ਰੋਹਿਤ-ਰਾਹੁਲ ਦਾ ਸੈਂਕੜਾ, ਭਾਰਤ ਨੇ ਸ੍ਰੀਲੰਕਾ ਨੂੰ ਹਰਾਇਆ
ਲੀਡਸ, ਏਜੰਸੀ।
ਭਾਰਤ ਨੇ ਆਪਣੇ ਓਪਨਰ ਰੋਹਿਤ ਸ਼ਰਮਾ (103) ਤੇ ਲੋਕੇਸ਼ ਰਾਹੁਲ (111) ਦੇ ਸ਼ਾਨਦਾਰ ਸੈਂਕੜਿਆਂ ਦੀ ਤੇ ਉਨ੍ਹਾਂ ਦਰਮਿਆਨ ਹੋਈ 189 ਦੌੜਾਂ ਦੀ ਜਬਰਦਸਤ ਓਪਨਿੰਗ ਸਾਂਝੇਦਾਰੀ ਦੀ ਬਦੌਲਤ ਸ੍ਰੀਲੰਕਾ ਨੂੰ ਆਈਸੀਸੀ ਵਿਸ਼ਵ ਕੱਪ ਦੇ ਆਪਣੇ ਆਖਰੀ ਲੀਗ ਮੁਕਾਬਲੇ ‘ਚ ਸ਼ਨਿੱਚਰਵਾਰ ਨੂੰ ਸੱਤ ਵਿਕਟਾਂ ਨਾਲ ਹਰਾਇਆ। ਸ੍ਰੀਲੰਕਾ ਨੇ ਇਜੇਲੇ ਮੈਥਊਜ (133) ਦੇ ਸ਼ਾਨਦਾਰ ਸੈਂਕੜੇ ਦੀ ਖਰਾਬ ਸਥਿਤੀ ਨਾਲ 50 ਓਵਰਾਂ ‘ਚ ਸੱਤ ਵਿਕਟਾਂ ‘ਤੇ 264 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾਇਆ ਪਰ ਭਾਰਤੀ ਓਪਨਰਾਂ ਦੇ ਸ਼ੈਂਕੜਿਆਂ ਨੇ ਇਸ ਸਕੋਰ ਨੂੰ ਛੋਟਾ ਸਾਬਤ ਕਰ ਦਿੱਤਾ। ਭਾਰਤ ਨੇ 43.3 ਓਵਰਾਂ ‘ਚ ਸਿਰਫ ਤਿੰਨ ਵਿਕਟਾਂ ਦੇ ਨੁਕਸਾਨ ‘ਤੇ 265 ਦੌੜਾਂ ਬਣਾ ਕੇ ਇੱਕ ਤਰਫਾ ਜਿੱਤ ਹਾਸਲ ਕੀਤੀ।
ਭਾਰਤ ਦੀ ਨੌ ਮੈਚਾਂ ‘ਚ ਸੱਤਵੀਂ ਜਿੱਤ ਰਹੀ ਅਤੇ ਉਨ੍ਹਾਂ ਨੇ 15 ਅੰਕਾਂ ਨਾਲ ਆਪਣੀ ਲੀਗ ਮੁਹਿੰਮ ਸਮਾਪਤ ਕੀਤੀ। ਦੂਜੇ ਪਾਸੇ ਸ੍ਰੀਲੰਕਾ ਨੂੰ ਨੌਂ ਮੈਚਾਂ ‘ਚ ਚੌਥੀ ਹਾਰ ਦਾ ਸਾਹਮਣਾ ਕਰਨਾ ਪਿਆ ਤੇ ਸ੍ਰੀਲੰਕਾ ਦੀ ਹਾਰ ਨਾਲ ਦੂਰਨਾਮੈਂਟ ਤੋਂ ਵਿਦਾਈ ਲਈ। ਰੋਹਿਤ ਨੇ ਇਸ ਵਿਸ਼ਵ ਕੱਪ ‘ਚ ਆਪਣਾ ਪੰਜਵਾਂ ਸੈਂਕੜਾ ਬਣਾਇਆ ਤੇ ਟੂਰਨਾਮੈਂਟ ‘ਚ ਸਭ ਤੋਂ ਜ਼ਿਆਦਾ ਸੈਂਕੜੇ ਬਣਾਉਣ ਦਾ ਨਵਾਂ ਵਿਸ਼ਵ ਰਿਕਾਰਡ ਬਣਾ ਦਿੱਤਾ। ਉਨ੍ਹਾਂ ਨੇ ਸ੍ਰੀਲੰਕਾ ਕੇ ਕੁਮਾਰ ਸੰਗਾਕਾਰਾ ਦੇ ਚਾਰ ਸੈਂਕੜਿਆਂ ਦਾ ਰਿਕਾਰਡ ਤੋੜਿਆ।
ਰੋਹਿਤ ਤੇ ਰਾਹੁਲ ਨੇ ਪਹਿਲੇ ਵਿਕਟ ਲਈ 189 ਦੌੜਾਂ ਦੀ ਸਾਂਝੇਦਾਰੀ ਕੀਤੀ। ਰਾਹੁਲ ਨੇ ਇਸ ਵਿਸ਼ਵ ਕੱਪ ਆਪਣਾ ਪਹਿਲਾ ਸੈਂਕੜਾ ਬਣਾਇਆ ਤੇ ਭਾਰਤ ‘ਚ ਸੈਮੀਫਾਈਨਲ ਲਈ ਪੱਕਾ ਕਰ ਦਿੱਤਾ। ਹਿੱਟਮੈਨ ਰੋਹਿਤ ਨੇ ਸਿਰਫ 94 ਗੇਂਦਾਂ ‘ਤੇ 14 ਚੌਂਕੇ ਅਤੇ 2 ਛੱਕਿਆਂ ਦੀ ਮੱਦਦ ਨਾਲ 103 ਦੌੜਾਂ ਬਣਾਈਆਂ ਜਦੋਂ ਕਿ ਰਾਹੁਲ ਨੇ 118 ਗੇਂਦਾਂ ‘ਚ 111 ਦੌੜਾਂ ‘ਚ 11 ਚੌਂਕੇ ਅਤੇ ਇੱਕ ਛੱਕਾ ਲਾਇਆ। ਕਪਤਾਨ ਵਿਰਾਟ ਕੋਹਲੀ 41 ਗੇਂਦਾਂ ‘ਚ ਤਿੰਨ ਚੌਂਕਿਆਂ ਦੀ ਮੱਦਦ ਨਾਲ 34 ਦੌੜਾਂ ‘ਤੇ ਨਾਬਾਦ ਰਹੇ। ਹਾਰਦਿਕ ਪਾਂਡਿਆਂ ਨੇ ਨਾਬਾਦ ਛੇ ਦੌੜਾਂ ਬਣਾਈਆਂ ਦਜੋਂ ਕਿ ਰਿਸ਼ਭ ਪੰਤ ਚਾਰ ਦੌੜਾਂ ਬਣਾ ਕੇ ਆਊਟ ਹੋਏ।
ਇਸ ਤੋਂ ਪਹਿਲਾਂ ਸ੍ਰੀਲੰਕਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਖਰਾਬ ਸ਼ੁਰੂ ਕੀਤੀ ਤੇ ਆਪਣੇ ਚਾਰ ਵਿਕਟ ਸਿਰਫ 55 ਦੌੜਾਂ ‘ਤੇ ਗਵਾ ਦਿੱਤੇ। ਪਰ ਮੈਥਊਜ ਨੇ ਇਸ ਤੋਂ ਬਾਅਦ ਵਧੀਆ ਸੈਂਕੜਾ ਪਾਰੀ ਖੇਡੀ ਤੇ ਤਾਹਿਰੂ ਤਿਰਿਮਾਨੇ (53) ਨਾਲ ਪੰਜਵੇਂ ਵਿਕਟ ਲਈ 124 ਦੌੜਾਂ ਦੀ ਮਹੱਤਵਪੂਰਨ ਸਾਂਝੇਦਾਰੀ ਕੀਤੀ। ਮੈਥਊਜ ਨੇ ਵੰਨਡੇ ‘ਚ ਆਪਣਾ ਤੀਜਾ ਸੈਂਕੜਾ ਬਣਾਇਆ ਤੇ 128 ਗੇਂਦਾਂ ‘ਤੇ 113 ਦੌੜਾਂ ਦੀ ਪਾਰੀ ਖੇਡੀ ਜਿਸ ‘ਚ 10 ਚੌਂਕੇ ਅਤੇ ਦੋ ਛੱਕੇ ਲਾਏ। ਤਿਰਿਮਾਨੇ ਨੇ 68 ਗੇਂਦਾਂ ‘ਚ ਚਾਰ ਚੌਂਕਿਆਂ ਦੀ ਮੱਦਦ ਨਾਲ 53 ਦੌੜਾਂ ਬਣਾਈਆਂ। ਧਨੰਜੇ ਡਿਸਿਲਵਾ 36 ਗੇਂਦਾਂ ‘ਚ ਇੱਕ ਚੌਂਕੇ ਦੇ ਸਹਾਰੇ 29 ਦੌੜਾਂ ਬਣਾ ਕੇ ਨਾਬਾਦ ਰਹੇ।
ਕਪਤਾਨ ਤੇ ਓਪਨਰ ਦਿਮੁਥ ਕਰੂਣਾਰਤਰੇ ਨੇ 17 ਗੇਂਦਾ ‘ਚ 10 ਦੌੜਾਂ, ਕੁਸ਼ਲ ਪਰੇਰਾ ਨੇ 14 ਗੇਂਦਾਂ ‘ਚ 18 ਦੌੜਾਂ, ਅਵਿਸ਼ਕਾ ਫਰਨਾਰਡ ਨੇ 21 ਗੇਂਦਾਂ ‘ਚ 20 ਦੌੜਾਂ ਤੇ ਕੁਸ਼ਲ ਮੇਡਿਸ ਨੇ ਤਿੰਨ ਦੌੜਾਂ ਬਣਾਈਆਂ। ਭਾਰਤ ਦੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ ਸ੍ਰੀਲੰਕਾ ਦੇ ਦੋਵੇਂ ਓਪਨਰਾਂ ਕਰੂਣਾਰਤਰੇ ਤੇ ਪਰੇਰਾ ਨੂੰ ਆਊਟ ਕਰਕੇ 10 ਓਵਰਾਂ ‘ਚ 37 ਦੌੜਾਂ ਦੇ ਕੇ ਤਿੰਨ ਵਿਕਟਾਂ ਪ੍ਰਾਪਤ ਕੀਤੀਆਂ। ਬੁਮਰਾਹ ਨੇ ਕਰੂਣਾਰਤਰੇ ਦਾ ਵਿਕਟ ਪ੍ਰਾਪਤ ਕਰਦਿਆਂ ਹੀ ਵੰਨਡੇ ‘ਚ ਆਪਣੇ 100 ਵਿਕਟ ਵੀ ਪੂਰੇ ਕਰ ਲਏ।
ਇਸ ਵਿਸ਼ਵ ਕੱਪ ‘ਚ ਪਹਿਲੀ ਵਾਰ ਖੇਡਣ ਉੱਤਰੇ ਰਵਿੰਦਰ ਜਡੇਜਾ ਨੇ ਆਪਣੇ ਪਹਿਲੇ ਓਵਰ ‘ਚ ਕੁਸ਼ਲ ਮੈਡਿਸ ਨੂੰ ਵਿਕਟ ਕੀਪਰ ਮਹਿੰਦਰ ਸਿੰਘ ਧੋਨੀ ਦੇ ਹੱਥੋਂ ਸਟੰਪ ਕਰਾ ਦਿੱਤਾ। ਜਡੇਜਾ ਨੇ 10 ਓਵਰਾਂ ‘ਚ 40 ਦੌੜਾਂ ਦੇ ਕੇ ਇੱਕ ਵਿਕਟ ਹਾਸਲ ਕੀਤਾ। ਆਲਰਾਊਂਡਰ ਹਾਰਦਿਕ ਪਾਂਡਿਆ ਨੇ ਅਵਿਸ਼ਕਾ ਫਰਨਾਰਡੋ ਨੂੰ ਆਊਟ ਕੀਤਾ। ਵਿਕਟਕੀਪਰ ਧੋਨੀ ਨੇ ਕਰੂਣਾਰਤਰੇ, ਪਰੇਰਾ ਦੇ ਫਰਨਾਰਡੋ ਦੇ ਕੈਚ ਕੀਤੇ ਤੇ ਮੈਂਡਿਸ ਨੂੰ ਸਟੰਪ ਆਊਟ ਕੀਤਾ। ਧੋਨੀ ਨੇ ਇਸ ਤਰ੍ਹਾਂ ਵਿਕਟ ਪਿੱਛੇ ਚਾਰ ਸ਼ਿਕਾਰ ਕੀਤੇ। ਚਾਇਨਾਮੈਨ ਗੇਂਦਬਾਜ ਕੁਲਦੀਪ ਯਾਦਵ ਨੇ ਤਿਰਿਮਾਨੇ ਤੇ ਭੁਵਨੇਸ਼ਵਰ ਕੁਮਾਰ ਨੇ ਤਿਸ਼ਾਰਾ ਪਰੇਰਾ ਦਾ ਵਿਕਟ ਪ੍ਰਾਪਤ ਕੀਤਾ। ਭੁਵਨੇਸ਼ਵਰ ਕੁਮਾਰ ਨੇ 73 ਦੌੜਾਂ ਦੇ ਕੇ ਇੱਕ ਵਿਕਟ ਹਾਸਲ ਕੀਤਾ, ਪਾਂਡਿਆ ਨੇ 50 ਦੌੜਾਂ ਦੇ ਕੇ ਇੱਕ ਵਿਕਟ ਹਾਸਲ ਕੀਤਾ ਤੇ ਕੁਲਦੀਪ ਯਾਦਵ ਨੇ 58 ਦੌੜਾਂ ‘ਤੇ ਇੱਕ ਵਿਕਟ ਹਾਸਲ ਕੀਤਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।