ਅਕਾਲੀ ਦਲ ਬਠਿੰਡਾ ਸ਼ਹਿਰੀ ਤੋਂ ਵੀ ਐਲਾਨ ਸਕਦੈ ਉਮੀਦਵਾਰ
(ਸੁਖਜੀਤ ਮਾਨ) ਬਠਿੰਡਾ। ਸ੍ਰੋਮਣੀ ਅਕਾਲੀ ਦਲ (ਬ) ’ਚ ਅੱਜ ਸੱਜਰੇ ਸ਼ਾਮਲ ਹੋਏ ਮੋਹਿਤ ਗੁਪਤਾ ਨਾਲ ਅਕਾਲੀਆਂ ਨੇ 2022 ’ਚ ਬਠਿੰਡਾ ਸ਼ਹਿਰੀ ’ਚ ਜਿੱਤ ਦੇ ਆਸਰ ਵਧਣ ਦੇ ਅੰਦਾਜ਼ੇ ਲਾਉਣੇ ਸ਼ੁਰੂ ਕਰ ਦਿੱਤੇ ਨੇ ਗੁਪਤਾ ਦਾ ਸ਼ਹਿਰੀ ਖੇਤਰ ’ਚ ਕਾਫੀ ਆਧਾਰ ਮੰਨਿਆ ਜਾਂਦਾ ਹੈ ਭਾਜਪਾ ਆਗੂ ਹੁੰਦਿਆਂ ਗੁਪਤਾ ਭਾਰਤੀ ਜਨਤਾ ਯੁਵਾ ਮੋਰਚਾ ਦੇ ਸੂਬਾ ਪ੍ਰਧਾਨ ਤੇ ਬਠਿੰਡਾ ਸ਼ਹਿਰੀ ਭਾਜਪਾ ਦੇ ਪ੍ਰਧਾਨ ਰਹਿ ਚੁੱਕੇ ਹਨ।
ਵੇਰਵਿਆਂ ਮੁਤਾਬਿਕ ਖੇਤੀ ਕਾਨੂੰਨਾਂ ਦੇ ਮਾਮਲੇ ’ਚ ਜਦੋਂ ਪੰਜਾਬ ਭਾਜਪਾ ਦੇ ਸੀਨੀਅਰ ਆਗੂ ਅਨਿਲ ਜੋਸ਼ੀ ਨੇ ਖਰ੍ਹੀਆਂ ਗੱਲਾਂ ਕਹਿ ਕੇ ਪਾਰਟੀ ਦੇ ਸੀਨੀਅਰ ਆਗੂਆਂ ਦੀ ਨਰਾਜ਼ਗੀ ਚੱਲੀ ਸੀ ਤਾਂ ਉਸੇ ਵੇਲੇ ਬਠਿੰਡਾ ਦੇ ਭਾਜਪਾ ਆਗੂ ਮੋਹਿਤ ਗੁਪਤਾ ਨੇ ਜੋਸ਼ੀ ਦਾ ਪੱਖ ਪੂਰਿਆ ਸੀ ਨਤੀਜਾ ਇਹ ਹੋਇਆ ਕਿ ਭਾਜਪਾ ਹਾਈ ਕਮਾਂਡ ਨੇ ਦੋਵਾਂ ਹੀ ਆਗੂਆਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਸੀ। ਗੁਪਤਾ ਨੇ ਨੋਟਿਸ ਦੇ ਜਵਾਬ ’ਚ ਹਾਈ ਕਮਾਂਡ ਨੂੰ ਹੀ ਸਵਾਲ ਕਰ ਦਿੱਤੇ ਸਨ ਕਿ ਪੰਜਾਬ ਅਤੇ ਕਿਸਾਨਾਂ ਦੀ ਗੱਲ ਕਰਨਾ ਕੀ ਪਾਰਟੀ ਨਿਯਮਾਂ ਦੀ ਉਲੰਘਣਾ ਹੈ ।
ਉਨ੍ਹਾਂ ਵੱਲੋਂ ਦਿੱਤੇ ਨੋਟਿਸ ਦੇ ਜਵਾਬ ਤੋਂ ਹੀ ਸਪੱਸ਼ਟ ਹੋ ਗਿਆ ਸੀ ਕਿ ਸਖਤ ਸਟੈਂਡ ਲੈਣ ਵਾਲੇ ਗੁਪਤਾ ਲੰਬਾ ਸਮਾਂ ਭਾਜਪਾ ’ਚ ਨਹੀਂ ਟਿਕਣਗੇ ਅੱਜ ਉਹ ਅਨਿਲ ਜੋਸ਼ੀ ਦੇ ਨਾਲ-ਨਾਲ ਖੁਦ ਵੀ ਅਕਾਲੀ ਦਲ ’ਚ ਸ਼ਾਮਲ ਹੋ ਗਏ ਸ੍ਰੀ ਗੁਪਤਾ ਦੀ ਇਸ ਨਵੀਂ ਸਿਆਸੀ ਪਾਰੀ ਨਾਲ ਅਕਾਲੀ ਦਲ ’ਚ ਇਸ ਗੱਲ ਦੀ ਚਰਚਾ ਛਿੜ ਪਈ ਹੈ ਕਿ ਹੁਣ 2022 ਦੀਆਂ ਵਿਧਾਨ ਸਭਾ ਚੋਣਾਂ ’ਚ ਅਕਾਲੀ ਦਲ ਦੀ ਬੇੜੀ ਸੌਖੀ ਪਾਰ ਹੋ ਜਾਵੇਗੀ ਕਿਉਂਕਿ ਗੁਪਤਾ ਨਾਲ ਸਬੰਧਿਤ ਭਾਜਪਾ ਵੋਟ ਬੈਂਕ ਵੀ ਹੁਣ ਅਕਾਲੀਆਂ ਦੇ ਹੱਕ ’ਚ ਹੀ ਭੁਗਤੇਗਾ ਇੱਕ ਅਕਾਲੀ ਆਗੂ ਨੇ ਆਪਣਾ ਨਾਂਅ ਨਾ ਲਿਖਣ ਦੀ ਸ਼ਰਤ ’ਤੇ ਇਹ ਵੀ ਕਿਹਾ ਕਿ ਭਾਵੇਂ ਹੀ ਪਾਰਟੀ ਨੇ ਬਠਿੰਡਾ ਸ਼ਹਿਰੀ ਤੋਂ ਸ੍ਰੋਮਣੀ ਅਕਾਲੀ ਦਲ ਨੇ ਸਰੂਪ ਚੰਦ ਸਿੰਗਲਾ ਨੂੰ ਉਮੀਦਵਾਰ ਐਲਾਨਿਆ ਹੋਇਆ ਹੈ ਪਰ ਜੇਕਰ ਸਿਆਸੀ ਸਮੀਕਰਨ ਬਦਲਦੇ ਦਿਖਾਈ ਦਿੱਤੇ ਤਾਂ ਪਾਰਟੀ ਮੋਹਿਤ ਗੁਪਤਾ ਨੂੰ ਵੀ ਬਠਿੰਡਾ ਤੋਂ ਉਮੀਦਵਾਰ ਐਲਾਨ ਸਕਦੀ ਹੈ। ਅਨਿਲ ਜੋਸ਼ੀ ਅਤੇ ਮੋਹਿਤ ਗੁਪਤਾ ਦੀ ਫੋਟੋ ਵਾਲੇ ਪੰਫਲਿਟ ਕੁਝ ਦਿਨ ਪਹਿਲਾਂ ਹੀ ਸ਼ਹਿਰ ’ਚ ਲੱਗੇ ਸੀ ਸਿਆਸੀ ਮਾਹਿਰਾਂ ਨੇ ਉਸ ਵੇਲੇ ਹੀ ਟੇਵੇ ਲਾਉਣੇ ਸ਼ੁਰੂ ਕਰ ਦਿੱਤੇ ਸੀ ਕਿ ਇਹ ਦੋਵੇਂ ਆਗੂ ਭਵਿੱਖ ’ਚ ਸਿਆਸੀ ਪਾਲਾ ਬਦਲ ਸਕਦੇ ਨੇ ਤੇ ਬਿਲਕੁਲ ਉਸੇ ਤਰ੍ਹਾਂ ਹੀ ਹੋਇਆ।
ਗਲਤ ਨੀਤੀਆਂ ਤੋਂ ਨਿਰਾਸ਼ ਹੋ ਕੇ ਛੱਡੀ ਭਾਜਪਾ : ਮੋਹਿਤ ਗੁਪਤਾ
ਮੋਹਿਤ ਗੁਪਤਾ ਨੇ ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਢਾ ਨੂੰ ਲਿਖੇ ਪੱਤਰ ਨੂੰ ਸੋਸ਼ਲ ਮੀਡੀਆ ’ਤੇ ਵੀ ਪਾਇਆ ਹੈ ਉਨ੍ਹਾਂ ਨੇ ਪੱਤਰ ’ਚ ਲਿਖਿਆ ਹੈ ਕਿ ਪੰਜਾਬ ਭਾਜਪਾ ਦੇ ਮਾੜੇ ਪ੍ਰਬੰਧਨ ਅਤੇ ਗਲਤ ਨੀਤੀਆਂ ਤੋਂ ਨਿਰਾਸ਼ ਹੋ ਕੇ, ਪੰਜਾਬ ਦੇ ਭਾਜਪਾ ਮੈਂਬਰ, ਭਾਜਪਾ ਸਮਰਥਕਾਂ ਅਤੇ ਆਮ ਲੋਕਾਂ ਦੇ ਪੰਜਾਬ ਭਾਜਪਾ ਤੋਂ ਨਿਰਾਸ਼ ਹੋ ਕੇ ਖੂਨ ਦੇ ਹੰਝੂ ਰੋਂਦਿਆਂ ਦੇਖਕੇ, ਤਿੰਨ ਦਹਾਕਿਆਂ ਤੱਕ ਪਾਰਟੀ ਦੀ ਸੇਵਾ ਕਰਨ ਮਗਰੋਂ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਤਿਆਗ ਪੱਤਰ ਦਿੱਤਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ