ਮਾਮਲਾ ਜਲੰਧਰ ਦੇ ਪਾਦਰੀ ਨੂੰ ਲੁੱਟਣ ਦਾ
- ਵਿਭਾਗੀ ਪੁੱਛਗਿੱਛ ‘ਚ ਵੀ ਚਾਰੇ ਜਣੇ ਕਰਦੇ ਰਹੇ ਟਾਲ-ਮਟੋਲ : ਐੱਸਐੱਸਪੀ
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪਟਿਆਲਾ ਦੇ ਜ਼ਿਲ੍ਹਾ ਪੁਲਿਸ ਮੁਖੀ ਵੱਲੋਂ 4 ਮੁਲਾਜ਼ਮਾਂ ਨੂੰ ਨੌਕਰੀ ਤੋਂ ਬਰਤਰਫ਼ (ਡਿਸਮਿਸ) ਕਰ ਦਿੱਤਾ ਹੈ। ਇਹ ਚਾਰੇ ਜਣੇ ਜਲੰਧਰ ਦੇ ਪਾਦਰੀ ਨੂੰ ਲੁੱਟਣ ਦੇ ਮਾਮਲੇ ‘ਚ ਕੇਂਦਰੀ ਜੇਲ੍ਹ ਪਟਿਆਲਾ ਵਿਖੇ ਬੰਦ ਹਨ। ਪਿਛਲੇ ਦਿਨਾਂ ਤੋਂ ਹੀ ਇਨ੍ਹਾਂ ਖਿਲਾਫ਼ ਕਾਰਵਾਈ ਦੀ ਸ਼ੰਕਾ ਨਜ਼ਰ ਆ ਰਹੀ ਸੀ। ਇਸ ਤੋਂ ਪਹਿਲਾਂ ਵੀ ਪਟਿਆਲਾ ਦੇ ਅੱਧੀ ਦਰਜ਼ਨ ਤੋਂ ਵੱਧ ਮੁਲਾਜ਼ਮਾਂ ਨੂੰ ਨੌਕਰੀ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਸੀ।
ਨੌਕਰੀ ਤੋਂ ਬਰਖਾਸਤ ਕੀਤੇ ਗਏ ਇਨ੍ਹਾਂ ਚਾਰ ਮੁਲਾਜ਼ਮਾਂ ਵਿੱਚ ਸਥਾਨਕ ਰੈਂਕ ਵਾਲੇ 3 ਏਐੱਸਆਈ ਤੇ ਇੱਕ ਹੌਲਦਾਰ ਸ਼ਾਮਲ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲਿਸ ਮੁਖੀ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਪਟਿਆਲਾ ਨੰਬਰ 1131 ਲੋਕਲ ਰੈਂਕ ਏਐੱਸਆਈ ਜੋਗਿੰਦਰ ਸਿੰਘ 3 ਫਰਵਰੀ 1992 ਨੂੰ ਨੌਕਰੀ ‘ਚ ਆਇਆ ਸੀ ਤੇ ਇਹ ਪੁਲਿਸ ਚੌਂਕੀ ਮਵੀ ਕਲਾਂ ਵਿਖੇ ਤਾਇਨਾਤ ਸੀ। ਇਸੇ ਤਰ੍ਹਾਂ ਪਟਿਆਲਾ ਨੰਬਰ 661 ਲੋਕਲ ਰੈਂਕ ਏਐੱਸਆਈ ਰਾਜਪ੍ਰੀਤ ਸਿੰਘ 15 ਅਕਤੂਬਰ 2011 ਨੂੰ ਭਰਤੀ ਹੋਇਆ ਸੀ।
ਸਨੌਰ ਪੁਲਿਸ ਥਾਣੇ ਵਿਖੇ ਤਾਇਨਾਤ ਸੀ ਤੇ ਪਟਿਆਲਾ ਨੰਬਰ 2855 ਲੋਕਲ ਰੈਂਕ ਏਐੱਸਆਈ ਦਿਲਬਾਗ ਸਿੰਘ 15 ਨਵੰਬਰ 1989 ਨੂੰ ਨੌਕਰੀ ‘ਚ ਆਇਆ ਸੀ ਤੇ ਇਹ ਸਾਂਝ ਕੇਂਦਰ ਪੁਲਿਸ ਥਾਣਾ ਸਿਵਲ ਲਾਈਨ ਵਿਖੇ ਤਾਇਨਾਤ ਸੀ।ਪਟਿਆਲਾ ਨੰਬਰ 2007 ਹੌਲਦਾਰ ਅਮਰੀਕ ਸਿੰਘ 19 ਮਈ 1992 ਨੂੰ ਨੌਕਰੀ ‘ਚ ਆਇਆ ਸੀ। ਇਹ ਐੱਮਐੱਚਸੀ ਸਿਵਲ ਲਾਈਨ ਵਿਖੇ ਤਾਇਨਾਤ ਸੀ। ਇਨ੍ਹਾਂ ਸਾਰਿਆਂ ਨੂੰ ਮਿਤੀ 10 ਅਗਸਤ ਨੂੰ ਨੌਕਰੀ ਤੋਂ ਬਰਖਾਸਤ ਕੀਤਾ ਗਿਆ ਹੈ।
ਦੱਸਣਯੋਗ ਹੈ ਕਿ ਪਿਛਲੇ ਦਿਨਾਂ ਵਿੱਚ ਜਲੰਧਰ ਵਿਖੇ ਪਾਦਰੀ ਦਾ ਮਾਮਲਾ ਸੁਰਖੀਆਂ ਵਿੱਚ ਰਿਹਾ ਸੀ ਤੇ ਇਨ੍ਹਾਂ ਮੁਲਾਜ਼ਮਾਂ ‘ਤੇ ਪਾਦਰੀ ਤੋਂ ਕਰੋੜਾਂ ਰੁਪਏ ਲੁੱਟਣ ਦਾ ਦੋਸ਼ ਹੈ। ਸਰਕਾਰ ਵੱਲੋਂ ਇਸ ਮਾਮਲੇ ਸਬੰਧੀ ਇੱਕ ਕਮੇਟੀ ਬਣਾਈ ਗਈ ਸੀ। ਐੱਸਐੱਸਪੀ ਨੇ ਦੱਸਿਆ ਕਿ ਵਿਭਾਗੀ ਪੜਤਾਲ ਵਿੱਚ ਇਨ੍ਹਾਂ ਮੁਲਾਜ਼ਮਾਂ ਨੂੰ ਸ਼ਾਮਲ ਕੀਤਾ ਗਿਆ ਸੀ ਤੇ ਇਨ੍ਹਾਂ ਪੈਸਿਆਂ ਸਬੰਧੀ ਇਨ੍ਹਾਂ ਤੋਂ ਪੁੱਛਗਿੱਛ ਕੀਤੀ ਗਈ ਸੀ, ਪਰ ਇਨ੍ਹਾਂ ਵੱਲੋਂ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਦੇਣ ਸਬੰਧੀ ਟਾਲ ਮਟੋਲ ਕੀਤੀ ਗਈ। ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਮਿਲੇ ਅਧਿਕਾਰਾਂ ਤਹਿਤ ਇਨ੍ਹਾਂ ਚਾਰਾਂ ਜਣਿਆਂ ਨੂੰ ਨੌਕਰੀ ਤੋਂ ਬਰਤਰਫ਼ ਕਰ ਦਿੱਤਾ ਗਿਆ ਹੈ।