ਚਿੱਟੀ ਮੱਖੀ ਦੇ ਕਹਿਰ ਤੋਂ ਪਹਿਲਾਂ ਘਬਰਾਈ ਸਰਕਾਰ

Punjab Government, Agriculture Officials Meeting, CM, Amarinder Singh

ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਖੇਤੀ ਅਧਿਕਾਰੀਆਂ ਸੱਦੀ ਮੀਟਿੰਗ

ਅਸ਼ਵਨੀ ਚਾਵਲਾ, ਚੰਡੀਗੜ੍ਹ: ਪੰਜਾਬ ਵਿੱਚ ਚਿੱਟੀ ਮੱਖੀ ਆਪਣਾ ਕਹਿਰ ਇੱਕ ਵਾਰ ਫਿਰ ਤੋਂ ਵਰ੍ਹਾ ਸਕਦੀ ਹੈ ਅਤੇ ਇਸ ਵਾਰ ਚਿੱਟੀ ਮੱਖੀ ਦਾ ਕਹਿਰ 2015 ਵਿੱਚ ਹੋਏ ਨੁਕਸਾਨ ਤੋਂ ਵੀ ਜਿਆਦਾ ਹੋ ਸਕਦਾ ਹੈ, ਇਸ ਲਈ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਸਮੇਂ ਦੀ ਨਜ਼ਾਕਤ ਨੂੰ ਦੇਖਦੇ ਹੋਏ ਅੱਜ ਚੰਡੀਗੜ੍ਹ  ਵਿਖੇ 7  ਜਿ਼ਲ੍ਹਿਆਂ  ਦੇ ਖੇਤੀਬਾੜੀ ਅਧਿਕਾਰੀਆਂ ਦੀ

ਮੀਟਿੰਗ ਸੱਦ ਲਈ ਹੈ। ਮੁੱਖ ਮੰਤਰੀ ਅਮਰਿੰਦਰ ਸਿੰਘ ਇਸ ਮੀਟਿੰਗ ਰਾਹੀਂ ਚਿੱਟੀ ਮੱਖੀ ਦੇ ਹਮਲੇ ਨੂੰ ਰੋਕਣ ਲਈ ਸਰਕਾਰੀ ਤਿਆਰੀਆਂ ਦਾ ਜਾਇਜ਼ਾ ਲੈਣ ਦੇ ਨਾਲ ਹੀ ਇਸ ਦੇ ਪ੍ਰਭਾਵ ਨੂੰ ਖ਼ਤਮ ਕਰਨ ਸਬੰਧੀ ਚਰਚਾ ਕਰਨਗੇ। ਇਸ ਮੀਟਿੰਗ ਵਿੱਚ ਖੇਤੀਬਾੜੀ ਵਿਭਾਗ ਦੇ ਉੱਚ ਅਧਿਕਾਰੀਆਂ ਸਣੇ ਕਈ ਮਾਹਿਰ ਵੀ ਮੌਕੇ ‘ਤੇ ਮੌਜੂਦ ਰਹਿਣਗੇ।

ਚਿੱਟੀ ਮੱਖੀ ਨੂੰ ਮਾਰਨ ਲਈ ਨਹੀਂ ਕਾਰਗਰ ਸਾਬਤ ਹੋ ਰਹੀ ਐ ਕੋਈ ਦਵਾਈ

ਪੰਜਾਬ ਸਰਕਾਰ ਇਸ ਗਲ ਨੂੰ ਲੈ ਕੇ ਘਬਰਾਈ ਹੋਈ ਹੈ ਕਿ ਕਿਥੇ ਚਿੱਟੀ ਮੱਖੀ ਦੇ ਕਹਿਰ ਨਾਲ ਕਿਸਾਨਾਂ ਵਲੋਂ ਲਗਾਈ ਗਈ ਕਾਟਨ ਦੀ ਸਾਰੀ ਫਸਲ ਹੀ ਖਰਾਬ ਨਾ ਹੋ ਜਾਵੇ। ਮੁੱਖ ਮੰਤਰੀ ਅਮਰਿੰਦਰ ਸਿੰਘ ਵਲੋਂ ਪਿਛਲੇ ਹਫ਼ਤੇ ਮਾਨਸਾ ਜਿ਼ਲ੍ਹੇ ਦਾ ਦੌਰਾ ਕੀਤਾ ਗਿਆ ਸੀ, ਜਿਥੇ ਕਿ ਚਿੱਟੀ ਮੱਖੀ ਦੇ ਕਹਿਰ ਦਾ ਇਸ ਸਾਲ ਸਭ ਤੋਂ ਪਹਿਲਾਂ ਅਤੇ ਜਿਆਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਮੁੱਖ ਮੰਤਰੀ ਅਮਰਿੰਦਰ ਸਿੰਘ ਵਲੋਂ ਮਾਨਸਾ ਦਾ ਦੌਰਾ ਕਰਨ ਤੋਂ ਉਪਰਾਂਤ ਹੀ ਅਧਿਕਾਰੀਆਂ ਨੂੰ ਆਦੇਸ਼ ਜਾਰੀ ਕਰ ਦਿੱਤੇ ਗਏ ਸਨ ਕਿ ਇਸ ਸਬੰਧੀ ਜਲਦ ਹੀ ਹਲ਼ ਕੱਢੇ ਜਾਣ ਤਾਂ ਕਿ ਕਿਸਾਨਾਂ ਨੂੰ ਹੋਣ ਵਾਲੇ ਨੁਕਸਾਨ ਨੂੰ ਸਮਾਂ ਰਹਿੰਦੇ ਹੋਏ ਹੀ ਬਚਾਇਆ ਜਾ ਸਕੇ।

ਮਾਨਸਾ ਦਾ ਦੌਰਾ ਕਰਨ ਤੋਂ ਬਾਅਦ ਮੁੱਖ ਮੰਤਰੀ ਨੇ ਸੱਦੀ ਮੀਟਿੰਗ

ਅੱਜ ਹੋਣ ਵਾਲੀ ਇਸ ਮੀਟਿੰਗ ਵਿੱਚ ਇਸ ਸਬੰਧੀ ਹੀ ਚਰਚਾ ਕੀਤੀ ਜਾਵੇਗੀ ਤਾਂ ਕਿ ਸਰਕਾਰ ਆਉਣ ਵਾਲੇ ਚਿੱਟੀ ਮੱਖੀ ਦੇ ਖ਼ਤਰੇ ਤੋਂ ਨਿਪਟਣ ਲਈ ਤਿਆਰ ਰਹੇ। ਦੱਸਿਆ ਜਾ ਰਿਹਾ ਹੈ ਕਿ ਹਰ ਜਿ਼ਲ੍ਹੇ  ਦੀ ਰਿਪੋਰਟ ਲੈਣ ਦੇ ਨਾਲ ਹੀ ਉਨ੍ਹਾਂ ਤੋਂ ਸੁਝਾਅ ਲਏ ਜਾਣਗੇ ਕਿ ਆਖਰਕਾਰ ਉਨ੍ਹਾਂ ਦੇ ਹਿਸਾਬ ਨਾਲ ਇਸ ਚਿੱਟੀ ਮੱਖੀ ਦੇ ਕਹਿਰ ਨਾਲ ਕਿਵੇਂ ਨਿਪਟਾ ਜਾ ਸਕੇ। ਅੱਜ ਦੀ ਮੀਟਿੰਗ ਵਿੱਚ ਮਾਨਸਾ, ਬਠਿੰਡਾ, ਬਰਨਾਲਾ, ਮੋਗਾ, ਫਰੀਦਕੋਟ, ਮੁਕਤਸਰ ਅਤੇ ਫ਼ਿਰੋਜਪੁਰ ਦੇ ਖੇਤੀਬਾੜੀ ਅਧਿਕਾਰੀ ਭਾਗ ਲੈਣਗੇ।

ਪੈਸਟੀਸਾਇਡ ਨਹੀਂ ਬਰਸਾਤ ਦੇ ਆਸਰੇ ‘ਤੇ ਪੰਜਾਬ ਸਰਕਾਰ

ਪੰਜਾਬ ਸਰਕਾਰ ਚਿੱਟੀ ਮੱਖੀ ਦੇ ਕਹਿਰ ਦਾ ਸਾਹਮਣਾ ਕਰਨ ਲਈ ਕਿਸੇ ਕਿਸਮ ਦੀ ਪੈਸਟੀਸਾਇਡ ਨਹੀਂ ਸਗੋਂ ਬਰਸਾਤ ਦੇ ਆਸਰੇ ਬੈਠੀ ਨਜ਼ਰ ਆ ਰਹੀਂ ਹੈ ਕਿਉਂਕਿ ਪੰਜਾਬ ਸਰਕਾਰ ਦੇ ਉੱਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਕੋਈ ਵੀ ਪੈਸਟੀਸਾਇਡ ਦਾ ਅਸਰ ਚਿੱਟੀ ਮੱਖੀ ‘ਤੇ ਨਹੀਂ ਹੋ ਰਿਹਾ ਹੈ ਅਤੇ ਜ਼ਿਆਦਾਤਰ ਕਿਸਾਨਾਂ ਨੂੰ ਗੁਮਰਾਹ ਕਰਕੇ ਹੀ ਪੈਸਟੀਸਾਇਡ ਦਵਾਈ ਵੇਚੀ ਜਾ ਰਹੀਆਂ ਹਨ, ਜਿਸ ਨਾਲ ਫਾਇਦਾ ਹੋਣ ਦੇ ਨਾਲ ਹੀ ਨੁਕਸਾਨ ਹੋ ਰਿਹਾ ਹੈ। ਉੱਚ ਅਧਿਕਾਰੀਆਂ ਅਨੁਸਾਰ ਜੇਕਰ ਅਗਲੀ 30 ਅਗਸਤ ਤੋਂ ਪਹਿਲਾਂ ਪੰਜਾਬ ਵਿੱਚ 2-3 ਚੰਗੀ ਬਰਸਾਤ ਨਹੀਂ ਹੋਈ ਤਾਂ ਚਿੱਟੀ ਮੱਖੀ ਦਾ ਕਹਿਰ ਕਾਫ਼ੀ ਜਿਆਦਾ ਹੋ ਸਕਦਾ ਹੈ। ਜਿਹੜਾ ਕਿ 2015 ਵਿੱਚ ਚਿੱਟੀ ਮੱਖੀ ਦੇ ਹਮਲੇ ਤੋਂ ਵੀ ਕਿਥੇ ਜਿਆਦਾ ਵੱਡਾ ਹੋ ਸਕਦਾ ਹੈ।

ਚਿੱਟੀ ਮੱਖੀ ਚੱਟ ਗਈ ਸੀ 700 ਕਰੋੜ ਦੀ ਫਸਲ, ਦਰਜਨਾਂ ਕਿਸਾਨਾਂ ਨੇ ਕੀਤੀ ਸੀ ਖ਼ੁਦਕੁਸ਼ੀ

ਚਿੱਟੀ ਮੱਖੀ ਪਿਛਲੇ ਸਾਲ 2015 ਵਿੱਚ 2-4 ਕਰੋੜ ਨਹੀਂ ਸਗੋਂ 700 ਕਰੋੜ ਰੁਪਏ ਦੇ ਲਗਭਗ ਦੀ ਫਸਲ ਚੱਟ ਕਰ ਗਈ ਸੀ। ਜਿਸ ਕਾਰਨ ਮਾਲਵਾ ਪੱਟੀ ਦੇ ਕਿਸਾਨਾਂ ਦੀ ਫਸਲ ਖ਼ਰਾਬ ਹੋਣ ਤੋਂ ਬਾਅਦ ਜਦੋਂ ਪੰਜਾਬ ਸਰਕਾਰ ਨੇ ਵੀ ਕੋਈ ਜਿਆਦਾ ਸਹਾਰਾ ਨਹੀਂ ਦਿੱਤਾ ਤਾਂ ਹੋਏ ਨੁਕਸਾਨ ਦਾ ਭਾਰ ਨਹੀਂ ਝੱਲ ਸਕਣ ਦੇ ਕਾਰਨ ਕਾਰਨ ਕਈ ਦਰਜਨ ਕਿਸਾਨਾਂ ਨੇ ਆਪਣੀ ਜਾਨ ਦਿੰਦੇ ਹੋਏ ਖ਼ੁਦਕੁਸ਼ੀ ਕਰ ਲਈ ਸੀ।

ਪੰਜਾਬ ਦੇ ਮੁਕਤਸਰ, ਬਠਿੰਡਾ, ਮਾਨਸਾ, ਫਰੀਦਕੋਟ ਅਤੇ ਫਾਜਿਲਕਾ ਵਿੱਚ ਸਭ ਤੋਂ ਜਿਆਦਾ ਨੁਕਸਾਨ ਹੋਇਆ ਸੀ। ਜਿਥੇ ਕਿ ਕਾਟਨ ਬੈਲਟ ਪੂਰੀ ਤਰ੍ਹਾਂ ਤਬਾਹ ਹੋਣ ਦੇ ਕਾਰਨ 700 ਕਰੋੜ ਰੁਪਏ ਦੇ ਲਗਭਗ ਨੁਕਸਾਨ ਹੋਇਆ ਸੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।