਾ ਹੈ। ਜਿਸ ਕਾਰਨ ਹੁਣ ਐਸ.ਡੀ.ਐਮ. ਦਫ਼ਤਰ ਵਿੱਚ ਭੀੜ ਵੀ ਘੱਟ ਹੋਵੇਗੀ ਅਤੇ ਕੰਮ ਵੀ ਤੇਜੀ ਨਾਲ ਹੋਣਗੇ।
ਆਰ.ਟੀ.ਓ. ਦੇਖਣਗੇ ਕਮਰਸ਼ੀਅਲ ਵਹੀਕਲਾ ਦਾ ਕੰਮ, 6 ਜਿ਼ਲ੍ਹੇ ‘ਚ ਆਰ.ਟੀ.ਓ. ਲੱਗਣਗੇ ਪੀ.ਸੀ.ਐਸ. ਅਧਿਕਾਰੀ
ਪੰਜਾਬ ਸਰਕਾਰ ਵਲੋਂ ਡੀ.ਟੀ.ਓ. ਸਿਸਟਮ ਖ਼ਤਮ ਕਰਨ ਦੇ ਨਾਲ ਹੀ ਆਰ.ਟੀ.ਓ. ਲਗਾਉਣ ਸਬੰਧੀ ਵੀ ਨਵੇਂ ਨਿਯਮ ਤੈਅ ਕਰ ਦਿੱਤੇ ਗਏ ਹਨ। ਹੁਣ ਕਮਰਸ਼ੀਅਲ ਵਹੀਕਲਾ ਦਾ ਕੰਮ ਆਰ.ਟੀ.ਓ. ਦੇਖਣਗੇ ਅਤੇ ਪੰਜਾਬ ਦੇ 6 ਇਹੋ ਜਿਹੇ ਜਿ਼ਲ੍ਹੇ ਚੁਣੇ ਗਏ ਹਨ, ਜਿਥੇ ਪੀ.ਸੀ.ਐਸ. ਅਧਿਕਾਰੀ ਆਰ.ਟੀ.ਓ. ਲੱਗਣਗੇ, ਜਦੋਂ ਕਿ ਬਾਕੀ ਥਾਂਵਾਂ ‘ਤੇ ਵਿਭਾਗੀ ਅਧਿਕਾਰੀ ਆਰ.ਟੀ.ਓ. ਹੋਣਗੇ। ਅੰਮ੍ਰਿਤਸਰ, ਲੁਧਿਆਣਾ, ਜਲੰਧਰ, ਪਟਿਆਲਾ ਅਤੇ ਬਠਿੰਡਾ ਸਣੇ ਫਰੀਦਕੋਟ ਵਿਖੇ ਆਰ.ਟੀ.ਓ. ਸਿਰਫ਼ ਪੀ.ਐਸ. ਅਧਿਕਾਰੀ ਹੀ ਲੱਗਣਗੇ, ਜਦੋਂ ਕਿ ਮੁਹਾਲੀ, ਸੰਗਰੂਰ, ਹੁਸ਼ਿਆਰਪੁਰ, ਫਿਰੋਜ਼ਪੁਰ ਅਤੇ ਗੁਰਦਾਸਪੁਰ ਵਿਖੇ ਆਰ.ਟੀ.ਓ. ਸਿਰਫ਼ ਵਿਭਾਗੀ ਅਧਿਕਾਰੀ ਹੀ ਲੱਗਣਗੇ। ਹਰ ਆਰ.ਟੀ.ਓ. ਨੂੰ ਇੱਕ ਜਾਂ ਫਿਰ ਇਸ ਤੋਂ ਵੱਧ ਜ਼ਿਲੇ• ਦਾ ਚਾਰਜ ਦਿੱਤਾ ਜਾ ਰਿਹਾ ਹੈ ਤਾਂ ਕਿ ਪੰਜਾਬ ਦੇ ਸਾਰੇ ਜਿ਼ਲ੍ਹੇ ਵਿੱਚ ਕੰਮ ਚਲ ਸਕੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।