ਕੱਚੇ ਕਾਮਿਆਂ ਦੀ ਟਰਾਂਸਪੋਰਟ ਅਧਿਕਾਰੀਆਂ ਨਾਲ ਮੀਟਿੰਗ ਬੇਸਿੱਟਾ
ਅੱਜ ਮੁੱਖ ਮੰਤਰੀ ਦੀ ਰਿਹਾਇਸ਼ ਅੱਗੇ ਕਰਨਗੇ ਧਰਨਾ ਪ੍ਰਦਰਸ਼ਨ
ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਪੀਆਰਟੀਸੀ, ਪਨਬਸ ਅਤੇ ਪੰਜਾਬ ਰੋਡਵੇਜ਼ ਕੰਟਰੈਕਟ ਵਰਕਰਜ਼ ਯੂਨੀਅਨ ਵੱਲੋਂ ਅੱਜ ਦੂਜੇ ਦਿਨ ਵੀ ਬੱਸਾਂ ਦਾ ਚੱਕਾ ਜਾਮ ਰੱਖਣ ਤੋਂ ਬਾਅਦ ਆਮ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਆਲਮ ਇਹ ਰਿਹਾ ਕਿ ਬੱਸ ਅੱਡਿਆਂ ’ਤੇ ਲੋਕਾਂ ਦੀ ਭੀੜ ਲੱਗੀ ਰਹੀ ਅਤੇ ਲੋਕ ਪ੍ਰਾਈਵੇਟ ਬੱਸਾਂ ਪਿੱਛੇ ਭੱਜਦੇ-ਨੱਠਦੇ ਰਹੇ। ਇੱਧਰ ਯੂਨੀਅਨ ਆਗੂਆਂ ਦੀ ਟਰਾਂਸਪੋਰਟ ਅਧਿਕਾਰੀਆਂ ਨਾਲ ਮੀਟਿੰਗ ਟੁੱਟਣ ਤੋਂ ਬਾਅਦ ਕੱਲ੍ਹ ਨੂੰ ਮੁੱਖ ਮੰਤਰੀ ਦੇ ਨਿਵਾਸ ਸਥਾਨ ਅੱਗੇ ਧਰਨੇ ਦਾ ਐਲਾਨ ਕਰ ਦਿੱਤਾ ਹੈ।
ਜਾਣਕਾਰੀ ਅਨੁਸਾਰ ਪੀਆਰਟੀਸੀ, ਪਨਬੱਸ ਅਤੇ ਪੰਜਾਬ ਰੋਡਵੇਜ਼ ਕੱਚੇ ਕਾਮਿਆਂ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਉਨ੍ਹਾਂ ਦੇ 7500 ਕਾਮੇ ਹੜਤਾਲ ’ਤੇ ਹਨ ਅਤੇ ਪੀਆਰਟੀਸੀ ਅਤੇ ਪੰਜਾਬ ਰੋਡਵੇਜ਼ ਦੀਆਂ 3 ਹਜਾਰ ਦੇ ਕਰੀਬ ਬੱਸਾਂ ਦਾ ਚੱਕਾ ਜਾਮ ਹੈ। ਮਹਿਕਮੇ ਵੱਲੋਂ ਉਨ੍ਹਾਂ ਦੇ ਇੱਕ ਸਾਥੀ ਨੂੰ ਰੋਡਵੇਜ਼ ਵੱਲੋਂ ਨਜਾਇਜ਼ ਤੌਰ ’ਤੇ ਕੱਢ ਦਿੱਤਾ ਹੈ ਅਤੇ ਉਹ ਪਿਛਲੇ ਪੰਜ ਦਿਨਾਂ ਤੋਂ ਬਟਾਲਾ ਵਿਖੇ ਟੈਂਕੀ ’ਤੇ ਚੜਿ੍ਹਆ ਹੋਇਆ ਹੈ। ਇਸ ਦੇ ਨਾਲ ਹੀ ਦਰਜ਼ਨ ਤੋਂ ਵੱਧ ਕਾਮਿਆਂ ਦੀਆਂ ਬਦਲੀਆਂ ਨਜ਼ਾਇਜ਼ ਤਰੀਕੇ ਨਾਲ ਕੀਤੀਆਂ ਗਈਆਂ ਹਨ, ਜਿਨ੍ਹਾਂ ਖਿਲਾਫ਼ ਕੱਚੇ ਕਾਮਿਆਂ ਵਿੱਚ ਰੋਸ ਪਾਇਆ ਜਾ ਰਿਹਾ ਹੈ।
ਇਸ ਦੇ ਨਾਲ ਹੀ ਚੰਨੀ ਸਰਕਾਰ ਮੌਕੇ ਕੱਚੇ ਕਾਮਿਆਂ ਦੀ ਤਨਖਾਹ ਵਿੱਚ ਪੰਜ ਫੀਸਦੀ ਦਾ ਵਾਧਾ ਕੀਤਾ ਗਿਆ ਸੀ, ਜਿਸ ਨੂੰ ਵੀ ਰੋਕ ਦਿੱਤਾ ਗਿਆ ਹੈ। ਅੱਜ ਦੂਜੇ ਦਿਨ ਵੀ ਬੱਸਾਂ ਦਾ ਚੱਕਾ ਜਾਮ ਰਹਿਣ ਕਾਰਨ ਪਟਿਆਲਾ ਸਮੇਤ ਵੱਖ-ਵੱਖ ਬੱਸ ਅੱਡਿਆਂ ’ਤੇ ਸਵਾਰੀਆਂ ਦਾ ਮੇਲਾ ਲੱਗਿਆ ਰਿਹਾ। ਬੱਸਾਂ ਦਾ ਚੱਕਾ ਜਾਮ ਰਹਿਣ ਕਰਕੇ ਪੀਆਰਟੀਸੀ ਅਤੇ ਰੋਡਵੇਜ਼ ਨੂੰ ਵੱਡਾ ਘਾਟਾ ਸਹਿਣਾ ਪਿਆ ਹੈ।
ਯੂਨੀਅਨ ਦੇ ਸੂਬਾ ਪੰਜਾਬ ਪ੍ਰਧਾਨ ਰੇਸ਼ਮ ਸਿੰਘ ਗਿੱਲ ਅਤੇ ਹਰਕੇਸ਼ ਵਿੱਕੀ ਨੇ ਦੱਸਿਆ ਕਿ ਅੱਜ ਉਨ੍ਹਾਂ ਦੀਆਂ ਮੰਗਾਂ ਨੂੰ ਲੈ ਕੇ ਟਰਾਂਸਪੋਰਟ ਦੇ ਅਧਿਕਾਰੀਆਂ ਨਾਲ ਮੀਟਿੰਗ ਵੀ ਹੋਈ ਸੀ, ਪਰ ਉਨ੍ਹਾਂ ਵੱਲੋਂ ਮੰਗਾਂ ਸਬੰਧੀ ਕੋਈ ਹੁੰਗਾਰਾ ਨਾ ਭਰਨ ਕਰਕੇ ਇਹ ਮੀਟਿੰਗ ਬੇਸਿੱਟਾ ਰਹੀ ਹੈ। ਉਨ੍ਹਾਂ ਦੱਸਿਆ ਕਿ ਹੁਣ ਜਥੇਬੰਦੀ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਕੱਲ੍ਹ ਨੂੰ ਵੀ ਬੱਸਾਂ ਦਾ ਚੱਕਾ ਜਾਮ ਰਹੇਗਾ ਅਤੇ ਇਸ ਦੇ ਨਾਲ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਰਿਹਾਇਸ਼ ਅੱਗੇ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਧਰਨੇ ਸਬੰਧੀ ਉਨ੍ਹਾਂ ਵੱਲੋਂ ਵੱਡੀ ਗਿਣਤੀ ਵਿੱਚ ਇੱਥੇ ਪੁੱਜਣ ਲਈ ਯੂਨੀਅਨ ਦੇ ਕਾਰਕੁੰਨਾਂ ਨੂੰ ਸੁਨੇਹੇ ਲਗਾ ਦਿੱਤੇ ਗਏ ਹਨ। ਉਨ੍ਹਾਂ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਨ੍ਹਾਂ ਵੱਲੋਂ ਮਜ਼ਬੂਰੀ ਕਾਰਨ ਹੀ ਇਹ ਚੱਕਾ ਜਾਮ ਕੀਤਾ ਗਿਆ ਹੈ, ਇਸ ਲਈ ਉਹ ਸਾਥ ਦੇਣ।
ਪੀਆਰਟੀਸੀ ਦੀਆਂ 50 ਫੀਸਦੀ ਬੱਸਾਂ ਪ੍ਰਭਾਵਿਤ
ਇੱਧਰ ਪੀਆਰਟੀਸੀ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਕੱਚੇ ਕਾਮਿਆਂ ਦੇ ਚੱਕਾ ਜਾਮ ਕਰਕੇ 50 ਫੀਸਦੀ ਬੱਸਾਂ ਪ੍ਰਭਾਵਿਤ ਹੋ ਰਹੀਆਂ ਹਨ, ਜਿਸ ਕਾਰਨ ਹੀ ਆਮ ਲੋਕਾਂ ਨੂੰ ਖੱਜਲ-ਖੁਆਰੀ ਸਹਿਣੀ ਪੈ ਰਹੀ ਹੈ। ਮੌਜੂਦਾ ਸਮੇਂ ਪੀਆਰਟਸੀ ਦੀ ਰੋਜਾਨਾ ਆਮਦਨ 2 ਕਰੋੜ 20 ਲੱਖ ਦੇ ਕਰੀਬ ਹੈ ਅਤੇ ਹੁਣ ਉੁਹ ਅੱਧੀ ਰਹਿ ਗਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਆਪਣੇ ਹੋਰਨਾਂ ਮੁਲਾਜ਼ਮਾਂ ਰਾਹੀਂ ਵੱਧ ਤੋਂ ਵੱਧ ਬੱਸਾਂ ਚਲਾਉਣ ਦਾ ਪ੍ਰਬੰਧ ਕੀਤਾ ਗਿਆ ਹੈ।
ਪ੍ਰਾਈਵੇਟ ਬੱਸਾਂ ਵਾਲਿਆਂ ਦੇ ਪਏ ਸਾਹ ’ਚ ਸਾਹ
ਸਰਕਾਰੀ ਬੱਸਾਂ ਬੰਦ ਰਹਿਣ ਕਾਰਨ ਪ੍ਰਾਈਵੇਟ ਬੱਸਾਂ ਵਾਲੇ ਹੱਥ ਰੰਗ ਰਹੇ ਹਨ। ਪ੍ਰਾਈਵੇਟ ਵਾਲਿਆਂ ਵੱਲੋਂ ਲੰਮੇ ਰੂਟਾਂ ਵਾਲੀਆਂ ਸਵਾਰੀਆਂ ਨੂੰ ਹੀ ਤਰਜੀਹ ਦਿੱਤੀ ਜਾ ਰਹੀ ਹੈ ਜਿਸ ਕਾਰਨ ਵਿਚਲੇ ਬੱਸ ਸਟਾਪਾਂ ’ਤੇ ਉਤਰਨ ਵਾਲੀਆਂ ਸਵਾਰੀਆਂ ਨੂੰ ਨਹੀਂ ਚੜ੍ਹਾਇਆ ਜਾ ਰਿਹਾ। ਅੱਜ ਅਜਿਹੀਆਂ ਘਟਨਾਵਾਂ ਕਾਰਨ ਕਈ ਥਾਂਈਂ ਸਵਾਰੀਆਂ ਦੀ ਤੂੰ-ਤੂੰ-ਮੈਂ-ਮੈਂ ਵੀ ਹੋਈ। ਮੁਫ਼ਤ ਬੱਸ ਸਫ਼ਰ ਕਾਰਨ ਪ੍ਰਾਈਵੇਟ ਬੱਸਾਂ ਵਾਲਿਆਂ ਨੂੰ ਕਾਫ਼ੀ ਘਾਟਾ ਸਹਿਣਾ ਪੈ ਰਿਹਾ ਸੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ