ਬਲਰਾਜ ਸਿੰਘ ਸਿੱਧੂ ਐਸ.ਪੀ.
ਕੁਝ ਦਿਨ ਪਹਿਲਾਂ ਸੀ.ਬੀ.ਆਈ. ਦੀ ਇੱਕ ਟੀਮ ਸ਼ਾਰਦਾ ਚਿੱਟ ਫੰਡ ਕੇਸ ਦੇ ਸਬੰਧ ਵਿੱਚ ਪੁੱਛ-ਗਿੱਛ ਕਰਨ ਕਲਕੱਤਾ ਦੇ ਪੁਲਿਸ ਕਮਿਸ਼ਨਰ ਰਾਜੀਵ ਕੁਮਾਰ ਦੇ ਘਰ ਪਹੁੰਚੀ ਸੀ। ਇਸ ਵਾਕਿਆ ਨੇ ਸਾਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ। ਕਲਕੱਤਾ ਪੁਲਿਸ ਨੇ ਸੀ.ਬੀ.ਆਈ. ਟੀਮ ਨੂੰ ਬੰਦੀ ਬਣਾ ਲਿਆ ਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਇਸ ਦੇ ਖਿਲਾਫ ਧਰਨਾ ਚਾਲੂ ਕਰ ਦਿੱਤਾ। ਕੇਂਦਰ ਅਤੇ ਪੱਛਮੀ ਬੰਗਾਲ ਵਿੱਚ ਰਾਜਨੀਤਕ ਕੁੜੱਤਣ ਬੇਹੱਦ ਵਧ ਗਈ। ਆਖਰ ਸੁਪਰੀਮ ਕੋਰਟ ਦੇ ਦਖਲ ਨਾਲ ਮਸਲੇ ਦਾ ਹੱਲ ਹੋਇਆ ਹੈ। ਰਾਜੀਵ ਕੁਮਾਰ ਨੂੰ ਸ਼ਿਲਾਂਗ ਜਾ ਕੇ ਸੀ.ਬੀ.ਆਈ. ਦੀ ਤਫਤੀਸ਼ ਵਿੱਚ ਸ਼ਾਮਲ ਹੋਣ ਦਾ ਹੁਕਮ ਦਿੱਤਾ ਗਿਆ ਹੈ।
ਆਖਰ ਕੀ ਹੈ ਇਹ ਘੁਟਾਲਾ ਜਿਸ ਕਾਰਨ ਕੇਂਦਰ ਅਤੇ ਇੱਕ ਸੂਬੇ ਦੀ ਸਰਕਾਰ ਵਿੱਚ ਸਿੱਧੀ ਟੱਕਰ ਹੋ ਰਹੀ ਹੈ? ਸ਼ਾਰਦਾ ਚਿੱਟ ਫੰਡ (ਛੋਟੀਆਂ ਬੱਚਤਾਂ) ਕੰਪਨੀ ਸੁਦੀਪਤੋ ਸੇਨ (ਅਸਲ ਨਾਂਅ ਸ਼ੰਕਰਾਦਿੱਤਿਆ ਸੇਨ) ਨੇ 2006 ਵਿੱਚ ਸ਼ੁਰੂ ਕੀਤੀ ਸੀ। ਸਾਬਕਾ ਨਕਸਲਬਾੜੀ ਸੁਦੀਪਤੋ ਸੇਨ ਬਹੁਤ ਹੀ ਮਿੱਠ-ਬੋਲੜਾ, ਚਤੁਰ, ਸਾਜਸ਼ੀ ਅਤੇ ਪ੍ਰਭਾਵਸ਼ਾਲੀ ਬੁਲਾਰਾ ਹੈ। 1990ਵਿਆਂ ਵਿੱਚ ਉਸ ਨੇ ਪ੍ਰਾਪਰਟੀ ਡੀਲਿੰਗ ਦਾ ਧੰਦਾ ਅਪਣਾ ਲਿਆ ਤੇ ਬਹੁਤ ਹੀ ਕਾਮਯਾਬ ਹੋਇਆ। ਸ਼ਾਰਦਾ ਗਰੁੱਪ ਦੀ ਐਗਜ਼ੈਕਟਿਵ ਡਾਇਰੈਕਟਰ ਅਤੇ ਸੁਦੀਪਤੋ ਸੇਨ ਦਾ ਸੱਜਾ ਹੱਥ ਡੇਬਜ਼ਾਨੀ ਮੁਖਰਜੀ ਹੈ ਜੋ 2009 ਵਿੱਚ ਉਸ ਦੀ ਕੰਪਨੀ ਵਿੱਚ ਰਿਸੈਪਸਨਿਸਟ ਭਰਤੀ ਹੋਈ ਸੀ। ਪਰ ਜਲਦੀ ਹੀ ਸੁਦੀਪਤੋ ਸੇਨ ਦੀ ਨਜ਼ਰੇ ਇਨਾਇਤ ਹੋ ਜਾਣ ਕਾਰਨ ਉਹ ਇੱਕ ਤਰ੍ਹਾਂ ਨਾਲ ਸ਼ਾਰਦਾ ਗਰੁੱਪ ਦੀ ਸਹਿ ਮਾਲਕ ਹੀ ਬਣ ਗਈ। ਉਸ ਨੇ ਆਪਣੀ ਧੂਰਤਤਾ ਨਾਲ ਕਰੀਬ 17 ਲੱਖ ਗਰੀਬ ਨਿਵੇਸ਼ਕਾਂ ਨਾਲ 3500 ਕਰੋੜ ਤੋਂ ਵੱਧ ਦੀ ਠੱਗੀ ਮਾਰੀ ਹੈ। 2013 ਤੱਕ ਉਸ ਦੀ ਕੰਪਨੀ ਵਿੱਚ 16000 ਮੁਲਾਜ਼ਮ ਕੰਮ ਕਰਦੇ ਸਨ।
ਕੰਪਨੀ ਨੂੰ ਕਾਮਯਾਬ ਕਰਨ ਲਈ ਸੁਦੀਪਤੋ ਸੇਨ ਨੇ ਲੋਕਾਂ ਨੂੰ ਵੱਡੇ ਲਾਲਚ ਵਿਖਾਏ। ਕੰਪਨੀ ਵੱਲੋਂ ਨਿਵੇਸ਼ਕਾਰਾਂ ਕੋਲੋਂ ਰੋਜ਼ਾਨਾ ਥੋੜ੍ਹੇ-ਥੋੜ੍ਹੇ ਪੈਸਿਆਂ (100-200) ਦੀ ਵਸੂਲੀ ਕੀਤੀ ਜਾਂਦੀ ਸੀ। ਲੋਕਾਂ ਨੂੰ ਐਨਾ ਵਿਆਜ਼ ਦਿੱਤਾ ਜਾਂਦਾ ਸੀ ਕਿ ਦੋ-ਢਾਈ ਸਾਲ ਵਿੱਚ ਹੀ ਰਕਮ ਦੁੱਗਣੀ ਹੋ ਜਾਂਦੀ ਸੀ। ਏਜੰਟਾਂ ਨੂੰ ਵੀ ਭਾਰੀ ਲਾਭ ਦਿੱਤਾ ਜਾਂਦਾ ਸੀ। ਉਨ੍ਹਾਂ ਨੂੰ ਜਮ੍ਹਾ ਕਰਵਾਈ ਰਕਮ ਦਾ 25 ਤੋਂ 40% ਤੱਕ ਕਮਿਸ਼ਨ ਅਤੇ ਸ਼ਾਨਦਾਰ ਤੋਹਫੇ ਦਿੱਤੇ ਜਾਂਦੇ ਸਨ। ਇਸ ਤਰ੍ਹਾਂ ਇੱਕ ਸਾਲ ਦੇ ਅੰਦਰ-ਅੰਦਰ ਹੀ ਸੇਨ ਨੇ ਵੱਡਾ ਸਾਮਰਾਜ ਖੜ੍ਹਾ ਕਰ ਲਿਆ। ਉਸ ਨੇ ਇੰਡੀਅਨ ਕੰਪਨੀ ਐਕਟ ਅਤੇ ਇੰਡੀਅਨ ਸਕਿਊਰਿਟੀ ਰੈਗੂਲੇਸ਼ਨ ਐਕਟ ਦੀਆਂ ਧੱਜੀਆਂ ਉਡਾ ਕੇ ਰੱਖ ਦਿੱਤੀਆਂ। ਉਸ ਨੇ ਇਹ ਕੰਪਨੀ ਚਲਾਉਣ ਲਈ ਸਕਿਊਰਿਟੀ ਐਂਡ ਐਕਸਚੇਂਜ ਬੋਰਡ ਆਫ ਇੰਡੀਆ (ਸੇਬੀ) ਕੋਲੋਂ ਵੀ ਕੋਈ ਆਗਿਆ ਨਾ ਲਈ ਤੇ ਨਾ ਹੀ ਕਦੇ ਉਸ ਕੋਲੋਂ ਆਡਿਟ ਕਰਵਾਇਆ। ਜਦੋਂ ਸ਼ਾਰਦਾ ਗਰੁੱਪ ਦਾ ਵਪਾਰ ਅਰਬਾਂ-ਖਰਬਾਂ ਵਿੱਚ ਪਹੁੰਚ ਗਿਆ ਤਾਂ 2009 ਵਿੱਚ ਉਸ ਦੀਆਂ ਕਰਤੂਤਾਂ ਵੱਲ ਸੇਬੀ ਦਾ ਧਿਆਨ ਗਿਆ। ਸੇਬੀ ਤੋਂ ਬਚਣ ਅਤੇ ਕਾਲੇ ਧਨ ਨੂੰ ਗਬਨ ਕਰਨ ਲਈ ਸੇਨ ਨੇ 250 ਨਵੀਆਂ ਜਾਅਲੀ ਕੰਪਨੀਆਂ ਖੋਲ੍ਹ ਲਈਆਂ। ਉਸ ਨੇ ਪੱਛਮੀ ਬੰਗਾਲ, ਝਾਰਖੰਡ, ਅਸਾਮ, ਉੜੀਸਾ ਅਤੇ ਛੱਤੀਸਗੜ ਵਿੱਚ ਖੇਤੀਬਾੜੀ, ਇੰਡਸਟਰੀ, ਮੀਡੀਆ, ਫਿਲਮਾਂ, ਫਾਇਨਾਂਸ, ਹੋਟਲ, ਸ਼ੇਅਰ, ਰੀਅਲ ਇਸਟੇਟ ਆਦਿ ਵਿੱਚ ਅਰਬਾਂ ਰੁਪਿਆ ਨਿਵੇਸ਼ ਕੀਤਾ। ਚਿੱਟ ਫੰਡ ਕੰਪਨੀਆਂ ਨੂੰ ਸੇਬੀ ਦੀ ਬਜਾਏ ਰਾਜ ਸਰਕਾਰ ਕੰਟਰੋਲ ਕਰਦੀ ਹੈ। ਇਸ ਲਈ ਚੇਤਾਵਨੀਆਂ ਭੇਜਣ ਤੋਂ ਇਲਾਵਾ ਸੇਬੀ ਕੁਝ ਨਾ ਕਰ ਸਕੀ, ਜਿਨ੍ਹਾਂ ਦੀ ਬੰਗਾਲ ਸਰਕਾਰ ਨੇ ਕੋਈ ਪ੍ਰਵਾਹ ਨਾ ਕੀਤੀ। ਉਸ ਨੇ ਅਰਬਾਂ ਰੁਪਿਆ ਗੈਰ-ਕਾਨੂੰਨੀ ਤਰੀਕਿਆਂ ਰਾਹੀਂ ਦੁਬਈ, ਦੱਖਣੀ ਅਫਰੀਕਾ ਅਤੇ ਸਿੰਗਾਪੁਰ ਆਦਿ ਦੇਸ਼ਾਂ ਵਿੱਚ ਭੇਜ ਦਿੱਤਾ।
ਸੁਦੀਪਤੋ ਸੇਨ ਨੇ ਰਾਜਨੀਤਕ ਅਤੇ ਪ੍ਰਸ਼ਾਸਨਿਕ ਸਰਪ੍ਰਸਤੀ ਹਾਸਲ ਕਰਨ ਲਈ ਕਰੋੜਾਂ ਰੁਪਏ ਪਾਣੀ ਵਾਂਗ ਵਹਾ ਦਿੱਤੇ। ਉਸ ਨੇ ਤ੍ਰਿਣਮੂਲ ਕਾਂਗਰਸ (ਟੀ.ਐਮ.ਸੀ.) ਦੀ ਸਾਂਸਦ, ਐਕਟਰੈਸ ਸਤਾਬਦੀ ਰਾਏ ਤੇ ਪ੍ਰਸਿੱਧ ਐਕਟਰ ਮਿਥੁਨ ਚੱਕਰਵਰਤੀ ਨੂੰ ਆਪਣੇ ਗਰੁੱਪ ਦਾ ਬਰਾਂਡ ਅੰਬੈਸਡਰ ਬਣਾਇਆ। ਉਸ ਨੇ ਟੀ.ਐਮ.ਸੀ. ਦੇ ਇੱਕ ਹੋਰ ਸਾਂਸਦ ਕੁਣਾਲ ਘੋਸ਼ ਨੂੰ ਆਪਣੇ ਮੀਡੀਆ ਹਾਊਸ ਦਾ ਚੀਫ ਨਿਯੁਕਤ ਕੀਤਾ। ਉਸ ਨੂੰ 16 ਲੱਖ ਰੁਪਏ ਮਹੀਨਾ ਤਨਖਾਹ ਦਿੱਤੀ ਜਾਂਦੀ ਸੀ। ਉਸ ਨੇ ਛੇ ਟੈਲੀਵਜ਼ਨ ਚੈਨਲ ਅਤੇ ਅੱਠ ਭਾਸ਼ਾਵਾਂ ਵਿੱਚ ਦਸ ਅਖਬਾਰਾਂ ਸ਼ੁਰੂ ਕਰਨ ਲਈ 12 ਕਰੋੜ ਰੁਪਏ ਖਰਚੇ। ਟੀ.ਐਮ.ਸੀ. ਦਾ ਸਾਂਸਦ ਸ੍ਰੀਨਜੋਏ ਬੋਸ ਵੀ ਮੀਡੀਆ ਨੂੰ ਸੰਭਾਲਦਾ ਸੀ ਤੇ 15 ਲੱਖ ਮਹੀਨਾ ਤਨਖਾਹ ਲੈਂਦਾ ਸੀ। ਟਰਾਂਸਪੋਰਟ ਮੰਤਰੀ ਮਦਨ ਮਿੱਤਰਾ ਸ਼ਾਰਦਾ ਗਰੁੱਪ ਦੀ ਵਰਕਰ ਯੂਨੀਅਨ ਦਾ ਪ੍ਰਧਾਨ ਸੀ ਤੇ ਸ਼ਰੇਆਮ ਲੋਕਾਂ ਨੂੰ ਕੰਪਨੀ ਵਿੱਚ ਪੈਸੇ ਨਿਵੇਸ਼ ਕਰਨ ਲਈ ਉਤਸ਼ਾਹਿਤ ਕਰਦਾ ਸੀ। ਟੀ.ਐਮ.ਸੀ. ਦੇ ਇੱਕ ਸਭ ਤੋਂ ਪ੍ਰਭਾਵਸ਼ਾਲੀ ਨੇਤਾ ਦੀਆਂ ਬਣਾਈਆਂ ਹੋਈਆਂ ਸੜੀਆਂ ਜਿਹੀਆਂ ਪੇਂਟਿੰਗਾਂ ਸੁਦੀਪਤੋ ਸੇਨ ਨੇ ਦੋ ਕਰੋੜ ਦੀਆਂ ਖਰੀਦੀਆਂ ਸਨ। ਘਾਟੇ ਵਿੱਚ ਚੱਲ ਰਹੀ ਲੈਂਡਮਾਰਕ ਸੀਮਿੰਟ ਕੰਪਨੀ ਉਸ ਨੇ ਕਰੋੜਾਂ ਖਰਚ ਕੇ ਸਿਰਫ ਇਸ ਲਈ ਖਰੀਦ ਲਈ ਕਿਉਂਕਿ ਉਸ ਵਿੱਚ ਟੈਕਸਟਾਈਲ ਮੰਤਰੀ ਸ਼ਿਆਮਦਾ ਮੁਖਰਜੀ ਦੀ ਭਾਈਵਾਲੀ ਸੀ। ਇਸ ਤੋਂ ਇਲਾਵਾ ਉਸ ਨੇ ਅਸਾਮ, ਝਾਰਖੰਡ, ਤ੍ਰਿਪੁਰਾ ਅਤੇ ਬਿਹਾਰ ਦੇ ਕਈ ਰਾਜਨੀਤਿਕਾਂ ‘ਤੇ ਵੀ ਕਰੋੜਾਂ ਰੁਪਏ ਖਰਚੇ। ਉਹ ਦੁਰਗਾ ਪੂਜਾ ਸਮੇਂ ਨੇਤਾਵਾਂ ਵੱਲੋਂ ਤਿਆਰ ਕੀਤੇ ਜਾਂਦੇ ਸਾਰੇ ਪੰਡਾਲਾਂ ਦਾ ਖਰਚਾ ਚੁੱਕਦਾ ਸੀ। ਲੋਕਾਂ ਦੇ ਪੈਸੇ ਦਾ ਉਸ ਨੂੰ ਕੋਈ ਦਰਦ ਨਹੀਂ ਸੀ। ਚੋਰਾਂ ਦੇ ਕੱਪੜੇ ਤੇ ਡਾਂਗਾਂ ਦੇ ਗਜ਼। ਪ੍ਰਭਾਵਸ਼ਾਲੀ ਲੋਕਾਂ ਦਾ ਹੱਥ ਸਿਰ ‘ਤੇ ਹੋਣ ਕਾਰਨ ਹੀ ਉਸ ਦੀ ਕੰਪਨੀ ਐਨਾ ਲੰਬਾ ਸਮਾਂ ਕੱਢ ਗਈ।
ਉਸ ਦੀ ਕੰਪਨੀ ਦੇ ਇਸ਼ਤਿਹਾਰ ਹਰ ਰੋਜ਼ ਅਖਬਾਰਾਂ ਵਿੱਚ ਆਉਂਦੇ ਸਨ ਤੇ 24 ਘੰਟੇ ਮਸ਼ਹੂਰ ਟੀ. ਵੀ. ਰੇਡੀਓ ਚੈਨਲਾਂ ‘ਤੇ ਚਲਦੇ ਸਨ। ਇਸ ਤੋਂ ਪ੍ਰਭਾਵਿਤ ਹੋ ਕੇ ਸੈਂਕੜੇ ਲੋਕ ਇਸ ਗੋਰਖ ਧੰਦੇ ਵਿੱਚ ਫਸ ਗਏ। ਉਸ ਨੇ ਨਿਵੇਸ਼ਕਾਂ ਨੂੰ ਇਹ ਵਿਖਾਉਣ ਲਈ ਕਿ ਸ਼ਾਰਦਾ ਗਰੁੱਪ ਮੁਨਾਫੇ ਵਿੱਚ ਹੈ ਤੇ ਉਦਯੋਗਾਂ ਵਿੱਚ ਇਨਵੈਸਟ ਕਰ ਰਿਹਾ ਹੈ, ਗਲੋਬਲ ਆਟੋ ਮੋਬਾਇਲ ਮੋਟਰਸਾਈਕਲ ਕੰਪਨੀ ਅਤੇ ਵੈਸਟ ਬੰਗਾਲ ਅਵਧੂਤ ਐਗਰੋ ਅਤੇ ਲੈਂਡਮਾਰਕ ਸੀਮਿੰਟ ਕੰਪਨੀ ਵਰਗੇ ਬੰਦ ਪਏ ਕਈ ਉਦਯੋਗ ਖਰੀਦੇ ਤੇ ਉਹਨਾਂ ਨੂੰ ਚਲਦਾ ਵਿਖਾਉਣ ਲਈ ਸੈਂਕੜੇ ਵਰਕਰਾਂ ਨੂੰ ਵੈਸੇ ਹੀ ਤਨਖਾਹਾਂ ਦੇਈ ਗਿਆ। ਪਰ ਮਾੜੇ ਕੰਮਾਂ ਦਾ ਨਤੀਜਾ ਵੀ ਆਖਰ ਮਾੜਾ ਹੀ ਹੁੰਦਾ ਹੈ। 2013 ਆਉਂਦੇ-ਆਉਂਦੇ ਉਸ ਦੇ ਬੁਰੇ ਦਿਨ ਆ ਗਏ। ਜਨਵਰੀ 2013 ਵਿੱਚ ਪਹਿਲੀ ਵਾਰ ਉਸ ਦੀ ਆਮਦਨ ਖਰਚੇ ਤੋਂ ਘਟ ਗਈ। ਜਿੰਨੇ ਪੈਸੇ ਨਿਵੇਸ਼ਕਾਂ ਦੇ ਮੋੜਨੇ ਸਨ, ਉਸ ਹਿਸਾਬ ਨਾਲ ਕੈਸ਼ ਨਹੀਂ ਆ ਰਿਹਾ ਸੀ। ਉਸ ਨੇ ਹੱਥ ਖੜ੍ਹੇ ਕਰ ਦਿੱਤੇ ਤੇ ਲੋਕਾਂ ਦੇ ਪੈਸੇ ਮੋੜਨ ਤੋਂ ਇਨਕਾਰ ਕਰ ਦਿੱਤਾ। ਸਾਰੇ ਬੰਗਾਲ ਅਤੇ ਪੂਰਬੀ ਭਾਰਤ ਵਿੱਚ ਹਾਹਾਕਾਰ ਮੱਚ ਗਈ। ਵੱਡੀ ਪੱਧਰ ‘ਤੇ ਧਰਨੇ ਪ੍ਰਦਰਸ਼ਨ ਹੋਣ ਲੱਗੇ। ਭੜਕੇ ਲੋਕਾਂ ਨੇ ਸ਼ਾਰਦਾ ਗਰੁੱਪ ਦੇ ਅਨੇਕਾਂ ਦਫਤਰ ਫੂਕ ਦਿੱਤੇ। ਜਦੋਂ ਹਾਲਾਤ ਕੰਟਰੋਲ ਤੋਂ ਬਾਹਰ ਹੋ ਗਏ ਤਾਂ ਬੰਗਾਲ ਸਰਕਾਰ ਨੇ ਇਸ ਮਾਮਲੇ ਦੀ ਪੜਤਾਲ ਲਈ ਇੱਕ ਸਿੱਟ ਬਣਾ ਦਿੱਤੀ। ਕਲਕੱਤਾ ਦਾ ਮੌਜੂਦਾ ਕਮਿਸ਼ਨਰ ਰਾਜੀਵ ਕੁਮਾਰ ਉਸ ਸਿੱਟ ਦਾ ਚੀਫ ਸੀ। ਸਿੱਟ ਨੇ 23 ਅਪਰੈਲ 2013 ਨੂੰ ਸੁਦੀਪਤੋ ਸੇਨ, ਦੇਬਜਾਨੀ ਮੁਖਰਜੀ ਅਤੇ ਅਰਵਿੰਦ ਸਿੰਘ ਚੌਹਾਨ ਨੂੰ ਸੋਨਮਰਗ, ਕਸ਼ਮੀਰ ਤੋਂ ਗ੍ਰਿਫਤਾਰ ਕਰ ਲਿਆ।
9 ਮਈ 2014 ਨੂੰ ਸੁਪਰੀਮ ਕੋਰਟ ਨੇ ਇਸ ਕੇਸ ਦੀ ਵਾਗਡੋਰ ਸੀ.ਬੀ.ਆਈ. ਨੂੰ ਸੰਭਲਾ ਦਿੱਤੀ। ਬੰਗਾਲ ਸਿੱਟ ਨੇ ਸੁਦੀਪਤੋ ਸੇਨ, ਦੇਬਜਾਨੀ ਮੁਖਰਜੀ ਅਤੇ ਅਰਵਿੰਦ ਸਿੰਘ ਚੌਹਾਨ ਸਮੇਤ ਸਾਰੇ ਗ੍ਰਿਫਤਾਰ ਕੀਤੇ ਹੋਏ ਮੁਲਜ਼ਮਾਂ ਨੂੰ ਸੀ.ਬੀ.ਆਈ. ਦੇ ਹਵਾਲੇ ਕਰ ਦਿੱਤਾ। ਸੀ.ਬੀ.ਆਈ. ਨੇ ਇਸ ਕੇਸ ਵਿੱਚ ਬੰਗਾਲ ਦੇ ਰਿਟਾਇਰਡ ਡੀ.ਜੀ.ਪੀ. ਰਜਤ ਮਾਜ਼ੂਮਦਾਰ, ਪ੍ਰਸਿੱਧ ਅਸਾਮੀ ਗਾਇਕ ਸਦਾਨੰਦਾ ਗੋਗੋਈ, ਉੜੀਸਾ ਦੇ ਸਾਬਕਾ ਐਡਵੋਕੇਟ ਜਨਰਲ ਅਸ਼ੋਕ ਮੋਹੰਤੀ ਅਤੇ ਅਸਾਮ ਦੇ ਸਾਬਕਾ ਡੀ.ਜੀ.ਪੀ. ਸ਼ੰਕਰ ਬਰੂਆ ਸਮੇਤ ਕਈ ਵੱਡੇ ਬੰਦਿਆਂ ਤੋਂ ਪੁੱਛਗਿੱਛ ਕੀਤੀ। ਘਰ ਦੀ ਤਲਾਸ਼ੀ ਹੋਣ ਕਾਰਨ ਸ਼ੰਕਰ ਬਰੂਆ ਨੇ ਸ਼ਰਮ ਦੇ ਮਾਰੇ ਆਤਮ-ਹੱਤਿਆ ਕਰ ਲਈ। ਸੀ.ਬੀ.ਆਈ. ਨੇ ਟੀ.ਐਮ.ਸੀ. ਦੇ ਸਾਂਸਦ ਸ੍ਰੀਨਜੋਏ ਬੋਸ ਅਤੇ ਟਰਾਂਸਪੋਰਟ ਮੰਤਰੀ ਮਦਨ ਮਿੱਤਰਾ ਸਮੇਤ ਦਰਜ਼ਨਾਂ ਹਾਈਪ੍ਰੋਫਾਈਲ ਲੋਕਾਂ ਨੂੰ ਗ੍ਰਿਫਤਾਰ ਕਰ ਕੇ ਜੇਲ੍ਹ ਭੇਜ ਦਿੱਤਾ।
ਸੀ.ਬੀ.ਆਈ. ਵੀ 2014 ਤੋਂ ਲੈ ਕੇ ਹੁਣ ਤੱਕ ਇਸ ਕੇਸ ਵਿੱਚ ਢੀਚਕ ਚਾਲ ਹੀ ਚੱਲ ਰਹੀ ਹੈ। ਚੋਣਾਂ ਅਤੇ ਰਾਜਨੀਤਕ ਮਾਹੌਲ ਮੁਤਾਬਕ ਤਫਤੀਸ਼ ਦੀ ਚਾਲ ਤੇਜ਼ ਜਾਂ ਢਿੱਲੀ ਹੋ ਜਾਂਦੀ ਹੈ। ਇਹ ਕੇਸ ਇਸ ਵੇਲੇ ਤਿੱਖੀ ਰਾਜਨੀਤਕ ਬਹਿਸ ਦਾ ਵਿਸ਼ਾ ਬਣਿਆ ਹੋਇਆ ਹੈ। ਸਰਕਾਰ ਅਤੇ ਵਿਰੋਧੀ ਪਾਰਟੀਆਂ ਇਸ ਨੂੰ ਲੈ ਕੇ ਇੱਕ ਦੂਸਰੇ ‘ਤੇ ਸਖਤ ਸਿਆਸੀ ਹਮਲੇ ਕਰ ਰਹੀਆਂ ਹਨ। ਪਰ ਜਿਨ੍ਹਾਂ ਗਰੀਬਾਂ ਦੇ ਪੈਸੇ ਇਸ ਠੱਗੀ ਜਾਲ ਵਿੱਚ ਫਸੇ ਹੋਏ ਹਨ, ਉਨ੍ਹਾਂ ਬਾਰੇ ਕੋਈ ਨਹੀਂ ਸੋਚ ਰਿਹਾ। 225 ਦੇ ਕਰੀਬ ਨਿਵੇਸ਼ਕ ਅਤੇ ਏਜੰਟ ਖੁਦਕੁਸ਼ੀ ਕਰ ਚੁੱਕੇ ਹਨ। ਜਿੰਨਾ ਚਿਰ ਤੱਕ ਅਜਿਹੀਆਂ ਕੰਪਨੀਆਂ ਲੋਕਾਂ ਨੂੰ ਵੱਧ ਵਿਆਜ਼ ਦਾ ਲਾਲਚ ਦੇ ਕੇ ਭਰਮਾਉਂਦੀਆਂ ਰਹਿਣਗੀਆਂ, ਭੋਲੇ-ਭਾਲੇ ਲੋਕ ਫਸਦੇ ਹੀ ਰਹਿਣਗੇ। 2013 ਤੋਂ ਬਾਅਦ ਵੀ ਅਜਿਹੀਆਂ ਅਨੇਕਾਂ ਕੰਪਨੀਆਂ ਠੱਗੀ ਮਾਰ ਕੇ ਭੱਜ ਚੁੱਕੀਆਂ ਹਨ। ਲੋਕਾਂ ਨੂੰ ਵੀ ਧਿਆਨ ਰੱਖਣਾ ਚਾਹੀਦਾ ਹੈ ਕਿ ਕੋਈ ਕੰਪਨੀ ਜਾਂ ਬੈਂਕ ਕਦੇ ਵੀ ਐਨਾ ਵਿਆਜ਼ ਇਮਾਨਦਾਰੀ ਨਾਲ ਨਹੀਂ ਦੇ ਸਕਦੀ ਕਿ 2-3 ਸਾਲ ਵਿੱਚ ਪੈਸੇ ਦੁੱਗਣੇ ਹੋ ਜਾਣ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।