Ludhiana News: ਲੁਧਿਆਣਾ (ਜਸਵੀਰ ਗਹਿਲ)। ਚੰਡੀਗੜ੍ਹ ਰੋਡ ’ਤੇ ਸਥਿੱਤ ਸਮਰਾਲਾ ਚੌਕ ’ਚ ਰਾਤ 11.30 ਵਜੇ ਉਸ ਸਮੇਂ ਹੰਗਾਮਾ ਹੋ ਗਿਆ, ਜਦੋਂ ਬੱਜਰੀ ਨਾਲ ਭਰਿਆ ਟਿੱਪਰ ਸਵਿਫਟ ਡਿਜ਼ਾਇਰ ਕਾਰ ਨੂੰ ਕਰੀਬ 200 ਮੀਟਰ ਤੱਕ ਘਸੀਟਦਾ ਲੈ ਗਿਆ। ਗਨੀਮਤ ਇਹ ਰਹੀ ਕਿ ਹਾਦਸੇ ਦੌਰਾਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਖੁਸ਼ਕਿਸਮਤੀ ਨਾਲ ਲਾਗਿਓਂ ਲੰਘ ਰਹੇ ਇੱਕ ਆਟੋ ਚਾਲਕ ਨੇ ਰੌਲਾ ਪਾ ਕੇ ਟਿੱਪਰ ਚਾਲਕ ਨੂੰ ਘਟਨਾ ਦੀ ਸੂਚਨਾ ਦਿੱਤੀ ਅਤੇ ਟਿੱਪਰ ਨੂੰ ਰੋਕ ਲਿਆ।
Read Also : February School Holidays: ਫਰਵਰੀ 2025 ’ਚ ਸਕੂਲਾਂ ਦੀਆਂ ਛੁੱਟੀਆਂ ਦੀ ਆ ਗਈ ਪੂਰੀ ਸੂਚੀ
ਦੱਸਿਆ ਜਾ ਰਿਹਾ ਹੈ ਕਿ ਟਿੱਪਰ ਚਾਲਕ ਮੋਬਾਇਲ ’ਤੇ ਗੱਲਾਂ ਕਰਨ ਵਿਚ ਰੁੱਝਿਆ ਹੋਇਆ ਸੀ। ਉਸ ਨੂੰ ਪਤਾ ਹੀ ਨਹੀਂ ਲੱਗਾ ਕਿ ਕਦੋਂ ਉਹ ਸਵਿਫਟ ਕਾਰ ਨਾਲ ਟਕਰਾ ਕੇ ਕਾਫੀ ਦੂਰ ਤੱਕ ਘਸੀਟਦਾ ਰਿਹਾ। ਰਾਹਗੀਰਾਂ ਨੇ ਨੁਕਸਾਨੀ ਕਾਰ ਵਿਚੋਂ ਦੋ ਬੱਚਿਆਂ ਅਤੇ ਇੱਕ ਜੋੜੇ ਨੂੰ ਬਾਹਰ ਕੱਢਿਆ।
Ludhiana News
ਜਾਣਕਾਰੀ ਦਿੰਦਿਆਂ ਕਾਰ ’ਚ ਸਵਾਰ ਔਰਤ ਕਨਿਕਾ ਨੇ ਦੱਸਿਆ ਕਿ ਉਹ ਆਪਣੇ ਬੱਚਿਆਂ ਅਤੇ ਪਤੀ ਨਾਲ ਅੰਬਰ ਗਾਰਡਨ ਨੇੜੇ ਲੇਡੀਜ਼ ਸੰਗੀਤ ਫੈਸਟੀਵਲ ਤੋਂ ਘਰ ਪਰਤ ਰਹੀ ਸੀ। ਅਚਾਨਕ ਟਿੱਪਰ ਚਾਲਕ ਨੇ ਉਨ੍ਹਾਂ ਦੀ ਕਾਰ ਨੂੰ ਟੱਕਰ ਮਾਰ ਦਿੱਤੀ। ਟਿੱਪਰ ਚਾਲਕ ਉਨ੍ਹਾਂ ਨੂੰ ਕਾਫੀ ਦੂਰ ਤੱਕ ਘਸੀਟਦਾ ਲੈ ਗਿਆ।
ਚਸ਼ਮਦੀਦ ਆਟੋ ਚਾਲਕ ਸੰਨੀ ਨੇ ਦੱਸਿਆ ਕਿ ਜਦੋਂ ਟਿੱਪਰ ਚਾਲਕ ਨੇ ਉਸ ਨੂੰ ਟੱਕਰ ਮਾਰੀ ਤਾਂ ਪੂਰਾ ਪਰਿਵਾਰ ਚੀਕਾਂ ਮਾਰ ਰਿਹਾ ਸੀ। ਫਿਰ ਉਸ ਨੇ ਟਿੱਪਰ ਚਾਲਕ ਦੀ ਖਿੜਕੀ ਕੋਲ ਜ਼ੋਰ ਨਾਲ ਖੜਕਾ ਕੀਤਾ ਤੇ ਉਸ ਨੂੰ ਰੁਕਣ ਲਈ ਕਿਹਾ। ਟਿੱਪਰ ਦਾ ਡਰਾਈਵਰ ਫ਼ੋਨ ’ਤੇ ਰੁੱਝਿਆ ਹੋਇਆ ਸੀ। ਟਿੱਪਰ ਰੁਕਣ ਤੋਂ ਬਾਅਦ ਸਵਿਫਟ ਕਾਰ ਵਿੱਚ ਸਵਾਰ ਬੱਚਿਆਂ ਅਤੇ ਪਤੀ-ਪਤਨੀ ਨੂੰ ਬਾਹਰ ਕੱਢ ਲਿਆ ਗਿਆ। ਕਾਰ ਦੇ ਦੋਵੇਂ ਦਰਵਾਜ਼ੇ ਅਤੇ ਸ਼ੀਸ਼ੇ ਟੁੱਟੇ ਹੋਏ ਹਨ। ਲੋਕਾਂ ਨੇ ਤੁਰੰਤ ਹੀ ਪੁਲਿਸ ਨੂੰ ਸੂਚਨਾ ਦਿੱਤੀ।
![ਇਸ ਆਟੋ ਚਾਲਕ ਦੀ ਹਿੰਮਤ ਸਦਕਾ ਬਚੀਆਂ ਚਾਰ ਜਾਨਾ](https://sachkahoonpunjabi.com/wp-content/uploads/2025/02/Ludhiana-News-200x300.jpg)
ਟਿੱਪਰ ਚਾਲਕ ਸੋਢੀ ਨੇ ਦੱਸਿਆ ਕਿ ਉਹ ਨੰਗਲ ਤੋਂ ਬੱਜਰੀ ਭਰ ਕੇ ਲੁਧਿਆਣਾ ਆਇਆ ਸੀ। ਫਿਲਹਾਲ ਥਾਣਾ ਮੋਤੀ ਨਗਰ ਦੀ ਪੁਲਿਸ ਨੇ ਸਵਿਫਟ ਕਾਰ ਅਤੇ ਟਿੱਪਰ ਦੋਵੇਂ ਜ਼ਬਤ ਕਰ ਲਏ ਹਨ। ਅੱਜ ਦੋਵਾਂ ਧਿਰਾਂ ਨੂੰ ਬੁਲਾ ਕੇ ਮਾਮਲੇ ਦੀ ਜਾਂਚ ਕੀਤੀ ਜਾਵੇਗੀ। ਪੁਲਿਸ ਸੇਫ਼ ਸਿਟੀ ਦੇ ਕੈਮਰਿਆਂ ਵਿੱਚ ਹਾਦਸੇ ਦੀ ਫੁਟੇਜ ਵੀ ਚੈੱਕ ਕਰ ਰਹੀ ਹੈ।