ਦੋ ਦਿਨਾਂ ‘ਚ ਕਰੀਬ ਡੇਢ ਕਰੋੜ ਦੀ ਸ਼ਰਾਬ ਪੀ ਗਏ ਸੰਗਰੂਰ ਦੇ ‘ਸ਼ਰਾਬੀ’

ਆਬਕਾਰੀ ਮਹਿਕਮਾ ਦੱਸ ਰਿਹੈ ਆਪਣੀ ਪ੍ਰਾਪਤੀ, ਕਰਫਿਊ ‘ਚ ਨਸ਼ਾ ਸਪਲਾਈ ਟੁੱਟੀ ਸੀ, ਹੁਣ ਮੁੜ ਨਸ਼ੇੜੀ ਵਧਣ ਲੱਗੇ: ਬੁੱਧੀਜੀਵੀ

ਸੰਗਰੂਰ, (ਗੁਰਪ੍ਰੀਤ ਸਿੰਘ) ਪਿਛਲੇ ਦੋ ਮਹੀਨਿਆਂ ਤੋਂ ਪੰਜਾਬ ਵਿੱਚ ਚੱਲ ਰਹੇ ਕਰਫਿਊ ਤੇ ਲਾਕਡਾਊਨ ਕਾਰਨ ਜਿੱਥੇ ਸ਼ਰਾਬ ਦੇ ਠੇਕੇ ਵੀ ਬੰਦ ਸਨ, ਹੁਣ ਉੱਥੇ ਕਰਫਿਊ ਖੁੱਲ੍ਹਣ ਤੋਂ ਬਾਅਦ ਸ਼ਰਾਬੀਆਂ ਨੇ ਬਚਾਈ ਥੋੜ੍ਹੀ-ਬਹੁਤ ਪੂੰਜੀ ਵੀ ਸ਼ਰਾਬ ਦੇ ‘ਲੇਖੇ’ ਲਾਉਣੀ ਸ਼ੁਰੂ ਕਰ ਦਿੱਤੀ ਹੈ ਜਿਸ ਦੀਆਂ ਰਿਪੋਰਟਾਂ ਨਿੱਕਲ ਕੇ ਬਾਹਰ ਆ ਰਹੀਆਂ ਹਨ ਲੰਘੇ ਮੰਗਲਵਾਰ ਅਤੇ ਬੁੱਧਵਾਰ ਨੂੰ ਜ਼ਿਲ੍ਹਾ ਸੰਗਰੂਰ ਦੇ ‘ਸ਼ਰਾਬੀਆਂ’ ਨੇ ਤਕਰੀਬਨ ਡੇਢ ਕਰੋੜ ਦੀ ਸ਼ਰਾਬ ਡਕਾਰ ਲਈ ਸਰਕਾਰ ਦਾ ਆਬਕਾਰੀ ਮਹਿਕਮਾ ਇਸ ਰਿਕਾਰਡ ਨੂੰ ਆਪਣੀ ਵੱਡੀ ਪ੍ਰਾਪਤੀ ਦੱਸ ਰਿਹਾ ਹੈ ਪਰ ਬੁੱਧੀਜੀਵੀ ਵਰਗ ਇਸ ਨੂੰ ਸਮਾਜ ‘ਤੇ ਕਲੰਕ ਦੱਸ ਰਿਹਾ ਹੈ

ਹਾਸਲ ਕੀਤੀ ਜਾਣਕਾਰੀ ਅਨੁਸਾਰ ਆਬਕਾਰੀ ਵਿਭਾਗ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਲੰਘੇ ਮੰਗਲਵਾਰ ਨੂੰ ਜ਼ਿਲ੍ਹਾ ਸੰਗਰੂਰ ਵਿੱਚ 72.75 ਲੱਖ ਰੁਪਏ ਦੀ ਡਿਊਟੀ ਪੇਡ ਸ਼ਰਾਬ ਦੀ ਵਿਕਰੀ ਹੋਈ ਹੈ ਇੱਥੇ ਹੀ ਬੱਸ ਨਹੀਂ ਵਿਭਾਗ ਨੇ ਇੱਕ ਹੋਰ ਅੰਕੜੇ ਦਾ ਜ਼ਿਕਰ ਕਰਦਿਆਂ ਕਿਹਾ ਕਿ ਬੁੱਧਵਾਰ ਨੂੰ 74.75 ਲੱਖ ਰੁਪਏ ਦੀ ਡਿਊਟੀ ਪੇਡ ਸ਼ਰਾਬ ਦੀ ਵਿਕਰੀ ਹੋਈ ਹੈ

ਮਹਿਕਮੇ ਨੇ ਬੜੇ ਮਾਣ ਨਾਲ ਦੱਸਿਆ ਹੈ ਕਿ ਪਿਛਲੇ ਸਾਲ ਭਾਵ 2019 ਵਿੱਚ ਇਸੇ ਦਿਨ ਜਿਹੜੀ ਸ਼ਰਾਬ ਦੀ ਵਿਕਰੀ ਹੋਈ ਸੀ ਉਸ ਤੋਂ ਇਸ ਸਾਲ ਵਿੱਚ ਇੱਕ ਦਿਨ ਦੀ ਹੋਈ ਵਿਕਰੀ ਵਿੱਚ 110 ਫੀਸਦੀ ਦਾ ਵਾਧਾ ਹੈ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਰਕਾਰ ਤੋਂ ਬਿਨਾਂ ਮਨਜ਼ੂਰੀ ਤੋਂ ਸ਼ਰਾਬ ਵੇਚਣ ਵਾਲਿਆਂ ‘ਤੇ ਜ਼ਿਲ੍ਹੇ ਦੇ ਵੱਖ-ਵੱਖ ਥਾਣਿਆਂ ਵਿੱਚ 60 ਤੋਂ ਜ਼ਿਆਦਾ ਪਰਚੇ ਵੀ ਕੀਤੇ ਹਨ ਅਤੇ ਅਜਿਹੀ ਸ਼ਰਾਬ ਦੀ ਵਿਕਰੀ ਰੋਕਣ ਲਈ ਸ਼ੈਲਰਾਂ, ਢਾਬਿਆਂ, ਮੈਰਿਜ ਪੈਲਸਾਂ ਆਦਿ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ

ਪ੍ਰਸ਼ਾਸਨ ਦੀ ਇਸ ‘ਵਡਮੁੱਲੀ’ ਪ੍ਰਾਪਤੀ ‘ਤੇ ਜ਼ਿਲ੍ਹੇ ਦੇ ਬੁੱਧੀਜੀਵੀ ਵਰਗ ਵਿੱਚ ਕਾਫ਼ੀ ਰੋਸ ਹੈ ਉਨ੍ਹਾਂ ਦਾ ਕਹਿਣਾ ਹੈ ਕਿ ਜ਼ਿਲ੍ਹੇ ਵਿੱਚ ਵੱਡੀ ਗਿਣਤੀ ‘ਚ ਲੋਕਾਂ ਵੱਲੋਂ ਨਸ਼ੇ ਛੱਡੇ ਜਾ ਰਹੇ ਹਨ ਕੋਵਿਡ-19 ਕਰਕੇ ਨਸ਼ਾ ਸਪਲਾਈ ਦੀ ਚੇਨ ਟੁੱਟ ਗਈ ਸੀ ਜਿਸ ਕਾਰਨ ਹਜ਼ਾਰਾਂ ਨਸ਼ੇੜੀ ਸਰਕਾਰੀ ਹਸਪਤਾਲਾਂ ਵਿੱਚ ਆਪਣਾ ਇਲਾਜ ਕਰਵਾਉਣ ਲਈ ਆ ਰਹੇ ਹਨ, Àੁੱਥੇ ਸਰਕਾਰ ਇਨ੍ਹਾਂ ਨਸ਼ੇੜੀਆਂ ਨੂੰ ਨਸ਼ੇ ਦੇ ਚੁੰਗਲ ਵਿੱਚੋਂ ਬਾਹਰ ਕੱਢਣਾ ਨਹੀਂ ਚਾਹੁੰਦੀ ਜਿਸ ਕਾਰਨ ਉਹ ਕਰੋੜਾਂ ਰੁਪਏ ਦੀ ਸ਼ਰਾਬ ਵੇਚ ਕੇ ਮੁਨਾਫ਼ਾ ਕਮਾ ਰਹੀ ਹੈ

ਸਰਕਾਰ ਜ਼ਹਿਰ ਪਿਲਾਉਣ ਨੂੰ ਆਪਣੀ ਪ੍ਰਾਪਤੀ ਨਾ ਕਹੇ: ਡਾ: ਮਾਨ

ਪੰਜਾਬ ਵਿੱਚ ਸ਼ਰਾਬ ਦੇ ਠੇਕਿਆਂ ਨੂੰ ਬੰਦ ਕਰਵਾਉਣ ਲਈ ਲੰਮੇ ਸਮੇਂ ਤੋਂ ਜੱਦੋ-ਜਹਿਦ ਕਰ ਰਹੇ ਸੰਗਰੂਰ ਦੇ ਸਮਾਜ ਸੇਵੀ ਡਾ. ਏ. ਐਸ. ਮਾਨ ਨੇ ਕਿਹਾ ਕਿ ਬੜੀ ਹੀ ਸ਼ਰਮਨਾਕ ਗੱਲ ਹੈ ਕਿ ਸ਼ਰਾਬ ਦੀ ਰਿਕਾਰਡ ਵਿਕਰੀ ਨੂੰ ਮਹਿਕਮਾ ਆਪਣੀ ਪ੍ਰਾਪਤੀ ਦੱਸ ਰਿਹਾ ਹੈ ਉਨ੍ਹਾਂ ਆਖਿਆ ਕਿ ਅੱਜ ਹਾਲਾਤ ਏਨੇ ਮਾੜੇ ਹੋ ਗਏ ਕਿ ਅਸੀਂ ਜ਼ਹਿਰ ਪਿਲਾਉਣ ਨੂੰ ਆਪਣੀ ਪ੍ਰਾਪਤੀ ਦੱਸ ਰਹੇ ਹਾਂ

ਡਾ. ਮਾਨ ਨੇ ਦੱਸਿਆ ਕਿ ਮੇਰੇ ਕੋਲ ਕੱਲ੍ਹ ਇੱਕ ਬਜ਼ੁਰਗ ਮਾਤਾ ਆਪਣੇ ਪੁੱਤਰ ਨੂੰ ਲੈ ਕੇ ਆਈ ਜਿਹੜਾ ਹਰ ਰੋਜ਼ ਦੀਆਂ 3-4 ਬੋਤਲਾਂ ਸ਼ਰਾਬ ਪੀ ਕੇ, ਘਰ ਦੇ ਸਾਮਾਨ ਦੀ ਭੰਨ੍ਹ-ਤੋੜ ਤੇ ਮਾਰ-ਕੁੱਟ ਕਰਦਾ ਉਨ੍ਹਾਂ ਕਿਹਾ ਕਿ ਮਾਤਾ ਨੇ ਦੱਸਿਆ ਕਿ ਲਾਕਡਾਊਨ ਵਿੱਚ ਉਸਦਾ ਲੜਕਾ ਬਿਲਕੁਲ ਠੀਕ ਹੋ ਗਿਆ ਸੀ ਪਰ ਸ਼ਰਾਬ ਦੇ ਠੇਕੇ ਖੁੱਲ੍ਹਣ ਤੋਂ ਬਾਅਦ ਉਹ ਪਹਿਲਾਂ ਨਾਲੋਂ ਵੀ ਜ਼ਿਆਦਾ ਸ਼ਰਾਬ ਪੀਣ ਦਾ ਆਦੀ ਹੋ ਗਿਆ ਉਨ੍ਹਾਂ ਕਿਹਾ ਕਿ ਕਿਰਪਾ ਕਰਕੇ ਟੈਕਸ ਚਾਹੇ ਲੋਕਾਂ ‘ਤੇ ਉਂਜ ਹੀ ਲਾ ਦਿੱਤਾ ਜਾਵੇ ਪਰ ਇਸ ‘ਜ਼ਹਿਰ’ ਤੋਂ ਮਾਲੀਆ ਇਕੱਠਾ ਨਾ ਕੀਤਾ ਜਾਵੇ

ਕਰਫਿਊ ‘ਚ ਸ਼ਰਾਬ ਛੱਡ ਚੁੱਕੇ ਸੀ ਵੱਡੀ ਗਿਣਤੀ ਲੋਕ: ਰੁਪਿੰਦਰ ਧੀਮਾਨ

ਇਸ ਸਬੰਧੀ ਗੱਲਬਾਤ ਕਰਦਿਆਂ ਸੰਗਰੂਰ ਦੇ ਸਮਾਜ ਸੇਵੀ ਨੌਜਵਾਨ ਰੁਪਿੰਦਰ ਧੀਮਾਨ ਕਿੱਕੀ ਨੇ ਕਿਹਾ ਕਿ ਲਾਕਡਾਊਨ ਤੇ ਕਰਫਿਊ ਦਾ ਇੱਕ ਸੁਖਾਵਾਂ ਪਹਿਲੂ ਇਹ ਰਿਹਾ ਸੀ ਕਿ ਵੱਡੀ ਗਿਣਤੀ ਲੋਕ ਸ਼ਰਾਬ ਤੇ ਹੋਰ ਨਸ਼ੇ ਛੱਡ ਕੇ ਨਸ਼ਾ ਛੁਡਾਊ ਕੇਂਦਰਾਂ ਵਿੱਚ ਭਰਤੀ ਹੋ ਰਹੇ ਸਨ ਅਤੇ ਦਵਾਈ ਲੈਣ ਲੱਗੇ ਸਨ ਪਰ ਹੁਣ ਸ਼ਰਾਬ ਦੀ ਵਿਕਰੀ ਮੁੜ ਖੁੱਲ੍ਹਣ ਕਾਰਨ ਉਹ ਉਸ ਤੋਂ ਵੀ ਜ਼ਿਆਦਾ ਸ਼ਰਾਬ ਪੀ ਰਹੇ ਹਨ

ਇਸ ਬਾਰੇ ਸਰਕਾਰ ਨੂੰ ਹੇਠਲੇ ਪੱਧਰ ਤੱਕ ਸੋਚਣ ਦੀ ਲੋੜ ਹੈ ਉਨ੍ਹਾਂ ਆਖਿਆ ਕਿ ਜਿਸ ਪੰਜਾਬ ਨੂੰ ਗੁਰੂਆਂ ਪੀਰਾਂ ਦੀ ਧਰਤੀ ਕਿਹਾ ਜਾਂਦਾ ਸੀ, ਅੱਜ ਉਸ ‘ਤੇ ਸ਼ਰਾਬ ਦੀਆਂ ਲਹਿਰਾਂ ਵਗਣ ਲਾ ਦਿੱਤੀਆਂ ਹਨ ਜੋ ਬਹੁਤ ਹੀ ਚਿੰਤਾਜਨਕ ਗੱਲ ਹੈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।