
ਨਵੀਂ ਦਿੱਲੀ (ਏਜੰਸੀ)। Heavy Rainfall Alert: ਇਨ੍ਹੀਂ ਦਿਨੀਂ ਦੇਸ਼ ਦੇ ਕਈ ਹਿੱਸਿਆਂ ’ਚ ਅਸਮਾਨ ਤੋਂ ਮੁਸੀਬਤ ਵਰ੍ਹ ਰਹੀ ਹੈ। ਕਿਤੇ ਸੜਕਾਂ ਡੁੱਬ ਗਈਆਂ ਹਨ, ਕਿਤੇ ਪਹਾੜ ਟੁੱਟ ਰਹੇ ਹਨ। ਭਾਰਤੀ ਮੌਸਮ ਵਿਭਾਗ (ਆਈਐੱਮਡੀ) ਨੇ 12 ਅਗਸਤ ਨੂੰ ਰੈੱਡ ਤੇ ਯੈਲੋ ਅਲਰਟ ਜਾਰੀ ਕੀਤੇ ਹਨ, ਜਿਸ ’ਚ ਦੇਸ਼ ਦੇ ਕਈ ਸੂਬਿਆਂ ’ਚ ਭਾਰੀ ਤੋਂ ਬਹੁਤ ਭਾਰੀ ਮੀਂਹ ਹੋਣ ਦੀ ਭਵਿੱਖਬਾਣੀ ਕੀਤੀ ਗਈ ਹੈ। ਰਾਜਧਾਨੀ ਦਿੱਲੀ ਤੇ ਐਨਸੀਆਰ ’ਚ ਐਤਵਾਰ ਦੇਰ ਰਾਤ ਨੂੰ ਮੋਹਲੇਧਾਰ ਬਾਰਿਸ਼ ਹੋਈ, ਜਿਸ ਕਾਰਨ ਕਈ ਇਲਾਕਿਆਂ ’ਚ ਪਾਣੀ ਭਰ ਗਿਆ। Heavy Rainfall
ਉੱਤਰਾਖੰਡ : ਸਕੂਲ ਬੰਦ, ਰਾਹਤ ਕਾਰਜ ਪ੍ਰਭਾਵਿਤ
ਉੱਤਰਾਖੰਡ ’ਚ ਸਥਿਤੀ ਲਗਾਤਾਰ ਵਿਗੜਦੀ ਜਾ ਰਹੀ ਹੈ। ਦੇਹਰਾਦੂਨ ਤੇ ਉੱਤਰਕਾਸ਼ੀ ’ਚ ਭਾਰੀ ਬਾਰਿਸ਼ ਦੇ ਮੱਦੇਨਜ਼ਰ, ਪ੍ਰਸ਼ਾਸਨ ਨੇ ਸਕੂਲ ਬੰਦ ਰੱਖਣ ਦਾ ਫੈਸਲਾ ਕੀਤਾ ਹੈ। ਮੌਸਮ ਵਿਭਾਗ ਨੇ ਚੇਤਾਵਨੀ ਦਿੱਤੀ ਹੈ ਕਿ ਅਗਲੇ ਕੁਝ ਘੰਟਿਆਂ ’ਚ ਸੂਬੇ ਦੇ ਕਈ ਜ਼ਿਲ੍ਹਿਆਂ ’ਚ ਮੋਹਲੇਧਾਰ ਬਾਰਿਸ਼ ਹੋ ਸਕਦੀ ਹੈ। ਉੱਤਰਾਖੰਡ ਦੇ ਧਾਰਲੀ ਖੇਤਰ ’ਚ ਭਾਰੀ ਬਾਰਿਸ਼ ਕਾਰਨ ਰਾਹਤ ਤੇ ਬਚਾਅ ਕਾਰਜ ਵਿੱਚ ਵੀ ਦੇਰੀ ਹੋ ਰਹੀ ਹੈ। Heavy Rainfall Alert
ਦਿੱਲੀ-ਐਨਸੀਆਰ : ਮੀਂਹ ਨੇ ਖੋਲ੍ਹੀ ਪ੍ਰਬੰਧਾਂ ਦੀ ਪੋਲ
ਰਾਜਧਾਨੀ ਦਿੱਲੀ ਤੇ ਆਸ ਪਾਸ ਦੇ ਇਲਾਕਿਆਂ ’ਚ ਐਤਵਾਰ ਰਾਤ ਤੋਂ ਲਗਾਤਾਰ ਬਾਰਿਸ਼ ਕਾਰਨ ਸੜਕਾਂ ਤਲਾਅ ਬਣ ਗਈਆਂ ਹਨ। ਪਾਣੀ ਭਰਨਾ, ਟਰੈਫਿਕ ਜਾਮ ਤੇ ਖਰਾਬ ਡਰੇਨੇਜ ਸਿਸਟਮ ਨੇ ਲੋਕਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਮੌਸਮ ਵਿਭਾਗ ਨੇ ਅਗਲੇ 24 ਘੰਟਿਆਂ ਲਈ ਦਿੱਲੀ-ਐਨਸੀਆਰ ’ਚ ਭਾਰੀ ਮੀਂਹ ਦੀ ਚੇਤਾਵਨੀ ਵੀ ਦਿੱਤੀ ਹੈ।
ਬਿਹਾਰ : ਨਦੀਆਂ ’ਚ ਪਾਣੀ ਦਾ ਪੱਧਰ ਵਧਿਆ, ਹੜ੍ਹ ਦਾ ਖ਼ਤਰਾ
ਬਿਹਾਰ ਵਿੱਚ ਵੀ ਮੌਸਮ ਵਿਭਾਗ ਨੇ 12 ਤੇ 13 ਅਗਸਤ ਨੂੰ ਚੇਤਾਵਨੀ ਜਾਰੀ ਕੀਤੀ ਹੈ। ਖਾਸ ਕਰਕੇ ਚੰਪਾਰਣ, ਸੀਤਾਮੜੀ, ਅਰਰੀਆ, ਕਿਸ਼ਨਗੰਜ, ਮਧੂਬਨੀ ਵਰਗੇ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਗੰਗਾ, ਕੋਸੀ, ਕਮਲਾ ਬਾਲਨ, ਗੰਡਕ ਵਰਗੀਆਂ ਨਦੀਆਂ ਦਾ ਪਾਣੀ ਦਾ ਪੱਧਰ ਤੇਜ਼ੀ ਨਾਲ ਵੱਧ ਰਿਹਾ ਹੈ, ਜਿਸ ਨਾਲ ਹੜ੍ਹ ਦੀ ਸਥਿਤੀ ਪੈਦਾ ਹੋ ਗਈ ਹੈ।
ਉੱਤਰ ਪ੍ਰਦੇਸ਼ : ਦੋ ਦਿਨਾਂ ਦੀ ਚੇਤਾਵਨੀ, ਪੂਰਬੀ ਜ਼ਿਲ੍ਹਿਆਂ ’ਚ ਖਤਰੇ ਦੀ ਘੰਟੀ
ਯੂਪੀ ਦੇ ਪੂਰਬੀ ਜ਼ਿਲ੍ਹਿਆਂ ’ਚ ਅਗਲੇ ਦੋ ਦਿਨਾਂ ਲਈ ਭਾਰੀ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਗਾਜ਼ੀਪੁਰ, ਮਊ, ਬਲੀਆ, ਗੋਰਖਪੁਰ, ਬਸਤੀ, ਸਿਧਾਰਥਨਗਰ ਵਰਗੇ ਜ਼ਿਲ੍ਹਿਆਂ ’ਚ ਭਾਰੀ ਮੀਂਹ ਤੇ ਗਰਜ ਨਾਲ ਤੂਫ਼ਾਨ ਆਉਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਸਥਾਨਕ ਪ੍ਰਸ਼ਾਸਨ ਨੂੰ ਅਲਰਟ ਰਹਿਣ ਦੇ ਨਿਰਦੇਸ਼ ਦਿੱਤੇ ਹਨ।
ਹਿਮਾਚਲ ਪ੍ਰਦੇਸ਼ : ਜ਼ਮੀਨ ਖਿਸਕਣ ਤੇ ਸੜਕਾਂ ਬੰਦ, ਹਜ਼ਾਰਾਂ ਕਰੋੜ ਦਾ ਨੁਕਸਾਨ
ਹਿਮਾਚਲ ਦੇ ਪਹਾੜੀ ਸੂਬੇ ’ਚ ਮੀਂਹ ਨੇ ਤਬਾਹੀ ਮਚਾ ਦਿੱਤੀ ਹੈ। ਅਗਲੇ ਸੱਤ ਦਿਨਾਂ ਲਈ ਭਾਰੀ ਮੀਂਹ ਤੇ ਜ਼ਮੀਨ ਖਿਸਕਣ ਦੀ ਉਮੀਦ ਹੈ। ਕਾਂਗੜਾ, ਚੰਬਾ, ਕੁੱਲੂ, ਸ਼ਿਮਲਾ ਤੇ ਮੰਡੀ ਜ਼ਿਲ੍ਹਿਆਂ ’ਚ ਸਥਿਤੀ ਗੰਭੀਰ ਹੈ। ਕਈ ਸੜਕਾਂ ਬੰਦ ਹਨ, ਬਿਜਲੀ ਬੰਦ ਹੈ ਤੇ ਸੰਚਾਰ ਸੇਵਾਵਾਂ ਠੱਪ ਹੋ ਗਈਆਂ ਹਨ। ਅਨੁਮਾਨਾਂ ਅਨੁਸਾਰ, ਸੂਬੇ ਨੂੰ ਹੁਣ ਤੱਕ 1000 ਕਰੋੜ ਰੁਪਏ ਤੋਂ ਵੱਧ ਦਾ ਨੁਕਸਾਨ ਹੋਇਆ ਹੈ।
ਮੱਧ ਭਾਰਤ ਤੇ ਦੱਖਣੀ ਸੂਬੇ ਵੀ ਅਲਰਟ ’ਤੇ
ਮੌਸਮ ਵਿਭਾਗ ਨੇ ਮੱਧ ਪ੍ਰਦੇਸ਼, ਓਡੀਸ਼ਾ, ਆਂਧਰਾ ਪ੍ਰਦੇਸ਼ ਤੇ ਤੇਲੰਗਾਨਾ ਵਿੱਚ 13 ਤੋਂ 17 ਅਗਸਤ ਤੱਕ ਭਾਰੀ ਬਾਰਿਸ਼ ਦੀ ਚੇਤਾਵਨੀ ਵੀ ਜਾਰੀ ਕੀਤੀ ਹੈ। ਇਨ੍ਹਾਂ ਸੂਬਿਆਂ ’ਚ ਫਸਲਾਂ ਨੂੰ ਨੁਕਸਾਨ, ਨਦੀਆਂ ਤੇ ਨਾਲਿਆਂ ’ਚ ਪਾਣੀ ਭਰ ਜਾਣ ਤੇ ਸੜਕਾਂ ’ਤੇ ਰੁਕਾਵਟ ਆਉਣ ਦਾ ਡਰ ਹੈ। Heavy Rainfall Alert
ਪ੍ਰਸ਼ਾਸਨ ਅਲਰਟ ’ਤੇ, ਨਾਗਰਿਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ
ਮੌਸਮ ਵਿਭਾਗ ਤੇ ਸੂਬਾ ਸਰਕਾਰਾਂ ਨੇ ਲੋਕਾਂ ਨੂੰ ਨਦੀਆਂ ਤੇ ਨਾਲਿਆਂ ਤੋਂ ਦੂਰ ਰਹਿਣ, ਬੇਲੋੜੀ ਯਾਤਰਾ ਤੋਂ ਬਚਣ ਤੇ ਕਿਸੇ ਵੀ ਐਮਰਜੈਂਸੀ ਦੀ ਸਥਿਤੀ ’ਚ ਸਥਾਨਕ ਪ੍ਰਸ਼ਾਸਨ ਨਾਲ ਸੰਪਰਕ ਕਰਨ ਦੀ ਅਪੀਲ ਕੀਤੀ ਹੈ।