Barnala News: ਮਹਿਲ ਕਲਾਂ/ਬਰਨਾਲਾ (ਜਸਵੀਰ ਗਹਿਲ)। ਬਲਾਕ ਮਹਿਲ ਕਲਾਂ ਅਧੀਨ ਪੈਂਦੇ ਪਿੰਡ ਮੂੰਮ ਦੇ ਇੱਕ ਡੇਰਾ ਸ਼ਰਧਾਲੂ ਨੌਜਵਾਨ ਨੇ ਡੇਰਾ ਸੱਚਾ ਸੌਦਾ ਦੀਆਂ ਪਵਿੱਤਰ ਸਿੱਖਿਆਵਾਂ ਦਾ ਪ੍ਰਮਾਣ ਪੇਸ਼ ਕੀਤਾ ਹੈ। ਇਸ ਤਹਿਤ ‘ਇੰਸਾਂ’ ਨੇ ਭੁਲੇਖੇ ਨਾਲ ਵੱਧ ਆਏ 93 ਹਜ਼ਾਰ ਰੁਪਏ ਇਮਾਨਦਾਰੀ ਨਾਲ ਆੜ੍ਹਤੀਏ ਨੂੰ ਵਾਪਸ ਕਰ ਦਿੱਤੇ।
ਜਾਣਕਾਰੀ ਦਿੰਦਿਆਂ ਪਰਮਿੰਦਰ ਸਿੰਘ ਇੰਸਾਂ ਨੇ ਦੱਸਿਆ ਕਿ ਉਹ ਪਿੰਡ ਹਠੂਰ ਦੇ ਰਹਿਣ ਵਾਲੇ ਸੋਨਾ ਆੜ੍ਹਤੀਏ ਕੋਲ ਆਪਣੀ ਫਸਲ ਵੇਚਦੇ ਹਨ। ਹਰ ਵਾਰ ਦੀ ਤਰ੍ਹਾਂ ਉਹਨਾਂ ਝੋਨੇ ਦੀ ਫ਼ਸਲ ਵੀ ਸੋਨੇ ਆੜ੍ਹਤੀਏ ਨੂੰ ਹੀ ਵੇਚੀ ਸੀ। ਜਿਸ ਦਾ ਹਿਸਾਬ-ਕਿਤਾਬ ਕਰਕੇ ਸੋਨੇ ਆੜ੍ਹਤੀਏ ਨੇ ਉਹਨਾਂ ਨੂੰ ਉਹਨਾਂ ਦੀ ਬਣਦੀ ਲੱਖਾਂ ਰੁਪਏ ਦੀ ਰਕਮ ਆਨਲਾਈਨ ਉਹਨਾਂ ਦੇ ਬੈਂਕ ਖਾਤੇ ਵਿਚ ਪਾ ਦਿੱਤੀ ਜੋ ਪਹਿਲੀ ਨਜ਼ਰੇ ਦੇਖਣ ਵਿਚ ਹੀ ਉਨ੍ਹਾਂ ਨੂੰ ਵੱਧ ਜਾਪ ਰਹੀ ਸੀ।
ਫਿਰ ਵੀ ਉਨ੍ਹਾਂ ਆਪਣੇ ਤੌਰ ’ਤੇ ਆੜ੍ਹਤੀਏ ਨੂੰ ਵੇਚੀ ਫ਼ਸਲ ਅਤੇ ਆੜ੍ਹਤੀਏ ਵੱਲੋਂ ਕੀਤੀ ਗਈ ਰਕਮ ਦਾ ਹਿਸਾਬ ਲਗਾਇਆ। ਇਸ ਦੌਰਾਨ ਆੜ੍ਹਤੀਏ ਅਤੇ ਉਨ੍ਹਾਂ ਵੱਲੋਂ ਆਪਣੇ-ਆਪਣੇ ਤੌਰ ’ਤੇ ਕੀਤੇ ਗਏ ਹਿਸਾਬ ਵਿਚ ਫਰਕ ਨਿੱਕਲਿਆ। ਜਿਸ ਤੋਂ ਬਾਅਦ ਉਨ੍ਹਾਂ ਤੁਰੰਤ ਸੋਨੇ ਆੜ੍ਹਤੀਏ ਨਾਲ ਸੰਪਰਕ ਕੀਤਾ। ਜਿਸ ਨੇ ਆਪਣੇ ਵੱਲੋਂ ਉਨ੍ਹਾਂ ਨੂੰ ਪਾਈ ਗਈ ਰਕਮ ਨੂੰ ਸਹੀ ਠਹਿਰਾਇਆ ਪਰ ਉਨ੍ਹਾਂ ਨੇ ਆਪਣੇ ਵੱਲੋਂ ਕੀਤਾ ਗਿਆ ਹਿਸਾਬ ਸੋਨੇ ਆੜ੍ਹਤੀਏ ਸਾਹਮਣੇ ਰੱਖਿਆ ਤਾਂ ਆੜ੍ਹਤੀਏ ਨੇ ਮੰਨਿਆ ਕਿ ਉਸ ਪਾਸੋਂ ਉਨ੍ਹਾਂ ਨੂੰ 93 ਹਜ਼ਾਰ ਰੁਪਏ ਵੱਧ ਰਕਮ ਪੈ ਗਏ ਹਨ। Barnala News
ਪਰਮਿੰਦਰ ਸਿੰਘ ਇੰਸਾਂ ਨੇ ਦੱਸਿਆ ਕਿ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਤੇ ਮਹਾਨ ਸਿੱਖਿਆਵਾਂ ਅਨੁਸਾਰ ਉਨ੍ਹਾਂ ਸੋਨੇ ਆੜ੍ਹਤੀਏ ਨੂੰ ਭੁਲੇਖੇ ਨਾਲ ਵੱਧ ਆਏ 93 ਹਜ਼ਾਰ ਰੁਪਏ ਵਾਪਸ ਕਰ ਦਿੱਤੇ। ਉਨ੍ਹਾਂ ਕਿਹਾ ਕਿ ਪੂਜਨੀਕ ਗੁਰੂ ਜੀ ਵੱਲੋਂ ਹਮੇਸ਼ਾ ਹੀ ਉਨ੍ਹਾਂ ਨੂੰ ਮਾਨਵਤਾ ਦਾ ਭਲਾ ਕਰਨ ਦੀ ਹੀ ਮਹਾਨ ਸਿੱਖਿਆ ਦਿੱਤੀ ਜਾਂਦੀ ਹੈ। ਜਿਸ ਦੇ ਤਹਿਤ ਉਹ ਸਮੇਂ-ਸਮੇਂ ’ਤੇ ਆਪਣੇ ਵੱਲੋਂ ਵੀ ਲੋੜਵੰਦਾਂ ਦੀ ਹਰ ਸੰਭਵ ਮੱਦਦ ਕਰਦੇ ਰਹਿੰਦੇ ਹਨ। ਫਿਰ ਭੁਲੇਖੇ ਨਾਲ ਵੱਧ ਆਏ ਪੈਸੇ ਉਹ ਕਿਵੇਂ ਰੱਖ ਸਕਦੇ ਸਨ।
‘ਕਾਬਿਲ- ਏ-ਤਾਰੀਫ਼ ਕਰਮ’ | Barnala News
ਸੋਨੇ ਆੜ੍ਹਤੀਏ ਨੇ ਕਿਹਾ ਕਿ ਪਰਮਿੰਦਰ ਸਿੰਘ ਮੂੰਮ ਦੋ ਕੁ ਸਾਲਾਂ ਤੋਂ ਹੀ ਉਨ੍ਹਾਂ ਕੋਲ ਫ਼ਸਲ ਵੇਚਣ ਆਉਣ ਲੱਗਿਆ ਹੈ। ਜਿਸ ਨੇ ਪਿੱਛੇ ਜਿਹੇ ਹੀ ਉਸ ਨੂੰ ਝੋਨੇ ਦੀ ਫ਼ਸਲ ਵੇਚੀ ਸੀ, ਜਿਸ ਦੀ ਬਣਦੀ ਪੂਰੀ ਰਕਮ ਹਿਸਾਬ-ਕਿਤਾਬ ਉਪਰੰਤ ਉਸ ਨੇ ਉਨ੍ਹਾਂ ਦੇ ਬੈਂਕ ਖਾਤੇ ਵਿੱਚ ਆਨਲਾਈਨ ਕਰ ਦਿੱਤੀ ਪਰ ਪਰਮਿੰਦਰ ਸਿੰਘ ਨੇ ਉਨ੍ਹਾਂ ਨੂੰ ਫੋਨ ਕਰਕੇ ਦੱਸਿਆ ਕਿ ਉਨ੍ਹਾਂ ਕੋਲ 93 ਹਜ਼ਾਰ ਰੁਪਏ ਵੱਧ ਆ ਗਏ ਹਨ ਤੇ ਉਹ ਵੱਧ ਆਈ ਰਕਮ ਵਾਪਸ ਕਰਨਾ ਚਾਹੁੰਦੇ ਹਨ। ਉਨ੍ਹਾਂ ਹਿਸਾਬ ਮੁੜ ਚੈੱਕ ਕੀਤਾ ਤਾਂ 93 ਹਜ਼ਾਰ ਰੁਪਏ ਵੱਧ ਚਲੇ ਗਏ ਸਨ ਜੋ ਪਰਮਿੰਦਰ ਸਿੰਘ ਨੇ ਉਨ੍ਹਾਂ ਨੂੰ ਵਾਪਸ ਕਰ ਦਿੱਤੇ ਹਨ। ਉਨ੍ਹਾਂ ਕਿਹਾ ਕਿ ਇਸ ਘੋਰ ਕਲਯੁੱਗ ਵਿਚ ਵੀ ਪਰਮਿੰਦਰ ਸਿੰਘ ਨੇ ਇਮਾਨਦਾਰੀ ਦਿਖਾਈ ਹੈ, ਜਿਸ ਦੀ ਜਿੰਨੀ ਵੀ ਪ੍ਰਸੰਸਾ ਕੀਤੀ ਜਾਵੇ ਘੱਟ ਹੈ।














