ਅਜੀਤਵਾਲ ਵਿਖੇ ਲੁਟੇਰਾ ਗਿਰੋਹ ਸਰਗਰਮ (Robbery Gang Active), ਲੋਕਾਂ ਚ ਦਹਿਸ਼ਤ
ਅਜੀਤਵਾਲ, (ਕਿਰਨ ਰੱਤੀ)। 20 ਫਰਵਰੀ ਨੂੰ ਪੰਜਾਬ ਅੰਦਰ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਕਾਰਨ ਜਿੱਥੇ ਪਿੰਡਾਂ ਕਸਬਿਆਂ ਦੀਆਂ ਸੱਥਾਂ ਵਿੱਚ ਇਹ ਚਰਚਾ ਛਿੜੀ ਹੋਈ ਹੈ ਕਿ ਕੌਣ ਹਲਕੇ ਦਾ ਐਮਐਲਏ ਬਣੂ ਤੇ ਕਿਹੜੀ ਪਾਰਟੀ ਦੀ ਸਰਕਾਰ ਆਊ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਵੱਖ-ਵੱਖ ਪਿੰਡਾਂ ਤੇ ਕਸਬਿਆਂ ਵਿਚ ਫਲੈਗ ਮਾਰਚ ਕਰਕੇ ਹਰ ਵੋਟਰ ਨੂੰ ਆਪਣੇ ਮਤਦਾਨ ਦਾ ਇਸਤੇਮਾਲ ਕਰਨ ਦੀ ਅਪੀਲ ਵੀ ਕੀਤੀ ਜਾ ਰਹੀ ਹੈ ਪਰ ਦੂਜੇ ਪਾਸੇ ਇਨ੍ਹਾਂ ਗੱਲਾਂ ਤੋਂ ਪਰ੍ਹੇ ਅਜੀਤਵਾਲ ਵਿਖੇ ਇਕ ਗੀਸਾ (ਜੇਬ) ਲੁਟੇਰਾ ਗਿਰੋਹ ਪੂਰੀ ਤਰ੍ਹਾਂ ਸਰਗਰਮ ਹੈ ਤੇ ਇੱਥੇ ਕਰੀਬ 8 ਬੈਂਕਾਂ ਹਨ ਤੇ ਜਦੋਂ ਕੋਈ ਵੀ ਖਾਤਾਧਾਰਕ ਬੈਂਕਾਂ ਵਿੱਚੋਂ ਆਪਣੇ ਪੈਸੇ ਕਢਵਾ ਕੇ ਨਿਕਲਦਾ ਹੈ ਤਾਂ ਇਹ ਚੋਰ ਗਿਰੋਹ ਦੇ ਮੈਂਬਰ ਉਸ ਦੇ ਖੀਸੇ (ਜੇਬ) ਨੂੰ ਹੀ ਪੁੱਟ ਕੇ ਲੈ ਜਾਂਦੇ ਹਨ ਜਿਸ ਕਾਰਨ ਆਮ ਲੋਕਾਂ ਵਿਚ ਵੀ ਡਰ ਦਾ ਮਾਹੌਲ ਪੈਦਾ ਹੋ ਗਿਆ ਹੈ।
ਇਸ ਲੁਟੇਰਾ ਗਿਰੋਹ ਦਾ ਸ਼ਿਕਾਰ ਹੋਏ ਬਲਦੇਵ ਸਿੰਘ ਵਾਸੀ ਕੋਕਰੀ ਕਲਾਂ ਨੇ ਦੱਸਿਆ ਕਿ ਬੀਤੇ ਦਿਨੀਂ ਉਹ ਸਟੇਟ ਬੈਂਕ ਇੰਡੀਆ, ਅਜੀਤਵਾਲ ’ਚੋਂ 12000 ਨਗਦੀ ਲੈ ਕੇ ਆਪਣੇ ਪਿੰਡ ਕੋਕਰੀ ਕਲਾਂ ਨੂੰ ਜਾ ਰਿਹਾ ਸੀ ਰਸਤੇ ਵਿੱਚ ਗੀਜਾ ਪੱਟ ਕੇ ਉਕਤ ਗਿਰੋਹ ਦੇ ਮੈਂਬਰਾਂ ਵੱਲੋਂ ਉਸ ਨੂੰ ਆਪਣਾ ਸ਼ਿਕਾਰ ਬਣਾ ਲਿਆ ਗਿਆ ਅਤੇ ਉਸ ਦੌਰਾਨ ਉਸ ਕੋਲੋਂ 12000 ਦੀ ਨਗਦੀ ਦੀ ਲੁੱਟ ਲਈ ਗਈ, ਜਿਨ੍ਹਾਂ ਕੋਲੋਂ ਤੇਜ਼ਧਾਰ ਹਥਿਆਰ ਵੀ ਸਨ। ਜਿਸ ਦੀ ਇਤਲਾਹ ਉਸ ਵੱਲੋਂ ਥਾਣਾ ਅਜੀਤਵਾਲ ਦੀ ਪੁਲਿਸ ਨੂੰ ਦੇ ਦਿੱਤੀ ਗਈ ਹੈ।
ਹੁਣ ਦੇਖਣਾ ਇਹ ਹੋਵੇਗਾ ਕਿ ਅਜੀਤਵਾਲ ਦੀ ਪੁਲਿਸ ਇਸ ਗਿਰੋਹ ’ਤੇ ਕਿੰਨੀ ਜਲਦੀ ਨੱਥ ਪਾਕੇ ਲੋਕਾਂ ਨੂੰ ਸੁੱਖ ਦਾ ਸਾਹ ਦਿਵਾਉਂਦੀ ਹੈ ਕਿਉੰਕਿ ਲੋਕ ਘਰ ਤੋਂ ਨਿਕਲਣ ਸਮੇਂ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ । ਜਦੋਂ ਇਸ ਸਬੰਧੀ ਥਾਣਾ ਅਜੀਤਵਾਲ ਦੇ ਮੁਖੀ ਦਲਜੀਤ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਜਲਦ ਹੀ ਇਸ ਗਰੋਹ ਨੂੰ ਕਾਬੂ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ