ਕਦੇ ਧੰਨਵਾਦ ਵੀ ਕਰਿਆ ਕਰੋ

ਕਦੇ ਧੰਨਵਾਦ ਵੀ ਕਰਿਆ ਕਰੋ

ਜ਼ਿੰਦਗੀ ਦੇ ਖੁਬਸੂਰਤ ਪਲਾਂ ਦਾ ਆਨੰਦ ਲੈਣ ਲਈ ਰਿਸ਼ਤੇ ਅਹਿਮ ਰੋਲ ਅਦਾ ਕਰਦੇ ਹਨ।ਇੱਕ ਬਹੁਤ ਹੀ ਮਹੱਤਵਪੂਰਣ ਰਿਸ਼ਤਾ ਜੋ ਇੱਕ-ਦੂਜੇ ਦੇ ਵਿਚਾਰਾਂ ਦੀ ਸਾਂਝ ਤੋਂ ਅਣਜਾਣ, ਵੱਖੋ-ਵੱਖਰੇ ਸੰਸਕਾਰਾਂ ਦੇ ਪਾਲਣ-ਪੋਸ਼ਣ ਨਾਲ ਜਵਾਨ ਹੋਏ ਦੋ ਵਿਅਕਤੀਆਂ ਵਿਚਕਾਰ, ਜ਼ਿੰਦਗੀ ਵਿਚ ਵਿਆਹ ਨਾਲ ਬਣਦਾ ਹੈ ਉਸ ਨੂੰ ਪਤੀ-ਪਤਨੀ ਦੇ ਰਿਸ਼ਤੇ ਵਜੋਂ ਜਾਣਿਆ ਜਾਂਦਾ ਹੈ।ਕਿਸੇ ਵੀ ਲਿਖਤ-ਪੜਤ ਦੀ ਅਣਹੋਂਦ ਵਿਚ ਵੀ ਕਈ ਸਮਾਜਿਕ ਬੰਧਨਾਂ ਵਿਚ ਬੱਝਾ ਹੋਇਆ ਇਹ ਰਿਸ਼ਤਾ ਜੀਵਨ ਨੂੰ ਖੁਸ਼ਹਾਲ ਅਤੇ ਅਰਥਭਰਪੂਰ ਬਣਾਉਣ ਲਈ ਇੱਕ ਮੀਲ-ਪੱਥਰ ਸਿੱਧ ਹੁੰਦਾ ਹੈ।ਸਮਾਜਿਕ ਬੰਧਨਾਂ ਵਿਚ ਬੱਝੇ ਇਸ ਰਿਸ਼ਤੇ ਵਿਚ ਦੋਵਾਂ ਲਈ ਕੰਮ ਨਿਸ਼ਚਤ ਹਨ।ਜਿੱਥੇ ਪਤਨੀ ਲਈ ਘਰ ਦੀ ਸਾਂਭ-ਸੰਭਾਲ, ਬੱਚਿਆਂ ਦਾ ਪਾਲਣ-ਪੋਸ਼ਣ ਆਦਿ ਹਨ ਉੱਥੇ ਪਤੀ ਲਈ ਘਰ ਨੂੰ ਚਲਾਉਣ ਲਈ ਕਮਾਈ ਕਰਨਾ ਅਤੇ ਬਾਹਰ ਦੇ ਕੰਮਾਂ ਦੀ ਜ਼ਿੰਮੇਵਾਰੀ ਹੈ।

ਇਸ ਸਮਾਜ ਵਿਚ ਵਿਚਰਦਿਆਂ ਹਰ ਵਿਅਕਤੀ ਨੂੰ ਇੱਕ ਅਜਿਹੇ ਦੋਸਤ ਦੀ ਜ਼ਰੂਰਤ ਹੁੰਦੀ ਹੈ ਜੋ ਕੁਝ ਨਾ ਕਹਿਣ ’ਤੇ ਵੀ ਤੁਹਾਨੂੰ ਸਮਝ ਸਕੇ।ਚਿਹਰੇ ’ਤੇ ਮੁਸਕਰਾਹਟ ਦੀ ਮੌਜੂਦਗੀ ਵਿਚ ਵੀ ਤੁਹਾਡੇ ਅੰਦਰ ਦੇ ਗਮ ਨੂੰ ਪਹਿਚਾਣ ਕੇ ਤੁਹਾਨੂੰ ਦਿਲਾਸਾ ਦੇ ਸਕੇ ਅਤੇ ਔਖੇ ਸਮੇਂ ਵਿਚ ਵਧੀਆ ਸਲਾਹਕਾਰ ਬਣ ਸਕੇ।ਤੁਹਾਡੀ ਪਤਨੀ ਤੋਂ ਵੱਧ ਕੋਈ ਹੋਰ ਤੁਹਾਡਾ ਵਧੀਆ ਦੋਸਤ ਨਹੀਂ ਹੋ ਸਕਦਾ।ਹਰ ਵਕਤ ਪਤੀ ਦੀਆਂ ਬੁਰੀਆਂ ਆਦਤਾਂ ਨੂੰ ਛੱਡਣ ਲਈ ਕਹਿੰਦੀ ਰਹਿੰਦੀ ਹੈ।ਕੁਝ ਵੀ ਚੰਗਾ ਨਾ ਹੋਵੇ ਤਾਂ ਵੀ ਪਤੀ ਨੂੰ ਦਿਲਾਸਾ ਦਿੰਦੀ ਰਹਿੰਦੀ ਹੈ ਕਿ ਚਿੰਤਾ ਕਰਨ ਦੀ ਲੋੜ ਨਹੀਂ, ਸਭ ਠੀਕ ਹੋ ਜਾਵੇਗਾ।

ਪਤੀ ਨੂੰ ਸਮੇਂ ਦਾ ਪਾਬੰਦ ਬਣਾਉਣ ਲਈ ਹਰ ਪਲ ਕੋਸ਼ਿਸ਼ ਕਰਦੀ ਰਹਿੰਦੀ ਹੈ।ਤੁਹਾਡੇ ਵਿਚ ਲੱਖ ਬੁਰਾਈਆਂ ਹੋਣ ਦੇ ਬਾਵਜੂਦ ਵੀ ਦੂਸਰਿਆਂ ਸਾਹਮਣੇ ਤੁਹਾਡੇ ਗੁਣ ਹੀ ਗਾਉਂਦੀ ਹੈ।ਇਸ ਤੋਂ ਇਲਾਵਾ ਤੁਹਾਡੇ ਘਰ-ਪਰਿਵਾਰ ਅਤੇ ਸਮਾਨ ਦਾ ਧਿਆਨ ਰੱਖਣ, ਤੁਹਾਡੇ ਕੱਪੜੇ ਧੋਣ, ਤੁਹਾਡੇ ਖਾਣ-ਪੀਣ ਦਾ ਧਿਆਨ ਰੱਖਣ ਲਈ ਕੋਈ ਹੋਰ ਨਹੀਂ ਸਿਰਫ ਤੁਹਾਡੀ ਪਤਨੀ ਹੀ ਹੁੰਦੀ ਹੈ।ਮਾਂ-ਬਾਪ ਦਾ ਘਰ ਛੱਡ ਕੇ ਜ਼ਿੰਦਗੀ ਭਰ ਸਾਥ ਨਿਭਾਉਣ ਵਾਲੀ ਅਤੇ ਤੁਹਾਡੀ ਬਿਮਾਰੀ ਵਿਚ ਤੁਹਾਡਾ ਧਿਆਨ ਰੱਖਣ ਅਤੇ ਸੇਵਾ ਕਰਨ ਵਾਲੀ ਕੋਈ ਹੋਰ ਨਹੀਂ ਤੁਹਾਡੀ ਪਤਨੀ ਹੀ ਹੁੰਦੀ ਹੈ।

ਘਰ ਨੂੰ ਖੁਸ਼ਹਾਲ ਬਣਾਉਣ ਲਈ ਆਰਥਿਕਤਾ ਦਾ ਮਜ਼ਬੂਤ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ।ਇਸ ਆਰਥਿਕਤਾ ਨੂੰ ਮਜ਼ਬੂਤ ਕਰਨ ਅਤੇ ਘਰ ਵਿਚ ਖੁਸ਼ੀਆਂ-ਖੇੜਿਆਂ ਦੀਆਂ ਰੌਣਕਾਂ ਲਿਆਉਣ ਲਈ ਪਤਨੀ ਆਪਣੀਆਂ ਬਾਕੀ ਜ਼ਿੰਮੇਵਾਰੀਆਂ ਤੋਂ ਇਲਾਵਾ ਨੌਕਰੀ ਵੀ ਕਰਦੀ ਹੈ, ਇਹ ਵੀ ਸਭ ਬਿਨਾਂ ਮੱਥੇ ’ਤੇ ਵੱਟ ਪਾਇਆਂ। ਜਿਸ ਤਰ੍ਹਾਂ ਜੜ੍ਹਾਂ ਟਾਹਣੀਆਂ ਨੂੰ ਫਲਾਂ ਨਾਲ ਭਰ ਦਿੰਦੀਆਂ ਹਨ ਪਰ ਟਾਹਣੀਆਂ ਨੂੰ ਕਦੇ ਨਹੀਂ ਕਹਿੰਦੀਆਂ ਕਿ ਸਾਡਾ ਧੰਨਵਾਦ ਕਰੋ ।ਇਸੇ ਤਰ੍ਹਾਂ ਪਰਿਵਾਰ ਲਈ ਇੰਨਾ ਕੁਝ ਕਰਨ ਦੇ ਬਾਵਜੂਦ ਪਤਨੀ ਕਦੇ ਵੀ ਆਪਣੇ ਪਤੀ ਕੋਲੋਂ ਇਹ ਉਮੀਦ ਨਹੀਂ ਕਰਦੀ ਕਿ ਉਹ ਧੰਨਵਾਦ ਕਰੇ।

ਸਿਆਣੇ ਕਹਿੰਦੇ ਹਨ ਕਿ-ਲ਼ੱਖ ਜ਼ਮਾਨੇ ਭਰ ਦੀਆਂ ਡਿਗਰੀਆਂ ਹੋਣ ਸਾਡੇ ਕੋਲ ਪਰ ਜੇਕਰ ਪਤਨੀ ਦੀ ਤਕਲੀਫ ਨਾ ਪੜ੍ਹ ਸਕੇ ਤਾਂ ਅਨਪੜ੍ਹ ਹੀ ਹਾਂ ਅਸੀਂ।ਆਪਣੇ ਤੇ ਪਰਾਏ ਵਿਚ ਬੱਸ ਇਹੀ ਫਰਕ ਹੁੰਦਾ ਹੈ ਕਿ ਜੋ ਭਾਵਨਾਵਾਂ ਨੂੰ ਸਮਝੇ ਉਹ ਆਪਣਾ ਤੇ ਜੋ ਭਾਵਨਾ ਤੋਂ ਪਰ੍ਹੇ ਹੋਵੇ ਉਹ ਪਰਾਇਆ।ਜਿੱਥੇ ਕੋਈ ਇਕ-ਦੂਜੇ ਦੀ ਤਕਲੀਫ ਨੂੰ ਸਮਝਣ ਵਾਲਾ ਨਹੀਂ ਹੁੰਦਾ ਉਹ ਘਰ ਨਹੀਂ ਵੱਸਦੇ।ਇੱਕ-ਦੂਜੇ ਦੀਆਂ ਭਾਵਨਾਵਾਂ ਪ੍ਰਤੀ ਕੰਜੂਸੀ ਦਾ ਰਵੱਈਆ ਅਖਤਿਆਰ ਕਰਨ ਵਾਲੇ ਸੁਖਮਈ ਜੀਵਨ ਜਿਊ ਨਹੀਂ ਸਕਦੇ।

ਇਸ ਲਈ ਦੋਸਤੋ, ਆਪਣੀ ਪਤਨੀ ਦੀਆਂ ਤੁਹਾਡੇ ਅਤੇ ਤੁਹਾਡੇ ਪਰਿਵਾਰ ਪ੍ਰਤੀ ਕੀਤੀਆਂ ਜਾ ਰਹੀਆਂ ਕੁਰਬਾਨੀਆਂ ਲਈ ਕਦੇ-ਕਦੇ ਧੰਨਵਾਦ ਵੀ ਕਰਿਆ ਕਰੋ।ਅਸੀਂ ਉਨ੍ਹਾਂ ਸਾਰੀਆਂ ਖੁਸ਼ੀਆਂ ਦੇ ਹੱਕਦਾਰ ਬਣ ਜਾਵਾਂਗੇ ਜੋ ਸਾਡੀ ਕਿਸਮਤ ਵਿਚ ਹਨ।ਸਿਰਫ ਦਿਖਾਵੇ ਤੇ ਮੋਹ ਭਿੱਜੇ ਸ਼ਬਦਾਂ ਨਾਲ ਹੀ ਧੰਨਵਾਦੀ ਹੋਣ ਦਾ ਢੋਂਗ ਨਾ ਕਰੋ ਬਲਕਿ ਉਹ ਛੋਟੇ-ਛੋਟੇ ਕੰਮ ਕਰੋ ਜੋ ਪਤੀ ਲੋਕ ਸਿਰਫ ਇਸ ਕਾਰਨ ਨਜ਼ਰਅੰਦਾਜ਼ ਕਰ ਦਿੰਦੇ ਹਨ ਕਿ ਜੇਕਰ ਕਿਸੇ ਨੇ ਵੇਖ ਲਿਆ ਤਾਂ ਜ਼ੋਰੂ ਦਾ ਗੁਲਾਮ ਕਹਿ ਕੇ ਮਜ਼ਾਕ ਨਾ ਕਰਨ ਲੱਗ ਪੈਣ।

ਇਹ ਸਮਝਣ ਦੀ ਕੋਸ਼ਿਸ਼ ਕਰੋ ਕਿ ਪਤਨੀ ਦੇ ਬੀਮਾਰ ਹੋਣ ਵੇਲੇ ਜੇਕਰ ਪਤੀ ਸਿਰ ਦਬਾ ਦੇਵੇ ਤਾਂ ਉਹ ਗੁਲਾਮ ਨਹੀਂ ਬਣ ਜਾਂਦਾ।ਪਤਨੀ ਜੇਕਰ ਸਫਾਈ ਵਿਚ ਲੱਗੀ ਹੈ, ਪਤੀ ਆਪਣੇ ਨਾਲ ਉਸ ਦੀ ਚਾਹ ਵੀ ਬਣਾ ਲਵੇ ਤਾਂ ਇਹ ਗੁਲਾਮੀ ਨਹੀਂ ਹੁੰਦੀ।ਪਤੀ ਦੀ ਛੁੱਟੀ ਹੋਣ ’ਤੇ ਜੇਕਰ ਪਤੀ-ਪਤਨੀ ਮਿਲ ਕੇ ਘਰ ਦੇ ਛੋਟੇ-ਮੋਟੇ ਕੰਮ ਕਰ ਲੈਣ ਤਾਂ ਇਹ ਗੁਲਾਮੀ ਨਹੀਂ ਹੁੰਦੀ।ਜੇਕਰ ਪਤਨੀ ਟਿਫਨ ਬਣਾ ਰਹੀ ਹੈ ਤਾਂ ਪਤੀ ਜੇਕਰ ਬੱਚਿਆਂ ਦੀ ਨਹਾਉਣ ਵਿਚ ਮਦਦ ਕਰ ਦੇਵੇ ਤਾਂ ਉਹ ਗੁਲਾਮ ਨਹੀਂ ਬਣ ਜਾਂਦਾ।ਕੰਮ ਤੋਂ ਮੁੜਦੇ ਸਮੇਂ ਜੇਕਰ ਪਤੀ ਆਪਣੀ ਪਤਨੀ ਦੇ ਮਨਪਸੰਦ ਦੀ ਕੋਈ ਚੀਜ਼ ਲੈ ਆਵੇ ਤਾਂ ਉਹ ਗੁਲਾਮ ਨਹੀਂ ਬਣ ਜਾਂਦਾ।ਪਤੀ ਨਹਾਉਣ ਤੋਂ ਬਾਅਦ ਜੇਕਰ ਗਿੱਲਾ ਤੌਲੀਆ ਬਿਸਤਰ ’ਤੇ ਸੁੱਟਣ ਦੀ ਬਜਾਏ ਸੁੱਕਣੇ ਪਾ ਦੇਵੇ ਤਾਂ ਉਹ ਗੁਲਾਮ ਨਹੀਂ ਬਣ ਜਾਂਦਾ।

ਯਾਦ ਰੱਖੋ, ਜ਼ਿੰਦਗੀ ਤੁਹਾਡੀ ਹੈ, ਪਤਨੀ ਤੁਹਾਡੀ ਹੈ, ਉਸ ਨੂੰ ਖੁਸ਼ ਅਤੇ ਸਿਹਤਮੰਦ ਰੱਖਣ ਦੀ ਜ਼ਿੰਮੇਵਾਰੀ ਵੀ ਤੁਹਾਡੀ ਹੈ।ਲੋਕਾਂ ਕੋਲ ਕੀ ਹੈ? ਸਿਰਫ ਜ਼ੁਬਾਨ।ਜੇਕਰ ਜ਼ੁਬਾਨ ਨਹੀਂ ਚਲਾਉਣਗੇ ਤਾਂ ਹੋਰ ਕੀ ਕਰਨਗੇ, ਖਾਣਾ ਕਿਸ ਤਰ੍ਹਾਂ ਪਚੇਗਾ।ਜੇਕਰ ਸਮਾਜ ਵਿਚਲੇ ਇਹੋ ਜਿਹੀ ਸੋਚ ਰੱਖਣ ਵਾਲੇ ਸਿਰਫਿਰਿਆਂ ਦੇ ਪਿੱਛੇ ਲੱਗਾਂਗੇ ਤਾਂ ਵਿਆਹੁਤਾ ਜੀਵਨ ਨਰਕ ਬਣ ਜਾਵੇਗਾ।ਅਜਿਹੇ ਲੋਕਾਂ ਦੀ ਜ਼ਰਾ ਵੀ ਪ੍ਰਵਾਹ ਨਾ ਕਰੋ ਤੇ ਆਪਣੀ ਪਤਨੀ ਨਾਲ ਸਹਿਯੋਗ ਕਰੋ। ਜ਼ਿੰਦਗੀ ਹੱਸਦੀ ਮੁਸਕਰਾਉਂਦੀ ਬਣ ਜਾਵੇਗੀ।
459, ਡੀ ਬਲਾਕ, ਰਣਜੀਤ ਐਵੀਨਿਊ, ਅੰਮ੍ਰਿਤਸਰ
ਫੋਨ ਨੰ 98774-66607
ਕੈਲਾਸ਼ ਚੰਦਰ ਸ਼ਰਮਾ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.