ਵਾਤਾਵਰਨ ਵਿਗਿਆਨੀ ਬਣ ਕੇ ਬਚਾਓ ਕੁਦਰਤ ਅਤੇ ਬਣਾਓ ਕਰੀਅਰ

ਵਾਤਾਵਰਨ ਵਿਗਿਆਨੀ ਬਣ ਕੇ ਬਚਾਓ ਕੁਦਰਤ ਅਤੇ ਬਣਾਓ ਕਰੀਅਰ

ਤੁਹਾਡੇ ਜ਼ਿਹਨ ’ਚ ਕਦੇ ਅਜਿਹੇ ਸਵਾਲ ਆਉਂਦੇ ਹਨ ਕਿ ਜਦੋਂ ਜੰਗਲ ਨਹੀਂ ਬਚਣਗੇ ਜਾਂ ਦਰਿਆ ਪ੍ਰਦੂਸ਼ਣ ਦੇ ਘੇਰੇ ’ਚ ਆ ਕੇ ਜ਼ਹਿਰੀਲੇ ਹੋ ਜਾਣਗੇ ਤਾਂ ਧਰਤੀ ਕਿਸ ਤਰ੍ਹਾਂ ਦੀ ਹੋਵੇਗੀ। ਜੇ ਹਾਂ ਤਾਂ ਤੁਸੀਂ ਇਨ੍ਹਾਂ ਸਵਾਲਾਂ ਨੂੰ ਵਾਤਾਵਰਨ ਵਿਗਿਆਨ ਜ਼ਰੀਏ ਹੱਲ ਕਰ ਸਕਦੇ ਹੋ। ਦੁਨੀਆ ਭਰ ’ਚ ਵਾਤਾਵਰਨ ਸੰਭਾਲ ਨੂੰ ਲੈ ਕੇ ਚਿੰਤਾ ਤੇ ਜਾਗਰੂਕਤਾ ਵਧਣ ਨਾਲ ਵਾਤਾਵਰਨ ਵਿਗਿਆਨ ਇੱਕ ਮਹੱਤਵਪੂਰਨ ਵਿਸ਼ਾ ਬਣ ਕੇ ਉੱਭਰਿਆ ਹੈ। ਜੇ ਤੁਸੀਂ ਵੀ ਵਾਤਾਵਰਨ ਸਬੰਧੀ ਸਮੱਸਿਆਵਾਂ ਤੇ ਮੁੱਦਿਆਂ ਬਾਰੇ ਲੋਕਾਂ ਨੂੰ ਸਿੱਖਿਅਤ ਤੇ ਜਾਗਰੂਕ ਕਰਨ ’ਚ ਸ਼ੌਂਕ ਰੱਖਦੇ ਹੋ, ਵਾਤਾਵਰਨ ਨੂੰ ਨੁਕਸਾਨ ਪਹੰੁਚਾਏ ਬਿਨਾਂ ਕੁਦਰਤੀ ਸਾਧਨਾਂ ਦੀ ਪ੍ਰਭਾਵੀ ਢੰਗ ਨਾਲ ਵਰਤੋਂ ਕਰਨਾ ਸਿੱਖਣਾ ਤੇ ਸਿਖਾਉਣਾ ਚਾਹੰੁਦੇ ਹੋ ਤਾਂ ਇਹ ਵਿਸ਼ਾ ਤੁਹਾਡੇ ਲਈ ਮੁਕੰਮਲ ਰਾਹ ਬਣ ਸਕਦਾ ਹੈ।

ਕੀ ਹੈ ਵਾਤਾਵਰਨ ਵਿਗਿਆਨ

ਵਾਤਾਵਰਨ ਵਿਗਿਆਨ ਅਸਲ ’ਚ ਵਿਗਿਆਨ ਦੀ ਸ਼ਾਖਾ ਹੈ, ਜੋ ਮੂਲ ਰੂਪ ’ਚ ਭੌਤਿਕ, ਰਸਾਇਣ ਵਿਗਿਆਨ, ਜੀਵ ਵਿਗਿਆਨ, ਮੁੱਦਾ ਵਿਗਿਆਨ, ਭੂ-ਵਿਗਿਆਨ, ਵਾਯੂਮੰਡਲ ਵਿਗਿਆਨ ਤੇ ਭੂਗੋਲ ਤੋਂ ਮਿਲ ਕੇ ਬਣੀ ਹੈ। ਵਾਤਾਵਰਨ ਵਿਗਿਆਨ ’ਚ ਇਨ੍ਹਾਂ ਵਿਸ਼ਿਆਂ ਦੇ ਅਧਿਐਨ ਨਾਲ ਸਬੰਧਤ ਸਮੱਸਿਆਵਾਂ ਦਾ ਹੱਲ ਲੱਭਣ ਦੀਆਂ ਕੋਸ਼ਿਸ਼ਾਂ ਵੀ ਸ਼ਾਮਿਲ ਹਨ। ਇਹ ਮਨੁੱਖ ਨੂੰ ਵਾਤਾਵਰਨ ਦੇ ਮਹੱਤਵ ਤੇ ਇਸ ਦੀ ਸੰਭਾਲ ਬਾਰੇ ਸਿਖਾਉਂਦਾ ਹੈ। ਇਸ ਤਰ੍ਹਾਂ ਇਸ ’ਚ ਵਿਸ਼ਾਲ ਕਾਰਜ ਖੇਤਰ ਵੀ ਮੁਹੱਈਆ ਹੈ, ਜਿਵੇਂ ਖੋਜ ਕਾਰਜ, ਜੰਗਲ ਤੇ ਜੰਗਲੀ ਜੀਵ ਪ੍ਰਬੰਧਨ, ਵਾਤਾਵਰਨ ਜਾਗਰੂਕਤਾ ਤੇ ਸੁਰੱਖਿਆ, ਵਾਤਾਵਰਨ ਪੱਤਰਕਾਰੀ ਆਦਿ।

ਵਾਤਾਵਰਨ ਵਿਗਿਆਨ ਨੂੰ ਆਮ ਤੌਰ ’ਤੇ ਐੱਮਐੱਸਸੀ ਪ੍ਰੋਗਰਾਮ ਦੇ ਤੌਰ ’ਤੇ ਪੜ੍ਹਾਇਆ ਜਾਂਦਾ ਹੈ। ਇਸ ਲਈ ਸਾਇੰਸ ’ਚ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਤੁਸੀਂ ਇਸ ਨੂੰ ਇੱਕ ਵਿਸ਼ੇ ਦੇ ਰੂਪ ’ਚ ਚੁਣ ਕੇ ਅੱਗੇ ਵਧ ਸਕਦੇ ਹੋ। ਵਾਤਾਵਰਨ ਵਿਗਿਆਨ ਨਾਲ ਸਬੰਧਤ ਕੋਰਸ ’ਚ ਦਾਖ਼ਲਾ ਪ੍ਰੀਖਿਆ ਦੇ ਆਧਾਰ ’ਤੇ ਦਿੱਤਾ ਜਾਂਦਾ ਹੈ। ਮੈਰਿਟ ਹਾਸਲ ਕਰਨ ਵਾਲੇ ਵਿਦਿਆਰਥੀਆਂ ਲਈ ਵਿਦੇਸ਼ੀ ਯੂਨੀਵਰਸਿਟੀਆਂ ਤੋਂ ਸਕਾਲਰਸ਼ਿਪ ’ਤੇ ਪੀਐੱਚਡੀ ਕਰਨਾ ਬਹੁਤ ਸੌਖਾ ਹੈ।

ਨੌਕਰੀ ਦੇ ਮੌਕੇ

ਵਾਤਾਵਰਨ ਵਿਗਿਆਨ ਦੀ ਪੜ੍ਹਾਈ ਕਰਨ ਵਾਲੇ ਜ਼ਿਆਦਾਤਰ ਵਿਦਿਆਰਥੀ ਵਿਗਿਆਨ ਜਾਂ ਖੋਜਕਰਤਾ ਵਜੋਂ ਅੱਗੇ ਵਧਣ ਦਾ ਬਦਲ ਚੁਣਦੇ ਹਨ। ਤੁਸੀਂ ਖੋਜ ਕਾਰਜ ਸਹਾਇਕ ਜਾਂ ਅਸਿਸਟੈਂਟ ਪ੍ਰੋਫੈਸਰ ਵਜੋਂ ਵੀ ਕਰੀਅਰ ਸ਼ੁਰੂ ਕਰ ਸਕਦੇ ਹੋ। ਇਸ ਤੋਂ ਇਲਾਵਾ ਵਾਤਾਵਰਨ ਜੀਵ ਵਿਗਿਆਨੀ, ਵਾਤਾਵਰਨ ਸਲਾਹਕਾਰ, ਜਲ ਵਿਗਿਆਨੀ, ਵਾਤਾਵਰਨ ਪੱਤਰਕਾਰ ਆਦਿ ਵਜੋਂ ਵੀ ਕੰਮ ਕਰ ਸਕਦੇ ਹੋ। ਵਾਤਾਵਰਨ ਨੀਤੀ, ਯੋਜਨਾ ਅਤੇ ਪ੍ਰਬੰਧਨ ਲਈ ਕੰਮ ਕਰਨ ਵਾਲੇ ਸਰਕਾਰੀ ਵਿਭਾਗਾਂ, ਖੋਜ ਸੰਸਥਾਵਾਂ, ਰਿਫਾਈਨਰੀ ਕੰਪਨੀਆਂ, ਸਾਇੰਸ ਖੇਤਰ ’ਚ ਨੌਕਰੀ ਦੇ ਮੌਕੇ ਮੁਹੱਈਆ ਹਨ।

ਬਣਾ ਸਕਦੇ ਹੋ ਖ਼ਾਸ ਪਛਾਣ

ਵਾਤਾਵਰਨ ਵਰਕਰ: ਵਾਤਾਵਰਨ ਸੁਰੱਖਿਆ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਦੇ ਨਾਲ ਹੀ ਨਦੀਆਂ ਤੇ ਜੰਗਲਾਂ ਦੀ ਸਫ਼ਾਈ, ਜੰਗਲੀਕਰਨ ਤੇ ਜੰਗਲ ਖੇਤਰ ਦੀ ਸੁਰੱਖਿਆ ਤੇ ਉਸ ਨੂੰ ਵਧਾਉਣ ਦਾ ਕੰਮ ਵਾਤਾਵਰਨ ਵਰਕਰ ਕਰਦੇ ਹਨ। ਇਨ੍ਹਾਂ ਦੀ ਵਾਤਾਵਰਨ ਨੂੰ ਪ੍ਰਭਾਵਿਤ ਕਰਨ ਵਾਲੀਆਂ ਰਾਜਨੀਤਕ ਨੀਤੀਆਂ ’ਚ ਤਬਦੀਲੀ ਲਿਆਉਣ ’ਚ ਵੀ ਅਹਿਮ ਭੂਮਿਕਾ ਹੁੰਦੀ ਹੈ।

ਵਾਤਾਵਰਨ ਵਿਗਿਆਨੀ: ਜੈਵਿਕ ਵਿਭਿੰਨਤਾ, ਬੰਜਰ ਭੂਮੀ ਪ੍ਰਬੰਧਨ ਤੇ ਕੁਦਰਤੀ ਸਾਧਨਾਂ ਦੀ ਸੁਰੱਖਿਆ ਆਦਿ ਦੇ ਖੇਤਰ ਵਿਚ ਵਾਤਾਵਰਨ ਵਿਗਿਆਨੀਆਂ ਦੀ ਅਹਿਮ ਭੂਮਿਕਾ ਹੰੁਦੀ ਹੈ। ਕਈ ਯੂਨੀਵਰਸਿਟੀਆਂ ਤੇ ਸਰਕਾਰੀ ਸੰਸਥਾਵਾਂ ਵਾਤਾਵਰਨ ਦੇ ਖੇਤਰ ’ਚ ਖੋਜ ਕਾਰਜਾਂ ਦੇ ਮੌਕੇ ਮੁਹੱਈਆ ਕਰਵਾਉਂਦੀਆਂ ਹਨ।

ਵਾਤਾਵਰਨ ਸਲਾਹਕਾਰ: ਸੁਤੰਤਰ ਰੂਪ ’ਚ ਬਤੌਰ ਵਾਤਾਵਰਨ ਸਲਾਹਕਾਰ ਕੇਂਦਰ ਜਾਂ ਸੂਬਾ ਸਰਕਾਰ ਦੇ ਵਿਭਾਗਾਂ ਜਾਂ ਕਮੇਟੀਆਂ, ਪ੍ਰਦੂਸ਼ਣ ਕੰਟਰੋਲ ਬੋਰਡ ਆਦਿ ਨਾਲ ਜੁੜ ਸਕਦੇ ਹੋ। ਵਾਤਾਵਰਨ ਨਾਲ ਸਬੰਧਤ ਕਾਨੂੰਨ ਦੇ ਜਾਣਕਾਰ ਵਜੋਂ ਵੀ ਆਪਣੀ ਥਾਂ ਬਣਾ ਸਕਦੇ ਹੋ।

ਸੰਭਾਵਨਾਵਾਂ

  • ਵਾਤਾਵਰਨ ਸੰਭਾਲ ਵਿਗਿਆਨ ਸਿਰਫ਼ ਬਿਹਤਰੀਨ ਕਰੀਅਰ ਹੀ ਨਹੀਂ, ਸਗੋਂ ਇਸ ਨਾਲ ਜੁੜੇ ਲੋਕ ਮਨੁੱਖੀ ਜੀਵਨ ਨਾਲ ਸਬੰਧਤ ਕਈ ਪਹਿਲੂਆਂ ਲਈ ਜਵਾਬਦੇਹ ਹੰੁਦੇ ਹਨ :
  • ਵਾਤਾਵਰਨ ਸੁਰੱਖਿਆ ਤੇ ਪ੍ਰਦੂਸ਼ਣ ਸਬੰਧੀ ਕਾਨੂੰਨੀ ਮਾਮਲਿਆਂ ਦੀ ਸਲਾਹ ਦੇਣਾ।
  • ਵਾਤਾਵਰਨ ਸੰਭਾਲ ਸਬੰਧੀ ਨਿਯਮਾਂ ਨੂੰ ਤਿਆਰ ਕਰਨਾ ਤੇ ਸਮੇਂ-ਸਮੇਂ ’ਤੇ ਉਨ੍ਹਾਂ ’ਚ ਜ਼ਰੂਰੀ ਤਬਦੀਲੀਆਂ ਕਰਨਾ। ਇਸ ਤਰ੍ਹਾਂ ਦੇ ਪ੍ਰਾਜੈਕਟਜ਼ ਦੀ ਗੁਣਵੱਤਾ ਨੂੰ ਕੰਟਰੋਲ ਕਰਨ ਲਈ ਸਰਕਾਰੀ ਤੇ ਗ਼ੈਰ-ਸਰਕਾਰੀ ਵਾਤਾਵਰਨ ਸੁਧਾਰ ਪ੍ਰੋਗਰਾਮਾਂ ਦੀ ਪ੍ਰਗਤੀ ’ਤੇ ਨਜ਼ਰ ਰੱਖਣਾ।
  • ਵਾਤਾਵਰਨ ਸੁਰੱਖਿਆ ਨਾਲ ਜੁੜੇ ਪ੍ਰਾਜੈਕਟਜ਼ ਦਾ ਡਿਜ਼ਾਈਨ ਤਿਆਰ ਕਰਨਾ ਤੇ ਉਸ ਨੂੰ ਸਮਾਂ-ਸੀਮਾ ’ਚ ਘੱਟ ਤੋਂ ਘੱਟ ਲਾਗਤ ’ਤੇ ਤਿਆਰ ਕਰਨਾ, ਜਿਨ੍ਹਾਂ ’ਚ ਪਾਣੀ ਦੀ ਸੰਭਾਲ, ਹਵਾ ਪ੍ਰਦੂਸ਼ਣ ਕੰਟਰੋਲ ਪ੍ਰਣਾਲੀ ਤੇ ਕਚਰੇ ਤੋਂ ਊਰਜਾ ਉਤਪਾਦਨ ਜਿਹੀਆਂ ਯੋਜਨਾਵਾਂ ਸ਼ਾਮਿਲ ਹੰੁਦੀਆਂ ਹਨ।

ਵਾਤਾਵਰਨ ਇੰਜੀਨੀਅਰ ਬਣ ਕੇ ਬਚਾਓ ਕੁਦਰਤ

ਹਵਾ ਤੇ ਪਾਣੀ ਪ੍ਰਦੂਸ਼ਣ ਨੂੰ ਕੰਟੋਰਲ ਕਰਨ, ਵਿਸ਼ੇਸ਼ ਪ੍ਰਬੰਧਨ ਪ੍ਰਣਾਲੀ ਦਾ ਡਿਜ਼ਾਈਨ, ਨਿਰਮਾਣ ਤੇ ਪ੍ਰਬੰਧਨ ਜਿਹੇ ਕਈ ਕੰਮਾਂ ’ਚ ਵਾਤਾਵਰਨ ਇੰਜੀਨੀਅਰ ਅਹਿਮ ਭੂਮਿਕਾ ਨਿਭਾ ਰਹੇ ਹਨ। ਉਹ ਵਾਤਾਵਰਨ ਨੂੰ ਬਚਾਉਣ ਵਾਲੀਆਂ ਮਸ਼ੀਨਾਂ, ਪ੍ਰੋਗਰਾਮ ਤੇ ਪ੍ਰੋਡਕਟ ਬਣਾਉਂਦੇ ਹਨ। ਇਨਵਾਇਰਮੈਂਟਲ ਇੰਜੀਨੀਅਰਿੰਗ ’ਚ ਬੀਟੈੱਕ ਤੇ ਐੱਮਟੈੱਕ ਕਰਕੇ ਤੁਸੀਂ ਵੀ ਇਸ ਦਿਸ਼ਾ ’ਚ ਅੱਗੇ ਵਧ ਸਕਦੇ ਹੋ। ਵਾਤਾਵਰਨ ਇੰਜੀਨੀਅਰ ਲਈ ਸਰਕਾਰੀ ਤੇ ਪ੍ਰਾਈਵੇਟ ਦੋਵਾਂ ਖੇਤਰਾਂ ’ਚ ਕੰਮ ਕਰਨ ਦੇ ਮੌਕੇ ਹਨ।

ਵਿਜੈ ਗਰਗ, ਸਾਬਕਾ ਪੀਈਐਸ-1,
ਸੇਵਾ ਮੁਕਤ ਪ੍ਰਿੰਸੀਪਲ, ਮਲੋਟ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ