ਅਲੋਪ ਹੋ ਰਿਹਾ ਪੰਜਾਬੀ ਸੱਭਿਆਚਾਰ ’ਚੋਂ ‘ਸੰਦੂਕ’
ਸੰਦੂਕ ਪੰਜਾਬੀ ਸੱਭਿਆਚਾਰ ਦਾ ਮਹੱਤਵਪੂਰਨ ਚਿੰਨ੍ਹ ਹੈ। ਇੱਕ ਸਮਾਂ ਅਜਿਹਾ ਵੀ ਸੀ ਜਦੋਂ ਹਰ ਘਰ ਵਿਚ ਸੰਦੂਕ ਦੀ ਸਰਦਾਰੀ ਹੁੰਦੀ ਸੀ। ਸੰਦੂਕ ਲੱਕੜੀ ਦਾ ਬਣਿਆ ਇੱਕ ਵਰਗਾਕਾਰ ਬਕਸਾ ਹੁੰਦਾ ਹੈ। ਭਾਵੇਂ ਅੱਜ-ਕੱਲ੍ਹ ਲੜਕੀ ਨੂੰ ਦਾਜ ਵਿੱਚ ਲੋਹੇ ਦੀ ਪੇਟੀ ਜਾਂ ਅਲਮਾਰੀ ਦਿੱਤੀ ਜਾਂਦੀ ਹੈ ਪਰ ਪੁਰਾਤਨ ਸਮੇਂ ਵਿੱਚ ਸੰਦੂਕ ਦਾਜ ਵਿੱਚ ਦੇਣ ਵਾਲੀ ਇੱਕ ਅਹਿਮ ਵਸਤੂ ਹੁੰਦਾ ਸੀ। ਉੱਥੇ ਹੀ ਇੱਕ ਜ਼ਰੂਰੀ ਘਰੇਲੂ ਵਸਤੂ ਵੀ ਸੀ, ਜਿਸ ਵਿਚ ਸੁਆਣੀਆਂ ਆਪਣੇ ਪਹਿਨਣ ਵਾਲੇ ਕੱਪੜੇ, ਫੁਲਕਾਰੀਆਂ, ਪੱਖੀਆਂ, ਭਾਂਡੇ, ਬਿਸਤਰੇ, ਝੋਲੇ ਅਤੇ ਹਾਰ-ਸ਼ਿੰਗਾਰ ਆਦਿ ਦਾ ਸਾਮਾਨ ਰੱਖਦੀਆਂ ਸਨ।
ਸੰਦੂਕ ਅਕਸਰ ਵਧੀਆ ਅਤੇ ਮਜਬੂਤ ਲੱਕੜੀ ਦਾ ਕਿਸੇ ਮਾਹਿਰ ਕਾਰੀਗਰ ਵੱਲੋਂ ਤਿਆਰ ਕੀਤਾ ਜਾਂਦਾ ਸੀ। ਇਸ ਲਈ ਕਾਲੀ ਟਾਹਲੀ, ਨਿੰਮ ਜਾਂ ਕਿੱਕਰ ਦੀ ਲੱਕੜ ਵਰਤੀ ਜਾਂਦੀ ਸੀ। ਸੰਦੂਕ ਲਈ ਕਾਲੀ ਟਾਹਲੀ ਦੀ ਲੱਕੜ ਸਭ ਤੋਂ ਉੱਤਮ ਮੰਨੀ ਜਾਂਦੀ ਸੀ ਪਰ ਟਾਹਲੀ ਨੂੰ ਕਾਲੀ ਹੋਣ ’ਤੇ ਬਹੁਤ ਸਮਾਂ ਲੱਗਦਾ ਸੀ। ਇਸ ਲਈ ਇਹ ਲੱਕੜ ਬਹੁਤ ਮੁਸ਼ਕਲ ਨਾਲ ਮਿਲਦੀ ਸੀ। ਇਸ ਤੋਂ ਬਣੇ ਸੰਦੂਕ ਬਹੁਤ ਸੋਹਣੇ, ਚਮਕਦਾਰ ਤੇ ਮਜ਼ਬੂਤ ਹੁੰਦੇ ਸਨ।
ਲੱਕੜੀ ਦੇ ਕੰਮ ਵਿੱਚ ਨਿਪੁੰਨ ਕਾਰੀਗਰ ਸੰਦੂਕ ਨੂੰ ਬੜੀਆਂ ਰੀਝਾਂ ਨਾਲ ਬਣਾਉਂਦੇ ਸਨ। ਜਦੋਂ ਸੰਦੂਕ ਦਾਜ ਵਿੱਚ ਦੇਣ ਲਈ ਤਿਆਰ ਕਰਨਾ ਹੁੰਦਾ ਸੀ ਤਾਂ ਵਿਆਹ ਤੋਂ ਦੋ-ਤਿੰਨ ਮਹੀਨੇ ਪਹਿਲਾਂ ਮਾਹਿਰ ਤਰਖਾਣ ਨੂੰ ਘਰ ਬਿਠਾਇਆ ਜਾਂਦਾ ਸੀ। ਤਰਖਾਣ ਕਾਰੀਗਰ ਆਪਣੀ ਪੂਰੀ ਕਲਾ ਕਿਰਤ ਅਤੇ ਮਹੀਨ ਮੀਨਾਕਾਰੀ ਰਾਹੀਂ ਸੰਦੂਕ ਤਿਆਰ ਕਰਦੇ ਸਨ। ਸੰਦੂਕ ਦਾ ਪਿਛਲਾ ਹਿੱਸਾ ਬਿਲਕੁਲ ਸਾਫ਼ ਅਤੇ ਸਧਾਰਨ ਰੱਖਿਆ ਜਾਂਦਾ ਸੀ। ਸਾਹਮਣੇ ਵਾਲੇ ਪਾਸੇ ਅਤੇ ਪਾਸਿਆਂ ਵਾਲੇ ਹਿੱਸੇ ’ਤੇ ਵਰਗਾਕਾਰ ਡੱਬੇ ਬਣਾਏ ਜਾਂਦੇ ਸਨ। ਸੰਦੂਕ ਨੂੰ ਹੋਰ ਸ਼ਿੰਗਾਰਨ ਲਈ ਮਾਹਿਰ ਕਾਰੀਗਰ ਪਿੱਤਲ ਦੀਆਂ ਮੇਖਾਂ, ਸ਼ੀਸ਼ਿਆਂ ਦੇ ਟੁਕੜੇ ਅਤੇ ਰੰਗਾਂ ਦਾ ਪ੍ਰਯੋਗ ਵੀ ਕਰਦੇ ਸਨ। ਸੰਦੂਕਾਂ ਉੱਪਰ ਹਾਰ-ਸ਼ਿੰਗਾਰ ਲਈ ਵੱਡਾ ਸ਼ੀਸ਼ਾ ਵੀ ਫਿੱਟ ਕਰ ਦਿੱਤਾ ਜਾਂਦਾ ਸੀ।
ਗੱਡੀ ਵਿਚ ਆ ਗਿਆ ਸੰਦੂਕ ਮੁਟਿਆਰ ਦਾ,
ਸ਼ੀਸ਼ਿਆਂ ਜੜਤ ਚਮਕਾਰੇ ਪਿਆ ਮਾਰਦਾ।
ਸੰਦੂਕ ਦੀ ਪਾਵਿਆਂ ਸਮੇਤ ਉਚਾਈ ਲਗਭਗ 6 ਫੁੱਟ ਹੁੰਦੀ ਹੈ ਅਤੇ ਲੰਬਾਈ-ਚੌੜਾਈ ਕ੍ਰਮਵਾਰ 5-6 ਤੇ 3-4 ਫੁੱਟ ਹੁੰਦੀ ਸੀ। ਸੰਦੂਕ ਦੇ ਸਾਹਮਣੇ ਵਾਲੇ ਹਿੱਸੇ ਵਿੱਚ 7-8 ਕੁ ਇੰਚ ਦੇ ਡੱਬੇ ਬਣੇ ਹੁੰਦੇ ਸਨ। ਦੋ ਛੱਤਾਂ ਵਾਲੇ ਸੰਦੂਕ ਦੇ ਅੰਦਰ ਵਿਚਕਾਰ ਇੱਕ ਫੱਟਾ ਲਾ ਦਿੱਤਾ ਜਾਂਦਾ ਸੀ ਤੇ ਦੋ ਟਾਕੀਆਂ ਲਾ ਦਿੱਤੀਆਂ ਜਾਂਦੀਆਂ ਸਨ। ਦੋ ਛੱਤੇ ਸੰਦੂਕਾਂ ਦੇ ਹੇਠਲੇ ਪਾਸੇ ਬਿਸਤਰੇ ਜਿਵੇਂ ਦਰੀਆਂ, ਖੇਸ, ਰਜਾਈਆਂ, ਗਦੇਲੇ ਰੱਖੇ ਜਾਂਦੇ ਸਨ। ਉੱਪਰਲੇ ਖਾਨੇ ਵਿੱਚ ਘਰ ਜਾਂ ਔਰਤ ਦੇ ਨਿੱਤ ਵਰਤੋਂ ਦਾ ਸਾਮਾਨ ਸਾਂਭਿਆ ਜਾਂਦਾ ਸੀ। ਸੰਦੂਕ ਵਿੱਚ ਇੱਕ-ਦੋ ਸ਼ੈਲਫਾਂ ਵੀ ਪਾਈਆਂ ਜਾਂਦੀਆਂ ਸਨ, ਜਿਨ੍ਹਾਂ ਨੂੰ ਫੱਟੀਆਂ ਕਿਹਾ ਜਾਂਦਾ ਸੀ।
ਇਨ੍ਹਾਂ ਫੱਟੀਆਂ ਉੱਪਰ ਪੰਜਾਬਣ ਮੁਟਿਆਰ ਆਪਣੇ ਹਾਰ-ਸ਼ਿੰਗਾਰ ਦਾ ਸਾਮਾਨ ਰੱਖਦੀ ਸੀ, ਜਿਸ ਵਿੱਚ ‘ਸੁਹਾਗ ਪਿਟਾਰੀ’ ’ਦਾ ਅਹਿਮ ਸਥਾਨ ਸੀ। ਸੁਹਾਗ ਪਿਟਾਰੀ ਅੱਜ-ਕੱਲ੍ਹ ਦੇ ‘ਮੇਕਅੱਪ ਬਾਕਸ’ ਵਾਂਗ ਲੱਕੜੀ ਦਾ ਇੱਕ ਢੱਕਣ ਵਾਲਾ ਡੱਬਾ ਹੁੰਦਾ ਸੀ, ਜਿਸ ਨੂੰ ਗੋਟੇ-ਕਿਨਾਰੀਆਂ ਤੇ ਰੰਗਦਾਰ ਕੱਪੜੇ ਖਾਸ ਕਰਕੇ ਲਾਲ-ਸੂਹੇ ਨਾਲ ਸ਼ਿੰਗਾਰਿਆ ਹੁੰਦਾ ਸੀ। ਇਸ ਦੇ ਵਿਚਕਾਰ ਢੱਕਣ ਦੇ ਅੰਦਰਲੇ ਪਾਸੇ ਇੱਕ ਸ਼ੀਸ਼ਾ ਜੜਤ ਹੁੰਦਾ ਸੀ। ਇਨ੍ਹਾਂ ਫੱਟੀਆਂ ਉੱਪਰ ਨਾਲੇ, ਪਰਾਂਦੀਆਂ, ਚੂੜੀਆਂ, ਗਹਿਣੇ, ਦੰਦਾਸਾ, ਮਹਿੰਦੀ ਅਤੇ ਸੁਰਮੇਦਾਨੀ ਵਰਗੇ ਸ਼ਿੰਗਾਰ ਸਾਧਨ ਰੱਖੇ ਹੁੰਦੇ ਸਨ।
ਸੰਦੂਕ ਨੂੰ ਕਮਰੇ ਦੇ ਦਰਵਾਜ਼ੇ ਵਾਂਗ ਨਿੱਕੇ ਤਖ਼ਤਿਆਂ ਵਾਲਾ ਇੱਕ ਦਰਵਾਜ਼ਾ ਲੱਗਿਆ ਹੁੰਦਾ ਸੀ, ਜਿਸ ਨੂੰ ਲੋਹੇ ਦਾ ਇੱਕ ਕੁੰਡਾ ਲਾਇਆ ਜਾਂਦਾ ਸੀ। ਪੁਰਾਤਨ ਸੰਦੂਕਾਂ ਨੂੰ ਆਮ ਕਰਕੇ ਮੁੱਠੀਨੁਮਾ ਜਿੰਦੇ ਲਾਏ ਜਾਂਦੇ ਸਨ ਜਿਸ ਦੀ ਚਾਬੀ ਮਾਲਕਣ ਨਿਗਰਾਨੀ ਹੇਠ ਰੱਖਦੀ ਸੀ। ਕਦੇ-ਕਦੇ ਸੁਆਣੀਆਂ ਚਾਬੀ ਆਪਣੀ ਪਰਾਂਦੀ ਨਾਲ ਹੀ ਬੰਨ੍ਹ ਲੈਂਦੀਆਂ ਸਨ। ਸੰਦੂਕ ਹਰ ਵੱਸਦੇ-ਰੱਸਦੇ ਘਰ ਦੀ ਨਿਸ਼ਾਨੀ ਹੁੰਦੇ ਸਨ। ਵੱਡੇ ਕੱਚੀ ਸਬਾਤ ਵਿੱਚ ਪਏ ਸੰਦੂਕ ਘਰ ਦਾ ਸ਼ਿੰਗਾਰ ਮੰਨੇ ਜਾਂਦੇ ਸਨ। ਜਿਵੇਂ ਪੁਰਾਤਨ ਬਰਾਤਾਂ ਤੇ ਮੇਲ ਊਠ ਗੱਡੀਆਂ ਜਾਂ ਬੈਲ ਗੱਡੀਆਂ ’ਤੇ ਹੀ ਆਉਂਦਾ ਸੀ। ਇਸ ਤਰ੍ਹਾਂ ਵਿਆਹ ਸਮੇਂ ਦਾਜ ਦਾ ਸਾਮਾਨ ਵੀ ਇਨ੍ਹਾਂ ਗੱਡੀਆਂ ਉੱਪਰ ਹੀ ਲਿਆਂਦਾ ਜਾਂਦਾ ਸੀ।
ਜੇ ਸੰਦੂਕ ਲਈ ਢੁੱਕਵੀਂ ਲੱਕੜ ਨਾ ਮਿਲਦੀ ਜਾਂ ਨਿਪੁੰਨ ਕਾਰੀਗਰ ਨਾ ਮਿਲਦਾ ਤਾਂ ਵਿਆਹ-ਸਾਹੇ ਮਿਥਣ ਵਿੱਚ ਵੀ ਦੇਰੀ ਹੋ ਜਾਂਦੀ ਕਿਉਂਕਿ ਕੁੜੀ ਦੇ ਵਿਆਹ ਦਾ ਸਾਰਾ ਸਾਮਾਨ ਸੰਦੂਕ ਵਿੱਚ ਪਾ ਕੇ ਹੀ ਤੋਰਨਾ ਹੁੰਦਾ ਸੀ। ਪਰ ਜੇਕਰ ਲੜਕੀ ਨੂੰ ਦਾਜ ਵਿਚ ਕੋਈ ਮਾਂ-ਬਾਪ ਸੰਦੂਕ ਨਾ ਦੇ ਪਾਉਂਦੇ ਜਾਂ ਬਾਅਦ ਵਿਚ ਸੰਦੂਕ ਦੇਣ ਦਾ ਵਾਅਦਾ ਕਰਕੇ ਡੋਲੀ ਤੋਰ ਦਿੰਦੇ ਸਨ ਤਾਂ ਲੜਕੀ ਨੂੰ ਸਹੁਰੇ ਘਰ ਵਿਚ ਸੰਦੂਕ ਕਾਰਨ ਕਈ ਵਾਰ ਤਾਅਨੇ-ਮਿਹਣੇ ਵੀ ਸੁਣਨੇ ਪੈਂਦੇ ਸਨ:-
ਗੱਡੀ ਆ ਗਈ ਸੰਦੂਕੋਂ ਖਾਲੀ,
ਨੀਂ ਬਹੁਤਿਆਂ ਭਰਾਵਾਂ ਵਾਲੀਏ।
ਸਹੁਰਿਆਂ ਦੇ ਅਜਿਹੇ ਤਿੱਖੇ ਬੋਲ ਸਹਾਰਦੀ ਤੇ ਆਪਣੇ-ਆਪ ਨੂੰ ਹੀਣੀ ਮਹਿਸੂਸ ਕਰਦੀ ਉਹ ਅੱਗੋਂ ਵੀਰ ਨੂੰ ਉਲਾਂਭਾ ਦਿੰਦੀ ਹੈ:-
ਭੈਣ ਤੁਰਗੀ ਸੰਦੂਕੋਂ ਸੱਖਣੀ,
ਵੀਰਾ ਵੇ ਮੁਰੱਬੇ ਵਾਲਿਆ।
ਧੀ ਬਾਬਲ ਨੂੰ ਵੀ ਸੂਟ, ਘੱਗਰੇ, ਫੁਲਕਾਰੀਆਂ ਨਾਲ ਭਰਿਆ ਸੰਦੂਕ ਦੇਣ ਅਤੇ ਚੰਗਾ ਵਰ-ਘਰ ਟੋਲਣ ਦੀ ਅਰਜ਼ੋਈ ਕਰਦੀ ਹੈ, ਜਿੱਥੇ ਉਹ ਸੰਦੂਕ ਵਿੱਚੋਂ ਕੱਢ ਕੇ ਨਿੱਤ ਬਦਲਵੇਂ ਬਾਣੇ ਪਾ ਸਕੇ।
ਦੇਈਂ ਵੇ ਬਾਬਲ ਉਸ ਘਰੇ,
ਜਿੱਥੇ ਦਰਜੀ ਸੀਵੇ ਪੱਟ।
ਇੱਕ ਲਾਹਾਂ ਇੱਕ ਪਾਵਾਂ,
ਮੇਰਾ ਵਿੱਚ ਸੰਦੂਕਾਂ ਦੇ ਹੱਥ।
ਬਾਬਲ ਤੇਰਾ ਪੁੰਨ ਹੋਵੇ…।
ਵਿਆਹੀ ਕੁੜੀ ਜਦੋਂ ਆਪਣੇ ਲੋੜੀਂਦੇ ਸਾਮਾਨ ਸਹਿਤ ਸਹੁਰੇ ਘਰ ਪਹੁੰਚਦੀ ਹੈ ਤਾਂ ਉਸ ਦੀ ਨਨਾਣ ਵੱਲੋਂ ‘ਸੰਦੂਕ ਖੁੱਲ੍ਹਵਾਈ’ ਦੀ ਰਸਮ ਕੀਤੀ ਜਾਂਦੀ ਹੈ। ਨਨਾਣ ਆਪਣੀ ਭਰਜਾਈ ਦਾ ਸੰਦੂਕ ਖੋਲ੍ਹ ਕੇ ਉਸ ਵਿੱਚੋਂ ਇੱਕ ਸੂਟ ਆਪਣੇ ਸਿਵਾਉਣ ਲਈ ਕੱਢ ਲੈਂਦੀ ਹੈ। ਭਾਵ ਇਹ ਰਸਮ ਨਨਾਣ-ਭਰਜਾਈ ਦੇ ਮਿਲਵਰਤਣ ਦਾ ਪ੍ਰਤੀਕ ਹੈ।
ਪਤੀ-ਪਤਨੀ ਦੀ ਹੁੰਦੀ ਨਿੱਕੀ ਨੋਕ-ਝੋਕ ਵੇਲੇ ਵੀ ਪਤਨੀ ਆਪਣੇ ਪਤੀ ਨੂੰ ਸੰਦੂਕ ਵਿੱਚ ਪਿਆ ਵਰੀਆਂ ਵਾਲਾ ਘੱਗਰਾ ਚੇਤੇ ਕਰਵਾਉਂਦੀ ਹੈ। ਉਹ ਕਹਿੰਦੀ ਹੈ, ‘‘ਹੁਣ ਤੂੰ ਮੇਰੇ ਨਾਲ ਲੜਦਾ ਹੈਂ ਪਰ ਜੇ ਮੈਨੂੰ ਕੁਝ ਹੋ ਗਿਆ ਤਾਂ ਤੂੰ ਸੰਦੂਕ ਵਿੱਚ ਪਿਆ ਕਾਲਾ ਸੂਫ ਦਾ ਘੱਗਰਾ ਵੇਖ-ਵੇਖ ਕੇ ਰੋਇਆ ਕਰੇਂਗਾ।
ਕਾਲਾ ਘੱਗਰਾ ਸੰਦੂਕ ਵਿੱਚ ਮੇਰਾ,
ਵੇ ਵੇਖ-ਵੇਖ ਰੋਏਂਗਾ ਜੱਟਾ।
ਸੰਦੂਕ ਦਾ ਹੋਰ ਵੀ ਲੋਕ ਗੀਤਾਂ ਵਿੱਚ ਜਿਕਰ ਹੁੰਦਾ, ਜਿਵੇਂ:-
ਸੱਸ ਕੁੱਟਣੀ ਸੰਦੂਕਾਂ ਓਹਲੇ,
ਨਿੰਮ ਦਾ ਘੜਾ ਦੇ ਘੋਟਣਾ।
ਜੇ ਜੱਟੀਏ ਜੱਟ ਕੁੱਟਣਾ ਹੋਵੇ,
ਕੁੱਟੀਏ ਸੰਦੂਕਾਂ ਓਹਲੇ
ਪਹਿਲਾਂ ਜੱਟ ਤੋਂ ਦਾਲ ਦਲਾਈਏ
ਫੇਰ ਦਲਾਈਏ ਛੋਲੇ
ਜੱਟੀਏ ਦੇਹ ਦਬਕਾ
ਜੱਟ ਫੇਰ ਨਾ ਬਰਾਬਰ ਬੋਲੇ।
ਸੰਦੂਕ ਨਾਲ ਸਬੰਧਿਤ ਇੱਕ ਬੁਝਾਰਤ ਵੀ ਹੈ।
ਨਿੱਕੇ ਨਿੱਕੇ ਠੇਮਣੇ ਸੰਦੂਕ ਚੁੱਕੀ ਜਾਂਦੇ ਨੇ, ਰਾਜਾ ਪੁੱਛੇ ਰਾਣੀ ਨੂੰ ਇਹ ਕੀ ਜਨੌਰ ਜਾਂਦੇ ਨੇ?
ਇਸ ਬੁਝਾਰਤ ਦਾ ਉੱਤਰ ਰੇਲ ਗੱਡੀ ਸੀ। ਪੰਜਾਬੀਆਂ ਨੇ ਰੇਲ ਗੱਡੀ ਦੇ ਡੱਬਿਆਂ ਦੀ ਤੁਲਨਾ ਵੀ ਸੰਦੂਕਾਂ ਨਾਲ ਕੀਤੀ।
ਆਖਰੀ ਗੱਲ ਇਹ ਹੈ ਕੀ ਇੱਕ ਸਮੇਂ ਸੰਦੂਕ ਨਾਲ ਪੰਜਾਬਣ ਦਾ ਨਹੁੰ-ਮਾਸ ਦਾ ਰਿਸ਼ਤਾ ਰਿਹਾ ਹੈ। ਸਹੁਰੇ ਘਰ ਜੇ ਕੋਈ ਚੀਜ਼ ਉਸ ਦੀ ਆਪਣੀ ਹੁੰਦੀ ਸੀ ਤਾਂ ਉਹ ਸੀ ਪੇਕਿਆਂ ਵੱਲੋਂ ਦਿੱਤਾ ਸੰਦੂਕ ਜਿਸ ਨੂੰ ਖੋਲ੍ਹਦੀ ਉਹ ਪੇਕਿਆਂ ਦੀਆਂ ਅਤੀਤ ਦੀਆਂ ਯਾਦਾਂ ਵਿੱਚ ਗੁੰਮ ਜਾਂਦੀ ਸੀ। ਸੰਦੂਕ ਵਿੱਚ ਰੱਖੇ ਝੋਲੇ, ਸਰ੍ਹਾਣਿਆਂ, ਫੁਲਕਾਰੀਆਂ ਨੂੰ ਫਰੋਲਦੀ ਉਹ ਸਹੇਲੀਆਂ ਸੰਗ ਸੰਵਾਦ ਰਚਾ ਲੈਂਦੀ ਸੀ। ਬਹੁਤ ਹੀ ਅਪਣੱਤ ਭਰਿਆ ਰਿਸ਼ਤਾ ਹੁੰਦਾ ਸੀ ਸੁਆਣੀ ਦਾ ਸੰਦੂਕ ਨਾਲ। ਧੀ-ਬਾਬਲ ਜਿਹਾ ਰਿਸ਼ਤਾ। ਵਰ੍ਹੇ ਛਿਮਾਹੀ ਉਹ ਆਪ ਰੰਗ-ਰੋਗਨ ਕਰਕੇ ਫੁੱਲਾਂ ਵੇਲਾਂ, ਮੋਰ-ਘੁੱਗੀਆਂ ਨਾਲ ਸੰਦੂਕ ਸ਼ਿੰਗਾਰਦੀ ਸੀ। ਸੱਚਮੁੱਚ ਉਸ ਦਾ ਸੱਚਾ ਸਾਥੀ ਹੁੰਦਾ ਸੀ ਸੰਦੂਕ।
ਪਰ ਹੁਣ ਸਮਾਂ ਬਦਲ ਚੁੱਕਾ ਹੈ। ਹੁਣ ਨਾ ਤਾਂ ਸੰਦੂਕ ਦੀ ਸਰਦਾਰੀ ਰਹੀ ਅਤੇ ਨਾ ਹੀ ਇਹ ਘਰਾਂ ਦਾ ਸ਼ਿੰਗਾਰ ਹਨ। ਹੁਣ ਸੰਦੂਕ ਦੀ ਜਗ੍ਹਾ ਪੇਟੀਆਂ ਤੇ ਅਲਮਾਰੀਆਂ ਨੇ ਲੈ ਲਈ ਹੈ। ਕੋਈ ਵਿਰਲਾ ਹੀ ਘਰ ਹੋਵੇਗਾ ਜਿੱਥੇ ਸੰਦੂਕ ਅਜੇ ਵੀ ਸੰਭਾਲੇ ਹੋਏ ਹਨ। ਆਉਣ ਵਾਲੀਆਂ ਪੀੜ੍ਹੀਆਂ ਤਾਂ ਸ਼ਾਇਦ ਸੰਦੂਕ ਸ਼ਬਦ ਤੋਂ ਵੀ ਅਣਜਾਣ ਹੀ ਹੋਣਗੀਆਂ। ਭਾਵੇਂ ਅੱਜ ਦੀ ਨੌਜਵਾਨ ਪੀੜ੍ਹੀ ਸੰਦੂਕ ਦੀ ਮਹੱਤਤਾ ਤੋਂ ਜਾਣੂ ਨਹੀਂ ਹੈ। ਲੋੜ ਹੈ ਇਨ੍ਹਾਂ ਨੂੰ ਝਾੜ-ਪੂੰਝ ਕੇ ਇਨ੍ਹਾਂ ਦੀ ਸਿਰਜਣਾਤਮਕ ਅਤੇ ਕਲਾਤਮਕ ਦਿੱਖ ਦੇਖਣ ਦੀ। ਭਾਵੇਂ ਇਨ੍ਹਾਂ ਉੱਪਰ ਸਮੇਂ ਦੀ ਧੂੜ ਪੈ ਗਈ ਹੈ ਪਰ ਇਹ ਲੱਕੜੀ ਦੇ ਸੰਦੂਕ ਸਾਡੇ ਪੰਜਾਬੀ ਸੱਭਿਆਚਾਰ ਦੀ ਜਿੰਦ-ਜਾਨ ਰਹੇ ਹਨ।
ਰਵਨਜੋਤ ਕੌਰ ਸਿੱਧੂ ਰਾਵੀ,
ਜੱਬੋਵਾਲ, ਸ਼ਹੀਦ ਭਗਤ ਸਿੰਘ ਨਗਰ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ।