ਰੋਜ਼ਾਨਾ ਨਹਿਰ ’ਚ ਡਿੱਗਦੇ ਜੰਗਲੀ ਜੀਵਾਂ ਨੂੰ ਬਚਾਉਣ ਲਈ ਪ੍ਰਸ਼ਾਸਨ ਕੋਲ ਨਹੀਂ ਕੋਈ ਪੁਖਤਾ ਪ੍ਰਬੰਧ!
Nabha Canal: (ਤਰੁਣ ਕੁਮਾਰ ਸ਼ਰਮਾ) ਨਾਭਾ। ਜੋਂੜੇ ਪੁੱਲ ਤੋਂ ਨਾਭਾ ਦੇ ਰੋਹਟੀ ਪੁਲ ਤੱਕ ਆਉਂਦੀ ਲੰਬੀ ਨਹਿਰ ਉਸ ਸਮੇਂ ਜੰਗਲੀ ਜੀਵਾਂ ਦਾ ਕਾਲ ਬਣਦੀ ਨਜ਼ਰ ਆਈ ਜਦੋਂ ਇਸ ਨਹਿਰ ਨੂੰ ਪੱਕਾ ਕਰਨ ਦੀ ਕਵਾਇਦ ਦੌਰਾਨ ਹੇਠਲੇ ਪੱਧਰ ਦੀ ਤਕਨੀਕੀ ਜਾਣਕਾਰੀ ਨੂੰ ਅੱਖੋਂ ਪਰੋਖੇ ਕਰ ਦਿੱਤਾ ਗਿਆ। ਦੱਸਣਯੋਗ ਹੈ ਕਿ 20 ਕਿਲੋਮੀਟਰ ਲੰਮੀ ਇਸ ਨਹਿਰ ਨੂੰ ਪੱਕਾ ਕਰਨ ‘ਤੇ ਲਗਭਗ 42 ਕਰੋੜ ਖਰਚਣ ਦੇ ਦਾਅਵੇ ਕੀਤੇ ਗਏ ਅਤੇ 02 ਜਨਵਰੀ 2025 ਨੂੰ ਪੰਜਾਬ ਦੇ ਕੈਬਨਿਟ ਮੰਤਰੀ ਬਰਿੰਦਰ ਗੋਇਲ ਵੱਲੋ ਪੱਕੀ ਹੋਈ ਇਸ ਨਹਿਰ ਦਾ ਉਦਘਾਟਨ ਵੀ ਕੀਤਾ ਗਿਆ।
ਦਿਲਚਸਪ ਗੱਲ ਇਹ ਹੈ ਕਿ ਇਸ ਨਹਿਰ ਨੂੰ ਪੱਕਾ ਕਰਨ ਤੋਂ ਪਹਿਲਾਂ ਨਹਿਰ ਦੇ ਆਸ-ਪਾਸ ਦੇ ਖੇਤਰਾਂ ਦੀ ਭੌਤਿਕ ਸਥਿਤੀ ਦਾ ਮੁਲਾਂਕਣ ਨਹੀਂ ਕੀਤਾ ਗਿਆ ਜਿਸ ਦੇ ਸਬੂਤ ਵਜੋਂ ਜਿੱਥੇ ਨਹਿਰ ਦੇ ਪੱਕਾ ਹੋਣ ਤੋਂ ਬਾਅਦ ਆਸ-ਪਾਸ ਦੇ ਦਰੱਖਤਾਂ ਨੂੰ ਲੱਗਣ ਵਾਲਾ ਨਹਿਰੀ ਪਾਣੀ ਔਸਤਨ ਘੱਟ ਗਿਆ ਹੈ ਉੱਥੇ ਨਹਿਰ ਦੇ ਨਾਲ ਚੱਲਦੇ ਨਾਭੇ ਦੇ ਸ਼ਾਹੀ ਬੀੜ ਦੇ ਹਜ਼ਾਰਾਂ ਜੰਗਲੀ ਜੀਵਾਂ ਦੀ ਜ਼ਿੰਦਗੀ ਦਾਅ ਉੱਤੇ ਲੱਗ ਗਈ ਹੈ।
ਇਹ ਵੀ ਪੜ੍ਹੋ: Land Pooling Policy Punjab: ਲੈਂਡ ਪੂਲਿੰਗ ਪਾਲਿਸੀ ਖਿਲਾਫ ਕਿਰਤੀ ਕਿਸਾਨ ਯੂਨੀਅਨ ਵੱਲੋਂ ਵਿਸ਼ਾਲ ਟਰੈਕਟਰ ਮਾਰਚ
ਨਾਭਾ ਦੇ ਸ਼ਾਹੀ ਬੀੜ ’ਚ ਹਿਰਨ, ਬਾਰਾਸਿੰਘ, ਰੋਜ਼, ਗਊ, ਬਾਂਦਰ ਨਾਲ ਹੋਰ ਜਾਤੀਆਂ ਦੇ ਹਜ਼ਾਰਾਂ ਜੀਵ ਰਹਿੰਦੇ ਹਨ। ਪਾਣੀ ਦੀ ਤਲਾਸ਼ ਵਿੱਚ ਰੋਜ਼ਾਨਾ ਲਗਭਗ ਦੋ ਤੋਂ ਪੰਜ ਛੇ ਤੱਕ ਜੰਗਲੀ ਜੀਵ ਇਸ ਨਹਿਰ ’ਚ ਡਿੱਗਦੇ ਹਨ ਅਤੇ ਨਹਿਰ ਦੇ ਸਾਰੇ ਪਾਸਿਓਂ ਪੱਕਾ ਹੋਣ ਕਾਰਨ ਇਸ ’ਚ ਫਸ ਕੇ ਰਹਿ ਜਾਂਦੇ ਹਨ। ਦਿਲਚਸਪ ਹੈ ਕਿ ਨਹਿਰ ਨੂੰ ਪੱਕਾ ਕਰਨ ਵੇਲੇ ਰਾਹ ਵਿੱਚ ਪੈਂਦੇ ਜੰਗਲੀ ਬੀੜ ਅਤੇ ਇਸ ਵਿੱਚ ਵੱਸਦੇ ਹਜ਼ਾਰਾਂ ਜੰਗਲੀ ਜੀਵਾਂ ਦੀਆਂ ਨਹਿਰ ਨਾਲ ਜੁੜੀਆਂ ਜ਼ਰੂਰਤਾਂ ਨੂੰ ਅਣਦੇਖਿਆ ਕਰ ਦਿੱਤਾ ਗਿਆ ਜੋ ਕਿ ਮਨੁੱਖਤਾ ਅਤੇ ਸਮਾਜਿਕ ਪੱਧਰ ‘ਤੇ ਜਾਣ ਕਾਰਨ ਲਗਾਤਾਰ ਚਰਚਾ ਦਾ ਵਿਸ਼ਾ ਬਣਦਾ ਜਾ ਰਿਹਾ ਹੈ। ਦੂਜੇ ਪਾਸੇ ਸੰਬੰਧਤ ਵਿਭਾਗਾਂ ਕੋਲ ਇਸ ਗੰਭੀਰ ਸਮੱਸਿਆ ਨਾਲ ਨਜਿੱਠਣ ਦੇ ਸਾਧਨ ਹੋਣ ਬਾਵਜ਼ੂਦ ਮਾਮਲਾ ਪ੍ਰਸਤਾਵ ਭੇਜਣ ਤੱਕ ਹੀ ਸੀਮਤ ਨਜ਼ਰ ਜ਼ਰੂਰ ਆ ਰਿਹਾ ਹੈ ਜਿਸ ਨੂੰ ਅਮਲੀ ਜਾਮਾ ਪਹਿਨਾਉਣ ਲਈ ਭਵਿੱਖ ਵਿੱਚ ਲੱਗਣ ਵਾਲੇ ਸਮੇਂ ਦਾ ਇੰਤਜਾਰ ਕਰਨਾ ਪਵੇਗਾ। Nabha Canal
ਕੀ ਕਹਿੰਦੇ ਹਨ ਨਜ਼ਦੀਕੀ ਪਿੰਡਾ ਦੇ ਵਾਸੀ
ਨਹਿਰ ਅਤੇ ਜੰਗਲੀ ਬੀੜ ਨਾਲ ਜੁੜੇ ਧਰਵਿੰਦਰ ਸਿੰਘ ਭੋਜੋਮਾਜਰੀ, ਉੱਘੇ ਐਨ.ਆਰ.ਆਈ ਕਿਸਾਨ ਗੁਰਿੰਦਰਦੀਪ ਸਿੰਘ ਕਲਿਆਣ, ਭਾਕਿਯੂ (ਕਾਦੀਆ) ਜ਼ਿਲ੍ਹਾ ਪ੍ਰਧਾਨ ਅਬਜਿੰਦਰ ਸਿੰਘ ਜੋਗੀ ਗਰੇਵਾਲ, ਹਰਦੀਪ ਸਿੰਘ ਘੁਲਾ, ਜੋਗੀ ਅਰਕ ਖਿਜਰਪੁਰ, ਅਮਰਜੀਤ ਸਿੰਘ ਲੱਖੀ, ਸਰਬਜੀਤ ਸਿੰਘ ਹੈਪੀ, ਲਾਭ ਸਿੰਘ ਬਿਰਰਵਾਲ ਆਦਿ ਪਿੰਡ ਵਾਸੀਆਂ ਨੇ ਦੱਸਿਆ ਕਿ ਨਹਿਰ ਦੇ ਪੱਕਾ ਹੋਣਾ ਨਾਲ ਲਾਹਾ ਭਾਵੇਂ ਮਿਲਿਆ ਹੋਵੇ ਜਾਂ ਨਾ ਸਗੋਂ ਪ੍ਰੇਸ਼ਾਨੀਆਂ ਵੱਧ ਗਈਆਂ ਹਨ। ਉਨਾਂ ਕਿਹਾ ਕਿ ਸਰਕਾਰ ਦੀ ਅਣਦੇਖੀ ਅਤੇ ਨਹਿਰ ਦੇ ਪੱਕਾ ਹੋਣ ਸਮੇਂ ਵਰਤੀਆਂ ਅਣਗਹਿਲੀਆਂ ਦਾ ਸ਼ਿਕਾਰ ਜਿਆਦਾਤਰ ਜੰਗਲੀ ਜੀਵ ਹੋ ਰਹੇ ਹਨ। ਉਨਾਂ ਕਿਹਾ ਕਿ ਪਹਿਲਾਂ ਤਾਂ ਮਨੁੱਖੀ ਪੱਧਰ ‘ਤੇ ਨਹਿਰ ਵਿੱਚ ਡਿੱਗੇ ਜੰਗਲੀ ਜੀਵਾਂ ਨੂੰ ਪਿੰਡ ਵਾਸੀ ਬਚਾਅ ਲੈਂਦੇ ਸਨ ਪਰੰਤੂ ਨਹਿਰ ਵਿੱਚ ਡਿੱਗੇ ਜੰਗਲੀ ਜੀਵਾਂ ਨੂੰ ਬਚਾਉਣ ਵਾਲਿਆਂ ਖਿਲਾਫ ਸਰਕਾਰੀ ਵਿਭਾਗ ਦੀ ਧੱਕੇਸ਼ਾਹੀ ਭਰੀ ਕਾਰਵਾਈ ਦਾ ਸ਼ਿਕਾਰ ਹੋਣ ਤੋਂ ਹੁਣ ਹਰ ਕੋਈ ਬਚਦਾ ਹੈ।

ਕੀ ਕਹਿੰਦੇ ਹਨ ਡੀਐਫਓ ਪਟਿਆਲਾ
ਉਪਰੋਕਤ ਸਮੱਸਿਆ ਸਬੰਧੀ ਡੀਐਫਓ ਪਟਿਆਲਾ ਗੁਰਾਮਨ ਸਿੰਘ ਨੇ ਕਿਹਾ ਕਿ ਜੰਗਲੀ ਜੀਵਾਂ ਨੂੰ ਤਾਜ਼ਾ ਅਤੇ ਚੱਲਦਾ ਪਾਣੀ ਕਾਫੀ ਪਸੰਦ ਹੁੰਦਾ ਹੈ ਜਿਸ ਕਾਰਨ ਨਹਿਰੀ ਪਾਣੀ ਜੰਗਲੀ ਜੀਵਾ ਦਿਲਚਸਪੀ ਦਾ ਕਾਰਨ ਹੁੰਦਾ ਹੈ। ਉਹਨਾਂ ਕਿਹਾ ਕਿ ਨਹਿਰੀ ਵਿਭਾਗ ਦਾ ਸਾਡੇ ਵਿਭਾਗ ਨਾਲ ਕੋਈ ਸਬੰਧ ਨਾ ਹੋਣ ਕਾਰਨ ਪਸ਼ੂਆਂ ਜਾਂ ਜੰਗਲੀ ਜੀਵਾਂ ਤੇ ਪਾਣੀ ਪੀਣ ਲਈ ਉਚਿਤ ਥਾਂ ਦਸ ਜਾਂ ਸਾਂਝਾ ਨਹੀਂ ਕੀਤਾ ਜਾ ਸਕਿਆ। ਉਹਨਾਂ ਭਰੋਸਾ ਦਿੱਤਾ ਕਿ ਉਹ ਸਬੰਧਤ ਬੀੜ ਦੇ ਜੰਗਲੀ ਜੀਵਾਂ ਨੂੰ ਨਹਿਰ ਤੱਕ ਪੁੱਜਣ ਤੋਂ ਰੋਕਣ ਲਈ ਜਾਲੀਦਾਰ ਤਾਰ ਦਾ ਪ੍ਰਸਤਾਵ ਭੇਜਣ ਜਾ ਰਹੇ ਹਨ ਤਾਂ ਜੋ ਜੰਗਲੀ ਜੀਵਾਂ ਨੂੰ ਉਪਰੋਕਤ ਸਮੱਸਿਆ ਤੋਂ ਬਚਾਇਆ ਜਾ ਸਕੇ।
ਕੀ ਕਹਿੰਦੇ ਹਨ ਨਹਿਰੀ ਵਿਭਾਗ ਦੇ ਐਕਸੀਅਨ
ਨਹਿਰੀ ਵਿਭਾਗ ਦੀ ਐਕਸੀਅਨ ਕਿਰਨਦੀਪ ਨੇ ਦੱਸਿਆ ਕਿ ਅਜਿਹੇ ਵਰਤਾਰੇ ਬਾਰੇ ਉਨ੍ਹਾਂ ਨੂੰ ਅੱਜ ਪਤਾ ਚੱਲਿਆ ਹੈ। ਉਨਾਂ ਦੱਸਿਆ ਕਿ ਪਹਿਲਾਂ ਸਮੇਂ ਨਹਿਰਾਂ ’ਚ ਪਸ਼ੂ ਨਹਾਉਣ ਨੂੰ ਛੋਟੇ-ਛੋਟੇ ਘਾਟ ਬਣਾਏ ਜਾਂਦੇ ਸਨ ਪਰੰਤੂ ਸਾਲ 2020 ਤੋਂ ਬਾਅਦ ਅਜਿਹੇ ਘਾਟਾ ਦਾ ਨਿਰਮਾਣ ਬੈਨ ਕਰ ਦਿੱਤਾ ਹੈ। ਉਨਾਂ ਭਰੋਸਾ ਦਿੱਤਾ ਕਿ ਉਹ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਦੇ ਧਿਆਨ ਵਿੱਚ ਇਹ ਮਸਲਾ ਲਿਆਉਣਗੇ ਜਿਸ ਤੋਂ ਬਾਅਦ ਮਸਲੇ ਦਾ ਕੋਈ ਯੋਗ ਹੱਲ ਕੱਢ ਲਿਆ ਜਾਵੇਗਾ।
ਕੀ ਕਹਿੰਦੇ ਹਨ ਕੈਬਨਿਟ ਮੰਤਰੀ ਬਰਿੰਦਰ ਗੋਇਲ
ਉਪਰੋਕਤ ਸਥਿਤੀ ਨੂੰ ਵਿਸਥਾਰ ਸੁਣ ਕੇ ਪੰਜਾਬ ਵਾਟਰ ਰੀਸੋਰਸ ਵਿਭਾਗ ਦੇ ਕੈਬਨਿਟ ਮੰਤਰੀ ਬਰਿੰਦਰ ਗੋਇਲ ਨੇ ਸਭ ਤੋਂ ਪਹਿਲਾਂ ਜੰਗਲੀ ਜੀਵ ਵਿਭਾਗ ਨੂੰ ਆੜੇ ਹੱਥੀ ਲੈਂਦਿਆਂ ਹੈਰਾਨੀ ਨਾਲ ਕਿਹਾ ਕਿ ਜੰਗਲੀ ਜੀਵਾਂ ਨੂੰ ਨਹਿਰ ਤੱਕ ਆਉਣ ਕਿਉ ਦਿੱਤਾ ਜਾ ਰਿਹਾ ਹੈ ਜਦਕਿ ਉਨ੍ਹਾਂ ਲਈ ਬੀੜ ਤੱਕ ਨਹਿਰੀ ਪਾਣੀ ਨੂੰ ਅਪੜਨ ਦੀ ਵਿਵਸਥਾ ਪਹਿਲਾ ਹੀ ਕਰ ਦਿੱਤੀ ਗਈ ਸੀ। ਉਨ੍ਹਾਂ ਸਮੱਸਿਆ ਦੀ ਗੰਭੀਰਤਾ ਨੂੰ ਸਮਝਦਿਆਂ ਕਿਹਾ ਕਿ ਨਹਿਰ ਪੱਕੀ ਕਰਨ ਸਮੇ ਅਜਿਹਾ ਕੋਈ ਪੁਆਇੰਟ ਰੱਖਣਾ (ਜਿੱਥੇ ਜੰਗਲੀ ਜੀਵ ਪਾਣੀ ਪੀ ਕੇ ਸੁਰਖਿਅਤ ਨਿਕਲ ਸਕਣ) ਸੰਭਵ ਨਹੀਂ ਹੁੰਦਾ ਪਰੰਤੂ ਮੌਜੂਦਾ ਸਮੇਂ ਜੇਕਰ ਕੋਈ ਹੋਰ ਸੁਰੱਖਿਅਤ ਹੱਲ ਬਣਾਇਆ ਜਾਵੇ ਤਾਂ ਉਹ ਪੀੜਤ ਨਜ਼ਰ ਆਉਂਦੇ ਬੇਜੁਬਾਨਾਂ ਲਈ ਵਿਭਾਗ ਦੇ ਸਹਿਯੋਗ ਨਾਲ ਉਪਰਾਲਾ ਕਰਨ ਨੂੰ ਤਿਆਰ ਹਨ।