ਆਪ ਇੰਚਾਰਜ਼ ਮਨੀਸ਼ ਸਿਸੋਦੀਆ ਨੇ ਵੀ ਕੀਤੀ Bhagwant Mann ਨਾਲ ਮੁਲਾਕਾਤ
Bhagwant Mann: ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਹਟਾਉਣ ਜਾਂ ਫਿਰ ਉਨ੍ਹਾਂ ਵੱਲੋਂ ਅਸਤੀਫ਼ਾ ਦੇਣ ਦੀ ਅਫ਼ਵਾਹ ਨੂੰ ਕੋਰਾ ਝੂਠ ਕਰਾਰ ਦਿੰਦੇ ਹੋਏ ਪੰਜਾਬ ਆਮ ਆਦਮੀ ਪਾਰਟੀ ਦੇ ਇੰਚਾਰਜ਼ ਮਨੀਸ਼ ਸਿਸੌਦੀਆ ਨੇ ਦਾਅਵਾ ਕੀਤਾ ਹੈ ਕਿ ਜਲਦ ਹੀ ਭਗਵੰਤ ਮਾਨ ਆਪਣੀ ਡਿਊਟੀ ’ਤੇ ਕੰਮ ਕਰਦੇ ਨਜ਼ਰ ਆਉਣਗੇ ਅਤੇ ਸੂਬੇ ਦੇ ਲੋਕਾਂ ਦੀ ਸੇਵਾ ਵਿੱਚ ਜੁਟਣਗੇ। ਇਸ ਸਮੇਂ ਮੁੱਖ ਮੰਤਰੀ ਭਗਵੰਤ ਮਾਨ ਦੀ ਸਿਹਤ ਵਿੱਚ ਕਾਫ਼ੀ ਜ਼ਿਆਦਾ ਸੁਧਾਰ ਵੀ ਦੱਸਿਆ ਜਾ ਰਿਹਾ ਹੈ।
ਮੁੱਖ ਮੰਤਰੀ ਭਗਵੰਤ ਮਾਨ ਦੀ ਪਲਸ ਰੇਟ ’ਚ ਸੁਧਾਰ ਹੋ ਗਿਆ ਹੈ ਅਤੇ ਉਨ੍ਹਾਂ ਨੂੰ ਫਿਲਹਾਲ ਫੋਰਟਿਸ ਹਸਪਤਾਲ ਵਿੱਚ ਹੀ ਅਗਲੇ 24 ਘੰਟਿਆਂ ਤੱਕ ਮਾਹਿਰ ਡਾਕਟਰਾਂ ਦੀ ਨਿਗਰਾਨੀ ਹੇਠ ਰੱਖਿਆ ਜਾਵੇਗਾ। ਮੁੱਖ ਮੰਤਰੀ ਤੇਜ਼ੀ ਨਾਲ ਰਿਕਵਰ ਵੀ ਕਰ ਰਹੇ ਹਨ ਅਤੇ ਫੋਰਟਿਸ ਹਸਪਤਾਲ ਦੇ ਡਾਕਟਰ ਇਸ ਗੱਲ ਤੋਂ ਕਾਫ਼ੀ ਜ਼ਿਆਦਾ ਖ਼ੁਸ਼ੀ ਜ਼ਾਹਰ ਕਰ ਰਹੇ ਹਨ ਕਿ ਉਨ੍ਹਾਂ ਦੀ ਸਿਹਤ ਵਿੱਚ ਕੋਈ ਨੁਕਸਾਨ ਨਜ਼ਰ ਨਹੀਂ ਆ ਰਿਹਾ ਹੈ ਅਤੇ ਸੋਮਵਾਰ ਤੱਕ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਵੀ ਮਿਲ ਜਾਵੇਗੀ। ਜਾਣਕਾਰੀ ਅਨੁਸਾਰ ਮੁੱਖ ਮੰਤਰੀ ਭਗਵੰਤ ਮਾਨ ਦੀ ਬੀਤੇ 3 ਦਿਨਾਂ ਤੋਂ ਸਿਹਤ ਢਿੱਲੀ-ਮੱਠੀ ਚਲਦੀ ਆ ਰਹੀ ਹੈ ਤਾਂ ਉਨ੍ਹਾਂ ਨੂੰ ਬੀਤੀ ਰਾਤ 8 ਵਜੇ ਮੁਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ, ਜਿਥੇ ਡਾਕਟਰਾਂ ਵੱਲੋਂ ਦੱਸਿਆ ਗਿਆ ਕਿ ਉਨ੍ਹਾਂ ਦੀ ਪਲਸ ਰੇਟ ਹੇਠਾਂ ਆਉਣ ਤੋਂ ਬਾਅਦ ਉਨ੍ਹਾਂ ਦੀ ਤਬੀਅਤ ਖ਼ਰਾਬ ਹੋ ਗਈ ਸੀ।
Bhagwant Mann
ਭਗਵੰਤ ਮਾਨ ਦੇ ਢਿੱਲੇ-ਮੱਠੇ ਤੋਂ ਬਾਅਦ ਪੰਜਾਬ ਭਰ ਵਿੱਚ ਇਹ ਅਫ਼ਵਾਹ ਫੈਲ ਗਈ ਕਿ ਉਨ੍ਹਾਂ ਨੂੰ ਮੁੱਖ ਮੰਤਰੀ ਦੀ ਕੁਰਸੀ ਤੋਂ ਲਾਹਿਆ ਜਾ ਰਿਹਾ ਹੈ ਅਤੇ ਕਿਸੇ ਹੋਰ ਨੂੰ ਮੁੱਖ ਮੰਤਰੀ ਬਣਾਇਆ ਜਾਵੇਗਾ। ਸ਼ੁੱਕਰਵਾਰ ਰਾਤ ਨੂੰ ਇਹ ਅਫ਼ਵਾਹ ਦਾ ਅਸਰ ਸ਼ਨਿੱਚਰਵਾਰ ਦੁਪਿਹਰ ਤੱਕ ਰਿਹਾ।
Read Also : ਹਿਸਾਰ ਘੱਗਰ ਡਰੇਨ ਦਾ ਬੰਨ੍ਹ ਟੁੱਟਿਆ, ਡੇਰਾ ਸ਼ਰਧਾਲੂ ਬੰਨ੍ਹਣ ’ਚ ਜੁਟੇ, ਵੱਡੀ ਗਿਣਤੀ ਸੇਵਾਦਾਰ ਪਹੁੰਚੇ
ਉਨ੍ਹਾਂ ਨੂੰ ਫੋਰਟਿਸ ਵਿੱਚ ਮਿਲਣ ਲਈ ਆਏ ‘ਆਪ’ ਇੰਚਾਰਜ਼ ਮਨੀਸ਼ ਸਿਸੋਦੀਆ ਨੇ ਇਸ ਅਫ਼ਵਾਹ ਬਾਰੇ ਤਾਂ ਕੁਝ ਨਹੀਂ ਕਿਹਾ ਪਰ ਉਨ੍ਹਾਂ ਨੇ ਗੱਲਾਂ-ਗੱਲਾਂ ਵਿੱਚ ਇਸ ਨੂੰ ਨਕਾਰਦੇ ਹੋਏ ਕਿਹਾ ਕਿ ਉਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲਣ ਲਈ ਹਸਪਤਾਲ ਵਿੱਚ ਆਏ ਸਨ ਅਤੇ ਭਗਵੰਤ ਮਾਨ ਜਲਦ ਹੀ ਬਤੌਰ ਮੁੱਖ ਮੰਤਰੀ ਪੰਜਾਬ ਦੀ ਸੇਵਾ ਵਿੱਚ 1-2 ਦਿਨਾਂ ਵਿੱਚ ਹੀ ਹਾਜ਼ਰ ਹੋ ਜਾਣਗੇ। ਉਨ੍ਹਾਂ ਅੱਗੇ ਕਿਹਾ ਕਿ ਭਗਵੰਤ ਮਾਨ ਭਾਵੇਂ ਬਿਮਾਰ ਹਨ ਪਰ ਉਨ੍ਹਾਂ ਨੂੰ ਪੰਜਾਬ ਅਤੇ ਪੰਜਾਬੀਆਂ ਦੀ ਇਥੇ ਵੀ ਚਿੰਤਾ ਲੱਗੀ ਹੋਈ ਹੈ। ਉਹ ਢਿੱਲੇ ਹੋਣ ਦੇ ਬਾਵਜੂਦ ਹੜ੍ਹ ਪ੍ਰਭਾਵਿਤ ਲੋਕਾਂ ਲਈ ਚਲਾਏ ਜਾ ਰਹੇ ਰਾਹਤ ਕਾਰਜਾਂ ਦਾ ਵੇਰਵਾ ਲਗਾਤਾਰ ਪੁੱਛਿਆ ਜਾ ਰਿਹਾ ਹੈ।
ਮਨੀਸ਼ ਸਿਸੌਦੀਆ ਤੋਂ ਬਾਅਦ ਪੰਜਾਬ ਦੇ ਖ਼ਜਾਨਾ ਮੰਤਰੀ ਹਰਪਾਲ ਚੀਮਾ ਅਤੇ ਕੈਬਨਿਟ ਮੰਤਰੀ ਤੇ ਆਪ ਸੂਬਾ ਪ੍ਰਧਾਨ ਅਮਨ ਅਰੋੜਾ ਤੋਂ ਇਲਾਵਾ ਕੈਬਨਿਟ ਮੰਤਰੀ ਸੰਜੀਵ ਅਰੋੜਾ ਸਣੇ ਕਈ ਵਿਧਾਇਕਾਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਵੀ ਭਗਵੰਤ ਮਾਨ ਨਾਲ ਮੁਲਾਕਾਤ ਕਰਕੇ ਉਨ੍ਹਾਂ ਦਾ ਹਾਲ-ਚਾਲ ਪੁੱਛਿਆ ਗਿਆ।