ਏਸ਼ੀਆ ਕੱਪ ਟੀਮ ਦਾ ਐਲਾਨ: ਰੋਹਿਤ ਨੂੰ ਕਮਾਨ, ਵਿਰਾਟ ਨੂੰ ਆਰਾਮ

ਏਸ਼ੀਆ ਕੱਪ: 15 ਤੋਂ 28 ਸਤੰਬਰ

 

ਸ਼ਿਖਰ ਧਵਨ ਨੂੰ ਉਪ ਕਪਤਾਨੀ

 

ਨੌਜਵਾਨ ਤੇਜ਼ ਗੇਂਦਬਾਜ਼ ਖਲੀਲ ਅਹਿਮਦ ਵੀ ਸ਼ਾਮਲ

 

ਭਾਰਤ ਅਤੇ ਪਾਕਿਸਤਾਨ ਦਰਮਿਆਨ ਹਾਈ ਵੋਲਟੇਜ਼ ਮੈਚ 19 ਸਤੰਬਰ ਨੂੰ

ਏਜੰਸੀ, 1 ਸਤੰਬਰ

ਭਾਰਤੀ ਕ੍ਰਿਕਟ ਕੰਟਰੋਲ ਬੋਰੋਡ (ਬੀਸੀਸੀਆਈ) ਨੇ ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ‘ਚ ਹੋਣ ਵਾਲੇ ਏਸ਼ੀਆ ਕੱਪ ਲਈ 16 ਮੈਂਬਰੀ ਟੀਮ ਇੰਡੀਆ ਦਾ ਐਲਾਨ ਕਰ ਦਿੱਤਾ ਹੈ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੂੰ 15 ਤੋਂ 28 ਸਤੰਬਰ ਤੱਕ ਖੇਡੇ ਜਾਣ ਵਾਲੇ ਏਸ਼ੀਆ ਕੱਪ ਲਈ ਆਰਾਮ ਦਿੱਤਾ ਗਿਆ ਹੈ ਜਦੋਂਕਿ ਉਹਨਾਂ ਦੀ ਗੈਰ ਹਾਜਰੀ ‘ਚ ਰੋਹਿਤ ਸ਼ਰਮਾ ਨੂੰ ਕਪਤਾਨੀ ਅਤੇ ਸ਼ਿਖਰ ਧਵਨ ਨੂੰ ਉਪ ਕਪਤਾਨੀ ਦਾ ਜਿੰਮ੍ਹਾ ਸੌਂਪਿਆ ਗਿਆ ਹੈ

 

ਮਨੀਸ਼ ਪਾਂਡੇ ਅਤੇ ਅਕਸ਼ਰ ਪਟੇਲ ਵੀ ਜਗ੍ਹਾ ਬਣਾਉਣ ‘ਚ ਕਾਮਯਾਬ

ਭਾਰਤੀ ਟੀਮ ‘ਚ ਨੌਜਵਾਨ ਤੇਜ਼ ਗੇਂਦਬਾਜ਼ ਖਲੀਲ ਅਹਿਮਦ ਨੂੰ ਵੀ ਸ਼ਾਮਲ ਕੀਤਾ ਗਿਆ ਹੈ ਭਾਰਤੀ ਟੀਮ ‘ਚ ਅੰਬਾਤੀ ਰਾਇਡੂ ਅਤੇ ਕੇਦਾਰ ਜਾਧਵ ਦੀ ਵਾਪਸੀ ਹੋਈ ਹੈ ਮਨੀਸ਼ ਪਾਂਡੇ ਅਤੇ ਅਕਸ਼ਰ ਪਟੇਲ ਵੀ ਆਪਣੀ ਜਗ੍ਹਾ ਬਣਾਉਣ ‘ਚ ਕਾਮਯਾਬ ਹੋਏ ਹਨ

 

ਅੰਬਾਤੀ ਰਾਇਡੂ ਅਤੇ ਕੇਦਾਰ ਜਾਧਵ ਦੀ ਵਾਪਸੀ

ਚੋਣ ਕਮੇਟੀ ਨੇ ਏਸ਼ੀਆ ਕੱਪ ਲਈ ਮਜ਼ਬੂਤ ਬੱਲੇਬਾਜ਼ੀ ਕ੍ਰਮ ਚੁਣਿਆ ਹੈ ਉਪਰੀ ਕ੍ਰਮ ‘ਚ ਰੋਹਿਤ-ਸ਼ਿਖਰ ਦੇ ਨਾਲ ਕੇਐਲ ਰਾਹੁਲ ਮਿਡਲ ਆਰਡਰ ‘ਚ ਰਾਇਡੂ, ਮਨੀਸ਼ ਪਾਂਡੇ, ਕੇਦਾਰ ਜਾਧਵ, ਐਮਐਸ ਧੋਨੀ ਅਤੇ ਦਿਨੇਸ਼ ਕਾਰਤਿਕ ਦਮ ਦਿਖਾਉਣਗੇ ਹਾਰਦਿਕ ਪਾਂਡਿਆ ਤੇਜ਼ ਗੇਂਦਬਾਜ਼ ਹਰਫਨਮੌਲਾ ਹੈ ਕੁਲਦੀਪ ਯਾਦਵ ਅਤੇ ਯੁਜਵਿੰਦਰ ਚਹਿਲ ਨੂੰ ਸਪਿੱਨ ਵਿਭਾਗ ‘ਚ ਅਕਸ਼ਰ ਪਟੇਲ ਦਾ ਸਾਥ ਮਿਲੇਗਾ

ਤੇਜ਼ ਗੇਂਦਬਾਜ਼ੀ ਹਮਲੇ ਦੇ ਲੀਡਰ ਭੁਵਨੇਸ਼ਵਰ ਕੁਮਾਰ ਹੋਣਗੇ ਜਸਪ੍ਰੀਤ ਬੁਮਰਾਹ, ਸ਼ਾਰਦੁਲ ਠਾਕੁਰ ਅਤੇ ਨੌਜਵਾਨ ਖਲੀਲ ਅਹਿਮਦ ਉਸਦਾ ਸਾਥ ਨਿਭਾਉਣਗੇ ਭਾਰਤੀ ਟੀਮ ਅਤੇ ਪਾਕਿਸਤਾਨ ਇੱਕ ਹੀ ਗਰੁੱਪ ‘ਚ ਸ਼ਾਮਲ ਹਨ
ਭਾਰਤ ਅਤੇ ਪਾਕਿਸਤਾਨ ਦਰਮਿਆਨ ਹਾਈ ਵੋਲਟੇਜ਼ ਮੈਚ 19 ਸਤੰਬਰ ਨੂੰ ਦੁਬਈ ‘ਚ ਹੋਵੇਗਾ ਦੋਵਾਂ ਟੀਮਾਂ ਦਰਮਿਆਨ ਆਖ਼ਰੀ ਮੈਚ ਚੈਂਪੀਅੰਜ਼ ਟਰਾਫ਼ੀ 2017 ਦੇ ਫਾਈਨਲ ‘ਚ ਖੇਡਿਆ ਗਿਆ ਸੀ ਜਿੱਥੈ ਪਾਕਿਸਤਾਨ ਨੇ ਜਿੱਤ ਦੇ ਨਾਲ ਚੈਂਪੀਅੰਜ਼ ਟਰਾਫ਼ੀ ਜਿੱਤੀ ਸੀ
ਭਾਰਤੀ ਕ੍ਰਿਕਟ ਟੀਮ ਫਿਲਹਾਲ ਇੰਗਲੈਂਡ ‘ਚ ਪੰਜ ਟੈਸਟ ਮੈਚਾਂ ਦੀ ਲੜੀ ਖੇਡ ਰਹੀ ਹੈ ਜੋ 11 ਸਤੰਬਰ ਨੂੰ ਸਮਾਪਤ ਹੋਵੇਗੀ ਅਤੇ ਇਸ ਤੋਂ ਠੀਕ ਚਾਰ ਦਿਨ ਬਾਅਦ ਟੀਮ ਏਸ਼ੀਆ ਕੱਪ ‘ਚ ਨਿੱਤਰੇਗੀ ਜਦੋਂਕਿ ਟੈਸਟ ਟੀਮ ਏਸ਼ੀਆ ਕੱਪ ਦੇ ਇੱਕ ਹਫ਼ਤੇ ਤੋਂ ਵੀ ਘੱਟ ਦਿਨ ਬਾਅਦ 4 ਅਕਤੂਬਰ ਤੋਂ ਫਿਰ ਮੈਦਾਨ ‘ਤੇ ਨਿੱਤਰੇਗੀ ਅਤੇ ਵੈਸਟਇੰਡੀਜ਼ ਵਿਰੁੱਧ ਰਾਜਕੋਟ ‘ਚ ਪਹਿਲਾ ਟੈਸਟ ਖੇਡੇਗੀ
ਭਾਰਤੀ ਕ੍ਰਿਕਟ ਟੀਮ ਦੇ ਬੇਹੱਦ ਮਸਰੂਫ਼ ਪ੍ਰੋਗਰਾਮ ਨੂੰ ਦੇਖਦੇ ਹੋਏ ਅਤੇ ਵੈਸਟਇੰਡੀਜ਼ ਤੋਂ ਬਾਅਦ ਆਸਟਰੇਲੀਆ ਦੌਰੇ ਦੇ ਮੱਦੇਨਜ਼ਰ ਚੋਣਕਰਤਾਵਾਂ ਨੇ ਸਟਾਰ ਬੱਲੇਬਾਜ਼ ਅਤੇ ਤਿੰਨਾਂ ਫਾਰਮੇਟ ਦੇ ਕਪਤਾਨ ਵਿਰਾਟ ਕੋਹਲੀ ਨੂੰ ਆਰਾਮ ਦੇਣ ਦਾ ਫੈਸਲਾ ਕੀਤਾ ਹੈ
ਏਸ਼ੀਆ ਕੱਪ ‘ਚ ਹਾਲਾਂਕਿ ਵਿਰਾਟ ਤੋਂ ਇਲਾਵਾ ਬਾਕੀ ਸਾਰੇ ਨਿਯਮਿਤ ਵੱਡੇ ਖਿਡਾਰੀਆਂ ਨੂੰ ਟੀਮ ‘ਚ ਸ਼ਾਮਲ ਕੀਤਾ ਗਿਆ ਹੈ ਵਿਰਾਟ ਨੂੰ ਛੱਡ ਦੇਈਏ ਤਾਂ ਬੱਲੇਬਾਜ਼ਾਂ ‘ਚ ਧਵਨ, ਲੋਕੇਸ਼ ਰਾਹੁਲ, ਵਿਕਟ ਕੀਪਰ ਬੱਲੇਬਾਜ਼ ਦਿਨੇਸ਼ ਕਾਰਤਿਕ, ਹਰਫ਼ਨਮੌਲਾ ਹਾਰਦਿਕ ਪਾਂਡਿਆ ਅਤੇ ਮੱਧਮ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੂੰ ਏਸ਼ੀਆ ਕੱਪ ਟੀਮ ‘ਚ ਸ਼ਾਮਲ ਕੀਤਾ ਗਿਆ ਹੈ ਜੋ ਫਿਲਹਾਲ ਇੰਗਲੈਂਡ ਲੜੀ ‘ਚ ਵੀ ਖੇਡ ਰਹੇ ਹਨ

 

PUNJABI NEWS ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ FACEBOOK ਅਤੇ TWITTER ‘ਤੇ ਫਾਲੋ ਕਰੋ