ਸਮਾਣਾ-ਪਾਤੜਾ ਸੜਕ ਖਾ ‘ਗੀ 61 ਲੋਕਾਂ ਨੂੰ, ਮੰਤਰੀ ਬੀ.ਓ.ਟੀ. ‘ਚ ਫਸਿਆ ਹੋਇਐ

Vidhan Sabha

ਵਿਧਾਇਕ ਰਾਜਿੰਦਰ ਸਿੰਘ ਨੇ ਚੁੱਕਿਆ ਮੁੱਦਾ, ਸਰਕਾਰ ਤੋਂ ਹਲ ਕਰਨ ਦੀ ਕੀਤੀ ਮੰਗ

ਪਿਛਲੇ 2 ਸਾਲਾਂ ਦੌਰਾਨ ਹੀ ਪਿੰਡ ਰੇਤਗੜ-ਫਤਿਹਪੁਰ ਵਿਖੇ ਹੋਏ ਹਨ ਸੜਕ ਹਾਦਸੇ, 61 ਹੋਈ ਹਨ ਮੌਤਾਂ

ਪ੍ਰਾਈਵੇਟ ਕੰਪਨੀ ਨੇ ਟੋਲ ਪਲਾਜਾ ਲਾਇਆ ਹੋਇਆ ਐ ਤਾਂ 2022 ਤੱਕ ਲੋਕਾਂ ਨੂੰ ਮਰਨ ਲਈ ਛੱਡ ਦੇਈਏ : ਰਾਜਿੰਦਰ ਸਿੰਘ

ਚੰਡੀਗੜ, (ਅਸ਼ਵਨੀ ਚਾਵਲਾ)। ਸਮਾਣਾ-ਪਾਤੜਾ ਸੜਕ ਇਸ ਇਲਾਕੇ ਦੇ ਲੋਕਾਂ ਨੂੰ ਸੜਕ ਹਾਦਸਿਆਂ ਦੌਰਾਨ ਖਾ ਰਹੀਂ ਹੈ ਪਰ ਸਰਕਾਰ ਇਸ ਪਾਸੇ ਕੋਈ ਵੀ ਧਿਆਨ ਦੇਣ ਦੀ ਥਾਂ ‘ਤੇ ਸਿਰਫ਼ 2022 ਤੱਕ ਇੰਤਜ਼ਾਰ ਕਰਨ ਦਾ ਹੀ ਰਾਗ ਅਲਾਪ ਰਹੀਂ ਹੈ। ਪਿਛਲੇ 2 ਸਾਲਾਂ ਦੌਰਾਨ ਸਮਾਣਾ-ਪਾਤੜਾ ਸੜਕ ਨੇ 61 ਲੋਕਾਂ ਨੂੰ ਆਪਣਾ ਸ਼ਿਕਾਰ ਬਣਾਇਆ ਹੈ ਅਤੇ ਹਰ ਤੀਜੇ ਚੌਥੇ ਦਿਨ ਇਸੇ ਸੜਕ ‘ਤੇ ਕੋਈ ਨਾ ਕੋਈ ਹਾਦਸਾ ਵਾਪਰ ਹੀ ਰਿਹਾ ਹੈ। ਸਮਾਣਾ-ਪਾਤੜਾਂ ਸੜਕ ‘ਤੇ ਪੈਂਦੇ ਪਿੰਡ ਰੇਤਗੜ ਅਤੇ ਫਤਿਹਪੁਰ ਦੀ ਦੂਰੀ ਕੋਈ ਜਿਆਦਾ ਨਹੀਂ ਹੈ ਪਰ ਇਨਾਂ ਦੋਹੇ ਪਿੰਡਾਂ ਨੇੜੇ ਹੀ ਸਭ ਤੋਂ ਜਿਆਦਾ ਸੜਕ ਹਾਦਸੇ ਹੋ ਰਹੇ ਹਨ, ਜਿਸ ਵਿੱਚ ਇਸ ਇਲਾਕੇ ਦੇ ਨੌਜਵਾਨਾ ਤੋਂ ਲੈ ਕੇ ਕਈ ਪ੍ਰਮੁੱਖ ਸਖਸੀਅਤਾਂ ਦੀ ਵੀ ਮੌਤ ਹੋ ਰਹੀਂ ਹੈ।

ਇਸ ਮਾਮਲੇ ਬਾਰੇ ਵਿਧਾਨ ਸਭਾ ਦੇ ਅੰਦਰ ਸਮਾਣਾ ਤੋਂ ਵਿਧਾਇਕ ਰਾਜਿੰਦਰ ਸਿੰਘ ਨੇ ਸਰਕਾਰ ਨੂੰ ਧਿਆਨ ਦੇਣ ਦੀ ਨਾ ਸਿਰਫ਼ ਆਵਾਜ਼ ਉਠਾਈ, ਸਗੋਂ 2022 ਤੱਕ ਇੰਤਜ਼ਾਰ ਕਰਨ ਵਾਲੇ ਅਲਾਪ ਨੂੰ ਤੁਰੰਤ ਬੰਦ ਕਰਨ ਦੀ ਫਰਿਆਦ ਕੀਤੀ ਨੌਜਵਾਨ ਵਿਧਾਇਕ ਰਾਜਿੰਦਰ ਸਿੰਘ ਨੇ ਕਿਹਾ ਕਿ ਪਟਿਆਲਾ ਤੋਂ ਸਮਾਣਾ ਅਤੇ ਸਮਾਣਾ ਤੋਂ ਪਾਤੜਾ ਤੱਕ ਬਣੀ ਇਸ ਸੜਕ ਨੂੰ ਬੀ.ਓ.ਟੀ. ਰਾਹੀਂ ਇੱਕ ਪ੍ਰਾਈਵੇਟ ਕੰਪਨੀ ਵਲੋਂ ਤਿਆਰ ਕੀਤਾ ਗਿਆ ਹੈ। ਉਨਾਂ ਕਿਹਾ ਕਿ ਇਸ ਕੰਪਨੀ ਦਾ ਐਗਰੀਮੈਂਟ 2022 ਤੱਕ ਮੁਕੰਮਲ ਹੋਣਾ ਹੈ ਪਰ ਇਸ ਸਮੇਂ ਤੱਕ ਲੋਕਾਂ ਨੂੰ ਮਰਨ ਲਈ ਨਹੀਂ ਛੱਡਿਆ ਜਾ ਸਕਦਾ ਹੈ।

ਰਾਜਿੰਦਰ ਸਿੰਘ ਨੇ ਸਦਨ ਤੋਂ ਬਾਹਰ ਗੱਲਬਾਤ ਕਰਦੇ ਹੋਏ ਦੱਸਿਆ ਕਿ ਉਹ ਇਸ ਮਾਮਲੇ ਵਿੱਚ ਸੰਬੰਧਿਤ ਵਿਭਾਗ ਦੇ ਅਧਿਕਾਰੀਆਂ ਤੋਂ ਲੈ ਕੇ ਮੰਤਰੀ ਤੱਕ ਨੂੰ ਮਿਲ ਚੁੱਕੇ ਹਨ ਪਰ ਹਾਰ ਵਾਰ ਆਪਣੇ ਹੱਥ ਖੜੇ ਕਰਦੇ ਹੋਏ ਉਨਾਂ ਵਲੋਂ ਇਹੋ ਹੀ ਕਿਹਾ ਜਾਂਦਾ ਰਿਹਾ ਹੈ ਕਿ ਉਹ ਐਗਰੀਮੈਂਟ ਮੁਕੰਮਲ ਹੋਣ ਤੱਕ ਕੁਝ ਨਹੀਂ ਕਰ ਸਕਦੇ

ਜਲਦ ਹੀ ਮਿਲਾਂਗੇ ਮੁੱਖ ਮੰਤਰੀ ਅਮਰਿੰਦਰ ਸਿੰਘ

ਵਿਧਾਇਕ ਰਾਜਿੰਦਰ ਸਿੰਘ ਨੇ ਕਿਹਾ ਕਿ ਉਹ ਜਲਦ ਹੀ ਇਸ ਮਾਮਲੇ ਵਿੱਚ ਮੁੱਖ ਮੰਤਰੀ ਅਮਰਿੰਦਰ ਸਿੰਘ ਨਾਲ ਮੁਲਾਕਾਤ ਕਰਨਗੇ, ਕਿਉਂਕਿ ਉਹ ਆਪਣੇ ਇਲਾਕੇ ਦੇ ਲੋਕਾਂ ਨੂੰ ਇਸ ਤਰਾਂ ਸੜਕੀ ਹਾਦਸੇ ਦੇ ਸ਼ਿਕਾਰ ਹੋਣ ਲਈ ਨਹੀਂ ਛੱਡ ਸਕਦੇ ਹਨ। ਉਨਾਂ ਕਿਹਾ ਕਿ ਪਿਛਲੇ ਸਮੇਂ ਦੌਰਾਨ ਜਿਹੜੇ ਸੜਕੀ ਹਾਦਸੇ ਹੋਏ ਹਨ, ਉਨਾਂ ਲਈ ਕੁਝ ਨਹੀਂ ਕੀਤਾ ਜਾ ਸਕਦਾ ਹੈ ਪਰ ਭਵਿੱਖ ਵਿੱਚ ਇਹੋ ਜਿਹੇ ਹਾਦਸੇ ਨਾ ਹੋਣ ਅਤੇ ਇਲਾਕੇ ਦੇ ਲੋਕਾਂ ਦੀ ਜਾਨ ਨਾ ਜਾਵੇ

ਸਮਾਣਾ ਤੋਂ ਜਿੱਤ ਵਿਧਾਨ ਸਭਾ ਪੁੱਜੇ ਸਨ ਅਮਰਿੰਦਰ ਸਿੰਘ

ਸਿਆਸਤ ‘ਚ ਸਮਾਣਾ ਅਹਿਮ ਸਥਾਨ ਰੱਖਦਾ ਹੈ। ਇਸੇ ਇਲਾਕੇ ਵਿੱਚੋਂ ਕਈ ਵੱਡੇ ਸਿਆਸਤਦਾਨ ਨਿਕਲੇ ਹਨ ਅਤੇ ਇਨਾਂ ਮੁੱਖ ਸਿਆਸਤ ਦਾਨ ਵਿੱਚ ਮੁੱਖ ਮੰਤਰੀ ਅਮਰਿੰਦਰ ਸਿੰਘ ਵੀ ਇੱਕ ਹਨ। ਸਮਾਣਾ ਵਿਧਾਨ ਸਭਾ ਸੀਟ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਸੀਟ ‘ਤੇ ਚੋਣ ਲੜਦੇ ਹੋਏ ਸਾਲ 1992 ਚੋਣਾਂ ਦੌਰਾਨ ਜਤਾ ਕੇ ਅਮਰਿੰਦਰ ਸਿੰਘ ਵਿਧਾਨ ਸਭਾ ਵਿਖੇ ਪੁੱਜੇ ਸਨ। ਮੁੱਖ ਮੰਤਰੀ ਅਮਰਿੰਦਰ ਸਿੰਘ ਤੋਂ ਇਲਾਵਾ 2 ਸਾਬਕਾ ਖਜਾਨਾ ਮੰਤਰੀ ਅਤੇ ਹੁਣ ਮੌਜੂਦਾ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਵੀ ਇਸ ਇਲਾਕੇ ਨਾਲ ਹੀ ਸੰਬਧਿਤ ਹਨ ਅਤੇ ਸਥਾਨਕ ਸਰਕਾਰਾਂ ਮੰਤਰੀ ਬ੍ਰਹਮ ਮਹਿੰਦਰਾਂ ਵੀ ਸਮਾਣਾ ਤੋਂ ਜਿੱਤ ਕੇ ਵਿਧਾਨ ਸਭਾ ਪੁੱਜੇ ਹੋਏ ਹਨ ਪਰ ਫਿਰ ਵੀ ਹੁਣ ਤੱਕ ਇਸ ਸਮਾਣਾ ਇਲਾਕੇ ਨੂੰ ਸਿਆਸੀ ਲੀਡਰਾਂ ਨੇ ਸੱਤਾ ਵਿੱਚ ਆਉਣ ਤੋਂ ਬਾਅਦ ਵੀ ਕੁਝ ਜਿਆਦਾ ਨਹੀਂ ਦਿੱਤਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।